22 ਜਨਵਰੀ ਨੂੰ ਜਦੋਂ ਅਯੁੱਧਿਆ ''ਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਚੱਲ ਰਿਹਾ ਸੀ ਤਾਂ ਦੇਸ਼ ਦੇ ਕਈ ਹਿੱਸਿਆਂ ''ਚ ਧਾਰਮਿਕ ਸਥਾਨਾਂ ''ਤੇ ਹਮਲਿਆਂ ਅਤੇ ਕਈ ਭਾਈਚਾਰਿਆਂ ਵਿਚਾਲੇ ਝੜਪਾਂ ਦੀਆਂ ਘਟਨਾਵਾਂ ਹੋਈਆਂ ਸਨ।
ਹਰ ਰੋਜ਼ ਸੋਸ਼ਲ ਮੀਡੀਆ ''ਤੇ ਕਈ ਅਜਿਹੀਆਂ ਵੀਡੀਓਜ਼ ਆ ਰਹੀਆਂ ਹਨ, ਜਿੱਥੇ ਧਰਮ ਦੇ ਨਾਂ ''ਤੇ ਲੜਾਈ-ਝਗੜੇ ਅਤੇ ਨਾਅਰੇਬਾਜ਼ੀ ਹੋ ਰਹੀ ਹੈ
ਪੰਜਾਬ ਵਿੱਚ ਦੋ ਥਾਵਾਂ ਉੱਤੇ ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਤਹਿਤ ਦੋ ਮਾਮਲੇ ਦਰਜ ਕੀਤੇ ਹਨ।
ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤਕਰਤਾਵਾਂ ਨੇ ਇਹ ਇਲਜ਼ਾਮ ਲਾਏ ਹਨ ਕਿ ਮੁਲਜ਼ਮਾਂ ਨੇ ਭਗਵਾਨ ਰਾਮ ਬਾਰੇ ਵਿਵਾਦਤ ਟਿੱਪਣੀਆਂ ਕੀਤੀਆਂ।
ਇਹ ਦੋ ਮਾਮਲੇ ਪੰਜਾਬ ਦੇ ਬਰਨਾਲਾ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਦਰਜ ਹੋਏ ਹਨ।
ਬਰਨਾਲਾ ਵਿੱਚ ਇਕਬਾਲ ਸਿੰਘ ਧਨੌਲਾ ਅਤੇ ਬਠਿੰਡਾ ਵਿੱਚ ਸ਼ਾਈਨਾ ਨਾਮ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦਾ ਜਦੋਂ ਵੱਡਾ ਸਮਾਗਮ ਹੋਇਆ ਸੀ ਤਾਂ ਇਸ ਸਮਾਗਮ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿਤਿਆਨਾਥ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੀ ਸ਼ਾਮਲ ਸਨ।
ਅਯੁੱਧਿਆ ਮਾਮਲੇ ਵਿੱਚ 2019 ਵਿੱਚ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਸੀ ਕਿ ਬਾਬਰੀ ਮਸਜਿਦ ਵਾਲੀ ਜ਼ਮੀਨ ਇੱਕ ਟ੍ਰਸਟ ਨੂੰ ਦਿੱਤੀ ਜਾਵੇ ਜੋ ਇਸ ਥਾਂ ਉੱਤੇ ਮੰਦਿਰ ਬਣਾਏਗੀ।
ਇਹ ਮੰਦਿਰ ਉੱਥੇ ਬਣਿਆ ਜਿੱਥੇ 6 ਦਸੰਬਰ ਨੂੰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ।
ਇਕਬਾਲ ਧਨੌਲਾ ਕੌਣ ਹੈ?
