ਦੇਸ਼ ’ਚ ਮਿਲਾਵਟਖੋਰੀ ਅਤੇ ਮੁਨਾਫਾਖੋਰੀ ਆਮ ਹੋ ਗਈ ਹੈ। ਅੱਜ ਤੋਂ ਨਹੀਂ ਹੈ ਇਹ। ਆਜ਼ਾਦੀ ਤੋਂ ਬਾਅਦ ਇਸ ’ਚ ਕੋਈ ਸੁਧਾਰ ਨਹੀਂ ਹੋਇਆ। ਇਮਾਨਦਾਰੀ ਹੁਣ ਕੋਈ ਪੈਮਾਨਾ ਨਹੀਂ ਹੈ। ਕੌਣ ਕਿੱਥੇ, ਕਿੰਨਾ, ਕਿਸ ਨੂੰ ਨੋਚ ਸਕਦਾ ਹੈ, ਇਹ ਆਮ ਪੈਮਾਨਾ ਹੈ। ਅੱਜ ਤੋਂ 4-5 ਦਹਾਕੇ ਪਹਿਲਾਂ ਕਿਹਾ ਜਾਂਦਾ ਸੀ-ਤਨਖਾਹ ਤਾਂ ਠੀਕ ਹੈ, ਇਨਕਮ ਕਿੰਨੀ ਹੈ। ਅੱਜ ਇਨਕਮ ਦੀ ਗੱਲ ਵੱਧ ਹੁੰਦੀ ਹੈ। ਸਿਰਫ ਸਰਕਾਰੀ ਨੌਕਰੀ ’ਚ ਹੀ ਨਹੀਂ, ਵਪਾਰ ’ਚ ਹੋਰ ਵੀ ਵੱਧ। ਇਹ ਸਮੱਸਿਆ ਸਮਾਜ ਦੇ ਚਰਿੱਤਰ ਦੇ ਪਤਨ ਦੇ ਗੰਭੀਰ ਸੰਕੇਤ ਦਿੰਦੀ ਹੈ।
ਸਰਦ ਰੁੱਤ ਦੇ ਸੈਸ਼ਨ ’ਚ ਰਾਜ ਸਭਾ ’ਚ ਪੇਸ਼ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ, ਪਿਛਲੇ 5 ਸਾਲਾਂ ’ਚ ਜਿੰਨੀਆਂ ਵੀ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ’ਚ ਹਰ ਪੰਜਵੇਂ ਸੈਂਪਲ ’ਚ ਮਿਲਾਵਟ ਫੜੀ ਗਈ। ਕੁੱਲ 1.7 ਲੱਖ ਤੋਂ ਵੱਧ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਅਸੁਰੱਖਿਅਤ ਪਾਏ ਗਏ। ਖੁਰਾਕ ਸੁਰੱਖਿਆ ਯਕੀਨੀ ਬਣਾਉਣਾ ਕੇਂਦਰ ਅਤੇ ਸੂਬਾ ਦੋਵਾਂ ਦੀ ਜ਼ਿੰਮੇਵਾਰੀ ਹੈ। ਭਾਰਤ ’ਚ ਮਿਲਾਵਟਖੋਰੀ ਰੋਕਣ ਲਈ ਬਹੁਪੱਧਰੀ ਵਿਵਸਥਾ ਹੈ। ਇਸ ’ਚ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਪ੍ਰਮੁੱਖ ਹੈ। ਇਹ ਮਨੁੱਖੀ ਵਰਤੋਂ ਲਈ ਸੁਰੱਖਿਅਤ ਭੋਜਨ ਯਕੀਨੀ ਬਣਾਉਣ ਲਈ ਮਾਪਦੰਡ ਬਣਾਉਂਦੀ ਹੈ। ਲਾਇਸੈਂਸਿੰਗ ਅਤੇ ਰਜਿਸਟ੍ਰੇਸ਼ਨ ਰਾਹੀਂ ਖੁਰਾਕ ਸੰਬੰਧੀ ਕਾਰੋਬਾਰਾਂ ਦੀ ਰੈਗੂਲੇਸ਼ਨ ਇਹੀ ਕਰਦੀ ਹੈ।
