ਇਹ ਲੇਖ ‘ਚਿਮਨੀ ਚਿਲਡਰਨਜ਼'' ਬਾਰੇ ਹੈ ਜਿਨ੍ਹਾਂ ਕੋਲੋਂ ਅਣਮਨੁੱਖੀ ਹਾਲਾਤਾਂ ਵਿੱਚ ਚਿਮਨੀਆਂ ਸਾਫ਼ ਕਰਨ ਦਾ ਕੰਮ ਕਰਵਾਇਆ ਜਾਂਦਾ ਸੀ।
ਬੱਚਿਆਂ ਕੋਲੋਂ ਅਜਿਹਾ ਕਰਵਾਉਣਾ ਸੰਸਾਰ ਦੀਆਂ ਕਈ ਥਾਵਾਂ ਉੱਤੇ ਸਮਾਜਿਕ ਤੌਰ ’ਤੇ ਪ੍ਰਵਾਨਿਤ ਸੀ।
ਬੱਚਿਆਂ ਨੂੰ ਲੰਬਾ ਸਮਾਂ ਮਾੜੀਆਂ ਸਥਿਤੀਆਂ ਵਿੱਚ ਬਿਤਾਉਣਾ ਪੈਂਦਾ ਸੀ ਅਤੇ ਲੰਬੇ ਸਮੇਂ ਤੱਕ ਮਜ਼ਦੂਰੀ ਕਰਨੀ ਪੈਂਦੀ ਹੈ।
ਇਨ੍ਹਾਂ ਵਿੱਚੋਂ ਕਈ ਬੱਚਿਆਂ ਦੀ ਉਮਰ ਤਿੰਨ ਸਾਲ ਤੋਂ ਵੀ ਘੱਟ ਸੀ। ਇਹ ਬੱਚੇ ਜਾਂ ਤਾਂ ਅਨਾਥ ਹੁੰਦੇ ਜਾਂ ਤਾਂ ਇਨ੍ਹਾਂ ਦੇ ਮਾਪੇ ਬਹੁਤ ਗਰੀਬ ਹੁੰਦੇ ਜੋ ਉਨ੍ਹਾਂ ਨੂੰ ਕੰਮ ਕਰਨ ਲਈ ਮਾਲਕਾਂ ਨੂੰ ਵੇਚ ਦਿੰਦੇ ਸਨ।
ਇਹ “ਮਾਲਕ” ਉਨ੍ਹਾਂ ਕੋਲੋਂ ਇਹ ਖ਼ਤਰਨਾਕ ਕੰਮ ਕਰਨ ਲਈ ਮਜਬੂਰ ਕਰਦੇ ਸਨ।
ਅਠਾਰਵੀਂ ਅਤੇ ਉਨੀਵੀਂ ਸਦੀ ਦੇ ਅਖ਼ੀਰ ਵਿੱਚ ਬਰਤਾਨਵੀ ਅਖ਼ਬਾਰਾਂ ਵਿੱਚ ਇਨ੍ਹਾਂ ਬੱਚਿਆਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।
ਕਈ ਬੱਚੇ ਛੱਤ ਤੋਂ ਜਾਂ ਚਿਮਨੀ ਵਿੱਚੋਂ ਹੇਠਾਂ ਡਿੱਗ ਜਾਂਦੇ ਸਨ, ਕਈ ਫਸ ਜਾਂਦੇ ਸਨ ਜਾਂ ਸਾਹ ਘੁੱਟਣ ਕਰਕੇ ਮਾਰੇ ਜਾਂਦੇ ਸਨ।
ਇੱਥੋਂ ਤੱਕ ਕਿ ਅਜਿਹੇ ਵੀ ਕੇਸ ਸਨ ਜਿਨ੍ਹਾਂ ਵਿੱਚ ਬੱਚਿਆਂ ਨੂੰ ਮਜਬੂਰਨ ਗਰਮ ਚਿਮਨੀਆਂ ਵਿੱਚ ਵਾੜ ਦਿੱਤਾ ਜਾਂਦਾ, ਬੱਚੇ ਜਿਉਂਦੇ ਹੀ ਭੁੰਨੇ ਜਾਂਦੇ ਸਨ।
ਅਜਿਹੀ ਹੀ ਇੱਕ ਘਟਨਾ ਆਇਰਲੈਂਡ ਦੇ ਲਿਮਰਿਕ ਵਿੱਚ 1846 ਵਿੱਚ ਹੋਈ ਸੀ।
8 ਸਾਲਾ ਮਾਈਕਲ ਓ ਬਰਾਇਨ ਇੱਕ ਚਿਮਨੀ ਵਿੱਚ ਫਸ ਗਏ ਅਤੇ ਅੱਗ ਲੱਗ ਗਈ।
