ਭਾਰਤ ਸਰਕਾਰ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।
ਰਾਸ਼ਟਰਪਤੀ ਭਵਨ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਇਹ ਐਲਾਨ ਕੀਤਾ ਗਿਆ। ਇਹ ਐਲਾਨ ਕਰਪੂਰੀ ਠਾਕੁਰ ਦੀ 100ਵੀਂ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਹੈ।
ਇਸ ਮੌਕੇ ਪਾਠਕਾਂ ਲਈ ਪੇਸ਼ ਹੈ ਕਰਪੂਰੀ ਠਾਕੁਰ ਦੀ ਸ਼ਖਸੀਅਤ, ਉਨ੍ਹਾਂ ਦੇ ਜੀਵਨ ਅਤੇ ਬਿਹਾਰ ਦੀ ਸਿਆਸਤ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ 24 ਜਨਵਰੀ, 2018 ਨੂੰ ਪ੍ਰਕਾਸ਼ਿਤ ਇਹ ਰਿਪੋਰਟ।
ਬਿਹਾਰ ਵਿੱਚ 24 ਜਨਵਰੀ ਦਾ ਸਿਆਸੀ ਮਹੱਤਵ ਪਿਛਲੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ ਵਧਿਆ ਹੈ। ਇਸ ਦਿਨ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦੀ ਵਰ੍ਹੇ ਗੰਢ ਦੇ ਬਹਾਨੇ ਸੂਬੇ ਦੀਆਂ ਮੁੱਖ ਸਿਆਸੀ ਪਾਰਟੀਆਂ ਵਿੱਚ ਉਨ੍ਹਾਂ ਦੀ ਵਿਰਾਸਤ ''ਤੇ ਦਾਅਵੇਦਾਰੀ ਜਤਾਉਣ ਲਈ ਆਪਸੀ ਮੁਕਾਬਲਾ ਹੁੰਦਾ ਹੈ।
ਅਜਿਹੀ ਸਥਿਤੀ ਵਿੱਚ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਬਿਹਾਰ ਵਿੱਚ ਨਾਈ ਭਾਈਚਾਰੇ ਦੇ ਸਭ ਤੋਂ ਵੱਡੇ ਨੇਤਾ, ਜਿਸ ਦੀ ਆਬਾਦੀ ਦੋ ਫੀਸਦੀ ਤੋਂ ਵੀ ਘੱਟ ਹੈ, ਦੀ ਸਿਆਸੀ ਵਿਰਾਸਤ ਨੂੰ ਲੈ ਕੇ ਇੰਨਾ ਰੌਲਾ ਕਿਉਂ ਹੈ, ਉਨ੍ਹਾਂ ਦੇ ਗੁਜ਼ਰ ਜਾਣ ਤੋਂ ਇੰਨੇ ਸਾਲ ਬਾਅਦ ਵੀ?
ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਰਪੂਰੀ ਠਾਕੁਰ ਦੀ ਪਛਾਣ ਅਤਿ ਪਿਛੜੇ ਵਰਗ (ਈਬੀਸੀ) ਦੇ ਵੱਡੇ ਨੇਤਾ ਵਜੋਂ ਬਣ ਗਈ ਹੈ। ਈਬੀਸੀ ਵਰਗ ਵਿੱਚ ਥੋੜ੍ਹੀ-ਥੋੜ੍ਹੀ ਆਬਾਦੀ ਵਾਲੀਆਂ 100 ਤੋਂ ਵੱਧ ਜਾਤੀਆਂ ਸ਼ਾਮਲ ਹਨ।
