ਮਣੀਪੁਰ ''ਚ ਹਿੰਸਾ ਸ਼ੁਰੂ ਹੋਏ ਕਰੀਬ ਨੌਂ ਮਹੀਨੇ ਹੋ ਚੱਲੇ ਹਨ ਪਰ ਸੂਬੇ ਤੋਂ ਲਗਾਤਾਰ ਮੌਤਾਂ ਦੀਆਂ ਖ਼ਬਰਾਂ ਆ ਰਹੀਆਂ ਹਨ।
ਪਿਛਲੇ ਕੁਝ ਦਿਨਾਂ ''ਚ ਗੋਲੀਬਾਰੀ ''ਚ ਸੁਰੱਖਿਆ ਬਲਾਂ ਅਤੇ ਆਮ ਲੋਕਾਂ ਦੀਆਂ ਜਾਨਾਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਿੰਸਾ ਵਿੱਚ ਹੁਣ ਤੱਕ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਸਥਿਤੀ ਦਾ ਜਾਇਜ਼ਾ ਲੈਣ ਪਹੁੰਚੀ ਗ੍ਰਹਿ ਮੰਤਰਾਲੇ ਦੀ ਟੀਮ ਨੇ ਉੱਥੇ ਦੇ ਨੇਤਾਵਾਂ, ਅਧਿਕਾਰੀਆਂ, ਸੰਗਠਨਾਂ ਆਦਿ ਨਾਲ ਗੱਲਬਾਤ ਕੀਤੀ ਹੈ।
ਹਿੰਸਾ ਦੇ ਇਸ ਮਾਹੌਲ ਵਿੱਚ 14 ਜਨਵਰੀ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂਏ ਯਾਤਰਾ ਸ਼ੁਰੂ ਹੋਈ ਸੀ।
ਯਾਤਰਾ ਵਿੱਚ ਸ਼ਾਮਲ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, "ਅੱਠ ਮਹੀਨੇ ਤੋਂ ਪ੍ਰਧਾਨ ਮੰਤਰੀ ਚੁੱਪ ਕਿਉਂ ਹਨ? ਉਹ ਇੱਕ ਘੰਟੇ ਲਈ ਵੀ ਇੰਫਾਲ ਨਹੀਂ ਆਏ ਹਨ।" ਅਸੀਂ ਰਾਜਧਾਨੀ ਇੰਫਾਲ ਤੋਂ ਲਗਭਗ 60 ਕਿਲੋਮੀਟਰ ਦੂਰ ਮੈਤਈ ਪ੍ਰਭਾਵ ਵਾਲੇ ਆਕਾਸ਼ੋਈ ਪਿੰਡ ਪਹੁੰਚੇ, ਜੋ ਸੋਗ ਵਿੱਚ ਡੁੱਬਿਆ ਹੋਇਆ ਹੈ।
ਇੱਥੇ 10 ਜਨਵਰੀ ਨੂੰ ਉਸ ਸਮੇਂ ਸਨਸਨੀ ਫੈਲ ਗਈ ਸੀ, ਜਦੋਂ ਪਿੰਡ ਦੇ ਚਾਰ ਵਿਅਕਤੀ ਘਰ ਨਹੀਂ ਮੁੜੇ। ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਨੇੜਲੇ ਪਹਾੜੀ ਖੇਤਰ ਵਿੱਚੋਂ ਮਿਲੀਆਂ।
ਓਏਨਾਮ ਰੋਮੇਨ ਸਿੰਘ, ਅਹੰਤੇਨ ਦਾਰਾ ਮੈਤਈ, ਥਾਊਦਾਮ ਇਬੋਮਚਾ ਮੈਤਈ ਅਤੇ ਉਨ੍ਹਾਂ ਦਾ ਪੁੱਤਰ ਥਾਈਦਾਮ ਆਨੰਦ ਸਿੰਘ ਲੱਕੜ ਵੇਚ ਕੇ ਰੋਜ਼ਾਨਾ 100-200 ਰੁਪਏ ਕਮਾ ਕੇ ਆਪਣਾ ਪਰਿਵਾਰ ਚਲਾਉਂਦੇ ਸਨ। ਪੁਲਿਸ ਨੂੰ ਹਥਿਆਰਬੰਦ ਕੱਟੜਪੰਥੀਆਂ ''ਤੇ ਸ਼ੱਕ ਹੈ।
ਜਦੋਂ ਅਸੀਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਮ੍ਰਿਤਕਾਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ। ਦਾਰਾ ਮੈਤਈ ਦੀ ਪਤਨੀ ਰੋਂਦੀ ਹੋਈ ਬੇਸੁੱਧ ਜਿਹੀ ਹੋ ਗਈ ਸੀ।
ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਮੂੰਹ ''ਤੇ ਪਾਣੀ ਦੇ ਛਿੱਟੇ ਮਾਰੇ ਅਤੇ ਫਿਰ ਉਨ੍ਹਾਂ ਨੂੰ ਘਰ ਦੇ ਅੰਦਰ ਲੈ ਗਏ।
ਹੰਝੂਆਂ ਨਾਲ ਭਰੀਆ ਅੱਖਾਂ
ਜਦੋਂ ਤੋਂ ਓਏਨਾਮ ਰੋਮੇਨ ਸਿੰਘ ਦੀ ਮੌਤ ਦੀ ਖ਼ਬਰ ਆਈ, ਉਨ੍ਹਾਂ ਦੀ ਪਤਨੀ ਪ੍ਰਮੋਦੀਨੀ ਲੋਇਮਾ ਨੇ ਖਾਣਾ ਛੱਡ ਦਿੱਤਾ ਸੀ। ਘਰ ਵਿੱਚ ਸਮਾਨ ਵਿਚਾਲੇ ਰੱਖੇ ਮੰਜੇ ''ਤੇ ਅੱਖਾਂ ਬੰਦ ਕਰ ਕੇ ਲੇਟੀ ਹੋਈ ਸੀ ਅਤੇ ਉਨ੍ਹਾਂ ਨੂੰ ਡ੍ਰਿਪ ਲੱਗੀ ਹੋਈ ਸੀ। ਬੱਚੇ ਸਹਿਮੇ ਹੋਏ ਹਨ।
ਓਏਨਾਮ ਬੱਚਿਆਂ ਨਾਲ ਵਾਅਦਾ ਕਰ ਕੇ ਗਏ ਸੀ ਕਿ ਇਮਤਿਹਾਨਾਂ ''ਚ ਚੰਗਾ ਪ੍ਰਦਰਸ਼ਨ ਕਰਨ ''ਤੇ ਕੁਝ ਚੰਗਾ ਖੁਆਉਣਗੇ। ਨਤੀਜੇ ਆ ਗਏ ਹਨ, ਪਰ ਓਏਨਾਮ ਵਾਪਸ ਨਹੀਂ ਆਏ।
ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ। ਮਾਂ ਲੇਇੰਬੀ ਲੇਇਮਾ ਗੱਲਾਂ ਕਰਦਿਆਂ ਉੱਚੀ-ਉੱਚੀ ਰੋਣ ਲੱਗ ਜਾਂਦੀ ਸੀ।
ਉਨ੍ਹਾਂ ਦਾ ਜਵਾਈ ਥੋਊਦਾਮ ਇਬੋਮਚਾ ਮੈਤਈ ਅਤੇ ਪੋਤਾ ਥਾਊਦਾਮ ਆਨੰਦ ਸਿੰਘ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਸਨ। ਤਿੰਨ ਘਰ ਛੱਡ ਕੇ ਹੀ ਉਨ੍ਹਾਂ ਦਾ ਮਕਾਨ ਹੈ।
ਉਹ ਕਹਿੰਦੀ ਹੈ, "ਅਸੀਂ ਰੋਈਏ ਤਾਂ ਕਿਸ ਲਈ ਰੋਈਏ? ਮੇਰੀ ਨੂੰਹ ਨਾਲ ਰੋਈਏ, ਕਿਉਂਕਿ ਮੇਰਾ ਪੁੱਤਰ ਚਲਾ ਗਿਆ ਹੈ ਜਾਂ ਮੇਰੀ ਧੀ ਲਈ ਜਿਸ ਦਾ ਪੁੱਤਰ ਅਤੇ ਪਤੀ ਚਲੇ ਗਏ ਹਨ। ਅਸੀਂ ਕਿਸ ਲਈ ਹੰਝੂ ਵਹਾਈਏ?"
ਉਨ੍ਹਾਂ ਕਿਹਾ, "ਇਹ ਕਤਲ ਬੇਰਹਿਮੀ ਨਾਲ ਕੀਤਾ ਗਿਆ ਹੈ, ਜੇਕਰ ਉਹ ਆਹਮੋ-ਸਾਹਮਣੇ ਹੋਈ ਹੱਥੋ-ਹੱਥ ਵਿੱਚ ਮਾਰੇ ਜਾਂਦੇ ਤਾਂ ਅਸੀਂ ਕੁਝ ਨਾ ਕਹਿੰਦੇ, ਪਰ ਅਸੀਂ ਨਿਹੱਥੇ ਲੱਕੜਹਾਰੇ ''ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਮਾਰ ਦੇਣ ਨਾਲ ਅਸੀਂ ਬੇਹੱਦ ਦੁਖੀ ਹਾਂ ਅਤੇ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ।"
ਥਾਊਦਾਮ ਇਬੋਮਚਾ ਮੈਤਈ ਦੀ ਪਤਨੀ ਅਤੇ ਮ੍ਰਿਤਕ ਓਏਨਾਮ ਰੋਮੇਨ ਸਿੰਘ ਦੀ ਭੈਣ ਥਾਊਦਾਨ ਸੁਮੀਲਾ ਲੇਇਮਮਾ ਕਹਿੰਦੀ ਹੈ, "ਜੀਣਾ ਚਾਹੁੰਦੇ ਹਾਂ, ਪਰ ਕਿਵੇਂ ਅਤੇ ਕਿਉਂ ਜੀਣਾ ਹੈ। ਡਰ ਇੰਨਾ ਵੱਧ ਗਿਆ ਹੈ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਮੌਤ ਕਦੋਂ ਆਵੇਗੀ।"
