ਜਦੋਂ ਵੀ ਮੈਂ ਦਰਾਸ ਜਾਂਦਾ ਹਾਂ ਅਤੇ ਟਾਈਗਰ ਹਿੱਲ ਦੀਆਂ ਉੱਚਾਈਆਂ ਨੂੰ ਵੇਖਦਾ ਹਾਂ, ਤਾਂ ਇੰਝ ਲੱਗਦਾ ਹੈ ਜਿਵੇਂ ਸਮਾਂ ਉੱਥੇ ਹੀ ਰੁਕ ਗਿਆ ਹੋਵੇ, ਜਿੱਥੇ ਉੱਚੀਆਂ ਪਹਾੜੀਆਂ ’ਤੇ ਸਾਡੇ ਜਵਾਨਾਂ ਨੇ ਮਾਤ ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਮੈਂ ਉੱਥੇ ਕਈ ਵਾਰ ਗਿਆ ਹਾਂ ਅਤੇ ਹਰ ਵਾਰ ਜਦੋਂ ਮੈਂ ਉਸ ਧਰਤੀ ’ਤੇ ਕਦਮ ਰੱਖਦਾ ਹਾਂ, ਤਾਂ ਮੈਨੂੰ ਇਕ ਡੂੰਘੀ ਭਾਵਨਾ ਮਹਿਸੂਸ ਹੁੰਦੀ ਹੈ, ਇਕ ਅਜਿਹੀ ਭਾਵਨਾ ਜੋ ਨਾ ਤਾਂ ਸ਼ਬਦਾਂ ਵਿਚ ਪ੍ਰਗਟ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਭੁੱਲੀ ਜਾ ਸਕਦੀ ਹੈ।
ਕਾਰਗਿਲ ਦਾ ਉਹ ਭਿਆਨਕ ਦ੍ਰਿਸ਼ ਅੱਜ ਵੀ ਚੇਤਿਆਂ ਵਿਚ ਜ਼ਿੰਦਾ ਹੋ ਜਾਂਦਾ ਹੈ। ਪਹੁੰਚ ਤੋਂ ਬਾਹਰ, ਤਿੱਖੇ, ਸਿੱਧੇ ਖੜ੍ਹੇ ਪਹਾੜ, ਜਿਨ੍ਹਾਂ ’ਤੇ ਸਾਡੇ ਬਹਾਦਰ ਸੈਨਿਕ ਦੁਸ਼ਮਣ ਦੀਆਂ ਅੱਗ ਵਰ੍ਹਾਉਂਦੀਆਂ ਤੋਪਾਂ ਅਤੇ ਗੋਲੀਆਂ ਦੀ ਵਾਛੜ ਦੇ ਵਿਚਕਾਰ ਅਦੁੱਤੀ ਹਿੰਮਤ ਨਾਲ ਚੜ੍ਹੇ ਸਨ। ਉਨ੍ਹਾਂ ਨੇ ਦੇਸ਼ ਦੀ ਪਛਾਣ, ਭਾਰਤ ਮਾਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਜਦੋਂ ਵੀ ਮੈਂ ਇਸ ਵਿਸ਼ੇ ’ਤੇ ਲਿਖਦਾ ਹਾਂ, ਮੇਰਾ ਮਨ ਜਿਵੇਂ ਉਨ੍ਹਾਂ ਹੀ ਵੀਰਭੂਮੀਆਂ ’ਚ ਵਿਚਰਨ ਲੱਗਦਾ ਹੈ। ਮੈਨੂੰ ਪ੍ਰਤੀਤ ਹੁੰਦਾ ਹੈ ਜਿਵੇਂ ਮੈਂ ਖੁਦ ਉਨ੍ਹਾਂ ਚੱਟਾਨਾਂ, ਉਨ੍ਹਾਂ ਵਾਦੀਆਂ ਅਤੇ ਉਨ੍ਹਾਂ ਔਖੇ ਰਸਤਿਆਂ ਵਿਚੋਂ ਲੰਘ ਰਿਹਾ ਹਾਂ ਜਿੱਥੇ ਸਾਡੇ ਸੈਨਿਕਾਂ ਨੇ ਆਪਣਾ ਖੂਨ ਵਹਾਇਆ ਸੀ। ਕਾਰਗਿਲ ਦੀ ਹਰ ਚੋਟੀ, ਹਰ ਪੱਥਰ, ਹਰ ਕੰਕਰ ਬਹਾਦਰੀ ਦੇ ਪ੍ਰਤੀਕ ਵਜੋਂ ਖੜ੍ਹਾ ਹੈ। ਉੱਥੋਂ ਦੀਆਂ ਹਵਾਵਾਂ ਅਜੇ ਵੀ ਸਾਡੇ ਸੈਨਿਕਾਂ ਦੀਆਂ ਕੁਰਬਾਨੀਆਂ ਦੀ ਗੂੰਜ ਹਨ ਜੋ ਭਾਰਤ ਮਾਤਾ ਦੀ ਮਹਾਨਤਾ ਦਾ ਗੁਣਗਾਨ ਕਰਦੀਆਂ ਹਨ।
ਉੱਥੇ ਦੇ ਸਮਾਰਕ ’ਤੇ ਲਿਖੇ 559 ਨਾਂ ਸਿਰਫ਼ ਸ਼ਹੀਦਾਂ ਦੀ ਸੂਚੀ ਨਹੀਂ ਹਨ, ਉਹ ਭਾਰਤ ਮਾਤਾ ਦੇ ਬਹਾਦਰ ਪੁੱਤਰਾਂ ਦੀਆਂ ਅਮਰ ਕਹਾਣੀਆਂ ਹਨ। ਟਾਈਗਰ ਹਿੱਲ ਨੂੰ ਦੇਖ ਕੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਸੈਨਿਕਾਂ ਨੇ ਕਿਨ੍ਹਾਂ ਅਸੰਭਵ ਹਾਲਤਾਂ ਵਿਚ ਲੜਾਈ ਲੜੀ, ਚੋਟੀਆਂ ’ਤੇ ਚੜ੍ਹਾਈ ਕੀਤੀ ਅਤੇ ਤਿਰੰਗਾ ਲਹਿਰਾਇਆ। ਉਥੋਂ ਦੀ ਹਵਾ ਵਿਚ ਇਕ ਅਣਕਿਹਾ ਆਕਰਸ਼ਣ ਹੈ, ਜੋ ਜ਼ਮੀਰ ਨੂੰ ਝੰਜੋੜ ਦਿੰਦਾ ਹੈ, ਜੋ ਹਰ ਭਾਰਤੀ ਨੂੰ ਯਾਦ ਦਿਵਾਉਂਦਾ ਹੈ ਕਿ ਦੇਸ਼ ਸਿਰਫ਼ ਸ਼ਬਦਾਂ ਨਾਲ ਨਹੀਂ, ਸਗੋਂ ਕੁਰਬਾਨੀ ਦੀ ਆਖਰੀ ਸੀਮਾ ਤੱਕ ਜਾਣ ਨਾਲ ਸੁਰੱਖਿਅਤ ਹੈ।
ਕਾਰਗਿਲ ਵਿਜੇ ਦਿਵਸ ’ਤੇ ਭਾਰਤ 1999 ਦੇ ਕਾਰਗਿਲ ਯੁੱਧ ਵਿਚ ਸਾਡੀਆਂ ਫੌਜਾਂ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ। ਇਹ ਦਿਨ ਸਾਡੇ ਰਾਸ਼ਟਰੀ ਇਤਿਹਾਸ ਵਿਚ ਮਾਣ ਨਾਲ ਉੱਕਰਿਆ ਹੋਇਆ ਹੈ। ਹਰ ਸਾਲ 26 ਜੁਲਾਈ ਨੂੰ ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿਚ ਅਮਰ ਜਵਾਨ ਜੋਤੀ ਵਰਗੇ ਸਮਾਰਕਾਂ ’ਤੇ ਕਾਰਗਿਲ ਦੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਿਚ ਰਾਸ਼ਟਰ ਦੀ ਅਗਵਾਈ ਕਰਦੇ ਹਨ।