ਇਸ ਬਾਰੇ ਹੋਈ ਅਦਾਲਤੀ ਸੁਣਵਾਈ ਵਿੱਚ ਘਰ ਵਿੱਚ ਕੈਥਰੀਨ ਰਿਆਨ ਨਾਮ ਦੀ ਔਰਤ ਨੇ ਇਹ ਗਵਾਹੀ ਦਿੱਤੀ ਕਿ ਉਸ ਨੇ ਬੱਚੇ ਦੇ ਮਾਲਕ ਮਾਈਕਲ ਸੁਲੀਵਨ ਨੂੰ ਉਸ ਨੂੰ ਚਿਮਨੀ ਸਾਫ ਕਰਨ ਲਈ ਕਹਿੰਦਿਆਂ ਸੁਣਿਆ ਸੀ।
ਕੈਥਰੀਨ ਰਿਆਨ ਘਰ ਵਿੱਚ ਇੱਕ ਸਹਾਇਕ ਵਜੋਂ ਕੰਮ ਕਰਦੀ ਸੀ।
ਉਹ ਦੱਸਦੇ ਹਨ ਕਿ ਕਰੀਬ 15 ਮਿੰਟਾਂ ਬਾਅਦ ਉਹ ਬੱਚਾ ਚੀਕ-ਚੀਕ ਕੇ ਕਹਿ ਰਿਹਾ ਸੀ ਕਿ ਉਹ ਸੜ ਰਿਹਾ ਹੈ।
ਕੈਥਰੀਨ ਦੱਸਦੇ ਹਨ, “ਜਦੋਂ ਉਹ ਬਾਹਰ ਆਇਆ, ਸੁਲੀਵਨ ਨੇ ਉਸ ਦੀ ਲੱਤ ਫੜ ਲਈ ਅਤੇ ਉਸ ਨੂੰ ਚਮੜੇ ਦੀ ਬੈਲਟ ਨਾਲ ਇੰਨੀ ਜ਼ੋਰ ਦੀ ਮਾਰਿਆ ਕਿ ਉਹ ਨਿੱਕਾ ਜਿਹਾ ਬੱਚਾ ਥੱਲੇ ਝੁੱਕ ਗਿਆ ਅਤੇ ਕਿਹਾ ਕਿ ਮੈਂ ਘਰ ਦੀ ਛੱਤ ਉੱਤੇ ਜਾਵਾਂਗਾ ਅਤੇ ਚਿਮਨੀ ਤੋਂ ਹੇਠਾਂ ਜਾਵਾਂਗਾ।''''
“ਮੈਂ ਦੇਖਿਆ ਕਿ ਸੁਲੀਵਨ ਨੇ ਉਸ ਦੀ ਬਾਂਹ ਫੜੀ ਅਤੇ ਉਸ ਨੂੰ ਪੌੜੀਆਂ ਰਾਹੀਂ ਉੱਪਰ ਲੈ ਗਿਆ, ਇਸ ਤੋਂ ਬਾਅਦ ਬੱਚੇ ਨੂੰ ਚਿਮਨੀ ਵਿੱਚੋਂ ਕੱਢ ਲਿਆ ਗਿਆ।”
ਲਿਮੇਰਿੱਕ ਅਤੇ ਕਲੇਰ ਐਗਜ਼ਾਮੀਨਰ ਅਖ਼ਬਾਰ ਨੇ ਇਹ ਲਿਖਿਆ ਕਿ ਉਨ੍ਹਾਂ ਨੂੰ ਲਾਸ਼ ਬਹੁਤ ਮਾੜੀ ਹਾਲਤ ਵਿੱਚ ਮਿਲੀ ਅਤੇ ਬੁਰੀ ਤਰ੍ਹਾਂ ਸੜੀ ਹੋਈ ਸੀ। ਜਾਂਚ ਤੋਂ ਬਾਅਦ ਇਹ ਫ਼ੈਸਲਾ ਦਿੱਤਾ ਗਿਆ ਸੀ ਕਿ ਇਹ ਮੌਤ ਇੱਕ ਹਾਦਸਾ ਸੀ।
ਕਈ ਕੇਸਾਂ ਵਿੱਚ ਇਹੀ ਫ਼ੈਸਲਾ ਸੁਣਾਇਆ ਜਾਂਦਾ ਸੀ ਅਤੇ ਕੁਝ ਹੀ ਕੇਸਾਂ ਵਿੱਚ ਕਿਸੇ ਦਾ ਕਸੂਰ ਤੈਅ ਕੀਤਾ ਜਾਂਦਾ ਸੀ।
ਅਜਿਹਾ ਲੋਕਾਂ ਦੇ ਵੱਲੋਂ ਮੰਗ ਕੀਤੇ ਜਾਣ ਮਗਰੋਂ ਹੀ ਹੁੰਦਾ ਸੀ।