ਅੱਤ ਦੀ ਗਰੀਬੀ ਵਿੱਚ ਰਹਿ ਰਹੇ ਇਨ੍ਹਾਂ ਪਰਿਵਾਰਾਂ ਦਾ ਭਵਿੱਖ ਅਨਿਸ਼ਚਿਤ ਹੈ। ਸੁਰੱਖਿਆ ਸਥਿਤੀ ਨੇ ਚਿੰਤਾ ਹੋਰ ਵਧਾ ਦਿੱਤੀ ਹੈ। ਕਈ ਥਾਵਾਂ ''ਤੇ ਅਸੀਂ ਟੈਂਟ ਵਰਗੀਆਂ ਥਾਵਾਂ ਦੇਖੀਆਂ, ਜਿੱਥੇ ਸਾਨੂੰ ਦੱਸਿਆ ਗਿਆ ਕਿ ਲੋਕ ਰਾਤ ਨੂੰ ਇੱਥੇ ਪਹਿਰਾ ਦਿੰਦੇ ਹਨ।
ਇਹ ਹਿੰਸਾ ਪਿਛਲੇ ਸਾਲ ਮਈ ਵਿੱਚ ਸ਼ੁਰੂ ਹੋਈ ਸੀ। ਸੂਬੇ ਦੇ ਪ੍ਰਭਾਵਸ਼ਾਲੀ ਮੈਤਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਇਸ ਹਿੰਸਾ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਇਸ ਦਾ ਵਿਰੋਧ ਮਣੀਪੁਰ ਦੇ ਪਹਾੜੀ ਇਲਾਕਿਆਂ ''ਚ ਰਹਿਣ ਵਾਲੇ ਕਬੀਲਿਆਂ ਦੇ ਲੋਕ ਕਰ ਰਹੇ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ''ਤੇ ਕੁਕੀ ਕਬੀਲੇ ਦੇ ਲੋਕਾਂ ਹਨ।
ਆਕਾਸ਼ੋਈ ਪਿੰਡ ਤੋਂ ਕੁਝ ਕਿਲੋਮੀਟਰ ਅੱਗੇ ਹਾਊਤਕ ਟੈਂਫਾਖੁਨਾਊ ਪਿੰਡ ਹੈ। ਇਹ ਇਲਾਕਾ ਦੂਰ-ਦੁਰਾਡੇ ਪਹਾੜਾਂ ਅਤੇ ਰੁੱਖਾਂ ਨਾਲ ਭਰਿਆ ਹੋਇਆ ਹੈ।
ਪਿੰਡ ਵਿੱਚ ਸੁੰਨ ਪਸਰੀ ਹੋਈ ਸੀ, ਸੜਕਾਂ ਖਾਲੀ ਸਨ। ਪਿੰਡ ਵਿੱਚ ਸਾਨੂੰ ਬੰਦਿਆਂ ਦੇ ਨਾਲ ਸੁਨੀਲ ਮੈਸਨਾਮ ਮਿਲੇ। ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ''ਤੇ ਨਿਰਭਰ 400 ਦੇ ਕਰੀਬ ਲੋਕਾਂ ਦੇ ਇਸ ਮੈਤਈ ਪਿੰਡ ਵਿੱਚ ਬੰਬਾਰੀ ਅਤੇ ਗੋਲੀਬਾਰੀ ਤੋਂ ਬਾਅਦ ਸਿਰਫ਼ 100 ਲੋਕ ਹੀ ਰਹਿ ਗਏ ਹਨ।
ਉਹ ਕਹਿੰਦੇ ਹਨ, "ਇਥੋਂ ਦੀਆਂ ਸਾਰੀਆਂ ਔਰਤਾਂ ਅਤੇ ਬੱਚੇ ਪਿੰਡ ਛੱਡ ਕੇ ਚਲੇ ਗਏ ਹਨ। ਇੱਥੇ ਸਿਰਫ਼ ਮਰਦ ਹੀ ਰਹਿ ਰਹੇ ਹਨ। ਲੋਕ ਚੌਕਸ ਹਨ ਕਿ ਕਿਤੇ ਨਾ ਕਿਤਿਓਂ ਗੋਲੀਆਂ ਆ ਸਕਦੀਆਂ ਹਨ। ਡਰ ਹੈ ਕਿ ਜੇਕਰ ਅਸੀਂ ਵੀ ਇੱਥੋਂ ਚਲੇ ਗਏ ਤਾਂ ਸਾਡੇ ਘਰ ਤਬਾਹ ਹੋ ਜਾਣਗੇ। ਸਾੜ ਦਿੱਤੇ ਜਾਣਗੇ।"
ਹਿੰਸਾ ਨਾਲ ਡਰ ਦਾ ਮਾਹੌਲ
ਵਾਪਸ ਆਉਂਦੇ ਹੋਏ ਕਰੀਬ ਕਿਲੋਮੀਟਰ ਦੀ ਦੂਰੀ ''ਤੇ ਅਸੀਂ ਇੱਕ ਵੱਡੇ ਘਰ ਵਿੱਚ ਪਹੁੰਚ ਗਏ, ਜਿੱਥੇ ਪਿੰਡ ਦੀਆਂ 45-50 ਔਰਤਾਂ ਨੇ ਆਪਣੇ ਬੱਚਿਆਂ ਸਣੇ ਸ਼ਰਨ ਲਈ ਹੋਈ ਸੀ।
