ਖ਼ਰਾਬ ਖਾਣਾ ਦਿਖਾਉਂਦੇ ਹੋਏ ਬੱਚੇ
ਸੰਗਰੂਰ ਜ਼ਿਲ੍ਹੇ ਦੇ ਘਾਬਦਾ ਵਿਚਲੇ ਸਰਕਾਰੀ ਮੈਰੀਟੋਰੀਅਸ ਸਕੂਲ ਦੇ 50 ਤੋਂ ਵੱਧ ਵਿਦਿਆਰਥੀਆਂ ਦੀ ਖ਼ਰਾਬ ਖਾਣਾ ਖਾਣ ਕਰਕੇ ਸਿਹਤ ਵਿਗੜਨ ਦੀਆਂ ਖ਼ਬਰਾਂ ਹਨ।
ਸਰਕਾਰੀ ਅਧਿਕਾਰੀਆਂ ਮੁਤਾਬਕ ਕੁੱਲ 53 ਵਿਦਿਆਰਥੀ ਹਸਪਤਾਲ ਵਿੱਚ ਲਿਆਂਦੇ ਗਏ ਸਨ।
ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਚੀਫ਼ ਮੈਡੀਕਲ ਅਫ਼ਸਰ ਅੰਜੂ ਸਿੰਗਲਾ ਨੇ ਇਹ ਦੱਸਿਆ ਕਿ ਹਸਪਤਾਲ ਵਿੱਚ ਕੁੱਲ 39 ਬੱਚੇ ਜ਼ੇਰੇ ਇਲਾਜ ਸਨ।
ਉਨ੍ਹਾਂ ਨੇ ਇਹ ਪੁਸ਼ਟੀ ਕੀਤੀ ਕਿ ਬੱਚਿਆਂ ਦੀ ਸਿਹਤ ਖਾਣੇ ਕਰਕੇ ਹੀ ਖ਼ਰਾਬ ਹੋਈ ਹੈ।
ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਨੇ ਦੱਸਿਆ ਕਿ ਬੱਚਿਆਂ ਦੀ ਹਾਲਤ ਸ਼ੁੱਕਰਵਾਰ ਸ਼ਾਮ ਨੂੰ ਵਿਗੜਨੀ ਸ਼ੁਰੂ ਹੋਈ।
ਇਹ ਘਟਨਾ ਸੰਗਰੂਰ ਦੇ ਘਾਬਦਾ ਵਿੱਚ ਸਥਿਤ ਮੈਰੀਟੋਰੀਅਸ ਸਕੂਲ ਦੀ ਹੈ
ਉਨ੍ਹਾਂ ਦੱਸਿਆ, "ਮੈਰੀਟੋਰੀਅਸ ਸਕੂਲ ਦੇ 18 ਵਿਦਿਆਰਥੀ ਸਾਡੇ ਕੋਲ ਲਿਆਂਦੇ ਗਏ ਸਨ ਜਿਨ੍ਹਾਂ ਨੂੰ ਖ਼ਰਾਬ ਖਾਣਾ ਖਾਣ ਕਰਕੇ ਸਿਹਤ ਸਬੰਧੀ ਮੁਸ਼ਕਲਾਂ ਆ ਰਹੀਆਂ ਸਨ।"
"ਇਨ੍ਹਾਂ ਵਿਦਿਆਰਥੀਆਂ ਵਿੱਚੋਂ 14 ਦੀ ਹਾਲਤ ਸਥਿਰ ਸੀ ਅਤੇ ਚਾਰ ਨੂੰ ਇੱਥੇ ਇਲਾਜ ਲਈ ਭਰਤੀ ਕੀਤਾ ਗਿਆ ਸੀ।"
ਉਨ੍ਹਾਂ ਦੱਸਿਆ ਕਿ 35 ਹੋਰ ਵਿਦਿਆਰਥੀ ਉਨ੍ਹਾਂ ਕੋਲ ਆਏ ਜਿਨ੍ਹਾਂ ਦੀ ਸਿਹਤ ਖ਼ਰਾਬ ਸੀ।
ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸ਼ਨੀਵਰ ਨੂੰ ਪ੍ਰੈੱਸ ਵਾਰਤਾ ਵਿੱਚ ਦੱਸਿਆ ਕਿ ਕੱਲ ਰਾਤ 18 ਬੱਚਿਆਂ ਨੂੰ ਸਿਵਲ ਹਸਤਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਅਤੇ ਸਵੇਰੇ 14 ਬੱਚਿਆਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸਵੇਰੇ 36 ਦੇ ਕਰੀਬ ਬੱਚੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ ਅਤੇ 20 ਬੱਚੇ ਪੀਜੀਆਈ ਸੈਟੇਲਾਈਟ ਸੰਗਰੂਰ ਵਿੱਚ ਜ਼ੇਰੇ ਇਲਾਜ ਹਨ।