ਵੀਰਵਾਰ ਨੂੰ ਬਰਨਾਲਾ ਜ਼ਿਲ੍ਹੇ ਵਿੱਚ ਪੈਂਦੇ ਧਨੌਲਾ ਥਾਣੇ ਦੀ ਪੁਲਿਸ ਨੇ ਇਕਬਾਲ ਧਨੌਲਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਮੁਤਾਬਕ ਇਕਬਾਲ ਧਨੌਲਾ ਉੱਤੇ ਭਾਰਤੀ ਦੰਡਵਾਵਲੀ ਦੀ ਧਾਰਾ 295ਏ, 153ਏ, 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਧਨੌਲਾ ਥਾਣਾ ਦੇ ਐੱਸਐੱਚਓ ਲਖਵਿੰਦਰ ਸਿੰਘ ਮੁਤਾਬਕ ਅਰੁਣ ਕੁਮਾਰ ਬਾਂਸਲ ਨਾਮ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਉੱਤੇ ਇਹ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਇਕਬਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਸਨ ਅਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਆਪਣੇ ਵਿਚਾਰ ਰੱਖਦੇ ਸਨ।
ਉਨ੍ਹਾਂ ਨੇ ਵਿਵਾਦਤ ਟਿੱਪਣੀਆਂ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿੱਚ ਕੀਤੀਆਂ ਸਨ।
ਇਕਬਾਲ ਧਨੌਲਾ ਦੇ ਘਰ ਦਾ ਕੀ ਮਾਹੌਲ
ਇਕਬਾਲ ਧਨੌਲਾ ਦਾ ਪਰਿਵਾਰ ਧਨੌਲਾ ਕਸਬੇ ਦੇ ਬਾਹਰ-ਬਾਹਰ ਇੱਕ ਉਸਾਰੀ ਅਧੀਨ ਮਕਾਨ ਵਿੱਚ ਰਹਿੰਦਾ ਹੈ।
ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਮੌਜੂਦ ਸਨ। ਇਕਬਾਲ ਸਿੰਘ ਦੀ ਉਮਰ 52 ਸਾਲ ਹੈ।
ਵੀਰਵਾਰ ਨੂੰ ਇਕਬਾਲ ਧਨੌਲਾ ਦੀ ਗ੍ਰਿਫਤਾਰੀ ਤੋਂ ਪਰਿਵਾਰ ਕਾਫੀ ਭੈਅ ਭੀਤ ਨਜ਼ਰ ਆ ਰਿਹਾ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕੈਮਰੇ ਅੱਗੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਇਕਬਾਲ ਧਨੌਲਾ ਦੀ ਪਤਨੀ ਨੇ ਦੱਸਿਆ ਕਿ ਇਕਬਾਲ ਪਿਛਲੇ 29 ਸਾਲਾਂ ਤੋਂ ਇੱਕ ਪ੍ਰਿਟਿੰਗ ਪ੍ਰੈੱਸ ਚਲਾਉਂਦੇ ਹਨ ਜਿੱਥੇ ਉਹ ਵਿਆਹ ਦੇ ਕਾਰਡ ਛਾਪਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਹੀ ਪਰਿਵਾਰ ਦੀ ਆਮਦਨ ਦਾ ਸਾਧਨ ਹੈ।
ਪਰਿਵਾਰ ਨੇ ਕਿਹਾ ਕਿ ਇਕਬਾਲ ਦੀ ਦੁਕਾਨ ਉੱਤੇ ਕਸਬੇ ਦੇ ਸਭ ਧਰਮਾਂ ਦੇ ਲੋਕ ਕਾਰਡ ਛਪਵਾਉਣ ਆਉਂਦੇ ਹਨ।
ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਇਕਬਾਲ ਖਿਲਾਫ਼ ਕੁੱਝ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਈ।
ਇਕਬਾਲ ਧਨੌਲਾ ਦੀ ਦੁਕਾਨ ‘ਉਮੰਗ ਪ੍ਰਿੰਟਿੰਗ ਪ੍ਰੈੱਸ’ ਨੂੰ ਬੀਤੀ ਕੱਲ੍ਹ ਤੋਂ ਜਿੰਦਰਾ ਲੱਗਿਆ ਹੋਇਆ ਹੈ।
ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ੍ਹ ਦੀ ਚਿੰਤਾ ਹੈ ਕਿ ਪਿਤਾ ਦੀ ਗ੍ਰਿਫਤਾਰੀ ਨਾਲ ਪਰਿਵਾਰ ਦਾ ਇੱਕਮਾਤਰ ਸਾਧਨ ਦੁਕਾਨ ਬੰਦ ਹੋ ਗਈ ਹੈ।
ਗ੍ਰਿਫ਼ਤਾਰੀ ਹੋਈ ਸ਼ਾਈਨਾ ਬਾਰੇ ਕੀ ਪਤਾ ਹੈ
ਬਠਿੰਡਾ ਤੋਂ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਸ਼ਾਈਨਾ ਨਾਮ ਦੀ ਲੜਕੀ ਉੱਤੇ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਸ਼ਾਈਨਾ ਇੱਕ ਸੈਲੂਨ ਚਲਾਉਂਦੀ ਹੈ।
ਪੁਲਿਸ ਮੁਤਾਬਕ ਸ਼ਾਈਨਾ ਨੇ ਇੱਕ ਵੀਡੀਓ ਰਾਹੀਂ ਹਿੰਦੂ ਦੇਵਤਿਆਂ ਬਾਰੇ ਵਿਵਾਦਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।
ਜ਼ਿਲਾ ਬਠਿੰਡਾ ਦੇ ਐੱਸਐੱਸਪੀ ਹਰਮਨ ਵੀਰ ਸਿੰਘ ਗਿੱਲ ਨੇ ਦੱਸਿਆ ਕਿ ਕੁਝ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਸੀ ਕਿ ਇੱਕ ਲੜਕੀ ਨੇ ਭਗਵਾਨ ਰਾਮ ਅਤੇ ਹਿੰਦੂ ਭਾਈਚਾਰੇ ਦੇ ਖਿਲਾਫ ਸੋਸ਼ਲ ਮੀਡੀਆ ਉੱਪਰ ਗਲਤ ਟਿੱਪਣੀ ਕੀਤੀ ਹੈ।
ਪੁਲਿਸ ਮੁਤਾਬਕ ਹਿੰਦੂ ਸੰਗਠਨਾਂ ਵੱਲੋਂ ਸ਼ਾਈਨਾ ਉੱਤੇ ਕਾਰਵਾਈ ਕੀਤੇ ਜਾਣ ਲਈ ਮੁਜ਼ਾਹਰਾ ਵੀ ਕੀਤਾ ਗਿਆ ਸੀ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਸ਼ਾਈਨਾ ਦਾ ਪਿਛੋਕੜ ਕਪੂਰਥਲਾ ਜ਼ਿਲ੍ਹੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਅਤੇ ਉਹ ਇਸ ਵੇਲੇ ਬਠਿੰਡਾ ਦੇ ਰਾਮਾ ਮੰਡੀ ਕਸਬੇ ਵਿੱਚ ਰਹਿ ਰਹੀ ਹੈ।
ਪੁਲਿਸ ਮੁਤਾਬਕ ਦੋਵਾਂ ਜਣਿਆ ਦਾ ਕੋਈ ਵੀ ਅਪਰਾਧਕ ਪਿਛੋਕੜ ਜਾਂ ਕਿਸੇ ਧਾਰਮਿਕ ਜਥੇਬੰਦੀ ਨਾਲ ਸਬੰਧ ਸਾਹਮਣੇ ਨਹੀਂ ਆਇਆ ਹੈ।
ਅਜਿਹੇ ਕਈ ਹੋਰ ਮਾਮਲੇ ਭਾਰਤ ਦੀਆਂ ਹੋਰ ਇਲਾਕਿਆਂ ਵਿੱਚ ਵੀ ਦਰਜ ਕੀਤੇ ਗਏ ਹਨ।