ਇੱਕ ਪਾਸੇ ਰਜਾਈਆਂ ਅਤੇ ਗੱਦਿਆਂ ਦਾ ਢੇਰ ਸੀ। ਕੁਝ ਛੋਟੇ ਬੱਚੇ ਖਾਲੀ ਥਾਂ ''ਤੇ ਖੇਡ ਰਹੇ ਸਨ। ਧੁੱਪ ਨਿਕਲੀ ਹੋਈ ਸੀ, ਪਰ ਰਾਤ ਨੂੰ ਇੱਥੇ ਠੰਢ ਪੈ ਜਾਂਦੀ ਹੈ।
ਇੱਥੇ ਰਹਿ ਰਹੀ ਰੇਵਿਕਾ ਨੇ ਦੱਸਿਆ ਕਿ ਹਰ ਕੋਈ ਕਾਹਲੀ ਵਿੱਚ ਘਰ ਛੱਡ ਕੇ ਭੱਜਿਆ ਸੀ।
ਉਹ ਦੱਸਦੀ ਹੈ, "ਅਸੀਂ ਇੰਨੇ ਕੱਪੜੇ ਜਾਂ ਕੰਬਲ ਵੀ ਨਹੀਂ ਲਿਆਏ ਸੀ। ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਤਾਂ ਕੰਬਲ ਦੇ ਉਪਰਲੇ ਹਿੱਸੇ ਵਿੱਚ ਇੰਨਾ ਪਾਣੀ ਆ ਜਾਂਦਾ ਹੈ ਕਿ ਸਾਨੂੰ ਠੰਢ ਵਿੱਚ ਸੌਣਾ ਪੈਂਦਾ ਹੈ। ਇਹ ਬਹੁਤ ਮੁਸ਼ਕਲ ਹੈ।"
ਸਥਾਨਕ ਲੋਕਾਂ ਮੁਤਾਬਕ ਹਜ਼ਾਰਾਂ ਲੋਕ ਅਜੇ ਵੀ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ, ਹਾਲਾਂਕਿ ਉਨ੍ਹਾਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੈ।
ਇੰਫਾਲ ਦੇ ਇੱਕ ਰਾਹਤ ਕੈਂਪ ਦੇ ਇੱਕ ਵੱਡੇ ਹਾਲ ਵਿੱਚ ਦੂਜੇ ਪਰਿਵਾਰਾਂ ਨਾਲ ਰਹਿਣ ਵਾਲੀ 26 ਸਾਲਾ ਮੈਬਰਾਮ ਵਿਕਟੋਰੀਆ ਚਾਨੂ ਨੇ ਹਾਲ ਹੀ ਵਿੱਚ ਖੇਤੀਬਾੜੀ ਵਿੱਚ ਆਪਣੀ ਮਾਸਟਰਸ (ਐੱਮਏ) ਪੂਰੀ ਕੀਤੀ ਹੈ।
ਰਾਹਤ ਕੈਂਪ ਵਿੱਚ ਬੀਤਦੀ ਜ਼ਿੰਦਗੀ
ਇਸ ਕੈਂਪ ਵਿੱਚ 79 ਲੋਕ ਰਹਿ ਰਹੇ ਸਨ। ਕੁਕੀ ਦੇ ਪ੍ਰਭਾਵ ਵਾਲੇ ਚੂਰਾਚਾਂਦਪੁਰ ਵਿੱਚ ਇੱਕ ਮੈਤਈ ਪਰਿਵਾਰ ਵਿੱਚ ਜਨਮੀ, ਵਿਕਟੋਰੀਆ ਨੇ ਕਿਹਾ ਕਿ ਉਹ ਕੁਕੀ ਅਤੇ ਮਿਜ਼ੋ ਭਾਈਚਾਰਿਆਂ ਦੇ ਦੋਸਤਾਂ ਨਾਲ ਵੱਡੀ ਹੋਈ ਹੈ, ਪਰ ਹਿੰਸਾ ਵਿੱਚ ਉਸ ਦਾ ਘਰ ਤਬਾਹ ਹੋ ਗਿਆ।
ਹੋਰ ਪਰਿਵਾਰਾਂ ਵਾਂਗ ਉਨ੍ਹਾਂ ਦਾ ਘਰੇਲੂ ਸਮਾਨ ਵੀ ਉੱਥੇ ਰੱਖਿਆ ਹੋਇਆ ਸੀ।
ਉਹ ਕਹਿੰਦੀ ਹੈ, "ਇਹ ਬਹੁਤ ਅਜੀਬ ਜਿਹਾ ਹੈ। ਅਸੀਂ ਇੰਨੇ ਲੰਬੇ ਸਮੇਂ ਤੱਕ ਇਕੱਠੇ ਰਹੇ ਪਰ ਇਸ ਘਟਨਾ ਤੋਂ ਬਾਅਦ ਸਾਡੇ ਰਿਸ਼ਤੇ ਟੁੱਟ ਗਏ। ਨਾ ਉਨ੍ਹਾਂ ਸੰਪਰਕ ਕੀਤਾ ਅਤੇ ਨਾ ਹੀ ਮੈਂ ਕੀਤਾ। ਸਾਡੇ ਵਿਚਕਾਰ ਦੂਰੀ ਹੈ ਅਤੇ ਇਹ ਦੂਰੀ ਵਧਦੀ ਜਾ ਰਹੀ ਹੈ। ਪਤਾ ਨਹੀਂ ਕੀ ਹੋਵੇਗਾ।
ਇਨ੍ਹਾਂ ਪਰਿਵਾਰਾਂ ਨੇ ਨੌਂ ਮਹੀਨੇ ਪਹਿਲਾਂ ਸ਼ਾਇਦ ਹੀ ਸੋਚਿਆ ਹੋਵੇ ਕਿ ਉਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਬਣ ਜਾਵੇਗੀ। ਸਾਡੀ ਗੱਲਬਾਤ ਵਿੱਚ ਬਹੁਤ ਸਾਰੇ ਲੋਕਾਂ ਨੇ ਸੂਬਾ ਅਤੇ ਕੇਂਦਰ ਸਰਕਾਰਾਂ ਅਤੇ ਅਧਿਕਾਰਾਂ ਪ੍ਰਤੀ ਗੁੱਸਾ ਜ਼ਾਹਰ ਕੀਤਾ।