ਅਜਿਹੀਆਂ ਘਟਨਾਵਾਂ ਬਸ ਆਇਰਲੈਂਡ ਵਿੱਚ ਹੀ ਨਹੀਂ ਹੁੰਦੀਆਂ ਸਨ।
ਸਕੌਟਲੈਂਡ ਅਤੇ ਰੂਸ ਵਰਗੀਆਂ ਥਾਵਾਂ ਉੱਤੇ ਚਿਮਨੀ ਸਾਫ ਕਰਨ ਲਈ ਬਦਲਵੇਂ ਤਰੀਕੇ ਵਰਤੇ ਜਾਂਦੇ ਸਨ। ਪਰ ਇੰਗਲੈਂਡ, ਫ਼ਰਾਂਸ, ਬੈਲਜੀਅਮ, ਸਵਿਜ਼ਰਲੈਂਡ, ਦਿ ਨੀਦਰਲੈਂਡਜ਼ ਅਤੇ ਹੋਰ ਥਾਵਾਂ ਉੱਤੇ ਇਹ ਕੰਮ ਬੱਚਿਆਂ ਕੋਲੋਂ ਕਰਵਾਇਆ ਜਾਂਦਾ ਸੀ।
ਇਟਲੀ ਦੇ ਵਿੱਚ ਇਨ੍ਹਾਂ ਬੱਚਿਆਂ ਨੂੰ ਸਪੈਜ਼ਾਕਮਿਨੀ ਕਿਹਾ ਜਾਦਾ ਸੀ ਅਤੇ ਇਟਲੀ ਦੇ ਉੱਤਰ ਵਿੱਚ ਉਹ ਅਨਾਥਾਂ ਅਤੇ ਭਿਖ਼ਾਰੀਆਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਸਿਖਲਾਈ ਦਿੰਦੇ ਸਨ।
ਉਨੀਵੀਂ ਅਤੇ 20 ਵੀਂ ਸਦੀ ਦੀਆਂ ਸਰਦੀਆਂ ਵਿੱਚ ਕੈਂਟਨ, ਟਿਕੀਨੋ ਜਿਹੇ ਸਵਿੱਸ ਇਲਾਕਿਆਂ ਵਿਚਲੇ ਗਰੀਬ ਪਰਿਵਾਰ ਆਪਣੇ 8 ਤੋਂ 15 ਸਾਲਾਂ ਦੇ ਬੱਚਿਆਂ ਨੂੰ ਇਟਾਲੀਅਨ ਮਾਲਕਾਂ ਨੂੰ ਦੇ ਦਿੰਦੇ ਸਨ।
ਇਹ ਬੱਚੇ ਮਿਲਾਨ ਅਤੇ ਹੋਰ ਸ਼ਹਿਰਾਂ ਵਿੱਚ ਅਰਧ-ਗ਼ੁਲਾਮੀ ਦੀ ਹਾਲਤ ਵਿੱਚ ਸਫ਼ਾਈ ਕਰਦੇ ਸਨ।
ਅਮਰੀਕਾ ਵਿੱਚ ਗ਼ੁਲਾਮੀ ਖ਼ਤਮ ਹੋਣ ਤੋਂ ਪਹਿਲਾਂ ਅਤੇ ਬਾਅਦ ਵਾਲੇ ਸਮੇਂ ਵਿੱਚ ਜਿਹੜੇ ਮੁੰਡੇ ਚਿਮਨੀਆਂ ਸਾਫ਼ ਕਰਦੇ ਸਨ ਉਹ ਆਮ ਤੌਰ ‘ਤੇ ਅਫ਼ਰੀਕੀ ਮੂਲ ਦੇ ਹੁੰਦੇ ਸਨ।
ਅਜਿਹਾ ਕਿਉਂ ਹੁੰਦਾ ਸੀ
ਹਾਲਾਂਕਿ ਚਿਮਨੀਆਂ ਰੋਮਨ ਸਾਮਰਾਜ ਅਤੇ ਮੱਧ ਯੁੱਗ ਤੋਂ ਵੀ ਵਰਤੋਂ ਵਿੱਚ ਰਹੀਆਂ ਹਨ।
ਇਸ ਸਮੇਂ ਦੌਰਾਨ ਮਹਿਲਾਂ ਵਿੱਚ ਹੀ ਚਿਮਨੀਆਂ ਹੁੰਦੀਆਂ ਸਨ। ਪਰ ਇਹ 16ਵੀਂ ਸਦੀ ਤੋਂ ਬਾਅਦ ਹੀ ਪ੍ਰਚਲਿਤ ਹੋਈਆਂ।