ਇਸ ਵਿੱਚ ਵੋਟ ਗਣਿਤ ਦੇ ਲਿਹਾਜ਼ ਨਾਲ ਇਕੱਲੀ ਕੋਈ ਜਾਤ ਮਹੱਤਵਪੂਰਨ ਨਹੀਂ ਹੋ ਸਕਦੀ। ਹਾਲਾਂਕਿ ਸਮੂਹਿਕ ਤੌਰ ''ਤੇ ਉਹ 29% ਦਾ ਵੋਟ ਬੈਂਕ ਬਣਾਉਂਦੀਆਂ ਹਨ। ਇਸ ਵਰਗ ਨੇ 2005 ਵਿੱਚ ਪਹਿਲੀ ਵਾਰ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਨਜ਼ਰੀਏ ਤੋਂ ਇਹ ਧੜਾ ਹੁਣ ਬਿਹਾਰ ਵਿੱਚ ਸਿਆਸੀ ਪੱਖ ਤੋਂ ਕਾਫੀ ਅਹਿਮ ਹੋ ਗਿਆ ਹੈ, ਹਰ ਪਾਰਟੀ ਇਸ ਵੋਟ ਬੈਂਕ ਨੂੰ ਆਪਣੇ ਵੱਲ ਕਰਨਾ ਚਾਹੁੰਦੀ ਹੈ।
ਕਰਪੁਰੀ ਦੀ ਵਿਰਾਸਤ ''ਤੇ ਦਾਅਵਾ
ਕਰਪੂਰੀ ਠਾਕੁਰ ਦੇ ਬੇਟੇ ਅਤੇ ਜਨਤਾ ਦਲ ਯੂਨਾਈਟਿਡ ਦੇ ਰਾਜ ਸਭਾ ਮੈਂਬਰ ਰਾਮਨਾਥ ਠਾਕੁਰ, ਜੋ ਸਮਸਤੀਪੁਰ ਜ਼ਿਲੇ ਦੇ ਆਪਣੇ ਜੱਦੀ ਪਿੰਡ ਪਿਟੋਂਝੀਆ (ਹੁਣ ਕਰਪੂਰੀਗ੍ਰਾਮ) ਵਿੱਚ ਆਪਣੇ ਪਿਤਾ ਦਾ ਜਨਮ ਦਿਨ ਮਨਾ ਰਹੇ ਹਨ, ਕਹਿੰਦੇ ਹਨ, "ਕਰਪੂਰੀ ਜੀ ਬਿਹਾਰ ਵਿੱਚ ਇੱਕ ਸਮਾਜਿਕ ਲਹਿਰ ਦੇ ਪ੍ਰਤੀਕ ਰਹੇ ਹਨ, ਇਸ ਲਈ ਹਰ ਤਰ੍ਹਾਂ ਦੇ ਲੋਕ, ਵੱਖ-ਵੱਖ ਸਿਆਸੀ ਪਾਰਟੀਆਂ ਉਨ੍ਹਾਂ ਦੇ ਜਨਮ ਦਿਨ ''ਤੇ ਸਮਾਜਿਕ ਨਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਅਹਿਦ ਲੈਂਦੀਆਂ ਰਹੀਆਂ ਹਨ, ਹਾਂ ਹੁਣ ਦਾਅਵੇ ਅਤੇ ਜਵਾਬੀ ਦਾਅਵੇ ਜ਼ਰੂਰ ਵਧ ਗਏ ਹਨ।"
ਦਰਅਸਲ, ਮੰਡਲ ਕਮਿਸ਼ਨ ਦੇ ਲਾਗੂ ਹੋਣ ਤੋਂ ਪਹਿਲਾਂ ਹੀ, ਕਰਪੂਰੀ ਠਾਕੁਰ ਬਿਹਾਰ ਦੀ ਸਿਆਸਤ ਵਿੱਚ ਇੱਕ ਅਜਿਹੇ ਸਥਾਨ ''ਤੇ ਪਹੁੰਚ ਗਏ ਸਨ ਜਿੱਥੇ ਉਨ੍ਹਾਂ ਵਰਗੇ ਪਿਛੋਕੜ ਵਾਲੇ ਬੰਦੇ ਦਾ ਪਹੁੰਚਣਾ ਲਗਭਗ ਅਸੰਭਵ ਸੀ। ਉਹ ਬਿਹਾਰ ਦੀ ਸਿਆਸਤ ਵਿੱਚ ਗਰੀਬਾਂ ਦੀ ਸਭ ਤੋਂ ਵੱਡੀ ਆਵਾਜ਼ ਬਣ ਕੇ ਉਭਰੇ ਸਨ।
ਕਰਪੂਰੀ ਠਾਕੁਰ, 24 ਜਨਵਰੀ, 1924 ਨੂੰ ਸਮਸਤੀਪੁਰ ਦੇ ਪਿਟੂਝੀਆ (ਹੁਣ ਕਰਪੁਰੀਗ੍ਰਾਮ) ਵਿੱਚ ਪੈਦਾ ਹੋਏ। ਇੱਕ ਵਾਰ ਬਿਹਾਰ ਦੇ ਉਪ ਮੁੱਖ ਮੰਤਰੀ, ਦੋ ਵਾਰ ਮੁੱਖ ਮੰਤਰੀ ਅਤੇ ਦਹਾਕਿਆਂ ਤੱਕ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਰਹੇ। 1952 ਵਿੱਚ ਪਹਿਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਹ ਕਦੇ ਵੀ ਬਿਹਾਰ ਵਿਧਾਨ ਸਭਾ ਚੋਣਾਂ ਨਹੀਂ ਹਾਰੇ।