ਇੱਕ ਸਵਾਲ ਦੇ ਜਵਾਬ ਵਿੱਚ ਮਣੀਪੁਰ ਦੇ ਸੁਰੱਖਿਆ ਸਲਾਹਕਾਰ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਅਸਤੀਫ਼ਾ ਕਿਉਂ ਦੇਵਾਂ? ਜੇਕਰ ਤੁਸੀਂ ਕਹਿੰਦੇ ਹੋ ਜਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਫਰਜ਼ ਨਹੀਂ ਨਿਭਾਇਆ ਹੈ, ਤਾਂ ਮੈਂ ਉਸੇ ਦਿਨ ਅਸਤੀਫਾ ਦੇ ਦੇਵਾਂਗਾ।"
"ਪੂਰੇ 24 ਘੰਟੇ, ਨੀਂਦ ਅਤੇ ਭੋਜਨ ਤੋਂ ਇਲਾਵਾ," ਮੈਂ ਸੁਰੱਖਿਆ ਬਲਾਂ ਵਿੱਚ ਤਾਲਮੇਲ, ਉਨ੍ਹਾਂ ਦੀ ਤੈਨਾਤੀ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਲਈ ਕੰਮ ਕਰ ਰਿਹਾ ਸੀ।"
ਇੰਫਾਲ ਤੋਂ ਪਰੇ ਚੂਰਾਚਾਂਦਪੁਰ ਦੀ ਜ਼ਿੰਦਗੀ
ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ, ਪਰ ਸੂਬੇ ਵਿੱਚ ਹਿੰਸਾ ਜਾਰੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਰਤ-ਮਿਆਂਮਾਰ ਸਰਹੱਦ ''ਤੇ ਕੰਡਿਆਲੀ ਤਾਰ ਲਗਾਉਣ ''ਤੇ ਵੀ ਬਿਆਨ ਅਤੇ ਪ੍ਰਤੀਕਿਰਿਆਵਾਂ ਆਈਆਂ ਹਨ।
ਰਿਟਾਇਰਡ ਨੌਕਰਸ਼ਾਹ ਅਤੇ ਕਾਲਮਨਵੀਸ ਡਾ. ਆਰ ਕੇ ਨਿਮਾਈ ਸਿੰਘ ਪੁੱਛਦੇ ਹਨ, "ਕੀ ਤੁਸੀਂ ਭਾਰਤ ਵਿੱਚ ਨਸਲੀ ਹਿੰਸਾ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਜਾਰੀ ਦੇਖਿਆ ਹੈ? ਇਹ ਵੱਧ ਤੋਂ ਵੱਧ ਤਿੰਨ ਜਾਂ ਚਾਰ ਦਿਨ ਚੱਲਦੀ ਹੈ।"
"ਇਹ ਸਿਰਫ਼ ਮਣੀਪੁਰ ਵਿੱਚ ਹੀ ਹੈ ਜੋ ਅੱਠ ਜਾਂ ਨੌਂ ਮਹੀਨਿਆਂ ਤੋਂ ਜਾਰੀ ਹੈ। ਇਹ ਦਿਖਾਉਂਦਾ ਹੈ ਕਿ ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਸਨ, ਨਹੀਂ ਕੀਤੀਆਂ ਗਈਆਂ।"
ਜਦੋਂ ਅਸੀਂ ਇੰਫਾਲ ਤੋਂ ਕਈ ਸੁਰੱਖਿਆ ਚੌਕੀਆਂ ਨੂੰ ਪਾਰ ਕਰ ਕੇ ਚੂਰਾਚਾਂਦਪੁਰ ਪਹੁੰਚੇ ਤਾਂ ਉੱਥੇ ਭਾਰੀ ਭੀੜ ਇਕੱਠੀ ਸੀ।
ਇੱਕ ਤੋਂ ਬਾਅਦ ਇੱਕ ਸਪੀਕਰ ਲੋਕਾਂ ਸਾਹਮਣੇ ਆਪਣੇ ਵਿਚਾਰ ਪੇਸ਼ ਕਰ ਰਹੇ ਸਨ। ਲੋਕਾਂ ਦੇ ਹੱਥਾਂ ਵਿੱਚ ਲੱਗੇ ਬੈਨਰਾਂ ਤੋਂ ਸਾਫ਼ ਜ਼ਾਹਿਰ ਸੀ ਕਿ ਉਹ ਸੂਬੇ ਦੀ ਬੀਰੇਨ ਸਿੰਘ ਸਰਕਾਰ ਤੋਂ ਬੇਹੱਦ ਨਾਰਾਜ਼ ਹਨ ਅਤੇ ਵੱਖਰੇ ਪ੍ਰਸ਼ਾਸਨ ਦੀ ਮੰਗ ਕਰ ਰਹੇ ਹਨ।