ਕੁਲੀਨ ਜਾਂ ਅਮੀਰ ਵਰਗ ਦੇ ਲੋਕਾਂ ਨੇ ਘਰਾਂ ਨੂੰ ਗਰਮ ਰੱਖਣ ਦੇ ਰਵਾਇਤੀ ਢੰਗ ਦੇ ਬਦਲ ਵਜੋਂ ਚਿਮਨੀ ਵਰਤਣੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ।
ਜਿਹੜੇ ਲੋਕ ਚਿਮਨੀਆਂ ਸਾਫ਼ ਕਰਨ ਦਾ ਕੰਮ ਕਰਦੇ ਸਨ ਉਨ੍ਹਾਂ ਦੀ ਮੰਗ ਵਧਣੀ ਸ਼ੁਰੁ ਹੋ ਗਈ ਅਤੇ ਸਤਾਰਵੀਂ ਅਤੇ ਅਠਾਰਵੀਂ ਸਦੀ ਤੱਕ ਇੱਕ ਵੱਖਰਾ ਕਿੱਤਾ ਬਣ ਗਿਆ ਸੀ ਜਿਸ ਦਾ ਕੰਮ ਅੱਗ ਲੱਗਣ ਤੋਂ ਰੋਕਣਾ ਸੀ।
ਜਦੋਂ ਬਹੁਤੇ ਲੋਕਾਂ ਨੇ ਲੱਕੜ ਬਾਲਣ ਦੀ ਥਾਂ ਕੋਲੇ ਬਾਲਣੇ ਸ਼ੁਰੁ ਕਰ ਦਿੱਤੇ ਤਾਂ ਚਿਮਨੀਆਂ ਦੇ ਡਿਜ਼ਾਇਨ ਵਿੱਚ ਬਦਲਾਅ ਆਇਆ। ਚਿਮਨੀਆਂ ਨੂੰ ਬਿਹਤਰ ਬਣਾਉਣ ਲਈ ਇਹ ਭੀੜੀਆਂ ਬਣਾਈਆਂ ਜਾਣ ਲੱਗੀਆਂ ਹਨ।
ਆਮ ਚਿਮਨੀ ਦਾ ਅਕਾਰ 36*23 ਸੈਂਟੀਮੀਟਰ ਹੁੰਦਾ ਸੀ ਅਤੇ ਪਰ ਭੀੜੀਆਂ ਚਿਮਨੀਆਂ ਦਾ ਆਕਾਰ 23*23 ਸੈਂਟੀਮੀਟਰ ਹੁੰਦਾ ਸੀ।
ਇਸ ਦੇ ਨਾਲ ਹੀ ਸ਼ਹਿਰਾਂ ਵਿੱਚ ਵਧੇਰੇ ਗਿਣਤੀ ਵਿੱਚ ਲੋਕਾਂ ਦੇ ਰਹਿਣ ਲਈ ਬਹੁ-ਮੰਜ਼ਿਲਾ ਇਮਾਰਤਾਂ ਬਣਾਈਆਂ ਜਾਣ ਲੱਗੀਆਂ ਖ਼ਾਸ ਕਰਕੇ ਇੰਡਸਟ੍ਰੀਅਲ ਰੈਵੋਲਊਸ਼ਨ(ਉਦਯੋਗਿਕ ਇਨਕਲਾਬ) ਦੀ ਆਮਦ ਤੋਂ ਬਾਅਦ।
ਚਿਮਨੀਆਂ ਦੀਆਂ ਨਾਲੀਆਂ ਦੀ ਗਿਣਤੀ ਵੀ ਵਧੀ ਅਤੇ ਇਹ ਹੋਰ ਕਮਰਿਆਂ ਨਾਲ ਵੀ ਜੋੜੀਆਂ ਗਈਆਂ।
ਡਿਜ਼ਾਈਨ ਵਿੱਚ ਆਉਣ ਵਾਲੀ ਤਬਦੀਲੀ ਕਾਰਨ ਚਿਮਨੀਆਂ ਦੀ ਬਣਤਰ ਪੇਚੀਦਾ ਹੋ ਗਈ, ਅਤੇ ਇਨ੍ਹਾਂ ਵਿਚਲੀ ਕਾਲਖ਼ ਨੂੰ ਸਾਫ਼ ਕਰਨਾ ਬਹੁਤ ਔਖਾ ਹੋ ਗਿਆ।
