ਕ੍ਰਿਸ਼ਨ ਕਾਂਤ ਸ਼ੁਕਲ
ਬਦਲਦੇ ਦੌਰ ਦੇ ਨਾਲ ਭਾਰਤ ਵੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਸੜਕ, ਬਿਜਲੀ, ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਵਿਸਤਾਰ ਹੋ ਰਿਹਾ ਹੈ। ਮੁੱਢਲੇ ਪੱਧਰ ’ਤੇ ਪਿੰਡ ਵੀ ਹੁਣ ਸ਼ਹਿਰ ਬਣਨ ਵੱਲ ਵਧ ਰਹੇ ਹਨ ਪਰ ਵਿਕਾਸ ਦੀ ਦੌੜ ’ਚ ਸਮੁੱਚਾ ਦੇਸ਼ ਇਕ ਬਰਾਬਰ ਰਫਤਾਰ ਨਾਲ ਅੱਗੇ ਨਹੀਂ ਵਧ ਰਿਹਾ ਜੋ ਚਿੰਤਾਜਨਕ ਹੈ। ਅੱਜ ਵੀ ਅਜਿਹੇ ਕਈ ਪਿੰਡ ਹਨ, ਜਿੱਥੇ ਸਹੂਲਤਾਂ ਦੀ ਘਾਟ ਹੈ। ਹਾਲਾਂਕਿ ਸਰਕਾਰ ਹੌਲੀ-ਹੌਲੀ ਮੁੱਢਲੀਆਂ ਸਹੂਲਤਾਂ ਦਾ ਅਮਲੀਜਾਮਾ ਪਹਿਨਾਉਣ ’ਚ ਲੱਗੀ ਹੋਈ ਹੈ। ਅਜਿਹੇ ’ਚ ਜਦੋਂ ਦੇਸ਼ ਦਾ ਚਹੁੰਮੁਖੀ ਵਿਕਾਸ ਹੋ ਰਿਹਾ ਹੋਵੇ ਤਾਂ ਦੇਸ਼ ਸੰਚਾਰ ਕ੍ਰਾਂਤੀ ’ਚ ਪਿੱਛੇ ਕਿਵੇਂ ਰਹਿ ਸਕਦਾ ਹੈ।
ਅੱਜ ਨੈੱਟ ਕੁਨੈਕਟੀਵਿਟੀ ਬੜੀ ਤੇਜ਼ੀ ਨਾਲ ਵਧੀ ਹੈ ਅਤੇ ਡਿਜੀਟਲੀਕਰਨ ਹੋ ਰਿਹਾ ਹੈ। ਅਜਿਹੇ ’ਚ ਹੁਣ 5ਜੀ ਨੈੱਟਵਰਕ ਅਤੇ ਤੇਜ਼ ਡਾਟਾ ਕੁਨੈਕਟੀਵਿਟੀ ਦੇਸ਼ ਦੀ ਮੰਗ ਹੈ। ਪਹਿਲਾਂ 2 ਜੀ ਬੀ ਡਾਟਾ ਇਕ ਮਹੀਨੇ ਲਈ ਹੁੰਦਾ ਸੀ, ਅੱਜ ਉਹੀ ਡਾਟਾ ਇਕ ਦਿਨ ’ਚ ਖਤਮ ਹੋ ਰਿਹਾ ਹੈ, ਜ਼ਾਹਿਰ ਹੈ ਕਿ ਨੈੱਟ ਸਪੀਡ ਦੀ ਡਿਮਾਂਡ ਵਧੀ ਹੈ ਪਰ ਸਥਿਤੀ ਅੱਜ ਵੀ ਪਹਿਲਾਂ ਵਰਗੀ ਹੈ। ਡਿਜੀਟਲ ਇੰਡੀਆ ਦੇ ਇਸ ਦੌਰ ’ਚ ਸਕੂਲ ਦੀ ਪੜ੍ਹਾਈ, ਪ੍ਰੀਖਿਆ ਤੋਂ ਲੈ ਕੇ ਡਾਕਟਰੀ ਸਹੂਲਤ, ਕੈਸ਼ ਟ੍ਰਾਂਜ਼ੈਕਸ਼ਨ, ਈ-ਬਿਜ਼ਨੈੱਸ ਸਭ ਕੁਝ ਆਨਲਾਈਨ ਹੋ ਗਿਆ ਹੈ। ਘੰਟਿਆਂ ਦਾ ਕੰਮ ਮਿੰਟਾਂ ’ਚ ਪੂਰਾ ਹੋ ਰਿਹਾ ਹੈ। ਡਾਟਾ ਸਪੀਡ ਵਧੀ ਤਾਂ ਤਰੱਕੀ ਦੀ ਦਿਸ਼ਾ ਨੂੰ ਰਫਤਾਰ ਮਿਲੀ ਹੈ।
ਨਵੀਂ ਤਕਨੀਕ ਦੇ ਦੌਰ ’ਚ ਹੁਣ 5-ਜੀ ’ਤੇ ਕੰਮ ਚੱਲ ਰਿਹਾ ਹੈ। 5-ਜੀ ਮਤਲਬ ਪੰਜਵੀਂ ਪੀੜ੍ਹੀ ਦਾ ਨੈੱਟਵਰਕ, ਜੋ ਬੜੀ ਜਲਦੀ ਹੀ ਦੇਖਣ ਨੂੰ ਮਿਲੇਗਾ। ਵਿਕਾਸ ਲੜੀ ਦੇ ਦੌਰ ਨੂੰ ਜੇਕਰ ਦੇਖੀਏ ਤਾਂ 1980 ’ਚ ਜਦੋਂ ਪਹਿਲੀ ਵਾਰ 1-ਜੀ ਨੈੱਟਵਰਕ ਆਇਆ ਸੀ, ਉਦੋਂ ਸਿਰਫ ਵੁਆਇਸ ਕਾਲ ਹੀ ਸੰਭਵ ਹੋ ਸਕੀ ਸੀ। ਇਸ ਦੌਰਾਨ ਨੈੱਟ ਦੀ ਸਪੀਡ ਵੱਧ ਤੋਂ ਵੱਧ 4 ਕੇ. ਬੀ. ਪੀ. ਐੱਸ. ਹੁੰਦੀ ਸੀ। ਇਸ ਦੇ ਬਾਅਦ ਜਦੋਂ 2-ਜੀ ਆਇਆ ਤਾਂ ਵੁਆਇਸ ਕਾਲ ਦੇ ਨਾਲ ਐੱਸ. ਐੱਮ. ਐੱਸ. ਅਤੇ ਐੱਮ. ਐੱਮ. ਐੱਸ. ਵਰਗੀਆਂ ਸੇਵਾਵਾਂ ਸ਼ੁਰੂ ਹੋਈਆਂ ਅਤੇ ਡਾਟਾ ਸਪੀਡ ਪਹਿਲਾਂ ਨਾਲੋਂ ਵਧ ਕੇ ਵੱਧ ਤੋਂ ਵੱਧ 50 ਕੇ. ਬੀ. ਪੀ. ਐੱਸ. ਹੋ ਗਈ। 