ਗੁਰਮੀਤ ਕੌਰ ਦੀ ਉਮਰ 78 ਸਾਲ ਹੈ
2009 ਵਿੱਚ ਪੰਜਾਬ ਤੋਂ ਯੂਕੇ ਗਏ 78 ਸਾਲਾ ਗੁਰਮੀਤ ਕੌਰ ਕੋਲ ਨਾ ਤਾਂ ਰਹਿਣ ਨੂੰ ਥਾਂ ਹੈ ਅਤੇ ਨਾਂ ਹੀ ਕੋਈ ਨੇੜਲਾ ਪਰਿਵਾਰਕ ਮੈਂਬਰ ਜਿਸ ਕੋਲ ਉਹ ਰਹਿ ਸਕਣ।
ਉਨ੍ਹਾਂ ਕੋਲ ਯੂਕੇ ਵਿੱਚ ਰਹਿਣ ਲਈ ਪੂਰੇ ਕਾਗਜ਼ਾਤ ਵੀ ਨਹੀਂ ਹਨ ਜਿਸ ਕਾਰਨ ਉਨ੍ਹਾਂ ਨੂੰ ਯੂਕੇ ਤੋਂ ਕੱਢਿਆ ਜਾ ਸਕਦਾ ਹੈ।
ਪਰ ਸਮੈਦਿੱਕ ਸ਼ਹਿਰ ਵਿੱਚ ਰਹਿਣ ਵਾਲੇ ਅਣਜਾਣ ਲੋਕ ਉਨ੍ਹਾਂ ਨੂੰ ਯੂਕੇ ਵਿੱਚ ਰਹਿਣ ਦਾ ਹੱਕ ਦਵਾਉਣ ਲਈ ਪੂਰੀ ਵਾਹ ਲਾ ਰਹੇ ਹਨ।
ਸਮੈਦਿੱਕ ਸ਼ਹਿਰ ਯੂਕੇ ਦੇ ਵੈਸਟ ਮਿਡਲੈਂਡਸ ਇਲਾਕੇ ਵਿੱਚ ਪੈਂਦਾ ਹੈ।
ਇੱਥੋਂ ਤੱਕ ਕਿ ਉਨ੍ਹਾਂ ਨੂੰ ਇੱਥੇ ਰੱਖਣ ਲਈ ਪਾਈ ਗਈ ਆਨਲਾਈਨ ਪਟੀਸ਼ਨ ''ਤੇ ਵੀ 65,000 ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ।
ਉਨ੍ਹਾਂ ਨੂੰ ਸਥਾਨਕ ਲੋਕ, ਜਿਨ੍ਹਾਂ ਵਿੱਚ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ “ਕਾਈਂਡ ਆਂਟੀ”(ਚੰਗੀ ਬੀਬੀ) ਵਜੋਂ ਜਾਣਦੇ ਹਨ।
ਉਨ੍ਹਾਂ ਨੂੰ ਯੂਕੇ ਵਿੱਚ ਹੀ ਰੱਖਣ ਲਈ ‘ਵੀ ਆਰ ਆਲ ਗੁਰਮੀਤ ਕੌਰ’ ਨਾਂਅ ਦੀ ਮੁਹਿੰਮ ਵੀ ਸਾਰੇ ਸੋਸ਼ਲ ਮੀਡੀਆ ਮੰਚਾਂ ਉੱਤੇ ਚਲਾਈ ਜਾ ਰਹੀ ਹੈ।
ਸਥਾਨਕ ਸਿੱਖ ਭਾਈਚਾਰੇ ਦੇ ਨਾਲ ਨਾਲ ਯੂਕੇ ਦੇ ਸਥਾਨਕ ਲੋਕ, ਜਿਨ੍ਹਾਂ ਵਿੱਚ ਨੌਜਵਾਨ ਵੀ ਸ਼ਾਮਲ ਹਨ, ਉਨ੍ਹਾਂ ਦੀ ਹਮਾਇਤ ਕਰ ਰਹੇ ਹਨ।
ਕਦੋਂ ਅਤੇ ਕਿਉਂ ਯੂਕੇ ਆਏ ਗੁਰਮੀਤ ਕੌਰ
ਗੁਰਮੀਤ ਕੌਰ ਆਪਣਾ ਵਧੇਰੇ ਸਮਾਂ ਸੇਵਾ ਕਰਦਿਆਂ ਬਿਤਾਉਂਦੇ ਹਨ