ਸਿੱਖਿਆ ਮੰਤਰੀ ਹਰਜੋਤ ਬੈਂਸ ਮੁਤਾਬਕ ਇਸ ਲਈ ਜ਼ਿੰਮੇਵਾਰ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬੱਚਿਆਂ ਦਾ ਕੀ ਦਾਅਵਾ ਹੈ
ਸਰਕਾਰੀ ਅਧਿਕਾਰੀਆਂ ਮੁਤਾਬਕ ਕੁੱਲ 53 ਵਿਦਿਆਰਥੀ ਹਸਪਤਾਲ ਵਿੱਚ ਲਿਆਂਦੇ ਗਏ ਸਨ
ਹਸਪਤਾਲ ਵਿੱਚ ਜ਼ੇਰੇ ਇਲਾਜ ਇੱਕ ਵਿਦਿਆਰਥਣ ਨੇ ਇਹ ਦਾਅਵਾ ਕੀਤਾ ਕਿ ਜਦੋਂ ਤੋਂ ਉਹ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਵਾਪਸ ਆਏ, ਉਦੋਂ ਤੋ ਉਨ੍ਹਾਂ ਨੂੰ ਚੰਗਾ ਖਾਣਾ ਨਹੀਂ ਮਿਲ ਰਿਹਾ।
ਉਨ੍ਹਾਂ ਦੱਸਿਆ ਕਿ ਬੱਚੇ ਦੋ ਦਿਨਾਂ ਤੋਂ ਕੁਝ ਨਹੀਂ ਖਾ ਰਹੇ ਅਤੇ ਖਾਣੇ ਵਿੱਚੋਂ ਕੀੜੇ ਵੀ ਨਿਕਲ ਰਹੇ ਹਨ।
“ਇਸ ਮਗਰੋਂ ਬੱਚਿਆਂ ਨੂੰ ਦਰਦ ਸ਼ੁਰੂ ਹੋ ਗਿਆ, ਰਾਤ ਨੂੰ ਬਹੁਤ ਬੱਚਿਆਂ ਦਾ ਪੇਟ ਦਰਦ ਹੋ ਰਿਹਾ ਸੀ ਅਤੇ ਲੂਜ਼ ਮੋਸ਼ਨ ਲੱਗੇ ਹੋੇਏ ਸਨ।”
“ਬਹੁਤ ਬੱਚੇ ਰਾਤ ਨੂੰ ਹਸਪਤਾਲ ਲਿਆਂਦੇ ਗਏ ਸਨ ਅਤੇ ਕਈ ਬੱਚਿਆਂ ਨੂੰ ਹੁਣ ਲਿਆਂਦਾ ਹੈ।”
ਉਨ੍ਹਾਂ ਇਹ ਦਾਅਵਾ ਕੀਤਾ ਕਿ ਬੱਚਿਆਂ ਵੱਲੋਂ ਕਈ ਵਾਰ ਸਕੂਲ ਪ੍ਰਸ਼ਾਸਨ ਨੂੰ ਇਸ ਵਿੱਚ ਸੁਧਾਰ ਕਰਨ ਲਈ ਕਿਹਾ ਗਿਆ ਪਰ ਕੋਈ ਵੀ ਬਦਲਾਅ ਨਹੀਂ ਹੋਇਆ।
ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਇਸ ਮੌਕੇ ਸਕੂਲ ਪਹੁੰਚੇ।
ਵਿਧਾਇਕਾ ਨੇ ਕੀ ਕਿਹਾ
ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਜਿਸ ਠੇਕੇਦਾਰ ਵੱਲੋਂ ਖਾਣਾ ਬਣਾਇਆ ਜਾਂਦਾ ਹੈ ਉਸਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਅਫ਼ਸਰ ਇਸ ਮਾਮਲੇ ਵਿੱਚ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਠੇਕੇਦਾਰ ਉੱਤੇ ਧਾਰਾ 307 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