ਖੁਰਾਕ ਸੁਰੱਖਿਆ ਅਤੇ ਮਾਪਦੰਡ ਕਾਨੂੰਨ-2006 ਐੱਫ. ਐੱਸ. ਐੱਸ. ਏ. ਆਈ. ਨੂੰ ਮਿਲਾਵਟ ਨੂੰ ਕਾਬੂ ਕਰਨ ਦੀਆਂ ਸ਼ਕਤੀਆਂ ਦਿੰਦਾ ਹੈ। ਇਸ ਦੇ ਇਲਾਵਾ ਖਪਤਕਾਰ ਸੁਰੱਖਿਆ ਕਾਨੂੰਨ-2019 ਤਹਿਤ ਖਪਤਕਾਰਾਂ ਨੂੰ ਵੀ ਮਿਲਾਵਟ ਦੇ ਵਿਰੁੱਧ ਸ਼ਿਕਾਇਤ ਕਰਨ ਅਤੇ ਮੁਆਵਜ਼ੇ ਦਾ ਦਾਅਵਾ ਕਰਨ ਦਾ ਅਧਿਕਾਰ ਹੈ। ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀ ਧਾਰਾ 272 ਅਤੇ 273 ’ਚ ਖੁਰਾਕੀ ਪਦਾਰਥਾਂ ’ਚ ਮਿਲਾਵਟ ਲਈ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।
ਪਰ ਇਹ ਸਭ ਵਿਵਸਥਾ ਕਾਗਜ਼ਾਂ ’ਤੇ ਹੈ ਜਿਸ ’ਤੇ ਅਫਸਰਸ਼ਾਹੀ ਘੱਟੇ ਦੀ ਮੋਟੀ ਪਰਤ ਵਾਂਗ ਸਵਾਰ ਹੈ। ਲਾਇਸੈਂਸਿੰਗ ਅਤੇ ਜਾਂਚ ਦੇ ਕੰਮ ਅਕਸਰ ਭ੍ਰਿਸ਼ਟਾਚਾਰ ਦੀ ਦਲਦਲ ’ਚ ਡੁੱਬ ਜਾਂਦੇ ਹਨ ਅਤੇ ਆਮ ਲੋਕਾਂ ਨੂੰ ਮਿਲਾਵਟਖੋਰੀ ਦਾ ਸ਼ਿਕਾਰ ਬਣ ਕੇ ਗੰਭੀਰ ਬੀਮਾਰੀਆਂ ਨਾਲ ਪੀੜਤ ਹੋਣ ਲਈ ਛੱਡ ਦਿੱਤਾ ਜਾਂਦਾ ਹੈ। ਖੁਰਾਕੀ ਪਦਾਰਥਾਂ ਦੀ ਜਾਂਚ ਸਾਡੇ ਦੇਸ਼ ’ਚ ਅਕਸਰ ਦੀਵਾਲੀ ਤੇ ਸੂਬਿਆਂ ’ਚ ਕੁਝ ਪ੍ਰਮੁੱਖ ਤਿਉਹਾਰਾਂ ਤੋਂ ਪਹਿਲਾਂ ਹੋਣ ਵਾਲੀ ਸਾਲਾਨਾ ਕਮਾਈ ਦਾ ਉਤਸਵ ਭਰ ਹੁੰਦੀ ਹੈ। ਥੋੜ੍ਹਾ-ਬਹੁਤਾ ਮਿਲਾਵਟੀ ਖੋਆ, ਗੰਦੀਆਂ ਰਸੋਈਆਂ ’ਚ ਪੱਕ ਰਹੇ ਪਕਵਾਨਾਂ ਨੂੰ ਸੁੱਟਦੇ-ਉਲਟਦੇ ਹਨ। ਇਸ ਦਹਿਸ਼ਤ ਰਾਹੀਂ ਵਸੂਲੀ ਵੱਧ ਹੁੰਦੀ ਹੈ ਅਤੇ ਮਿਲਾਵਟਖੋਰੀ ਦੇ ਮਾਮਲੇ ਘੱਟ ਦਰਜ ਕੀਤੇ ਜਾਂਦੇ ਹਨ।
ਇਹੀ ਕਾਰਨ ਹੈ ਕਿ ਦੇਸ਼ ’ਚ ਜ਼ਹਿਰੀਲੀਆਂ ਦਵਾਈਆਂ ਨਾਲ ਬੱਚੇ ਮਾਰੇ ਜਾਂਦੇ ਹਨ, ਲੋਕਾਂ ਦੀਆਂ ਕਿਡਨੀਆਂ ਫੇਲ ਹੋ ਜਾਂਦੀਆਂ ਹਨ, ਲੀਵਰ ਖਰਾਬ ਹੋ ਜਾਂਦਾ ਹੈ, ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ਨਰਕ ਹੋ ਜਾਂਦੀ ਹੈ ਪਰ ਨੇਤਾ ਅਤੇ ਅਧਿਕਾਰੀਆਂ ਦੀ ਸ਼ਹਿ ’ਚ ਮਿਲਾਵਟ ਦਾ ਧੰਦਾ ਬਾਦਸਤੂਰ ਜਾਰੀ ਰਹਿੰਦਾ ਹੈ। ਕੋਈ ਥੋੜ੍ਹੇ-ਬਹੁਤੇ ਮਾਮਲੇ ਨਾਟਕੀ ਢੰਗ ਨਾਲ ਫੜੇ ਵੀ ਜਾਂਦੇ ਹਨ।