ਗੁਰਮੀਤ ਕੌਰ ਪੰਜਾਬ ਤੋਂ ਯੂਕੇ ਵਿੱਚ 2009 ਵਿੱਚ ਆਏ ਸਨ। ਉਹ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਇੱਥੇ ਆਏ ਸਨ।
ਗੁਰਮੀਤ ਕੌਰ ਪਿਛਲੇ ਕਈ ਸਾਲਾਂ ਤੋਂ ਸਮੈਦਿੱਕ ਵਿੱਚ ਰਹੇ ਸਨ ਅਤੇ ਉਹ ਆਪਣੇ ਚੰਗੇ ਸੁਭਾਅ ਲਈ ਮਸ਼ਹੂਰ ਹਨ।
ਵਿਆਹ ਸਮਾਗਮ ਤੋਂ ਬਾਅਦ ਉਹ ਸ਼ੁਰੂਆਤ ਵਿੱਚ ਆਪਣੇ ਪੁੱਤਰ ਨਾਲ ਰਹੇ।
ਉਨ੍ਹਾਂ ਦੇ ਕੋਲ ਵਾਪਸੀ ਦੀ ਟਿਕਣ ਲੈਣ ਲਈ ਪੈਸੇ ਨਹੀਂ ਸਨ।
ਉਹ ਆਪਣੇ ਬੱਚਿਆਂ ਨਾਲ ਨਹੀਂ ਰਹਿੰਦੇ ਅਤੇ ਉਨ੍ਹਾਂ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ।
ਉਨ੍ਹਾਂ ਦਾ ਆਪਣਾ ਕੋਈ ਵੀ ਘਰ ਨਹੀਂ ਹੈ, ਉਹ ਇੱਥੋਂ ਦੇ ਸਥਾਨਕ ਭਾਈਚਾਰੇ ਦੇ ਲੋਕਾਂ ਦੇ ਘਰ ਵਿੱਚ ਰਹਿੰਦੇ ਹਨ।
ਉਹ ਰੋਜ਼ਾਨਾ ਦੇ ਖਰਚੇ ਲਈ ਵੀ ਸਥਾਨਕ ਭਾਈਚਾਰੇ ਦੇ ਲੋਕਾਂ ਉੱਤੇ ਨਿਰਭਰ ਹਨ।
ਉਨ੍ਹਾਂ ਨੂੰ ਯੂਕੇ ਰੱਖਣ ਲਈ ਚਾਰਾਜੋਈ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਆਪਣੇ ਅਜਿਹੇ ਹਾਲਾਤਾਂ ਦੇ ਬਾਵਜੂਦ ਵੀ ਉਹ ਆਪਣਾ ਵਧੇਰੇ ਸਮਾਂ ਸਥਾਨਕ ਲੰਗਰ (ਫੂਡ ਬੈਂਕ) ਵਿੱਚ ਸੇਵਾ ਕਰਦਿਆਂ ਬਿਤਾਉਂਦੇ ਹਨ।
2020 ਵਿੱਚ ਸ਼ੁਰੂ ਹੋਈ ਸੀ ਕੈਂਪੇਨ
ਸਥਾਨਕ ਭਾਈਚਾਰੇ ਦੇ ਲੋਕ, ਖ਼ਾਸ ਕਰਕੇ ਨੌਜਵਾਨ, ਗੁਰਮੀਤ ਕੌਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ
ਉਨ੍ਹਾਂ ਨੂੰ ਯੂਕੇ ਵਿੱਚ ਹੀ ਰੱਖਣ ਲਈ ਕੈਂਪੇਨ ਦੀ ਸ਼ੁਰੂਆਤ 2020 ਵਿੱਚ ਹੋਈ ਸੀ। ਇਸ ਕੈਂਪੇਨ ਦਾ ਨਾਂਅ ਸੀ “ਵੀ ਆਰ ਆਲ ਗੁਰਮੀਤ ਕੌਰ”।
