ਕੈਨੇਡਾ ਨੇ ਪਰਵਾਸ ਨੀਤੀ ਵਿੱਚ ਵੱਡਾ ਬਦਲਾਅ ਕਰਦਿਆਂ ਕੌਮਾਂਤਰੀ ਵਿਦਿਆਰਥੀਆਂ ਦੀ ਆਮਦ ਨੂੰ ਦੋ ਸਾਲਾਂ ਲਈ ਸੀਮਤ ਕਰਨ ਦਾ ਐਲਾਨ ਕੀਤਾ ਹੈ।
ਕੈਨੇਡਾ ਦੇ ਪਰਵਾਸ ਮਾਮਲਿਆਂ ਦੇ ਮੰਤਰੀ ਮਾਰਕ ਮਿਲਰ ਨੇ ਜੋ ਐਲਾਨ ਕੀਤੇ ਹਨ, ਉਸ ਦੇ ਨਵੇਂ ਨਿਯਮ ਉੱਤਰੀ ਭਾਰਤ ਵਿੱਚ ਪੰਜਾਬ ਅਤੇ ਹਰਿਆਣਾ ਦੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇੱਕ ਵੱਡਾ ਝਟਕਾ ਮੰਨੇ ਜਾ ਰਹੇ ਹਨ।
ਖਾਸ ਤੌਰ ''ਤੇ ਅੰਡਰ-ਗਰੈਜੂਏਟ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਕਿਉਂਕਿ ਹੁਣ ਉਹਨਾਂ ਦੇ ਜੀਵਨ ਸਾਥੀ ਨੂੰ ਓਪਨ ਵਰਕ ਪਰਮਿਟ ਨਹੀਂ ਮਿਲੇਗਾ।
ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡਿਆਂ ਦਾ ਕੈਨੇਡਾ ਜਾਣ ਲਈ ਆਈਲੈਟਸ ਪਾਸ ਕੁੜੀਆਂ ਨਾਲ ਕੰਟ੍ਰੈਕਟ (ਇਕਰਨਾਮਾ) ਜਾਂ ਅਸਲ ਵਿਆਹ ਕਰਵਾਉਣ ਦਾ ਰੁਝਾਨ ਪਿਛਲੇ ਕਈ ਸਾਲਾਂ ਤੋਂ ਵੱਧ ਰਿਹਾ ਹੈ।
ਹੁਣ ਨਵੇਂ ਨਿਯਮ ਅੰਡਰ-ਗਰੈਜੂਏਟ ਕੋਰਸਜ਼ ਲਈ ਜਾ ਰਹੀਆਂ ਨਵੀਆਂ ਕੁੜੀਆਂ ਲਈ ਇੱਕ ਵੱਡਾ ਝਟਕਾ ਹੋਵੇਗਾ ਕਿਉਂਕਿ ਉਹ ਆਪਣੇ ਪਤੀ ਨੂੰ ਨਾਲ ਜਾਂ ਪੜ੍ਹਾਈ ਦੇ ਦੌਰਾਨ ਕੈਨਡਾ ਨਹੀਂ ਸੱਦ ਸਕਣਗੀਆਂ।
ਕੈਨੇਡਾ ਦਾ ਐਲਾਨ ਕੀ ਹੈ
ਮਾਰਕ ਮਿਲਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਦੋ ਸਾਲਾਂ ਦੀ ਮਿਆਦ ਲਈ ਨਵੇਂ ਵਿਕਾਸ ਨੂੰ ਸਥਿਰ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਅਰਜ਼ੀਆਂ ''ਤੇ ਇੱਕ ਇਨਟੇਕ ਕੈਪ ( ਕੈਨੇਡਾ ’ਚ ਆਮਦ ਸੀਮਤ) ਤੈਅ ਕਰੇਗੀ।
2024 ਲਈ ਕੈਪ ਦੇ ਨਤੀਜੇ ਵਜੋਂ ਲਗਭਗ 360,000 ਅਧਿਐਨ ਪਰਮਿਟ ਸਵਿਕਾਰ ਹੋਣ ਦੀ ਉਮੀਦ ਹੈ, ਜੋ ਕਿ 2023 ਤੋਂ 35% ਦੀ ਕਮੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਈਆਰਸੀਸੀ ਨੂੰ ਜਮ੍ਹਾਂ ਕਰਵਾਈ ਗਈ ਹਰ ਸਟੱਡੀ ਪਰਮਿਟ ਅਰਜ਼ੀ ਲਈ ਕਿਸੇ ਕੈਨੇਡੀਅਨ ਸੂਬੇ ਜਾਂ ਖੇਤਰ ਤੋਂ ਪ੍ਰਮਾਣ ਪੱਤਰ ਦੀ ਵੀ ਲੋੜ ਹੋਵੇਗੀ।
ਸੂਬਿਆਂ ਤੋਂ 31 ਮਾਰਚ, 2024 ਤੱਕ ਵਿਦਿਆਰਥੀਆਂ ਨੂੰ ਤਸਦੀਕ ਪੱਤਰ ਜਾਰੀ ਕਰਨ ਲਈ ਇੱਕ ਪ੍ਰਕਿਰਿਆ ਸਥਾਪਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।
ਮਿਲਰ ਨੇ ਕਿਹਾ, "ਅਗਲੇ ਹਫ਼ਤਿਆਂ ਵਿੱਚ, ਓਪਨ ਵਰਕ ਪਰਮਿਟ ਸਿਰਫ ਮਾਸਟਰ ਅਤੇ ਡਾਕਟਰੇਟ ਪ੍ਰੋਗਰਾਮਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਉਪਲੱਬਧ ਹੋਣਗੇ।
ਅੰਡਰਗਰੈਜੂਏਟ ਅਤੇ ਕਾਲਜ ਪ੍ਰੋਗਰਾਮਾਂ ਸਮੇਤ ਸਟੱਡੀ ਦੇ ਹੋਰ ਪੱਧਰਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਹੁਣ ਓਪਨ ਵਰਕ ਪਰਮਿਟ ਦੇ ਯੋਗ ਨਹੀਂ ਹੋਣਗੇ।"
ਕੈਨੇਡਾ ਦੇ ਨਵੇਂ ਵੀਜ਼ਾ ਨਿਯਮਾਂ ਦਾ ਕੀ ਅਸਰ ਪਵੇਗਾ?
ਰਾਜ ਕਰਨ ਸਿੰਘ ਬਰਾੜ, ਬਠਿੰਡਾ ਵਿੱਚ ਇੱਕ ਇਮੀਗ੍ਰੇਸ਼ਨ ਕੇਂਦਰ ਚਲਾਉਂਦੇ ਹਨ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਅਤੇ ਹਰਿਆਣਾ ਵਿੱਚ ਪਤੀ-ਪਤਨੀ ਵੀਜ਼ਾ ਨਾਲ ਸਬੰਧਤ 80% ਤੋਂ ਵੱਧ ਸਟੱਡੀ ਪਰਮਿਟ ਕੇਸਾਂ ਨੂੰ ਪ੍ਰਭਾਵਤ ਕਰੇਗਾ, ਕਿਉਂਕਿ ਇਹਨਾਂ ਵਿੱਚੋਂ ਜ਼ਿਆਦਾਤਰ ਅੰਡਰਗਰੈਜੂਏਟ ਕੋਰਸਾਂ ਲਈ ਕੈਨੇਡਾ ਜਾਂਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ 5 ਤੋਂ 6% ਵਿਦਿਆਰਥੀ ਕੈਨੇਡਾ ਵਿੱਚ ਮਾਸਟਰ ਜਾਂ ਡਾਕਟਰੇਟ ਡਿਗਰੀ ਲਈ ਜਾਂਦੇ ਹਨ। ਸਟੱਡੀ ਵੀਜ਼ਾ ਲਈ ਹੁਣ ਕੈਨੇਡਾ ਦੇ ਹਰ ਸੂਬੇ ਦੇ ਤਸਦੀਕ ਪੱਤਰ ਦੀ ਲੋੜ ਦੇ ਪ੍ਰਸਤਾਵ ਦਾ ਪੰਜਾਬ ਦੇ ਵਿਦਿਆਰਥੀਆਂ ''ਤੇ ਵੀ ਅਸਰ ਪਵੇਗਾ।
ਕੈਨੇਡਾ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਰ ਅਮਨਦੀਪ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਨਵੇਂ ਕਾਨੂੰਨ ਸਿਰਫ ਨਵੇਂ ਆਉਣ ਵਾਲੇ ਵਿਦਿਆਰਥੀਆਂ ''ਤੇ ਲਾਗੂ ਹੋਣਗੇ।
ਪੰਜਾਬ ਦੇ ਸੰਦਰਭ ਵਿੱਚ ਹੁਣ ਅੰਡਰਗਰੈਜੂਏਟ ਪ੍ਰੋਗਰਾਮਾਂ ਲਈ ਕੋਈ ਪਤੀ-ਪਤਨੀ ਵਰਕ ਪਰਮਿਟ ਨਹੀਂ ਹੋਵੇਗਾ ਅਤੇ ਵਿਦਿਆਰਥੀ ਸਿਰਫ 2 ਸਾਲਾਂ ਦੀ ਪੜ੍ਹਾਈ ਤੋਂ ਬਾਅਦ ਜੀਵਨ ਸਾਥੀ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਪਾਬੰਦੀਆਂ ਮਾਸਟਰ ਅਤੇ ਡਾਕਟਰੇਟ ਪ੍ਰੋਗਰਾਮਾਂ ਲਈ ਆਉਣ ਵਾਲੇ ਵਿਦਿਆਰਥੀਆਂ ''ਤੇ ਲਾਗੂ ਨਹੀਂ ਹੁੰਦੀਆਂ ਹਨ।