ਕਾਰਗਿਲ ਯੁੱਧ ਅਸਾਧਾਰਨ ਬਹਾਦਰੀ ਦਾ ਇਕ ਵਿਲੱਖਣ ਅਧਿਆਏ ਸੀ। ਭਾਰਤ ਦੇ 559 ਸੈਨਿਕਾਂ ਅਤੇ ਅਧਿਕਾਰੀਆਂ ਨੇ ਮਾਤ ਭੂਮੀ ਦੀ ਰੱਖਿਆ ਵਿਚ ਸਰਵਉੱਚ ਕੁਰਬਾਨੀ ਦਿੱਤੀ। ਸਾਡੇ ਸੈਨਿਕਾਂ ਦੀ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਦੇ ਬਲ ’ਤੇ, ਫੌਜ ਨੇ ਤੋਲੋਲਿੰਗ ਅਤੇ ਟਾਈਗਰ ਹਿੱਲ ਵਰਗੀਆਂ ਮਹੱਤਵਪੂਰਨ ਚੋਟੀਆਂ ਨੂੰ ਦੁਸ਼ਮਣ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ। ਕਾਰਗਿਲ ਯੁੱਧ ਤੋਂ ਕੁਝ ਮਹੀਨੇ ਪਹਿਲਾਂ, ਸਾਬਕਾ ਪ੍ਰਧਾਨ ਮੰਤਰੀ ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਬੱਸ ਰਾਹੀਂ ਲਾਹੌਰ ਗਏ ਅਤੇ ਸਥਾਈ ਸ਼ਾਂਤੀ ਦੀ ਉਮੀਦ ਵਿਚ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾਇਆ ਸੀ।
ਪਰ ਧੋਖੇਬਾਜ਼ ਪਾਕਿਸਤਾਨ ਨੇ ਇਸ ਸਦਭਾਵਨਾ ਦਾ ਜਵਾਬ ਵਿਸ਼ਵਾਸਘਾਤ ਨਾਲ ਦਿੱਤਾ। ਗੁਪਤ ਤੌਰ ’ਤੇ ਇਸ ਨੇ ਕਾਰਗਿਲ ਦੀਆਂ ਪਹਾੜੀਆਂ ’ਤੇ ਕਬਜ਼ਾ ਕਰਨ ਲਈ ਆਪਣੀ ਫੌਜ ਭੇਜੀ, ਜੋ ਕਿ ਦੋਵਾਂ ਦੇਸ਼ਾਂ ਵਿਚਕਾਰ ਲਾਹੌਰ ਸਮਝੌਤੇ ਦੀ ਖੁੱਲ੍ਹੀ ਉਲੰਘਣਾ ਸੀ। ਵਾਜਪਾਈ ਜੀ ਨੇ ਸਾਡੀਆਂ ਹਥਿਆਰਬੰਦ ਫੌਜਾਂ ਨੂੰ ਢੁੱਕਵਾਂ ਜਵਾਬ ਦੇਣ ਲਈ ਪੂਰੀ ਆਜ਼ਾਦੀ ਦਿੱਤੀ ਅਤੇ ਭਾਰਤ ਦੇ ਹੱਕ ਵਿਚ ਵਿਸ਼ਵਵਿਆਪੀ ਸਮਰਥਨ ਵੀ ਇਕੱਠਾ ਕੀਤਾ ਅਤੇ ਭਾਰਤ ਕਾਰਗਿਲ ਯੁੱਧ ਵਿਚ ਜੇਤੂ ਬਣਿਆ।