ਉਹ ਦੋ ਵਾਰ ਅਤੇ ਕੁੱਲ ਢਾਈ ਸਾਲ ਬਿਹਾਰ ਦੇ ਮੁੱਖ ਮੰਤਰੀ ਰਹੇ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਬਿਹਾਰ ਦੇ ਸਮਾਜ ''ਤੇ ਜਿਸ ਤਰ੍ਹਾਂ ਦੀ ਛਾਪ ਛੱਡੀ ਹੈ, ਉਸ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਖਾਸ ਗੱਲ ਇਹ ਹੈ ਕਿ ਉਹ ਬਿਹਾਰ ਦੇ ਪਹਿਲੇ ਗੈਰ-ਕਾਂਗਰਸੀ ਮੁੱਖ ਮੰਤਰੀ ਸਨ।
ਸਮਾਜਿਕ ਤਬਦੀਲੀਆਂ ਦੀ ਸ਼ੁਰੂਆਤ
1967 ਵਿੱਚ ਜਦੋਂ ਉਹ ਪਹਿਲੀ ਵਾਰ ਉਪ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਲਾਜ਼ਮੀ ਅੰਗਰੇਜ਼ੀ ਦੀ ਸ਼ਰਤ ਖ਼ਤਮ ਕੀਤੀ। ਇਸ ਕਾਰਨ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਪਰ ਸੱਚਾਈ ਇਹ ਹੈ ਕਿ ਉਹ ਸਿੱਖਿਆ ਨੂੰ ਆਮ ਲੋਕਾਂ ਤੱਕ ਲੈ ਕੇ ਗਏ। ਇਸ ਦੌਰਾਨ ਅੰਗਰੇਜ਼ੀ ਵਿੱਚ ਮੈਟ੍ਰਿਕ ਵਿੱਚ ਫੇਲ੍ਹ ਹੋਏ ਲੋਕਾਂ ਨੂੰ ‘ਕਰਪੁਰੀ ਡਿਵੀਜ਼ਨ ਵਿੱਚੋਂ ਪਾਸ ਹੋਇਆ’ ਕਹਿ ਕੇ ਮਜ਼ਾਕ ਬਣਾਇਆ ਜਾਂਦਾ ਸੀ।
ਇਸ ਸਮੇਂ ਦੌਰਾਨ ਉਨ੍ਹਾਂ ਨੂੰ ਸਿੱਖਿਆ ਮੰਤਰੀ ਦਾ ਅਹੁਦਾ ਵੀ ਮਿਲਿਆ ਹੋਇਆ ਸੀ ਅਤੇ ਉਨ੍ਹਾਂ ਦੇ ਯਤਨਾਂ ਸਦਕਾ ਮਿਸ਼ਨਰੀ ਸਕੂਲਾਂ ਵਿਚ ਹਿੰਦੀ ਵਿਚ ਪੜ੍ਹਾਉਣੀ ਸ਼ੁਰੂ ਕੀਤੀ ਗਈ ਅਤੇ ਆਰਥਿਕ ਪੱਖੋਂ ਗਰੀਬ ਬੱਚਿਆਂ ਦੀਆਂ ਸਕੂਲ ਫੀਸਾਂ ਮਾਫ਼ ਕਰਨ ਦਾ ਕੰਮ ਵੀ ਉਨ੍ਹਾਂ ਨੇ ਕੀਤਾ।
ਉਹ ਦੇਸ਼ ਦੇ ਪਹਿਲੇ ਮੁੱਖ ਮੰਤਰੀ ਸਨ, ਜਿਨ੍ਹਾਂ ਨੇ ਆਪਣੇ ਰਾਜ ਵਿੱਚ ਦਸਵੀਂ ਤੱਕ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਸੂਬੇ ਵਿੱਚ ਉਰਦੂ ਨੂੰ ਦੂਜੀ ਸਰਕਾਰੀ ਭਾਸ਼ਾ ਦਾ ਦਰਜਾ ਵੀ ਦਿੱਤਾ।