ਦੇਸ਼ ਦੀਆਂ ਹੋਰਾਂ ਥਾਵਾਂ ਉੱਤੇ ਕੀ ਹੋਇਆ
ਜਿਸ ਵੇਲੇ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਚੱਲ ਰਿਹਾ ਸੀ ਉਸੇ ਵੇਲੇ ਦੇਸ਼ ਦੇ ਕਈ ਹਿੱਸਿਆਂ ਵਿੱਚ ਤਣਾਅ ਵਧਣ ਅਤੇ ਦੋ ਭਾਈਚਾਰਿਆਂ ਵਿੱਚ ਝਪਟਾਂ ਹੋਈਆਂ।
ਅਯੁੱਧਿਆ ਵਿਚਲੇ ਸਮਾਗਮ ਤੋਂ ਇੱਕ ਦਿਨ ਪਹਿਲਾਂ ਮੁੰਬਈ ਦੇ ਮੀਰਾ ਰੋਡ ਦੇ ਨਯਾ ਨਗਰ ਇਲਾਕੇ ਵਿੱਚ ‘ਰਾਮ ਰਾਜ ਰੱਥ ਯਾਤਰਾ’ ਨਾਮ ਦੀ ਰੈਲੀ ਕੱਢੀ ਜਾ ਰਹੀ ਸੀ।
ਇਸ ਰੈਲੀ ਉੱਤੇ ਕਥਿਤ ਤੌਰ ਉੱਤੇ ਪਥਰਾਅ ਹੋਇਆ ਜਿਸ ਮਗਰੋਂ ਹਿੰਦੂ-ਮੁਸਲਿਮ ਧਿਰਾਂ ਵਿੱਚ ਤਣਾਅ ਹੋ ਗਿਆ।
ਇਸ ਤੋਂ ਅਗਲੇ ਦਿਨ ਨਗਰ ਨਿਗਮ ਦੇ ਇਲਾਕੇ ਵਿੱਚ ਕੁਝ ਦੁਕਾਨਾਂ ਉੱਤੇ ਬੁਲਡੋਜ਼ਰ ਚਲਾਇਆ।ਨਗਰ ਨਿਗਮ ਦਾ ਕਹਿਣਾ ਹੈ ਕਿ ਇਹ ਕਾਰਵਾਈ ਗ਼ੈਰ ਕਾਨੂੰਨੀ ਇਮਾਰਤਾਂ ਨੂੰ ਹਟਾਉਣ ਲਈ ਕੀਤੀ ਗਈ ਹੈ।
ਇਸ ਮਗਰੋਂ ਮੁਸਲਮਾਨ ਭਾਈਚਾਰੇ ਦੀਆਂ ਗੱਡੀਆਂ ਦੀ ਤੋੜ ਫੋੜ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਮੌਕੇ ਉੱਤੇ ਮੌਜੂਦ ਗਵਾਹ ਅਤੇ ਪੀੜਤ ਅਬਦੁਲ ਹੱਕ ਨੇ ਇਹ ਦਾਅਵਾ ਕੀਤਾ ਕਿ ਲੋਕਾਂ ਨੇ ਉਨ੍ਹਾਂ ਦਾ ਧਰਮ ਪੁੱਛ ਕੇ ਉਨ੍ਹਾਂ ਉੱਤੇ ਹਮਲਾ ਕੀਤਾ।
ਪੁਲਿਸ ਅਧਿਕਾਰੀ ਜਅੰਤ ਬਜਬਾਲੇ ਦੇ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਚਰਚ ਉੱਤੇ ਭਗਵਾ ਝੰਡਾ
ਅਯੁੱਧਿਆ ਵਿੱਚ ਹੋਏ ਸਮਾਗਮ ਤੋਂ ਇੱਕ ਦਿਨ ਪਹਿਲਾਂ ਯਾਨਿ 21 ਜਨਵਰੀ ਨੂੰ ਮੱਧ ਪ੍ਰਦੇਸ਼ ਦੇ ਝਾਂਬੁਆ ਵਿੱਚ ਕੁਝ ਲੋਕ ਧਾਰਮਿਕ ਨਾਅਰੇ ਲਗਾਉਂਦੇ ਹੋਏ ਇੱਕ ‘ਚਰਚ’ ਉੱਤੇ ਚੜ੍ਹ ਗਏ ਅਤੇ ਉੱਥੇ ਭਗਵਾ ਝੰਡਾ ਲਹਿਰਾ ਦਿੱਤਾ।
ਮੱਧ ਪ੍ਰਦੇਸ਼ ਵਿੱਚ ਇੰਦੌਰ ਦੇ ਬੇਟਮਾ ਇਲਾਕੇ ਵਿੱਚੋਂ ਵੀ ਅਜਿਹੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਬੇਟਮਾ ਇਲਾਕੇ ਵਿੱਚ ਲੋਕਾਂ ਦੀ ਭੀਵ ਜਾਮਾ ਮਸਜਿਦ ਦੇ ਸਾਹਮਣੇ ਬੈਠੀ ਦੇਖੀ ਜਾ ਸਕਦੀ ਹੈ।
ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਸੜਕ ਉੱਤੇ ਬੈਠ ਕੇ ਮਸਜਿਸ ਦੇ ਸਾਹਮਣੇ ਬੈਠ ਕੇ ਹਨੂਮਾਨ ਚਾਲੀਸਾ ਵਜਾ ਰਹੇ ਹਨ।