3-ਜੀ ਨੇ ਤੇਜ਼ ਡਾਟਾ ਸੰਚਾਰ ਸਕੀਮ ਨੂੰ ਜਨਮ ਦਿੱਤਾ। ਇੱਥੇ ਲੋਕ ਆਪਣੇ ਸੈੱਲਫੋਨ ਦੀ ਵਰਤੋਂ ਵੀਡੀਓ ਕਾਲਿੰਗ ਅਤੇ ਮੋਬਾਇਲ ਇੰਟਰਨੈੱਟ ਲਈ ਵੀ ਕਰਨ ਲੱਗੇ ਸਨ ਅਤੇ ਨੈੱਟ ਸਪੀਡ 384 ਕੇ. ਬੀ. ਪੀ. ਸੀ. ਹੋ ਗਈ। ਮੌਜੂਦਾ 4-ਜੀ ਦੇ ਦੌਰ ’ਚ ਅਸੀਂ ਸਾਰੇ ਹਾਲ-ਫਿਲਹਾਲ ’ਚ ਚੱਲ ਰਹੇ ਹਾਂ ਅਤੇ ਅੱਜ ਦੀ ਸਥਿਤੀ ’ਚ ਆਨਲਾਈਨ ਸ਼ਾਪਿੰਗ, ਰਿਜ਼ਰਵੇਸ਼ਨ, ਈ-ਕਲਾਸ ਅਤੇ ਸਾਰੀਆਂ ਡਿਜੀਟਲ ਸਹੂਲਤਾਂ ਕਿਸੇ ਤੋਂ ਲੁਕੀਆਂ ਨਹੀਂ ਹਨ।
ਅਜਿਹੇ ’ਚ 5-ਜੀ ਸੰਚਾਰ ਕ੍ਰਾਂਤੀ ਦੀ ਤੁਸੀਂ ਕਲਪਨਾ ਕਰ ਸਕਦੇ ਹੋ। ਜਲਦੀ ਹੀ 5-ਜੀ ਤਕਨੀਕ ਵਪਾਰ ਅਤੇ ਰੋਬੋਟਿਕਸ ਦੇ ਖੇਤਰ ’ਚ ਭਾਰਤ ਦੀ ਦਸ਼ਾ ਅਤੇ ਦਿਸ਼ਾ ’ਚ ਤਬਦੀਲੀ ਲਿਆਵੇਗੀ। ਵਿਕਾਸ ਲੜੀ ਦੇ ਇਸੇ ਦੌਰ ’ਚ ਅਸੀਂ ਅੱਗੇ ਵਧਦੇ ਜਾਵਾਂਗੇ। ਪਹਿਲਾਂ ਜਿਸ ਕੰਮ ’ਚ ਸਮਾਂ, ਪੈਸਾ, ਕਿਰਤ ਖਰਚ ਹੁੰਦੀ ਸੀ, ਅੱਜ ਉਹੀ ਕੰਮ ਇਕ ਥਾਂ ’ਤੇ ਬੈਠੇ-ਬੈਠੇ ਹੋ ਜਾਂਦਾ ਹੈ। ਅਜਿਹੇ ’ਚ ਇਹ ਗੱਲ ਸਾਫ ਹੈ ਕਿ 5ਜੀ ਦੇ ਆਉਣ ਨਾਲ ਦੇਸ਼ ਦੇ ਮੁੱਢਲੇ ਢਾਂਚੇ ’ਚ ਕਈ ਗੁਣਾ ਸਪੀਡ ਵਧੇਗੀ।
ਇਸ ਦੀ ਸਪੀਡ ਇੰਨੀ ਤੇਜ਼ ਹੋਵੇਗੀ ਕਿ ਘਟਨਾ ਹੁੰਦੇ ਹੀ ਉਸ ਦੀ ਸੂਚਨਾ ਪਹੁੰਚ ਸਕੇਗੀ। ਰੀਅਲ ਟਾਈਮ ’ਚ ਗੱਲਬਾਤ ਹੋ ਸਕੇਗੀ। ਇਸ ਤਕਨੀਕ ਤੋਂ ਗੀਗਾਬਾਈਟਸ ਪ੍ਰਤੀ ਸੈਕੰਡ ਦੀ ਤੇਜ਼ੀ ਨਾਲ ਡਾਟਾ ਟ੍ਰਾਂਸਫਰ ਹੋਵੇਗਾ, ਇਹ ਸਪੀਡ ਇੰਨੀ ਵੱਧ ਹੋਵੇਗੀ ਕਿ ਪਲਕ ਝਪਕਦੇ ਹੀ ਐਕਸੈੱਸ ਹੋਵੇਗਾ ਅਤੇ ਕੰਮ ਨੂੰ ਕਾਫੀ ਸੌਖਾ ਕਰ ਦੇਵੇਗਾ। ਆਉਣ ਵਾਲੇ ਸਮੇਂ ’ਚ ਇਸ ’ਚ ਘਰੇਲੂ ਅਤੇ ਦਫਤਰ ਦੀਆਂ ਸਾਰੀਆਂ ਮਸ਼ੀਨਾਂ ਇਕ-ਦੂਜੇ ਨਾਲ ਕੁਨੈਕਟ ਹੋਣਗੀਆਂ ਅਤੇ ਉਨ੍ਹਾਂ ਨੂੰ ਅਪਡੇਟ ਕਰਨ ’ਚ ਲੱਗਾ ਸਮਾਂ ਘੱਟ ਹੋ ਜਾਵੇਗਾ।
5-ਜੀ ਤਕਨੀਕ ਅੱਜ ਸਮੇਂ ਦੀ ਮੰਗ ਹੈ ਪਰ 5ਜੀ ਨੂੰ ਸਥਾਪਤ ਕਰਨ ’ਚ ਚੁਣੌਤੀਆਂ ਵੀ ਹਜ਼ਾਰ ਹਨ। ਸੰਚਾਰ ਵਿਕਾਸ ਲੜੀ ’ਚ 1-ਜੀ ਤੋਂ 4-ਜੀ ਤੱਕ ਦੀ ਸਥਿਤੀ ਦਾ ਤੁਲਨਾਤਮਕ ਅਧਿਐਨ ਕਰੀਏ ਤਾਂ ਇਹ ਸਾਫ ਦਿਸਦਾ ਹੈ ਕਿ ਜਿਵੇਂ-ਜਿਵੇਂ ਅਸੀਂ ਅੱਗੇ ਵਧੇ ਹਾਂ ਉਵੇਂ-ਉਵੇਂ ਵਾਤਾਵਰਣ ਸਮੇਤ ਸਜੀਵ ਪ੍ਰਾਣੀਆਂ ਲਈ ਇਹ ਖਤਰਨਾਕ ਸਿੱਧ ਹੋਇਆ ਹੈ। ਸਾਈਬਰ ਸਮੱਸਿਆ ਸਭ ਤੋਂ ਵੱਧ ਤੇਜ਼ੀ ਨਾਲ ਵਧੀ ਹੈ। ਮਾਨਸਿਕ ਅਤੇ ਸਮਾਜਿਕ ਤੌਰ ’ਤੇ ਵੀ ਇਨਸਾਨ ਕਮਜ਼ੋਰ ਹੋਇਆ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਕੱਢੇ ਬਿਨਾਂ, ਫਿਰ ਨਵੀਂ ਰਫਤਾਰ ਨਾਲ ਤਰੱਕੀ ਦੀ ਦੌੜ ’ਚ ਮੁਕਾਬਲੇਬਾਜ਼ੀ ਚੱਲ ਰਹੀ ਹੈ। 5-ਜੀ ਨਾਲ ਰੇਡੀਏਸ਼ਨ ਦਾ ਹੋਰ ਵੱਧ ਖਤਰਾ ਵਧੇਗਾ। ਬੀਮਾਰੀਆਂ ਦੇ ਕਈ ਨਵੇਂ ਸਰੂਪ ਪੈਦਾ ਹੋਣਗੇ, ਸਜੀਵ ਪ੍ਰਾਣੀਆਂ ’ਤੇ ਇਸ ਦਾ ਸਿੱਧਾ ਅਸਰ ਦਿਸੇਗਾ।