ਜੇਕਰ ਇਹ ਕਾਲਖ਼ ਨਾ ਸਾਫ਼ ਕੀਤੀ ਜਾਵੇ ਤਾਂ ਚਿਮਨੀ ਕੰਮ ਕਰਨੀ ਬੰਦ ਹੋ ਜਾਂਦੀ ਹੈ ਅਤੇ ਘਰ ਕਾਲੇ ਧੂਏਂ ਨਾਲ ਭਰ ਜਾਂਦੇ ਹਨ।
ਬੱਚਿਆਂ ਦੇ ਸਰੀਰ ਉੱਤੇ ਕੀ ਅਸਰ ਪੈਂਦਾ ਸੀ
ਚਿਮਨੀ ਸਾਫ਼ ਕਰਨ ਵਾਲੇ ਬੱਚੇ ਆਪਣੇ ਮਾਲਕਾਂ ਦੀ ਸਿਹਤ ਅਤੇ ਜ਼ਿੰਦਗੀ ਦਾ ਖ਼ਿਆਲ ਤਾਂ ਰੱਖਦੇ ਸਨ ਪਰ ਇਸ ਦਾ ਮੁੱਲ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਤਾਰਦੇ ਸਨ।
ਇਨ੍ਹਾਂ ਬੱਚਿਆਂ ਦੀ ਉਮਰ ਚਾਰ ਸਾਲ ਤੋਂ 10 ਤੋਂ 15 ਸਾਲ ਦੀ ਉਮਰ ਤੱਕ ਹੁੰਦੀ ਸੀ।
ਇਸ ਕੰਮ ਕਰਕੇ ਕਈ ਬੱਚਿਆਂ ਦੀਆਂ ਹੱਡੀਆਂ ਵਿੱਚ ਵੀ ਨੁਕਸ ਪੈ ਗਿਆ ਸੀ।
ਕਾਲਖ਼ ਵਿੱਚ ਸਾਰਾ ਸਾਰਾ ਦਿਨ ਬਿਤਾਉਣ ਕਾਰਨ ਕਈ ਬੱਚਿਆਂ ਦੇ ਫੇਫੜਿਆਂ ਵਿੱਚ ਖ਼ਰਾਬੀ ਆ ਗਈ, ਕਈਆਂ ਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਅਤੇ ਕਈਆਂ ਨੂੰ ਅੱਖਾਂ ਨਾਲ ਸਬੰਧਤ ਮੁਸ਼ਕਲਾਂ ਆਉਂਦੀਆਂ ਸਨ। ਕੁਝ ਬੱਚੇ ਅੰਨ੍ਹੇ ਤੱਕ ਹੋ ਜਾਂਦੇ ਸਨ।
ਬਹੁਤੀ ਵਾਰ ਅਜਿਹਾ ਹੁੰਦਾ ਕਿ ਜਿਹੜੀਆਂ ਚਿਮਨੀਆਂ ਵਿੱਚ ਉਨ੍ਹਾਂ ਨੂੰ ਵੜਨਾ ਪੈਂਦਾ ਉਹ ਅੱਗ ਕਾਰਨ ਬਹੁਤ ਗਰਮ ਹੁੰਦੀਆਂ, ਇਸ ਕਰਕੇ ਉਨ੍ਹਾਂ ਦੀ ਚਮੜੀ ਵੀ ਸੜ ਜਾਂਦੀ ਸੀ।
ਉਨ੍ਹਾਂ ਦੇ ਜ਼ਖ਼ਮਾਂ ਉੱਤੇ ਕਾਲਖ਼ ਲੱਗਣ ਕਾਰਨ ਇਨ੍ਹਾਂ ਵਿੱਚ ਲਾਗ ਹੋ ਜਾਂਦੀ ਸੀ ਅਤੇ ਜ਼ਖ਼ਮਾਂ ਦੀ ਸਫ਼ਾਈ ਵਿੱਚ ਵੀ ਮੁਸ਼ਕਲ ਆਉਂਦੀ ਸੀ ਕਿਉਂਕਿ ਬੱਚਿਆਂ ਨੂੰ ਸਾਲ ਵਿੱਚ ਸਿਰਫ਼ ਤਿੰਨ ਵਾਰੀ ਹੀ ਨਹਾਉਣ ਦਿੱਤਾ ਜਾਂਦਾ ਸੀ।
ਕਈ ਵਾਰੀ ਬੱਚੇ ਚਿਮਨੀ ਦੇ ਵਿੱਚ ਹੀ ਫਸ ਜਾਂਦੇ ਸਨ। ਅਜਿਹੀ ਹਾਲਤ ਵਿੱਚ ਉਨ੍ਹਾਂ ਦੇ ਪੈਰ ਉਨ੍ਹਾਂ ਦੀ ਢੋਡੀ ਹੇਠ ਫਸੇ ਹੁੰਦੇ ਸਨ।