ਉਸ ਵੇਲੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਾਂ ਤਾਂ ਉਨ੍ਹਾਂ ਨੂੰ ਆਪਣੇ-ਆਪ ਯੂਕੇ ਛੱਡਣਾ ਪੇਵਗਾ ਨਹੀਂ ਤਾਂ ਉਨ੍ਹਾਂ ਨੂੰ ਇੱਥੋਂ ਕੱਢ ਦਿੱਤਾ ਜਾਵੇਗਾ।
‘ਮੈਂ ਬੇਸਹਾਰਾ ਮਹਿਸੂਸ ਕਰਦੀ ਹਾਂ’
ਇੰਸਟਾਗ੍ਰਾਮ ਅਤੇ ਟਵਿੱਟਰ ਉੱਤੇ ਵੀ ਗੁਰਮੀਤ ਕੌਰ ਦੇ ਲਈ ਕੈਂਪੇਨ ਚਲਾਈ ਜਾ ਰਹੀ ਹੈ
ਉਨ੍ਹਾਂ ਨੂੰ ਯੂਕੇ ਵਿੱਚ ਹੀ ਰੱਖਣ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਗੁਰਮੀਤ ਕੌਰ ਦੇ ਭਾਰਤ ਵਿੱਚ ਵੀ ਕੋਈ ਰਿਸ਼ਤੇਦਾਰ ਨਹੀਂ ਹਨ, ਜਿਨ੍ਹਾਂ ਕੋਲ ਉਹ ਜਾ ਕੇ ਰਹਿ ਸਕਣ।
ਇਸ ਲਈ ਉਨ੍ਹਾਂ ਨੂੰ ਯੂਕੇ ਵਿੱਚ ਹੀ ਰਹਿਣ ਦੇਣਾ ਚਾਹੀਦਾ ਹੈ।
ਪ੍ਰਸ਼ਾਸਨ (ਹੋਮ ਆਫਿਸ) ਨੇ ਇਸ ਦਲੀਲ ਦੇ ਜਵਾਬ ਵਿੱਚ ਕਿਹਾ ਹੈ ਕਿ ਗੁਰਮੀਤ ਕੌਰ ਹਾਲੇ ਵੀ ਭਾਰਤ ਵਿੱਚਲੇ ਆਪਣੇ ਪਿੰਡ ਦੇ ਲੋਕਾਂ ਨਾਲ ਸੰਪਰਕ ਵਿੱਚ ਹਨ ਅਤੇ ਉਹ ਉੱਥੇ ਜਾ ਕੇ ਆਪਣੀ ਜ਼ਿੰਦਗੀ ਜਿਉਂ ਸਕਦੇ ਹਨ।
ਸਥਾਨਕ ਲੋਕਾਂ ਦੀ ਹਮਾਇਤ ਨਾਲ ਗੁਰਮੀਤ ਕੌਰ ਨੇ ਇੱਕ ਮਹੀਨਾ ਪਹਿਲਾਂ ਹੋਮ ਆਫਿਸ ਦੇ ਫ਼ੈਸਲੇ ਦੇ ਖ਼ਿਲਾਫ਼ ਅਦਾਲਤ ਵਿੱਚ ਅਪੀਲ ਵੀ ਕੀਤੀ।
ਉਨ੍ਹਾਂ ਦੀ ਅਪੀਲ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।
ਗੁਰਮੀਤ ਕੌਰ ਕਹਿੰਦੇ ਹਨ, “ਮੈਨੂੰ ਨਹੀਂ ਪਤਾ ਮੈਂ ਕੀ ਕਰਾਂ, ਮੈਂ ਬਹੁਤ ਬੇਸਹਾਰਾ ਮਹਿਸੂਸ ਕਰਦੀ ਹੈ, ਮੈਨੂੰ ਨਹੀਂ ਪਤਾ ਕਿ ਮੈਂ ਕਿਸ ਕੋਲ ਜਾਵਾਂ ਅਤੇ ਕੀ ਕਰਾਂ।”
‘ਇਹ ਤਸ਼ੱਦਦ ਵਾਂਗ ਹੈ’
ਸਲਮਾਨ ਮਿਰਜ਼ਾ ਗੁਰਮੀਤ ਕੌਰ ਦੇ ਕੇਸ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਉਨ੍ਹਾਂ ਬਾਰੇ ਪ੍ਰਚਾਰ ਵੀ ਕਰਦੇ ਹਨ