1971 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਗੈਰ-ਲਾਭਕਾਰੀ ਜ਼ਮੀਨਾਂ ''ਤੇ ਲੱਗਣ ਵਾਲਾ ਮਾਲੀਆ ਟੈਕਸ ਬੰਦ ਕਰ ਦਿੱਤਾ।
ਬਿਹਾਰ ਦੇ ਤਤਕਾਲੀ ਮੁੱਖ ਮੰਤਰੀ ਸਕੱਤਰੇਤ ਦੀ ਇਮਾਰਤ ਵਿੱਚ ਚੌਥੀ ਸ਼੍ਰੇਣੀ ਦੇ ਮੁਲਾਜ਼ਮਾਂ ਲਈ ਲਿਫਟ ਉਪਲਬਧ ਨਹੀਂ ਸੀ, ਮੁੱਖ ਮੰਤਰੀ ਬਣਦਿਆਂ ਹੀ ਉਨ੍ਹਾਂ ਨੇ ਚੌਥਾ ਦਰਜੇ ਦੇ ਮੁਲਾਜ਼ਮ ਲਿਫਟ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਇਆ।
ਅੱਜ ਭਾਵੇਂ ਇਹ ਇੱਕ ਮਾਮੂਲੀ ਲੱਗ ਸਕਦਾ ਹੈ, ਪਰ ਸਿਆਸੀ ਸੁਨੇਹੇ ਵਜੋਂ ਇਸਦੀ ਬਹੁਤ ਮਹੱਤਤਾ ਸੀ। ਬਿਹਾਰ ਦੇ ਸਾਬਕਾ ਐਮਐਲਸੀ ਪ੍ਰੇਮ ਕੁਮਾਰ ਮਨੀ ਦਾ ਕਹਿਣਾ ਹੈ, "ਉਦੋਂ ਜੇ ਕਿਤੋਂ ਵੀ ਅੰਤਰ-ਜਾਤੀ ਵਿਆਹ ਦੀ ਖ਼ਬਰ ਮਿਲਦੀ, ਤਾਂ ਉਹ ਉੱਥੇ ਪਹੁੰਚ ਜਾਂਦੇ ਸਨ। ਉਹ ਸਮਾਜ ਵਿੱਚ ਇੱਕ ਕਿਸਮ ਦਾ ਬਦਲਾਅ ਚਾਹੁੰਦੇ ਸਨ, ਅੱਜ ਬਿਹਾਰ ਵਿੱਚ ਦੱਬੇ-ਕੁਚਲੇ ਲੋਕਾਂ ਨੂੰ ਸੱਤਾ ਵਿੱਚ ਹਿੱਸੇਦਾਰੀ ਮਿਲੀ ਹੋਈ ਹੈ। ਉਸਦੀ ਭੂਮਿਕਾ ਕਰਪੂਰੀ ਠਾਕੁਰ ਨੇ ਬੰਨ੍ਹੀ ਸੀ।"
1977 ''ਚ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ''ਚ ਮੁੰਗੇਰੀਲਾਲ ਕਮਿਸ਼ਨ ਲਾਗੂ ਕਰਨ ਅਤੇ ਨੌਕਰੀਆਂ ਵਿੱਚ ਰਾਖਵਾਂਕਰਨ ਲਾਗੂ ਕਰਨ ਕਾਰਨ ਉਹ ਉੱਚ ਜਾਤੀਆਂ ਦੇ ਹਮੇਸ਼ਾ ਲਈ ਦੁਸ਼ਮਣ ਬਣ ਗਏ ਪਰ ਕਰਪੂਰੀ ਠਾਕੁਰ ਸਮਾਜ ਦੇ ਦੱਬੇ-ਕੁਚਲੇ ਪਿਛੜੇ ਵਰਗਾਂ ਲਈ ਕੰਮ ਕਰਦੇ ਰਹੇ।
ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਨੇ ਸੂਬੇ ਦੇ ਸਾਰੇ ਵਿਭਾਗਾਂ ਵਿੱਚ ਹਿੰਦੀ ਵਿੱਚ ਕੰਮ ਕਰਨਾ ਲਾਜ਼ਮੀ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ ਇੱਕੋ ਜਿਹਾ ਪੇ-ਕਮਿਸ਼ਨ ਸੂਬੇ ਵਿੱਚ ਲਾਗੂ ਕਰਨ ਵਾਲੇ ਉਹ ਸਭ ਤੋਂ ਪਹਿਲਾਂ ਸਨ।