ਅਸ਼ੋਕ ਸੰਡੋਰਾ, ਬਠਿੰਡਾ ਵਿਖੇ ਆਈਲੈਟਸ ਸੈਂਟਰ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਜ਼ਿਆਦਾਤਰ ਵਿਦਿਆਰਥੀ ਅੰਡਰਗਰੈਜੂਏਟ ਕੋਰਸਾਂ ਲਈ ਜਾਂਦੇ ਹਨ, ਬਹੁਤ ਘੱਟ ਮਾਸਟਰ ਅਤੇ ਡਾਕਟਰੇਟ ਪ੍ਰੋਗਰਾਮਾਂ ਦੀ ਚੋਣ ਕਰਦੇ ਹਨ।
“ਇੰਝ ਜਾਪਦਾ ਹੈ ਕਿ ਇਹ ਨਵਾਂ ਨਿਯਮ ਫਰਜ਼ੀ ਜਾਂ ਕੰਟਰੈਕਟ ਮੈਰਿਜ ਨੂੰ ਕੰਟਰੋਲ ਕਰਨ ਲਈ ਬਣਾਇਆ ਗਿਆ ਹੈ।”
ਚੰਡੀਗੜ੍ਹ ਦੇ ਇਕ ਇਮੀਗ੍ਰੇਸ਼ਨ ਏਜੰਟ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਨਵੇਂ ਨਿਯਮ ਨਾ ਸਿਰਫ਼ ਕੰਟ੍ਰੈਕਟ ਵਾਲੇ ਵਿਆਹਾਂ ਨੂੰ ਪ੍ਰਭਾਵਿਤ ਕਰੇਗਾ, ਸਗੋਂ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਲੜਕੇ ਤੇ ਲੜਕੀਆਂ ਜੋ ਅਸਲੀ ਵਿਆਹ ਕਰਵਾਕੇ ਕੈਨੇਡਾ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਵੀ ਪ੍ਰਭਾਵਿਤ ਕਰੇਗਾ।
ਉਨ੍ਹਾਂ ਕਿਹਾ ਕਿ ਵਿੱਚ ਆਈਲੈਟਸ ਪਾਸ ਕੁੜੀ ਦੀ ਸਟੱਡੀ ਦਾ ਖਰਚਾ ਚੁੱਕ ਕੇ ਕੈਨੇਡਾ ਜਾਣ ਵਾਲੇ ਵਿਅਕਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ, ਜਦੋ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਲੜਕੀਆਂ ਵੱਲੋਂ ਮੁੰਡਿਆਂ ਨੂੰ ਧੋਖਾ ਦੇਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ।
ਆਈਲੈਟਸ ਪਾਸ ਕੁੜੀ ਜਾਂ ਮੁੰਡੇ ਨਾਲ ਕੰਟਰੈਕਟ ਮੈਰਿਜ ਕੀ ਹੈ?
ਪੰਜਾਬ ਵਿੱਚ ਨੌਜਵਾਨ ਖਾਸ ਕਰਕੇ ਮੁੰਡੇ, ਕੈਨੇਡਾ ਜਾਣ ਲਈ ਆਈਲੈਟਸ ਪਾਸ ਕਰਨ ਵਾਲੀ ਲੜਕੀ ਨਾਲ ਕੰਟ੍ਰੈਕਟ ਵਿਆਹ ਕਰਵਾਉਂਦੇ ਹਨ।
ਦੋਵੇਂ ਜਣੇ ਉਦੋਂ ਤੱਕ ਇਕੱਠੇ ਰਹਿੰਦੇ ਹਨ ਜਦੋਂ ਤੱਕ ਉਹਨਾਂ ਨੂੰ ਕੈਨੇਡਾ ਦੀ ਪੀ ਆਰ ਨਹੀਂ ਮਿਲ ਜਾਂਦੀ ਫਿਰ ਉਹ ਅਲੱਗ ਹੋ ਜਾਂਦੇ ਹਨ।