ਸਾਨੂੰ ਦੱਸਿਆ ਗਿਆ ਕਿ ਇੱਥੇ ਹਰ ਹਫ਼ਤੇ ਅਜਿਹੇ ਪ੍ਰਦਰਸ਼ਨ ਹੋ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਮਹੀਨਿਆਂ ਬਾਅਦ ਵੀ ਇਸ ਪਾਸੇ ਦਰਦ ਦਾ ਹੜ੍ਹ ਘੱਟ ਨਹੀਂ ਹੋਇਆ ਹੈ।
ਜਿਵੇਂ ਲਿੰਗਨੇਕੀ ਲੁੰਗਡਿਨ। ਜਦੋਂ ਹਿੰਸਾ ਸ਼ੁਰੂ ਹੋਈ ਤਾਂ ਉਹ ਆਪਣੇ ਪਤੀ ਨਾਲ ਇੰਫਾਲ ਵਿੱਚ ਸੀ।
ਉਨ੍ਹਾਂ ਦੇ ਘਰ ਤਿੰਨ ਦਿਨ ਪਹਿਲਾਂ ਹੀ ਧੀ ਦਾ ਜਨਮ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੀ 4 ਮਈ ਨੂੰ ਉਨ੍ਹਾਂ ਦੇ ਪਤੀ ਅਤੇ ਭਰਾ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਅਤੇ ਉਹ ਬੜੀ ਮੁਸ਼ਕਲ ਨਾਲ ਬਚੀ ਸੀ।
ਨੇੜੇ ਹੀ ਰਹਿਣ ਵਾਲੇ ਜਾਂਗਲੇਟ ਹਾਓਕਿਪ ਨੇ ਦੱਸਿਆ ਕਿ 3 ਮਈ ਦੀ ਰਾਤ ਨੂੰ ਉਨ੍ਹਾਂ ਦੇ ਭਤੀਜੇ ਨੇਹਮਿਨਲੁਨ ਨੂੰ ਭੀੜ ਨੇ ਘੇਰ ਕੇ ਮਾਰ ਦਿੱਤਾ ਸੀ।
ਨੇਹਮਿਨਲੁਨ ਦੇ ਚਾਚੇ ਜਾਂਗਲੇਟ ਹਾਓਕਿਪ ਨੇ ਦੱਸਿਆ, "ਜਦੋਂ ਵੀ ਮੈਂ ਉਸ ਘਟਨਾ ਬਾਰੇ ਸੋਚਦਾ ਹਾਂ, ਮੈਨੂੰ ਬਹੁਤ ਦੁੱਖ ਹੁੰਦਾ ਹੈ। ਜਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਅਤੇ ਜਖ਼ਮ ਅਸੀਂ ਦੇਖੇ ਹਨ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਭਵਿੱਖ ਬਾਰੇ ਸੋਚਣ ਨਾਲ ਹੀ ਚਿੰਤਾ ਹੋ ਜਾਂਦੀ ਹੈ।"
ਦਰਦ ਵਿੱਚ ਜੀਅ ਰਹੇ ਲੋਕ ਪੁੱਛ ਰਹੇ ਹਨ ਕਿ ਹਾਲਾਤ ਅਜੇ ਵੀ ਕਿਉਂ ਨਹੀਂ ਸੁਧਰ ਰਹੇ। ਨਤੀਜਾ ਇਹ ਹੈ ਕਿ ਰਾਜਧਾਨੀ ਇੰਫਾਲ ਅਤੇ ਕੁਕੀ ਦੇ ਪ੍ਰਭਾਵ ਵਾਲੇ ਚੂਰਾਚਾਂਦਪੁਰ ਵਿਚਕਾਰ ਸੰਪਰਕ ਅਜੇ ਵੀ ਰੁਕਿਆ ਹੋਇਆ ਹੈ।
ਇਸ ਨਾਲ 47 ਸਾਲਾ ਚਿਨਖੋਨੇਂਗ ਬਾਇਤੇ ਵਰਗੇ ਲੋਕ ਪ੍ਰਭਾਵਿਤ ਹੋਏ ਹਨ। ਰਾਹਤ ਕੈਂਪ ਵਿੱਚ ਰਹਿ ਰਹੇ ਚਿਨਖੋਨੇਂਗ ਨੂੰ ਛਾਤੀ ਦਾ ਕੈਂਸਰ ਹੈ।
ਇਲਾਜ ਲਈ ਘਰ ਦੀ ਲਗਭਗ ਹਰ ਜਾਇਦਾਦ ਵਿਕ ਗਈ। ਇਲਾਜ ਲਈ ਪਹਿਲਾਂ ਇੰਫਾਲ ਜਾਣ ਵਾਲੀ ਚਿਨਖੋਨੇਂਗ ਨੂੰ ਹੁਣ ਸੜਕ ਰਾਹੀਂ ਆਇਜ਼ੌਲ ਤੋਂ ਗੁਹਾਟੀ ਜਾਣਾ ਪੈਂਦਾ ਹੈ।