ਨੌਜਵਾਨਾਂ ਨੂੰ ਰੁਜ਼ਗਾਰ ਦੇਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਇੰਨੀ ਸੀ ਕਿ ਕੈਂਪ ਲਾ ਕੇ ਉਨ੍ਹਾਂ ਨੇ ਇੱਕੋ ਸਮੇਂ 9000 ਤੋਂ ਵੱਧ ਇੰਜੀਨੀਅਰਾਂ ਅਤੇ ਡਾਕਟਰਾਂ ਨੂੰ ਨੌਕਰੀਆਂ ਦਿੱਤੀਆਂ। ਇੰਨੇ ਵੱਡੇ ਪੱਧਰ ''ਤੇ ਇੰਜੀਨੀਅਰਾਂ ਅਤੇ ਡਾਕਟਰਾਂ ਨੂੰ ਸੂਬੇ ਵਿੱਚ ਅੱਜ ਤੱਕ ਬਹਾਲ ਨਹੀਂ ਕੀਤਾ ਗਿਆ।
ਸਿਆਸਤ ਵਿੱਚ ਗਰੀਬਾਂ ਦੀ ਆਵਾਜ਼ ਬੁਲੰਦ ਰੱਖਣ ਦੇ ਯਤਨਾਂ ਵਿੱਚ ਦਿਨ-ਰਾਤ ਲੱਗੇ ਰਹਿਣ ਵਾਲੇ ਕਰਪੂਰੀ ਨੂੰ ਸਾਹਿਤ, ਕਲਾ ਅਤੇ ਸੱਭਿਆਚਾਰ ਵਿੱਚ ਬਹੁਤ ਦਿਲਚਸਪੀ ਸੀ।
ਪ੍ਰੇਮ ਕੁਮਾਰ ਮਨੀ ਯਾਦ ਕਰਦੇ ਹਨ, "1980-81 ਦੀ ਗੱਲ ਹੋਵੇਗੀ, ਮੈਂ ਖੁਦ ਕਾਂਗਰਸ ਦੇ ਇੱਕ ਸਾਂਸਦ ਦੇ ਪਾਰਿਜਾਤ ਪਰਕਾਸ਼ਨ ਤੋਂ ਪਟਨਾ ਵਿੱਚ ਧਰਮ ਸ਼ਾਸਤਰ ਦਾ ਇਤਿਹਾਸ ਕਿਤਾਬ ਖਰੀਦਦੇ ਦੇਖਿਆ ਸੀ। ਛੇ ਜਿਲਦਾਂ ਵਾਲੀ ਇਸ ਕਿਤਾਬ ਦੀ ਕੀਮਤ ਉਸ ਸਮੇਂ ਸਾਢੇ ਤਿੰਨ ਹਜ਼ਾਰ ਰੁਪਏ ਸੀ। "ਉਹ ਪੜ੍ਹਨ ਲਈ ਹਮੇਸ਼ਾ ਸਮਾਂ ਕੱਢ ਹੀ ਲੈਂਦੇ ਸਨ।"
ਸਾਦਾ ਅਤੇ ਇਮਾਨਦਾਰ ਜੀਵਨ
ਸਿਆਸਤ ਦੇ ਇੰਨੇ ਲੰਬੇ ਸਫ਼ਰ ਤੋਂ ਬਾਅਦ ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਵਿਰਾਸਤ ਵਿੱਚ ਦੇਣ ਲਈ ਆਪਣੇ ਨਾਂ ''ਤੇ ਮਕਾਨ ਵੀ ਨਹੀਂ ਰੱਖਿਆ। ਨਾ ਤਾਂ ਪਟਨਾ ਵਿਚ ਅਤੇ ਨਾ ਹੀ ਆਪਣੇ ਜੱਦੀ ਘਰ ਵਿਚ ਉਹ ਇੱਕ ਇੰਚ ਜ਼ਮੀਨ ਵੀ ਜੋੜ ਸਕੇ।
ਜਦੋਂ ਕਰੋੜਾਂ ਰੁਪਏ ਦੇ ਘਪਲਿਆਂ ਵਿੱਚ ਹਰ ਰੋਜ਼ ਸਿਆਸਤਦਾਨਾਂ ਦੇ ਨਾਂ ਉਛਾਲ ਰਹੇ ਹੋਣ ਤਾਂ ਯਕੀਨ ਨਹੀਂ ਹੁੰਦਾ ਕਿ ਕਰਪੁਰੀ ਵਰਗੇ ਆਗੂ ਵੀ ਸਨ। ਤੁਸੀਂ ਬਿਹਾਰ ਵਿੱਚ ਉਨ੍ਹਾਂ ਦੀ ਇਮਾਨਦਾਰੀ ਦੀਆਂ ਕਈ ਕਹਾਣੀਆਂ ਅੱਜ ਵੀ ਸੁਣਨ ਨੂੰ ਮਿਲਦੀਆਂ ਹਨ।