5-ਜੀ ਨਾਲ ਤਰੱਕੀ ਦੀ ਦੌੜ ਬੇਸ਼ੱਕ ਸੌਖੀ ਹੋ ਜਾਵੇਗੀ ਪਰ ਪਿੱਛੇ ਦੇਖਣ ’ਤੇ ਬਹੁਤ ਕੁਝ ਛੁਟਦਾ ਜਾ ਰਿਹਾ ਹੈ। ਡਿਜੀਟਲ ਤਕਨੀਕ ਨਾਲ ਜਿੰਨੇ ਅਸੀਂ ਮਜ਼ਬੂਤ ਹੋ ਰਹੇ ਹਾਂ, ਸਰੀਰਕ ਤੌਰ ’ਤੇ ਓਨੇ ਹੀ ਕਮਜ਼ੋਰ ਹੋ ਚੱਲੇ ਹਾਂ। ਅਜਿਹੀ ਸਥਿਤੀ ’ਚ ਅਸੀਂ ਵਿਕਾਸ ਦੀ ਲੜੀ ’ਚ ਬੇਸ਼ੱਕ ਕਈ ਨਵੇਂ ਮੀਲ ਪੱਥਰ ਸਥਾਪਤ ਕਰ ਲਈਏ ਪਰ ਜਦੋਂ ਮਨੁੱਖ ਜ਼ਿੰਦਾ ਹੀ ਨਹੀਂ ਰਹੇਗਾ ਤਾਂ ਤਰੱਕੀ ਕਿਸ ਕੰਮ ਦੀ? ਮਨੁੱਖ ਆਪਣੀਆਂ ਸਹੂਲਤਾਂ ਦੀ ਖੋਜ ’ਚ ਹੌਲੀ-ਹੌਲੀ ਖੁਦ ਨੂੰ ਖਤਮ ਕਰਦਾ ਜਾ ਰਿਹਾ ਹੈ। ਮਨੁੱਖੀ ਜ਼ਿੰਦਗੀ ਜਿੱਥੇ 100 ਸਾਲ ਦੀ ਪਹਿਲਾਂ ਆਮ ਤੌਰ ’ਤੇ ਹੁੰਦੀ ਸੀ, ਉਹ ਹੁਣ ਔਸਤਨ 70 ਸਾਲ ਤੱਕ ਰਹਿ ਗਈ ਹੈ। ਇਸ ਦਾ ਕਾਰਨ ਸਿਰਫ ਰੇਡੀਏਸ਼ਨ ਹੀ ਨਹੀਂ ਸਗੋਂ ਹੋਰ ਵੀ ਕਈ ਕਾਰਨ ਹਨ ਪਰ ਜਿੰਨੀ ਤੇਜ਼ੀ ਨਾਲ ਅਸੀਂ ਅੱਗੇ ਵਧ ਰਹੇ ਹਾਂ, ਨਿਤ ਨਵੀਆਂ ਖੋਜਾਂ ਹੋ ਰਹੀਆਂ ਹਨ, ਪ੍ਰੇਸ਼ਾਨੀਆਂ ਵੀ ਓਨੀਆਂ ਜ਼ਿਆਦਾ ਖੜ੍ਹੀਆਂ ਹੋ ਰਹੀਆਂ ਹਨ। ਅਜਿਹੇ ’ਚ ਇਨ੍ਹਾਂ ਤੋਂ ਛੁਟਕਾਰੇ ਦਾ ਤਰੀਕਾ ਵੀ ਸਾਨੂੰ ਲੱਭਣਾ ਹੋਵੇਗਾ ਨਹੀਂ ਤਾਂ ਉਹ ਿਦਨ ਦੂਰ ਨਹੀਂ ਜਦੋਂ ਅਸੀਂ ਵਿਕਾਸ ਦੀ ਥਾਂ ਵਿਨਾਸ਼ ਵੱਲ ਵਧ ਰਹੇ ਹੋਵਾਂਗੇ।
‘ਹੈਦਰ ਉਦਾਸ ਏ ਅੰਮਾਂ!’, ਇਕ ਕਹਾਣੀ ਵਾਹਗਿਓਂ ਪਾਰ ਦੀ
NEXT STORY