ਕਿਸਮਤ ਵਾਲੇ ਬੱਚਿਆਂ ਨੂੰ ਹੀ ਰੱਸੀ ਰਾਹੀਂ ਬਾਹਰ ਕੱਢਿਆ ਜਾਂਦਾ ਸੀ ਪਰ ਜੇਕਰ ਉਨ੍ਹਾਂ ਨੂੰ ਬਚਾਉਣ ਵਿੱਚ ਦੇਰ ਹੋ ਜਾਵੇ ਤਾਂ ਕੱਢਣ ਦੇ ਸਾਰੇ ਯਤਨਾਂ ਦਾ ਕੋਈ ਫਲ ਨਹੀਂ ਨਿਕਲਦਾ।
ਅਜਿਹੇ ‘ਹਾਦਸਿਆਂ’ ਵਿੱਚ ਇੱਟਾਂ ਹਟਾ ਕੇ ਹੀ ਲਾਸ਼ਾਂ ਬਾਹਰ ਨਿਕਲ ਸਕਦੀਆਂ ਹਨ।
ਅਜਿਹੇ ਖ਼ਤਰਨਾਕ ਹਾਲਾਤਾਂ ਵਿੱਚ ਕੰਮ ਕਰਦਿਆਂ ਫੁਰਤੀਲੇ ਅਤੇ ਮਜ਼ਬੂਤ ਬੱਚੇ ਹੀ ਬਚਦੇ ਸਨ।
ਜਿਹੜੇ ਬੱਚੇ ਬੱਚ ਜਾਂਦੇ ਸਨ ਉਨ੍ਹਾਂ ਉੱਤੇ ‘ਚਿਮਨੀ ਸਵੀਪ ਦੇ ਕੈਂਸਰ’ ਨਾਮ ਦੀ ਬੀਮਾਰੀ ਦੇ ਸ਼ਿਕਾਰ ਹੋਣ ਦਾ ਖ਼ਤਰਾ ਰਹਿੰਦਾ ਸੀ।
ਇਹ ਕੈਂਸਰ ਬੱਚੇ ਦੇ ਕਿਸ਼ੋਰ ਅਵਸਥਾ ਵਿੱਚ ਹੁੰਦਿਆਂ ਹੀ ਅੰਡਕੋਸ਼ਾਂ ਉੱਤੇ ਹਮਲਾ ਕਰਦਾ ਸੀ।
ਇਹ ਕੈਂਸਰ ਯੂਰਪ ਅਤੇ ਇੰਗਲੈਂਡ ਵਿੱਚ ਬਹੁਤ ਫੈਲ ਗਿਆ ਸੀ।
ਕਈ ਡਾਕਟਰਾਂ ਨੇ ਇਹ ਸੋਚਿਆ ਕਿ ਇਸ ਕੈਂਸਰ ਦਾ ਕਾਰਨ ਉਸ ਵੇਲੇ ਫੈਲੀਆਂ ਜਿਨਸੀ ਲਾਗ(ਸਰੀਰਕ ਸਬੰਧ ਬਣਾਉਣ ਕਾਰਨ ਫੈਲਣ ਵਾਲੀ ਲਾਗ) ਹੋ ਸਕਦਾ ਹੈ।
ਪਰ ਬਰਤਾਨਵੀ ਸਰਜਨ ਪਰਸੀਵਲ ਪੋਟ ਨੇ ਇਹ ਜ਼ੋਰ ਪਾਇਆ ਕਿ ਇਸ ਦਾ ਕਾਰਨ ਕੁਝ ਹੋਰ ਹੈ।
ਸਾਲ 1775 ਵਿੱਚ ਉਨ੍ਹਾਂ ਨੇ ਇੱਕ ਅਧਿਐਨ ਛਾਪਿਆ ਜਿਸ ਵਿੱਚ ਇਹ ਦਰਸਾਇਆ ਗਿਆ ਕਿ ਚਿਮਨੀ ਵਿੱਚ ਕੰਮ ਕਰਨ ਵਾਲੇ ਬੱਚਿਆਂ ਨੂੰ ਇਹ ਬੀਮਾਰੀ ਲੱਗਣ ਦਾ ਕਾਰਨ ਉਨ੍ਹਾਂ ਦੇ ਕਾਲਖ਼ ਦੇ ਸਬੰਧ ਵਿੱਚ ਆਉਣ ਨਾਲ ਜੁੜਿਆ ਹੈ।
ਇਸ ਨਾਲ ਉਨ੍ਹਾਂ ਨੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਦਰਸਾਇਆ ਕਿ ਵਾਤਾਵਰਣ ਵਿਚਲੇ ਤੱਤਾਂ ਕਾਰਨ ਵੀ ਕੈਂਸਰ ਹੋ ਸਕਦਾ ਹੈ।
ਅਤੇ ਇਸ ਤਰ੍ਹਾਂ ਉਨ੍ਹਾਂ ਨੇ ਪਹਿਲੇ ‘ਇੰਡਸਟ੍ਰੀਅਲ ਕੈਂਸਰ’ ਦੀ ਪਛਾਣ ਕੀਤੀ।
ਇਸ ਨਾਲ ਇਹ ਸਾਹਮਣੇ ਆਇਆ ਕਿ ਚਿਮਨੀ ਵਿੱਚ ਕੰਮ ਕਰਨ ਵਾਲੇ ਬੱਚਿਆਂ ਦਾ ਭਵਿੱਖ ਬਹੁਤ ਸੀਮਿਤ ਸੀ, ਬਜ਼ੁਰਗ ਹੋਣਾ ਤਾਂ ਕੀ ਉਨ੍ਹਾਂ ਦਾ ਭਰ ਜਵਾਨੀ ਦੀ ਉਮਰ ਤੱਕ ਪਹੁੰਚਣਾ ਵੀ ਔਖਾ ਸੀ।
ਉਨ੍ਹਾਂ ਦਾ ਖਿਆਲ ਰੱਖਣ ਲਈ ਮਾਪਿਆਂ ਅਤੇ ਕਾਨੂੰਨ ਦੀ ਅਣਹੋਂਦ ਕਾਰਨ ਉਹ ਬਸ ਇੱਕ ਵਪਾਰਕ ਚੀਜ਼ ਬਣ ਕੇ ਰਹਿ ਗਏ ਸਨ।
ਉਨ੍ਹਾਂ ਨਾਲ ਕੁੱਟਮਾਰ ਵੀ ਹੁੰਦੀ ਸੀ ਅਤੇ ਇੰਨੇ ਕੁ ਕੱਪੜੇ ਹੀ ਦਿੱਤੇ ਜਾਂਦੇ ਕਿ ਉਹ ਨੰਗੇ ਨਾ ਰਹਿਣ।
ਉਨ੍ਹਾਂ ਨੂੰ ਠੰਢ ਜਾਂ ਕਾਲਖ਼ ਤੋਂ ਬਚਣ ਲਈ ਕੱਪੜੇ ਨਹੀਂ ਦਿੱਤੇ ਜਾਂਦੇ ਨੇ।
ਉਹ ਬਹੁਤ ਥੋੜ੍ਹਾ ਖਾਂਦੇ ਸਨ, ਉਨ੍ਹਾਂ ਨੂੰ ਜਾਂ ਤਾਂ ਗਲੀ ਵਿੱਚ ਸੌਣਾ ਪੈਂਦਾ ਸੀ ਜਾਂ ਬੇਸਮੈਂਟ ਵਿੱਚ। ਉਹ ਉਸੇ ਕੰਬਲ ਵਿੱਚ ਲਿਪਟੇ ਹੁੰਦੇ ਸਨ ਜਿਸ ਕੰਬਲ ਵਿੱਚ ਉਨ੍ਹਾਂ ਨੇ ਚਿਮਨੀਆਂ ਦੀ ਗੰਦਗੀ ਇਕੱਠੀ ਕੀਤੀ ਹੁੰਦੇ ਸੀ।
ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਬਾਰੇ ਸਾਹਿਤ ਵਿੱਚ ਵੀ ਜ਼ਿਕਰ ਆਉਂਦਾ ਹੈ।
ਕਵੀ ਵਿਲੀਅਮ ਬਲੇਕ ਅਤੇ ਫਰਾਂਸੀਸੀ ਲੇਖਕ ਵਿਕਟਰ ਹਿਊਗੋ ਨੇ ਵੀ ਇਨ੍ਹਾਂ ਬਾਰੇ ਲਿਖਿਆ ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵਲ ਖਿੱਚਿਆ।