"ਠੇਕੇਦਾਰ ਉੱਤੇ ਪਰਚਾ ਬੱਚਿਆਂ ਦੇ ਬਿਆਨਾਂ ਦੇ ਆਧਾਰ ਉੱਤੇ ਦਰਜ ਕੀਤਾ ਗਿਆ ਹੈ ਅਤੇ ਠੇਕੇਦਾਰ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਹੈ।"
"ਬੱਚਿਆਂ ਦੀਆਂ ਸ਼ਿਕਾਇਤਾਂ ''ਤੇ ਕਾਰਵਾਈ ਕਿਉਂ ਨਹੀਂ ਕੀਤਾ ਗਿਆ ਇਸ ਬਾਰੇ ਵੀ ਜਾਂਚ ਕੀਤੀ ਜਾਵੇਗੀ।"
ਮਾਪੇ ਕੀ ਮੰਗ ਕਰ ਰਹੇ ਹਨ
ਸਕੂਲ ਦੇ ਬਾਹਰ ਖੜ੍ਹੇ ਮਾਪੇ
ਰੋੋਣ ਹਾਕੇ ਹੋਏ ਮਾਪੇ ਸਕੂਲ ਦੇ ਬਾਹਰ ਪਹੁੰਚੇ ਹੋਏ ਹਨ ਅਤੇ ਇਹ ਦਾਅਵਾ ਕਰ ਰਹੇ ਹਨ ਕਿ ਸਕੂਲ ਪ੍ਰਬੰਧਕ ਉਨ੍ਹਾਂ ਨੂੰ ਸਕੂਲ ਵਿੱਚ ਦਾਖ਼ਲ ਨਹੀਂ ਹੋਣ ਦੇ ਰਹੇ।
ਸੁਰਜੀਤ ਕੌਰ ਨੇ ਕਿਹਾ ਉਨ੍ਹਾਂ ਦੀ ਬੱਚੀ ਬਹੁਤ ਤੰਗ ਹੈ।
ਇਸ ਮਗਰੋਂ ਵਿਦਿਆਰਥੀਆਂ ਦੇ ਮਾਪੇ ਵੀ ਸਕੂਲ ਪਹੁੰਚ ਕੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਰੋਸ ਜ਼ਾਹਰ ਕਰ ਰਹੇ ਹਨ।
ਪਟਿਆਲਾ ਤੋਂ ਆਏ ਇੱਕ ਪਰਿਵਾਰਕ ਮੈਂਬਰ ਨੇ ਕਿਹਾ, “ਸਾਨੂੰ ਫੋਨ ਆਇਆ ਕਿ ਤੁਹਾਡੇ ਬੱਚੇ ਦੀ ਖਾਣੇ ਕਰਕੇ ਸਥਿਤੀ ਖ਼ਰਾਬ ਹੈ ਅਤੇ ਤੁਸੀਂ ਉਨ੍ਹਾਂ ਨੂੰ ਇੱਥੋਂ ਲੈ ਜਾਓ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਪਿਛਲੇ 10-12 ਦਿਨਾਂ ਤੋਂ ਖ਼ਰਾਬ ਖਾਣਾ ਖੁਆਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਇੱਕ ਹੋਰ ਪਰਿਵਾਰਕ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਹੈ, ਉਹ ਕਾਹਲੀ-ਕਾਹਲੀ ਘਰੋਂ ਸਕੂਲ ਆਏ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਉਹ ਹੁਣ ਕਿਸ ਹਾਲਤ ਵਿੱਚ ਹੈ।
ਬੱਚਿਆਂ ਦੇ ਮਾਪੇ ਇਹ ਮੰਗ ਕਰ ਰਹੇ ਹਨ ਕਿ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸਰਕਾਰ ਨੇ ਕੀ ਐਕਸ਼ਨ ਲਿਆ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੀਡੀਆ ਨੂੰ ਇੱਕ ਵੀਡੀਓ ਰਾਹੀਂ ਦੱਸਿਆ ਕਿ 16 ਬੱਚਿਆਂ ਦੀ ਹਸਪਤਾਲ ਵਿੱਚੋਂ ਛੁੱਟੀ ਹੋ ਗਈ ਹੈ, ਚਾਰ ਬੱਚੇ ਜਿਨ੍ਹਾਂ ਦੀ ਮੈਡੀਕਲ ਹਿਸਟਰੀ ਹੈ, ਉਹ ਜ਼ੇਰੇ ਇਲਾਜ ਹਨ।