ਉਨ੍ਹਾਂ ਨਾਲ ਜੁੜੇ ਕੁਝ ਲੋਕ ਦੱਸਦੇ ਹਨ ਕਿ ਜਦੋਂ ਕਰਪੂਰੀ ਠਾਕੁਰ ਸੂਬੇ ਦੇ ਮੁੱਖ ਮੰਤਰੀ ਸੀ ਤਾਂ ਉਨ੍ਹਾਂ ਦਾ ਰਿਸ਼ਤੇਦਾਰ ਜੀਜਾ ਉਨ੍ਹਾਂ ਕੋਲ ਨੌਕਰੀ ਲਈ ਗਿਆ ਸੀ ਅਤੇ ਸਿਫਾਰਿਸ਼ ਨਾਲ ਨੌਕਰੀ ਦਿਵਾਉਣ ਲਈ ਕਿਹਾ। ਉਸ ਦੀ ਗੱਲ ਸੁਣ ਕੇ ਕਰਪੂਰੀ ਠਾਕੁਰ ਗੰਭੀਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜੇਬ ਵਿਚੋਂ ਪੰਜਾਹ ਰੁਪਏ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੇ ਅਤੇ ਕਿਹਾ, "ਜਾਓ, ਰੇਜ਼ਰ ਆਦਿ ਖਰੀਦੋ ਅਤੇ ਆਪਣਾ ਜੱਦੀ ਕਾਰੋਬਾਰ ਸ਼ੁਰੂ ਕਰੋ।"
ਇੱਕ ਹੋਰ ਕਿੱਸਾ ਹੈ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੇ ਪਿੰਡ ਦੇ ਕੁਝ ਤਾਕਤਵਰ ਜਾਗੀਰਦਾਰਾਂ ਨੇ ਉਨ੍ਹਾਂ ਦੇ ਪਿਤਾ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਖ਼ਬਰ ਫੈਲਦਿਆਂ ਹੀ ਜ਼ਿਲ੍ਹਾ ਮੈਜਿਸਟਰੇਟ ਕਾਰਵਾਈ ਕਰਨ ਲਈ ਪਿੰਡ ਪੁੱਜੇ ਪਰ ਕਰਪੂਰੀ ਠਾਕੁਰ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਕਾਰਵਾਈ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਿਛੜੇ ਲੋਕਾਂ ਨੂੰ ਤਾਂ ਹਰ ਪਿੰਡ ਵਿੱਚ ਹੀ ਜ਼ਲੀਲ ਕੀਤਾ ਜਾ ਰਿਹਾ ਹੈ।
ਇਕ ਹੋਰ ਉਦਾਹਰਣ ਇਹ ਹੈ ਕਿ ਜਦੋਂ ਕਰਪੂਰੀ ਠਾਕੁਰ ਪਹਿਲੀ ਵਾਰ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਬਣੇ ਤਾਂ ਉਹ ਆਪਣੇ ਪੁੱਤਰ ਰਾਮਨਾਥ ਨੂੰ ਚਿੱਠੀ ਲਿਖਣਾ ਨਹੀਂ ਭੁੱਲੇ।
ਇਸ ਚਿੱਠੀ ਵਿੱਚ ਕੀ ਸੀ ਇਸ ਬਾਰੇ ਰਾਮਨਾਥ ਕਹਿੰਦੇ ਹਨ, "ਪੱਤਰ ਵਿੱਚ ਸਿਰਫ਼ ਤਿੰਨ ਗੱਲਾਂ ਲਿਖੀਆਂ ਗਈਆਂ ਸਨ- ਤੁਹਾਨੂੰ ਇਸ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਤੁਹਾਨੂੰ ਭਰਮਾਉਂਦਾ ਹੈ, ਤਾਂ ਉਸ ਲਾਲਚ ਵਿੱਚ ਨਾ ਫਸਿਓ। ਮੇਰੀ ਬਦਨਾਮੀ ਹੋਵੇਗੀ।”