ਬਰਸ਼ਸਟ੍ਰੋਕ ਕਮਿਊਨਟੀ ਪ੍ਰੋਜੈਕਟ ਦੇ ਇਮੀਗ੍ਰੇਸ਼ਨ ਸਲਾਹਕਾਰ ਸਲਮਾਨ ਮਿਰਜ਼ਾ ਗੁਰਮੀਤ ਕੌਰ ਦਾ ਕੇਸ ਲੜ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਗੁਰਮੀਤ ਕੌਰ ਨੂੰ ਯੂਕੇ ਤੋਂ ਵਾਪਸ ਉਨ੍ਹਾਂ ਦੇ ਪਿੰਡ ਭੇਜਣਾ ਠੀਕ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਗੁਰਮੀਤ ਕੌਰ ਦੇ ਪਿੰਡ ਵਿਚਲੇ ਘਰ ਦੀ ਹਾਲਤ ਬਹੁਤ ਖ਼ਸਤਾ ਹੈ।
“ਉੱਥੇ ਜਾ ਕੇ ਉਨ੍ਹਾਂ ਨੂੰ ਪਹਿਲਾਂ ਛੱਤ ਲੱਭਣੀ ਪਵੇਗੀ, ਜ਼ਿੰਦਗੀ ਜਿਉਣ ਲਈ ਰੋਟੀ ਅਤੇ ਹੋਰ ਸਾਧਨਾਂ ਦਾ ਬੰਦੋਬਸਤ ਕਰਨਾ ਪਵੇਗਾ, ਉਹ ਵੀ ਅਜਿਹੀ ਥਾਂ ''ਤੇ ਜਿੱਥੇ ਗਿਆਂ ਨੂੰ ਉਨ੍ਹਾਂ ਨੂੰ 11 ਸਾਲ ਹੋ ਚੁੱਕੇ ਹਨ।”
"ਇਹ ਕਿਸੇ ਭਿਆਨਕ ਤਸ਼ੱਦਦ ਵਰਗਾ ਹੈ, ਇਹ ਹੌਲੀ ਮੌਤ ਹੈ, ਉਨ੍ਹਾਂ ਨੂੰ ਕਦੇ ਵੀ ਕੰਮ ਕਰਨ ਅਤੇ ਆਤਮ ਨਿਰਭਰ ਹੋਣ ਦਾ ਹੱਕ ਨਹੀਂ ਮਿਲਿਆ।"
ਪ੍ਰਸ਼ਾਸਨ ਦਾ ਕੀ ਕਹਿਣਾ ਹੈ
ਹੋਮ ਆਫਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਹ ਕਿਸੇ ਇੱਕ ਕੇਸ ਬਾਰੇ ਕੁਝ ਨਹੀਂ ਕਹਿ ਸਕਦੇ ।
ਉਨ੍ਹਾਂ ਦੱਸਿਆ, “ਹਰੇਕ ਅਰਜੀ ਨੂੰ ਧਿਆਨ ਨਾਲ ਵਿਚਾਰਿਆ ਜਾਂਦਾ ਹੈ ਅਤੇ ਕੇਸ ਬਾਰੇ ਫ਼ੈਸਲਾ ਹਰੇਕ ਪੱਖ ਵੱਲ ਧਿਆਨ ਦੇ ਕੇ ਅਤੇ ਸਾਹਮਣੇ ਆਏ ਸਬੂਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾਂਦਾ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪਿਛਲੇ 30 ਸਾਲਾਂ ਦੀਆਂ ਹਿੱਟ ਹਿੰਦੀ ਫਿਲਮਾਂ ਵਿੱਚ ਸਿੱਖ ਅਤੇ ਮੁਸਲਮਾਨ ਕਿਹੋ ਜਿਹੇ ਦਿਖਦੇ ਹਨ?
NEXT STORY