ਪਹਿਲਾਂ ਜੋ ਸਫ਼ਰ ਦੋ ਘੰਟੇ ਦਾ ਹੁੰਦਾ ਸੀ, ਹੁਣ ਲਗਭਗ ਦੋ ਦਿਨ ਲੱਗ ਜਾਂਦੇ ਹਨ। ਵਾਪਸ ਆਉਣ ਤੋਂ ਬਾਅਦ, ਉਹ ਇੰਨੀ ਥੱਕ ਜਾਂਦੀ ਹੈ ਕਿ ਉਸ ਨੂੰ ਲਗਭਗ ਇੱਕ ਹਫ਼ਤਾ ਆਰਾਮ ਕਰਨਾ ਪੈਂਦਾ ਹੈ।
ਉਹ ਕਹਿੰਦੀ ਹੈ, "ਮੈਨੂੰ ਭਵਿੱਖ ਬਾਰੇ ਨਹੀਂ ਪਤਾ। ਮੈਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਯਾਦ ਕਰਦੀ ਹਾਂ। ਹਾਲਾਂਕਿ ਇੱਥੋਂ ਦੇ ਲੋਕ ਬਹੁਤ ਦਿਆਲੂ ਅਤੇ ਮਦਦਗਾਰ ਹਨ, ਪਰ ਇੱਥੇ ਵੱਡੀ ਗਿਣਤੀ ਵਿੱਚ ਰਹਿਣ ਵਾਲੇ ਲੋਕਾਂ ਲਈ ਸਿਰਫ਼ ਦੋ ਟਾਇਲਟ ਹਨ।"
"ਇਹ ਬਹੁਤ ਚੁਣੌਤੀਪੂਰਨ ਹੈ। ਇਹ ਸਰਕਾਰੀ ਸਕੂਲ ਹੈ। ਅਸੀਂ ਇੱਥੇ ਕਿੰਨਾ ਚਿਰ ਰਹਿ ਸਕਦੇ ਹਾਂ? ਇਹ ਮੇਰੀ ਬਿਮਾਰੀ ਲਈ ਵੀ ਚੰਗਾ ਨਹੀਂ ਹੈ।"
ਆਦਿਵਾਸੀ ਬਹੁ-ਗਿਣਤੀ ਵਾਲੇ ਚੂਰਾਚਾਂਦਪੁਰ ਦੇ ਸਥਾਨਕ ਲੋਕਾਂ ਮੁਤਾਬਕ ਜਦੋਂ ਤੱਕ ਉਨ੍ਹਾਂ ਨੂੰ ਵੱਖਰਾ ਪ੍ਰਸ਼ਾਸਨ ਨਹੀਂ ਮਿਲ ਜਾਂਦਾ ਉਦੋਂ ਤੱਕ ਸਥਿਤੀ ਨਹੀਂ ਸੁਧਰੇਗੀ।
ਹਾਲਾਤ ਦਾ ਅਸਰ ਇੱਥੋਂ ਦੀ ਸਿੱਖਿਆ ਅਤੇ ਆਰਥਿਕਤਾ ''ਤੇ ਵੀ ਪਿਆ ਹੈ। ਰਸਤੇ ਵਿੱਚ ਲੋਕ ਬੋਤਲਾਂ ਵਿੱਚ ਪੈਟਰੋਲ ਵੇਚਦੇ ਨਜ਼ਰ ਆਏ। ਸਥਾਨਕ ਲੋਕਾਂ ਅਨੁਸਾਰ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ ਹਨ, ਜਿਸ ਨਾਲ ਜਿਊਣਾ ਮੁਸ਼ਕਿਲ ਹੋ ਗਿਆ ਹੈ।
ਇੰਫਾਲ ਦੇ ਅੱਗੇ ਚੂਰਾਚਾਂਦਪੁਰ ਦੀ ਜ਼ਿੰਦਗੀ
ਇੰਡੀਜੀਨਸ ਟ੍ਰਾਈਬਲ ਲੀਡਰਜ਼ ਫੋਰਮ ਦੇ ਬੁਲਾਰੇ ਗਿੰਜਾ ਵੁਅਲਜ਼ੋਂਗ ਕਹਿੰਦੇ ਹਨ, "ਦੋਵਾਂ ਪਾਸਿਆਂ ਤੋਂ ਇੰਨਾ ਖੂਨ ਡੁੱਲ ਗਿਆ ਹੈ, ਇੰਨੀਆਂ ਜਾਨਾਂ ਗਈਆਂ ਹਨ ਕਿ ਮੈਨੂੰ ਨਹੀਂ ਲੱਗਦਾ ਕਿ ਦੋਵੇਂ ਪਾਸੇ ਦੇ ਲੋਕ ਹੁਣ ਇਕੱਠੇ ਰਹਿ ਸਕਦੇ ਹਨ।"
"ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਡੀ ਸਿਆਸੀ ਮੰਗ ਮੰਨੀ ਜਾਣੀ ਚਾਹੀਦੀ ਹੈ ਅਤੇ ਸਾਨੂੰ ਵੱਖਰਾ ਪ੍ਰਸ਼ਾਸਨ ਦਿੱਤਾ ਜਾਣਾ ਚਾਹੀਦਾ ਹੈ। ਜਿੰਨੀ ਜਲਦੀ ਅਜਿਹਾ ਹੋਵੇਗਾ, ਓਨੀ ਜਲਦੀ ਇੱਥੇ ਸ਼ਾਂਤੀ ਆਵੇਗੀ।"
ਪਰ ਮੈੇਤਈ ਇਸ ਮੰਗ ਦੇ ਖ਼ਿਲਾਫ਼ ਹਨ। ਮੈਤਈ ਹਿੱਤਾਂ ਦੀ ਅਗਵਾਈ ਕਰਨ ਵਾਲੀ ਸਿਵਿਲ ਸੁਸਾਇਟੀ ਸੰਸਥਾ ਕੋਕੋਮੀ ਨੂੰ ਰਾਹੁਲ ਗਾਂਧੀ ਦੀ ਨਿਆਂਏ ਯਾਤਰਾ ਤੋਂ ਕੀ ਉਮੀਦ ਹੈ?