ਕੰਟ੍ਰੈਕਟ ਦੇ ਵਿਆਹ ਵਿਚ ਮੁੰਡੇ ਵਿਆਹ ਸਮਾਗਮ ਦਾ ਖਰਚਾ, ਲੜਕੀ ਦੀ ਕੈਨਡਾ ਵਿੱਚ ਪੜ੍ਹਾਈ ਦੀ ਫੀਸ ਅਤੇ ਹੋਰ ਖਰਚੇ ਚੱਕਦੇ ਹਨ।
ਆਮ ਤੌਰ ''ਤੇ, ਲੜਕੀ ਕੈਨੇਡਾ ਚਲੀ ਜਾਂਦੀ ਹੈ, ਅਤੇ ਕੁਝ ਮਹੀਨਿਆਂ ਬਾਅਦ, ਉਹ ਆਪਣੇ ਪਤੀ ਦਾ ਓਪਨ ਵਰਕ ਪਰਮਿਟ ਅਪਲਾਈ ਕਰ ਦਿੰਦੀ ਹੈ ਜਾਂ ਫਿਰ ਮੁਡਾ ਤੇ ਕੁੜੀ ਵਿਆਹ ਤੋਂ ਬਾਅਦ ਭਾਰਤ ਤੋਂ ਕੈਨੇਡਾ ਦਾ ਵੀਜ਼ਾ ਜਾਂਦੇ ਹਨ।
ਪੰਜਾਬ ਦੀਆਂ ਖੇਤਰੀ ਭਾਸ਼ਾਵਾਂ ਦੇ ਅਖਬਾਰਾਂ ਵਿੱਚ ਵਿਆਹ ਸੰਬੰਧੀ ਕਾਲਮ ਇਸ਼ਤਿਹਾਰਾਂ ਨਾਲ ਭਰੇ ਹੋਏ ਹਨ, ਜਿੱਥੇ ਲੜਕੇ ਕੈਨੇਡਾ ਜਾਣ ਦੇ ਉਦੇਸ਼ ਨਾਲ ਵਿਆਹ ਅਤੇ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦੀ ਪੇਸ਼ਕਸ਼ ਕਰਦੇ ਹੋਏ ਕੰਟ੍ਰੈਕਟ ਜਾਂ ਅਸਲੀ ਵਿਆਹ ਲਈ ਆਈਲੈਟਸ ਪਾਸ ਲੜਕੀ ਦੀ ਲੋੜ ਦੱਸੀ ਜਾਂਦੀ ਹੈ।
ਝਗੜਿਆਂ ਦਾ ਵੱਡਾ ਕਾਰਨ ਹਨ ਅਜਿਹੇ ਵਿਆਹ
ਜਾਣਕਾਰ ਦੱਸਦੇ ਹਨ ਕਿ 80% ਵਿਆਹਾਂ ਦੇ ਝਗੜੇ ਵਾਲੇ ਕੇਸਾਂ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਦੇ ਵਿਆਹ ਦੀ ਅਸਲ ਜੜ੍ਹ ਹੁੰਦੇ ਹਨ।
ਪੰਜਾਬ ਵਿੱਚ ਪੁਲਿਸ ਦਾ ਐਨਆਰਆਈ ਵਿੰਗ ਵਿਦਿਆਰਥੀ ਵਿਆਹ ਦੇ ਝਗੜਿਆਂ ਦੀਆਂ ਸ਼ਿਕਾਇਤਾਂ ਨਾਲ ਭਰਿਆ ਹੋਇਆ ਹੈ।
ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਲਗਭਗ 80% ਐਨਆਰਆਈ ਵਿਆਹੁਤਾ ਝਗੜਿਆਂ ਵਿੱਚ ਸਟੱਡੀ ਵੀਜ਼ਿਆਂ ਨਾਲ ਸਬੰਧਤ ਵਿਆਹ ਸ਼ਾਮਲ ਹਨ।
ਬਹੁਤ ਸਾਰੇ ਕੇਸਾਂ ਵਿੱਚ ਮੁੰਡੇ-ਕੁੜੀਆਂ ਉੱਤੇ ਕੈਨੇਡਾ ਲਿਜਾਣ ਦੇ ਵਾਅਦੇ ਪੂਰੇ ਨਾ ਕਰਨ ਜਾਂ ਉਨ੍ਹਾਂ ਦੇ ਪੈਸੇ ਧੋਖਾ ਦੇਣ ਦਾ ਇਲਜ਼ਾਮ ਲਗਾਉਂਦੇ ਹਨ।
ਉਨ੍ਹਾਂ ਕਿਹਾ ਕਿ ਇਹ ਭਵਿੱਖਬਾਣੀ ਕਰਨਾ ਬਹੁਤ ਜਲਦਬਾਜ਼ੀ ਹੈ ਕਿ ਨਵੇਂ ਨਿਯਮ ਕੰਟਰੈਕਟ ਮੈਰਿਜ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਗੇ ਜਾਂ ਨਹੀਂ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਪੈਕਟਾਂ ’ਚ ਬੰਦ ਖਾਣਾ ਕੀ ਤੁਹਾਡੇ ਬੱਚਿਆਂ ਲਈ ‘ਨਸ਼ਾ’ ਤਾਂ ਨਹੀਂ ਜੋ ਕੈਂਸਰ ਤੱਕ ਦਾ ਕਾਰਨ ਬਣ ਸਕਦਾ ਹੈ
NEXT STORY