ਰਾਮਨਾਥ ਠਾਕੁਰ ਇਨ੍ਹੀਂ ਦਿਨੀਂ ਭਾਵੇਂ ਸਿਆਸਤ ਵਿੱਚ ਹੋਣ ਅਤੇ ਆਪਣੇ ਪਿਤਾ ਦੇ ਨਾਮ ਦਾ ਲਾਭ ਵੀ ਸ਼ਾਇਦ ਮਿਲਿਆ ਹੋਵੇ, ਪਰ ਕਰਪੂਰੀ ਠਾਕੁਰ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਸਿਆਸੀ ਤੌਰ ''ਤੇ ਅੱਗੇ ਵਧਾਉਣ ਦਾ ਕੰਮ ਨਹੀਂ ਕੀਤਾ।
ਪ੍ਰਭਾਤ ਪ੍ਰਕਾਸ਼ਨ ਨੇ ਕਰਪੁਰੀ ਠਾਕੁਰ ''ਤੇ ''ਮਹਾਨ ਕਰਮਯੋਗੀ ਜਨਨਾਇਕ ਕਰਪੁਰੀ ਠਾਕੁਰ'' ਨਾਂ ਦੀ ਦੋ ਜਿਲਦਾਂ ਵਾਲੀ ਪੁਸਤਕ ਪ੍ਰਕਾਸ਼ਿਤ ਕੀਤੀ ਹੈ। ਇਸ ਵਿੱਚ ਕਰਪੂਰੀ ਠਾਕੁਰ ਦੀਆਂ ਕਈ ਦਿਲਚਸਪ ਯਾਦਾਂ ਹਨ।
ਉੱਤਰ ਪ੍ਰਦੇਸ਼ ਦੇ ਇੱਕ ਉੱਘੇ ਨੇਤਾ ਹੇਮਵਤੀ ਨੰਦਨ ਬਹੁਗੁਣਾ ਨੇ ਆਪਣੀ ਯਾਦ ਵਿੱਚ ਲਿਖਿਆ ਹੈ, ''''ਕਰਪੁਰੀ ਠਾਕੁਰ ਦੀ ਆਰਥਿਕ ਤੰਗੀ ਦੇ ਮੱਦੇ ਨਜ਼ਰ ਦੇਵੀ ਲਾਲ ਨੇ ਪਟਨਾ ਵਿੱਚ ਆਪਣੇ ਇੱਕ ਹਰਿਆਣਵੀ ਮਿੱਤਰ ਨੂੰ ਕਿਹਾ ਸੀ - ਜੇ ਕਰਪੁਰੀ ਜੀ ਕਦੇ ਤੁਹਾਡੇ ਕੋਲੋਂ ਪੰਜ-ਦਸ ਹਜ਼ਾਰ ਰੁਪਏ ਮੰਗਣ ਤਾਂ ਉਨ੍ਹਾਂ ਨੂੰ ਦੇ ਦਿਓ, ਇਹ ਤੁਹਾਡਾ ਮੇਰੇ ਉੱਪਰ ਕਰਜ਼ ਰਹੇਗਾ।”
ਬਾਅਦ ਵਿੱਚ ਦੇਵੀ ਲਾਲ ਨੇ ਕਈ ਵਾਰ ਆਪਣੇ ਦੋਸਤ ਨੂੰ ਪੁੱਛਿਆ - ਭਾਈ, ਕੀ ਕਰਪੂਰੀ ਜੀ ਨੇ ਕੁਝ ਮੰਗਿਆ ਹੈ? ਹਰ ਵਾਰ ਦੋਸਤ ਦਾ ਜਵਾਬ ਸੀ - ਨਹੀਂ ਜਨਾਬ, ਉਹ ਕੁਝ ਨਹੀਂ ਮੰਗਦੇ।"
ਰਾਮਨਾਥ ਆਪਣੇ ਪਿਤਾ ਦੀ ਸਾਦਗੀ ਦਾ ਇੱਕ ਕਿੱਸਾ ਦੱਸਦੇ ਹਨ, "ਜਨਨਾਇਕ 1952 ਵਿੱਚ ਵਿਧਾਇਕ. ਬਣੇ ਸਨ। ਉਨ੍ਹਾਂ ਨੇ ਇੱਕ ਵਫ਼ਦ ਵਿੱਚ ਸ਼ਾਮਲ ਹੋਣ ਲਈ ਆਸਟ੍ਰੀਆ ਜਾਣਾ ਸੀ। ਉਨ੍ਹਾਂ ਕੋਲ ਕੋਟ ਨਹੀਂ ਸੀ। ਉਨ੍ਹਾਂ ਨੇ ਇੱਕ ਦੋਸਤ ਤੋਂ ਇਹ ਮੰਗਣਾ ਪਿਆ। ਉਥੋਂ ਵੀ ਉਹ ਯੂਗੋਸਲਾਵੀਆ ਚਲੇ ਗਏ ਅਤੇ ਮਾਰਸ਼ਲ ਟੀਟੋ ਨੇ ਦੇਖਿਆ ਕਿ ਉਨ੍ਹਾਂ ਦਾ ਕੋਟ ਪਾਟਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਇੱਕ ਕੋਟ ਭੇਂਟ ਕੀਤਾ ਗਿਆ।