ਰਾਜਨੀਤਿਕ ਤੌਰ ’ਤੇ ਵੀ ਕਾਰਗਿਲ ਦੀ ਜਿੱਤ ਨੇ ਦਿਖਾਇਆ ਕਿ ਮਜ਼ਬੂਤ ਅਤੇ ਫੈਸਲਾਕੁੰਨ ਲੀਡਰਸ਼ਿਪ ਦਾ ਕੋਈ ਬਦਲ ਨਹੀਂ ਹੈ। ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਭਾਰਤ ਦੇ ਰਾਸ਼ਟਰੀ ਹਿੱਤਾਂ ਦੀ ਦ੍ਰਿੜ੍ਹ ਰੱਖਿਆ ਨੂੰ ਸਰਵਉੱਚ ਮੰਨਿਆ ਹੈ। ਕਾਰਗਿਲ ਯੁੱਧ ਨੇ ਸਾਡੀ ਇਸ ਨੀਤੀ ਨੂੰ ਸਹੀ ਸਾਬਤ ਕੀਤਾ। ਕੁਝ ਲੋਕਾਂ ਨੇ ਸਮੇਂ-ਸਮੇਂ ’ਤੇ ਨਰਮ ਰਵੱਈਆ ਅਪਣਾਉਣ ਜਾਂ ਥੋੜ੍ਹੇ ਸਮੇਂ ਦੀ ਸ਼ਾਂਤੀ ਲਈ ਸਮਝੌਤਾ ਕਰਨ ਦੀ ਗੱਲ ਕੀਤੀ, ਪਰ ਵਾਜਪਾਈ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਨੇ ਸਪੱਸ਼ਟ ਕੀਤਾ ਕਿ ਹਮਲੇ ਦਾ ਜਵਾਬ ਦ੍ਰਿੜ੍ਹ ਵਿਰੋਧ ਨਾਲ ਹੀ ਦਿੱਤਾ ਜਾਵੇਗਾ।
ਕਾਰਗਿਲ ਦੀ ਵਿਰਾਸਤ ਸਿਰਫ਼ ਯਾਦਾਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਨੇ ਸਾਨੂੰ ਇਕ ਨਵੇਂ ਇਰਾਦੇ ਨਾਲ ਵੀ ਭਰ ਦਿੱਤਾ ਹੈ, ਇਕ ਮਜ਼ਬੂਤ ਅਤੇ ਸੁਰੱਖਿਅਤ ਭਾਰਤ ਬਣਾਉਣ ਦਾ ਇਰਾਦਾ। 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਸਾਡੇ ਸੈਨਿਕਾਂ ਦੇ ਸਨਮਾਨ ਅਤੇ ਸਤਿਕਾਰ ਨੂੰ ਵਧਾਉਣ ਨੂੰ ਆਪਣਾ ਟੀਚਾ ਬਣਾਇਆ ਹੈ।
ਇਕ ਰੈਂਕ, ਇਕ ਪੈਨਸ਼ਨ ਵਰਗੀ ਯੋਜਨਾ, ਜੋ ਦਹਾਕਿਆਂ ਤੋਂ ਅਟਕ ਗਈ ਸੀ, ਨੂੰ ਅਾਖਿਰਕਾਰ ਲਾਗੂ ਕੀਤਾ ਗਿਆ, ਜਿਸ ਨਾਲ ਸਾਬਕਾ ਸੈਨਿਕਾਂ ਨੂੰ ਨਿਆਂ ਮਿਲਿਆ। ਸਾਡੀਆਂ ਫੌਜਾਂ ਨੂੰ ਆਧੁਨਿਕ ਹਥਿਆਰਾਂ ਅਤੇ ਤਕਨਾਲੋਜੀ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਸਰਹੱਦੀ ਬੁਨਿਆਦੀ ਢਾਂਚੇ ਨੂੰ ਇੰਨਾ ਮਜ਼ਬੂਤ ਬਣਾਇਆ ਗਿਆ ਹੈ ਕਿ ਫੌਜ ਕਿਸੇ ਵੀ ਖ਼ਤਰੇ ਦਾ ਢੁੱਕਵਾਂ ਜਵਾਬ ਦੇ ਸਕਦੀ ਹੈ। ਓਨਾ ਹੀ ਮਹੱਤਵਪੂਰਨ ਇਹ ਹੈ ਕਿ ਜਵਾਨਾਂ ਲਈ ਸਤਿਕਾਰ ਦੀ ਇਕ ਨਵੀਂ ਸੰਸਕ੍ਰਿਤੀ ਸਥਾਪਤ ਕੀਤੀ ਗਈ ਹੈ।