ਕੋਕੋਮੀ ਦੇ ਅਥੂਬਾ ਖੁਰੀਜ਼ਾਮ ਅਨੁਸਾਰ, "ਸਾਡੀ ਨਜ਼ਰ ਤੋਂ, ਅਸੀਂ ਭਾਰਤੀ ਕਾਂਗਰਸ ਨੂੰ ਏਜੰਡਾ ਉਭਾਰ ਕੇ ਸਹੀ ਢੰਗ ਨਾਲ ਕੰਮ ਕਰਦੇ ਨਹੀਂ ਦੇਖਿਆ ਹੈ। ਹਾਂ, ਕਈ ਵਾਰ ਰਾਹੁਲ ਜੀ ਨੇ ਸਦਨ ਵਿੱਚ ਇਸ ਗੱਲ ''ਤੇ ਕੁਝ ਅਸੰਤੁਸ਼ਟੀ ਜ਼ਾਹਰ ਕੀਤੀ ਕਿ ਭਾਜਪਾ ਮਣੀਪੁਰ ਨੂੰ ਕਿਵੇਂ ਸੰਭਾਲ ਰਹੀ ਹੈ।"
"ਪਰ ਮਣੀਪੁਰ ਦੀ ਸਮੱਸਿਆ 2008 ਤੋਂ ਸ਼ੁਰੂ ਹੁੰਦੀ ਹੈ ਅਤੇ 2008 ਤੋਂ 2017 ਤੱਕ ਮਣੀਪੁਰ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ। ਦਿੱਲੀ ਵਿੱਚ ਸਾਲ 2014 ਵਿੱਚ ਅਤੇ ਮਣੀਪੁਰ ਵਿੱਚ ਸਾਲ 2017 ਵਿੱਚ ਸਰਕਾਰ ਬਦਲੀ ਪਰ ਨੀਤੀ ਉਹੀ ਰਹੀ।"
ਮਾਹਿਰਾਂ ਦਾ ਕਹਿਣਾ ਹੈ ਕਿ ਮੈਤਈ ਅਤੇ ਕੁਕੀ ਦੋਵੇਂ ਸ਼ਾਂਤੀ ਚਾਹੁੰਦੇ ਹਨ ਪਰ ਇਸ ਦਾ ਖ਼ਾਮਿਆਜ਼ਾ ਆਮ ਲੋਕ ਭੁਗਤ ਰਹੇ ਹਨ।
ਰਿਟਾਇਰਡ ਨੌਕਰਸ਼ਾਹ ਅਤੇ ਕਾਲਮਨਵੀਸ ਡਾਕਟਰ ਆਰ ਕੇ ਨਿਮਾਈ ਸਿੰਘ ਦਾ ਕਹਿਣਾ ਹੈ, "ਹਾਲਾਤ ਖ਼ਰਾਬ ਹੈ ਕਿਉਂਕਿ ਦੋਵੇਂ ਪੱਖ ਆਪਣੀ ਗੱਲ ''ਤੇ ਅੜੇ ਹੋਏ ਹਨ। ਮੈਤਈ ਅਤੇ ਕੁਕੀ ਦੋਵੇਂ ਹੀ ਸ਼ਾਂਤੀ ਚਾਹੁੰਦੇ ਹਨ ਕਿਉਂਕਿ ਭਾਵੇਂ ਅਰਥਚਾਰਾ ਹੋਵੇ ਜਾਂ ਫਿਰ ਸਿਹਤ ਜਾਂ ਸਿੱਖਿਆ, ਸੂਬੇ ਦੇ ਹਾਲਾਤ ''ਤੇ ਇਸ ਦਾ ਅਸਰ ਪੈ ਰਿਹਾ ਹੈ।"
"ਦੁੱਖ ਵਾਲੀ ਗੱਲ ਹੈ ਕਿ ਚੂਰਾਚਾਂਦਪੁਰ ਵਿੱਚ ਡਾਕਟਰਾਂ ਦੀ ਕਮੀ ਅਤੇ ਨਿਮੋਨੀਆ ਨਾਲ ਬੱਚੇ ਦੀ ਮੌਤ ਹੋ ਰਹੀ ਹੈ। ਦੋਵੇਂ ਹੀ ਪਾਸੇ ਸਮਾਨ ਮਹਿੰਗਾ ਹੋਇਆ ਪਿਆ ਹੈ। ਨੇਤਾ ਆਰਾਮ ਨਾਲ ਹਨ, ਪਰ ਆਮ ਲੋਕ ਪਰੇਸ਼ਾਨ ਹਨ।"
ਸਰਹੱਦ ਪਾਰੋਂ ਕਥਿਤ ਘੁਸਪੈਠ, ਹਥਿਆਰਾਂ ਦੇ ਇਸਤੇਮਾਲ, ਡਰੱਗਸ ਦੀ ਭੂਮਿਕਾ ਆਦਿ ''ਤੇ ਬਿਹਸ ਵਿਚਾਲੇ ਹਿੰਸਾ ਦਾ ਖ਼ਾਮਿਆਜ਼ਾ ਮਣੀਪੁਰ ਵਿੱਚ ਸਮਾਜ ਦੇ ਹਰੇਕ ਤਬਕੇ ਨੇ ਭੁਗਤਿਆ ਹੈ।
ਇੱਥੇ ਦਿਲਾਂ ਵਿੱਚ ਦੂਰੀਆਂ ਆਈਆਂ ਹਨ। ਜੋ ਲੋਕ ਪਹਿਲਾਂ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦੇ ਸਨ, ਬਦਲੇ ਸਮੇਂ ਵਿੱਚ ਉਹ ਇੱਕ-ਦੂਜੇ ਤੋਂ ਦੂਰ ਹੋਏ ਹਨ। ਇਸ ਹਿੰਸਾ ਨਾਲ ਲੱਗੀਆਂ ਸੱਟਾਂ ਬੜੀਆਂ ਡੂੰਘੀਆਂ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਬਰਤਾਨੀਆ ''ਚ ਰਹਿੰਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ...
NEXT STORY