ਪ੍ਰੇਮ ਕੁਮਾਰ ਮਨੀ ਦਾ ਕਹਿਣਾ ਹੈ ਕਿ ਅਸਲ ਵਿੱਚ ਕਰਪੂਰੀ ਸਮਾਜਵਾਦੀ ਸਿਆਸਤ ਦੇ ਇੱਕ ਮਹਾਨ ਆਗੂ ਰਹੇ ਹਨ। ਉਨ੍ਹਾਂ ਦੇ ਨਾਮ ਦੀ ਮਾਲਾ ਗਲ ਪਾਉਣ ਵਾਲਿਆਂ ਵਿੱਚ ਉਨ੍ਹਾਂ ਦੀ ਸਾਦਗੀ ਅਤੇ ਇਮਾਨਦਾਰੀ ਦੇ ਮਾਰਗ ''ਤੇ ਚੱਲਣ ਦੀ ਹਿੰਮਤ ਨਹੀਂ ਕਰ ਸਕਣਗੇ, ਇਸ ਲਈ ਕਰਪੂਰੀ ਵਰਗੇ ਆਗੂਆਂ ਨੂੰ ਯਾਦ ਰੱਖਣਾ ਜ਼ਰੂਰੀ ਹੈ।
ਹਾਲਾਂਕਿ ਬਿਹਾਰ ਦੀ ਸਿਆਸਤ ਵਿੱਚ ਉਨ੍ਹਾਂ ''ਤੇ ਪਾਰਟੀਆਂ ਬਦਲਣ ਅਤੇ ਦਬਾਅ ਦੀ ਰਾਜਨੀਤੀ ਕਰਨ ਦੇ ਇਲਜ਼ਾਮ ਵੀ ਲੱਗੇ ਹਨ।
ਉਨ੍ਹਾਂ ਉੱਤੇ ਸਿਆਸੀ ਧੋਖੇਬਾਜ਼ੀ ਵਿੱਚ ਮਾਹਿਰ ਹੋਣ ਦੇ ਇਲਜ਼ਾਮ ਵੀ ਲੱਗੇ, ਲੋਕ ਜਾਤੀ ਸਮੀਕਰਨਾਂ ਨੂੰ ਧਿਆਨ ਵਿਚ ਰੱਖਦਿਆਂ ਚੋਣਾਂ ਵਿਚ ਉਮੀਦਵਾਰ ਤੈਅ ਕਰਨ ਵਿਚ ਉਸ ਦੀ ਭੂਮਿਕਾ ''ਤੇ ਸਵਾਲ ਉਠਾਉਂਦੇ ਰਹੇ, ਪਰ ਕਰਪੁਰੀ ਬਿਹਾਰ ਦੀ ਰਵਾਇਤੀ ਪ੍ਰਣਾਲੀ ਵਿਚ ਕਰੋੜਾਂ ਵਾਂਝੇ ਲੋਕਾਂ ਦੀ ਆਵਾਜ਼ ਬਣੇ ਰਹੇ।
ਉਹ ਕਾਂਗਰਸ ਪਾਰਟੀ ਦੀਆਂ ਸਿਆਸੀ ਚਾਲਾਂ ਅਤੇ ਸਮਾਜਵਾਦੀ ਕੈਂਪ ਦੇ ਆਗੂਆਂ ਦੀਆਂ ਖਾਹਿਸ਼ਾਂ ਨੂੰ ਵੀ ਸਮਝਦੇ ਸੀ। ਉਨ੍ਹਾਂ ਨੇ ਸਰਕਾਰ ਬਣਾਉਣ ਲਈ ਲਚਕੀਲਾ ਰਵਈਆ ਅਪਣਾਇਆ ਅਤੇ ਕਿਸੇ ਵੀ ਪਾਰਟੀ ਨਾਲ ਗਠਜੋੜ ਕਰਕੇ ਸਰਕਾਰ ਬਣਾ ਲੈਂਦੇ ਸੀ ਪਰ ਜਦੋਂ ਉਨ੍ਹਾਂ ਦੀ ਇੱਛਾ ਮੁਤਾਬਕ ਕੰਮ ਨਾ ਬਣਦਾ ਤਾਂ ਉਹ ਗਠਜੋੜ ਤੋੜ ਕੇ ਵਿਕਲ ਵੀ ਜਾਂਦੇ ਸਨ।
ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸਿਆਸੀ ਫੈਸਲਿਆਂ ਬਾਰੇ ਉਸਦੇ ਦੋਸਤ ਅਤੇ ਦੁਸ਼ਮਣ ਦੋਵੇਂ ਹੀ ਭੰਬਲਭੂਸੇ ਵਿੱਚ ਹੀ ਰਹੇ। ਕਰਪੂਰੀ ਠਾਕੁਰ ਦੀ 64 ਸਾਲ ਦੀ ਉਮਰ ਵਿੱਚ 17 ਫਰਵਰੀ 1988 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕੈਨੇਡਾ ਦੇ ਨਵੇਂ ਪਰਵਾਸ ਨਿਯਮ ਆਈਲੈਟਸ ਵਾਲੀ ਕੁੜੀ ਦਾ ਖਰਚਾ ਚੁੱਕ ਕੇ ਕੈਨੇਡਾ ਜਾਣ ਵਾਲਿਆਂ ਲਈ ਕਿਵੇਂ...
NEXT STORY