ਇਸ ਦੇ ਨਾਲ ਹੀ ਭਗਵਾ ਝੰਡੇ ਵੀ ਲਹਿਰਾਏ ਗਏ। ਮੱਧ ਪ੍ਰਦੇਸ਼ ਵਿੱਚ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸ਼ੁਰੈਹ ਨਿਆਜੀ ਦੇ ਮੁਤਾਬਕ ਇਹ ਵੀਡੀਓ ਬੇਟਮਾ ਇਲਾਕੇ ਵਿੱਚ ਜਾਮਾ ਮਸਜਿਸ ਦੇ ਬਾਹਰ ਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਥਾਨਕ ਮੁਸਲਿਮ ਪਰਿਵਾਰ ਮੀਡੀਆ ਨਾਲ ਗੱਲ ਕਰਨ ਤੋਂ ਬਚ ਰਹੇ ਹਨ ਕਿਉਂਕਿ ਉਹ ਡਰੇ ਹੋਏ ਹਨ।
ਤੇਲੰਗਾਨਾ ਵਿੱਚ ਨਗਨ ਪਰੇਡ
ਤੇਲੰਗਾਨਾ ਵਿੱਚ ਸਾਂਗਾਰੈੱਡੀ ਤੋਂ ਇੱਕ ਨੌਜਵਾਨ ਨੂੰ ਨਿਰਵਸਤਰ ਕਰਕੇ ਉਸ ਦੇ ਗੁਪਤ ਅੰਗਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਨ ਦੀ ਖ਼ਬਰ ਆਈ ਹੈ।
ਸੋਸ਼ਲ ਮੀਡੀਆ ਉੱਤੇ ਇਸ ਦੀ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਨੌਜਵਾਨ ਨੂੰ ਨਗਨ ਹਾਲਤ ਵਿੱਚ ਫੜ ਕੇ ਰੱਖਿਆ। ਪਿੱਛੋਂ ਧਾਰਮਿਕ ਨਾਅਰੇ ਸੁਣ ਰਹੇ ਹਨ।
ਸਾਂਗਾਰੈੱਡੀ ਦੇ ਪੁਲਿਸ ਅਧਿਕਾਰੀ ਸੀਐੱਚ ਰੂਪੇਸ਼ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਘਟਨਾ 22 ਜਨਵਰੀ ਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਨੰਗਾ ਕਰਕੇ ਘੁਮਾਇਆ ਗਿਆ, ਉਸ ਉੱੱਤੇ ਰਾਸ਼ਟਰੀ ਝੰਡੇ ਦੇ ਅਪਮਾਨ ਦਾ ਇਲਜ਼ਾਮ ਹੈ ਅਤੇ ਦੋਵੇਂ ਪੱਖਾਂ ਦੇ ਖ਼ਿਲਾਫ਼ ਐਫਆਈਆਰ ਦਰਜ ਹੋਈ ਹੈ।
ਪੁਲਿਸ ਨੇ ਨੌਜਵਾਨ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਅਤੇ ਦੂਜੀ ਧਿਰ ਉੱਤੇ ਮਾਰ ਕੁੱਟ ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਨੰਗਾ ਕਰਕੇ ਘੁਮਾਇਆ ਗਿਆ ਉਹ ਫਿਲਹਾਲ ਜੇਲ੍ਹ ਵਿੱਚ ਹੈ ਅਤੇ ਉਸ ਨਾਲ ਅਜਿਹਾ ਕਰਨ ਵਾਲੇ ਲੋਕ ਫਰਾਰ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਨਿਰਮਲ ਰਿਸ਼ੀ : ਜਿਸ ਨੂੰ ਜਨਮ ਸਮੇਂ ''ਪੱਥਰ'' ਕਿਹਾ ਗਿਆ, ਉਹ ਅਦਾਕਾਰਾ ਪਦਮਸ਼੍ਰੀ ਕਿਵੇਂ ਬਣੀ
NEXT STORY