ਸਾਰੇ ਮੁਲਕਾਂ ਵਿੱਚ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵੱਲੋਂ ਇਹ ਸ਼ੋਸ਼ਣ ਨੂੰ ਰੋਕਣ ਕਰਨ ਲਈ ਯਤਨ ਕੀਤੇ ਗਏ ਪਰ ਇਸ ਉੱਤੇ ਕਾਫ਼ੀ ਸਮੇਂ ਬਾਅਦ ਰੋਕ ਲੱਗੀ।
1760ਵਿਆਂ ਵਿੱਚ ਸਮਾਜ ਸੇਵਕ ਜੋਨਸ ਹੈਨਵੇ ਨੇ ਯੂਕੇ ਵਿੱਚ ਇੱਕ ਮੁਹਿੰਮ ਚਲਾਈ ਇਸ ਤੋਂ ਬਾਅਦ 1788 ਵਿੱਚ ਇਸ ਕੰਮ ਲਈ ਘੱਟੋ-ਘੱਟ ਉਮਰ ਅੱਠ ਸਾਲ ਨਿਰਧਾਰਤ ਕੀਤੀ ਗਈ।
ਪਰ ਇਹ ਨਿਯਮ ਉਦੋਂ ਤੱਕ ਲਾਗੂ ਨਹੀਂ ਕੀਤੇ ਗਏ ਜਦੋਂ ਤੱਕ ਇੱਕ ਹੋਰ ਬੱਚੇ ਦੀ ਅਜਿਹੇ ਹਾਲਾਤਾਂ ਵਿੱਚ ਮੌਤ ਨਹੀਂ ਹੋ ਗਈ।
ਜੌਰਜ ਬਰਿਊਸਰ ਉਦੋਂ 11 ਸਾਲਾਂ ਦੀ ਸੀ ਜਦੋਂ ਉਹ ਕੈਂਬਰਿਜਸ਼ਾਇਰ ਦੇ ਵਿਕਟੋਰੀਅਨ ਹਸਪਤਾਲ ਦੀ ਇੱਕ ਭੀੜੀ ਚਿਮਨੀ ਵਿੱਚ ਫਸ ਗਿਆ।
ਬੱਚੇ ਨੂੰ ਬਚਾਉਣ ਲਈ ਇੱਕ ਕੰਧ ਢਾਹ ਦਿੱਤੀ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਸ਼ੇਫਟਸਬਰੀ ਦੇ 7ਵੇਂ ਅਰਲ ਨੇ ਇਸ ਬੱਚੇ ਦੀ ਮੌਤ ਬਾਰੇ ਪੜ੍ਹਿਆ ਅਤੇ ਪਾਰਲੀਮੈਂਟ ਵਿੱਚ ਬੱਚਿਆਂ ਕੋਲੋਂ ਇਹ ਕੰਮ ਕਰਵਾਉਣ ਬਾਰੇ ਬਿੱਲ ਪੇਸ਼ ਕੀਤਾ।
1875 ਦੇ ਇਸ ਕਾਨੂੰਨ ਮੁਤਾਬਕ ਚਿਮਨੀ ਸਾਫ਼ ਕਰਨ ਵਾਲੇ ਬੱਚਿਆਂ ਦੇ ਲਾਇਸੰਸ ਹੋਣੇ ਜ਼ਰੂਰੀ ਹਨ ਅਤੇ ਉਨ੍ਹਾਂ ਦਾ ਪੁਲਿਸ ਕੋਲ ਰਜਿਸਟਰ ਹੋਣਾ ਜ਼ਰੂਰੀ ਹੈ ਤਾਂ ਜੋ ਇਸ ਦੀ ਨਜ਼ਰਸਾਨੀ ਹੋ ਸਕੇ।
ਇਸ ਤੋਂ ਬਾਅਦ ਇਹ ਬਰਬਰਤਾ ਵਾਲਾ ਕੰਮ ਬੰਦ ਹੋ ਗਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਮਹਾਰਾਜਾ ਬੜੌਦਾ ਨਾਲ ਵਿਆਹ ਕਰਵਾਉਣ ਲਈ ਸੀਤਾ ਦੇਵੀ ਦੇ ਇਸਲਾਮ ਅਪਣਾਉਣ ਦੀ ਕਹਾਣੀ
NEXT STORY