ਉਨ੍ਹਾਂ ਨੇ ਕਿਹਾ ਕਿ ਸਕੂਲ ਵਿੱਚ ਖਾਣੇ ਦਾ ਪ੍ਰਬੰਧ ਕਰਨ ਵਾਲੇ ਠੇਕੇਦਾਰ ਦਾ ਠੇਕਾ ਰੱਦ ਕਰ ਦਿੱਤਾ ਗਿਆ ਹੈ ਅਤੇ ਠੇਕੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ੳੇੁਨ੍ਹਾਂ ਕਿਹਾ ਕਿ ਇਸ ਬਾਰੇ ਐੱਸਡੀਐੱਮ ਪੱਧਰ ''ਤੇ ਜਾਂਚ ਜਾਰੀ ਹੈ।
"ਪੰਜਾਬ ਵਿੱਚ 10 ਮੈਰੀਟੋਰੀਅਸ ਸਕੂਲ ਹਨ ਸਾਰੇ ਸਕੂਲਾਂ ਵਿੱਚ ਡਾਕਟਰੀ ਟੀਮਾਂ ਭੇਜ ਦਿੱਤੀਆਂ ਗਈਆਂ ਹਨ।"
ਉਨ੍ਹਾਂ ਦੱਸਿਆ, "ਬੱਚਿਆਂ ਦੀ ਸਿਹਤ ਸਬੰਧੀ ਕਿਸੇ ਤਰ੍ਹਾਂ ਦੀ ਬੇਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।"
ਉਨ੍ਹਾਂ ਕਿਹਾ ਕਿ ਬੱਚੇ ਘਬਰਾਹਟ ਦੀ ਸ਼ਿਕਾਇਤ ਕਰ ਰਹੇ ਹਨ, ਡਾਕਟਰਾਂ ਦੀ ਟੀਮ ਉਨ੍ਹਾਂ ਦਾ ਖਿਆਲ ਰੱਖਣ ਲਈ ਸਕੂਲ ਵਿੱਚ ਮੌਜੂਦ ਹੈ।
ਮੈਰੀਟੋਰੀਅਸ ਸਕੂਲ ਕੀ ਹਨ ਅਤੇ ਕਦੋਂ ਸ਼ੁਰੂ ਹੋਏ
ਪੰਜਾਬ ਵਿੱਚ ਕੁੱਲ 10 ਸਕੂਲ 2014 ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਸਨ।
ਇਨ੍ਹਾਂ ਸਕੂਲਾਂ ਦਾ ਮੰਤਵ 80 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣਾ ਸੀ।
ਇਨ੍ਹਾਂ ਸਕੂਲਾਂ ਵਿੱਚ ਆਰਥਿਕ ਤੌਰ ''ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧ ਰੱਖਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਰਹਿਣ ਲਈ ਹੌਸਟਲ, ਖਾਣਾ, ਕਿਤਾਬਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਵਿਦਿਆਰਥੀਆਂ ਦਾ ਦਾਖ਼ਲਾ ਪ੍ਰੀਖਿਆ ਵਿੱਚ ਹਾਸਲ ਕੀਤੇ ਅੰਕਾਂ ਦੇ ਅਧਾਰ ''ਤੇ ਹੁੰਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਨੀਤਾ ਸ਼ਬਦੀਸ਼: ਪੰਜਾਬ ਦੀ ਉਹ ਕਲਾਕਾਰ, ਜਿਸ ਨੇ ਥੀਏਟਰ ਲਈ ਸੰਜੇ ਲੀਲਾ ਭੰਸਾਲੀ ਦੀ ਵੈੱਬਸੀਰੀਜ਼ ਤੱਕ ਛੱਡ...
NEXT STORY