ਹੁਣ ਹਰ ਦੀਵਾਲੀ ’ਤੇ ਪ੍ਰਧਾਨ ਮੰਤਰੀ ਅਗਲੀਆਂ ਚੌਕੀਆਂ ’ਤੇ ਜਾਂਦੇ ਹਨ ਅਤੇ ਸੈਨਿਕਾਂ ਨਾਲ ਤਿਉਹਾਰ ਮਨਾਉਂਦੇ ਹਨ। ਸਾਲ 2022 ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਾਰਗਿਲ ਵਿਚ ਸੈਨਿਕਾਂ ਨਾਲ ਦੀਵਾਲੀ ਮਨਾਈ, ਇਹ ਸੰਦੇਸ਼ ਦਿੱਤਾ ਕਿ ਦੇਸ਼ ਹਰ ਪਲ ਇਨ੍ਹਾਂ ਪਹਿਰੇਦਾਰਾਂ ਦੇ ਨਾਲ ਖੜ੍ਹਾ ਹੈ। ਇਕ ਇਤਿਹਾਸਕ ਪਹਿਲਕਦਮੀ ਵਿਚ ਅੰਡੇਮਾਨ ਅਤੇ ਨਿਕੋਬਾਰ ਦੇ 21 ਟਾਪੂਆਂ ਦਾ ਨਾਂ ਪਰਮ ਵੀਰ ਚੱਕਰ ਜੇਤੂਆਂ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਵਿਚ ਕਾਰਗਿਲ ਨਾਇਕ ਵੀ ਸ਼ਾਮਲ ਹਨ, ਤਾਂ ਜੋ ਉਨ੍ਹਾਂ ਦੀ ਬਹਾਦਰੀ ਹਮੇਸ਼ਾ ਲਈ ਅਮਰ ਰਹੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਣਾ ਮਿਲਦੀ ਰਹੇ। ਕਾਰਗਿਲ ਵਿਜੇ ਦਿਵਸ ਸਾਡੇ ਲਈ ਇਕ ਰਾਸ਼ਟਰ ਵਜੋਂ ਆਪਣੀ ਏਕਤਾ ਅਤੇ ਸੰਕਲਪ ਦੀ ਪੁਸ਼ਟੀ ਕਰਨ ਦਾ ਦਿਨ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਰਤ ਦੀ ਪ੍ਰਭੂਸੱਤਾ ਅਤੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਅਤੇ ਸਾਨੂੰ ਹਮੇਸ਼ਾ ਸੁਚੇਤ ਅਤੇ ਤਿਆਰ ਰਹਿਣਾ ਪਵੇਗਾ।
ਜੈ ਹਿੰਦ!
ਤਰੁਣ ਚੁੱਘ (ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)
ਵਿਆਹੁਤਾ ਬੰਧਨ ਅਤੇ ਪ੍ਰੇਮ ਦੀ ਪ੍ਰਤੀਕ ‘ਹਰਿਆਲੀ ਤੀਜ’
NEXT STORY