ਬੀਤੀ 18 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਸੋਨ ਭੱਦਰ ’ਚ ਪੁਲਸ ਨੇ ਇਕ ਟਰੱਕ ਫੜਿਆ, ਜਿਸ ’ਚ ਚਿਪਸ ਅਤੇ ਨਮਕੀਨ ਦੇ ਪੈਕੇਟਾਂ ’ਚ ਕੋਡੀਨ ਵਾਲੇ ਸਿਰਪ ਦੀਆਂ ਸ਼ੀਸ਼ੀਆਂ ਲੁਕੋ ਕੇ ਸਪਲਾਈ ਕੀਤੀਆਂ ਜਾ ਰਹੀਆਂ ਸਨ। ਬਾਅਦ ’ਚ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਵਿਭਾਗ ਦੇ ਸਕੱਤਰ ਰੋਸ਼ਨ ਜੈਕਿਬ ਨੇ ਮੀਡੀਆ ਨੂੰ ਦੱੱਸਿਆ ਕਿ ਇਹ ਸਿਰਫ ਦਵਾਈ ਨਹੀਂ ਹੈ ਸਗੋਂ ਨਸ਼ੇ ਦੇ ਰੂਪ ’ਚ ਵੇਚੀ ਜਾ ਰਹੀ ਸੀ। ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਅਤੇ ਝਾਰਖੰਡ ਦੇ ਕਈ ਨਿਰਮਾਤਾ ਕੰਪਨੀਆਂ ਦੇ ਡਿਪੂਆਂ ਦੀ ਜਾਂਚ ਕੀਤੀ ਗਈ।
279 ਸੰਸਥਾਨਾਂ ਦਾ ਨਿਰੀਖਣ ਕੀਤਾ ਗਿਆ। 32 ਮੁਲਜ਼ਮ (ਇਹ ਗਿਣਤੀ ਹੋਰ ਵੱਧ ਸਕਦੀ ਹੈ) ਗ੍ਰਿਫਤਾਰ ਕੀਤੇ ਗਏ। ਐੱਸ. ਟੀ. ਐੱਫ. ਨੇ ਅਮਿਤ ਸਿੰਘ ਟਾਟਾ ਨੂੰ ਗ੍ਰਿਫਤਾਰ ਕੀਤਾ, ਜਿਸ ਨੂੰ ਮੀਡੀਆ ’ਚ ਸਾਬਕਾ ਸੰਸਦ ਮੈਂਬਰ ਧਨੰਜਯ ਸਿੰਘ ਦਾ ਕਰੀਬੀ ਵੀ ਦੱਸਿਆ ਗਿਆ। ਇਸ ’ਤੇ ਧਨੰਜਯ ਨੂੰ ਸਫਾਈ ਵੀ ਦੇਣੀ ਪਈ।
4 ਨਵੰਬਰ ਨੂੰ ਸੋਨਭੱਦਰ ਪੁਲਸ ਨੇ ਗਾਜ਼ੀਆਬਾਦ ਪੁਲਸ ਨਾਲ ਸ਼ਹਿਰ ਦੇ ਮੱਛੀ ਗੋਦਾਮ ਕੰਪਲੈਕਸ ਤੋਂ ਕੋਡੀਨ ਵਾਲੇ ਕਫ ਸਿਰਪ ਦੀਆਂ ਡੇਢ ਲੱਖ ਸ਼ੀਸ਼ੀਆਂ ਬਰਾਮਦ ਕੀਤੀਆਂ। ਕੋਡੀਨ ਅਫੀਮ ਨਾਲ ਬਣਨ ਵਾਲੀ ਇਕ ਨਸ਼ੀਲੀ ਦਵਾਈ ਹੈ, ਜੋ ਰਸਾਇਣਕ ਤੌਰ ’ਤੇ ਹੈਰੋਇਨ ਦੇ ਬਰਾਬਰ ਹੈ। ਮੈਡੀਕਲ ਮੈਨੂਅਲ ਅਨੁਸਾਰ ਇਸ ਦੀ ਵਰਤੋਂ ਦਰਦ ਨੂੰ ਰੋਕਣ ਵਜੋ ਉਦੋਂ ਕੀਤੀ ਜਾਂਦੀ ਹੈ ਜਦੋਂ ਗੈਰ-ਓਪੀਓਇਡ ਦਵਾਈਆਂ ਅਸਰ ਨਾ ਕਰ ਰਹੀਆਂ ਹੋਣ। ਕੋਡੀਨ ਯੁਕਤ ਕੋਈ ਵੀ ਦਵਾ ਬਿਨਾਂ ਡਾਕਟਰ ਦੀ ਪਰਚੀ ਦੇ ਨਹੀਂ ਦਿੱਤੀ ਜਾ ਸਕਦੀ। ਯੂਰਪੀਅਨ ਮੈਡੀਸਨ ਏਜੰਸੀ ਮੁਤਾਬਕ ਖਾਂਸੀ ਅਤੇ ਜ਼ੁਕਾਮ ਲਈ ਕੋਡੀਨ ਦੀ ਵਰਤੋਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ ਨਹੀਂ ਦਿੱਤੀ ਜਾ ਸਕਦੀ, ਜਿਨ੍ਹਾਂ ਨੂੰ ਸਾਹ ਸੰਬੰਧੀ ਕੋਈ ਸਮੱਸਿਆ ਹੋਵੇ।
ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ ਜ਼ਹਿਰੀਲੀ ਕੋਲਡ੍ਰਿਫ ਕਫ ਸਿਰਪ ਨਾਲ ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ 15 ਤੋਂ ਵੱਧ ਬੱਚਿਆਂ ਦੀਆਂ ਮੌਤਾਂ ਹੋਈਆਂ ਸਨ। ਸ਼੍ਰੀਸਨ ਫਾਰਮਾਸਿਊਟੀਕਲਜ਼ ’ਚ ਬਣੇ ਕੋਲਡ੍ਰਿਫ ਕਫ ਸਿਰਪ ’ਚ 48.6 ਫੀਸਦੀ ਡਾਈਥਲੀਨ ਗਲਾਈਕਾਲ ਪਾਇਆ ਗਿਆ ਸੀ। ਇਹ ਇਕ ਜ਼ਹਿਰੀਲਾ ਰਸਾਇਣ ਹੈ, ਜਿਸ ਨਾਲ ਕਿਡਨੀ ਫੇਲ ਹੋ ਜਾਂਦੀ ਹੈ।
14 ਅਕਤੂਬਰ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਭਾਰਤ ’ਚ ਬਣ ਰਹੀਆਂ 3 ਮਿਲਾਵਟੀ ਦਵਾਈਆਂ ਦੀ ਪਛਾਣ ਕੀਤੀ ਸੀ। ਇਨ੍ਹਾਂ ’ਚ ਕੋਲਡ੍ਰਿਫ ਦੇ ਇਲਾਵਾ ਰੈਡਨੈਕਸ ਫਾਰਮਾਸਿਊਟੀਕਲ ਦਾ ਰੇਸਿਪਫ੍ਰੈਸ਼ ਟੀ. ਆਰ. ਅਤੇ ਸ਼ੇਫ ਫਾਰਮਾ ਦਾ ਰੀਲਾਈਫ ਸ਼ਾਮਲ ਸੀ। ਇਸ ਤਰ੍ਹਾਂ ਮਿਲਾਵਟਖੋਰੀ ਅਤੇ ਜ਼ਹਿਰ ਦੇ ਵਪਾਰੀਆਂ ਨੇ ਕੌਮਾਂਤਰੀ ਪੱਧਰ ’ਤੇ ਭਾਰਤ ਦੇ ਅਕਸ ਨੂੰ ਵੱਟਾ ਲਾਇਆ।
ਦੇਸ਼ ’ਚ ਮਿਲਾਵਟੀ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਦਾ ਧੰਦਾ ਧੜੱਲੇ ਨਾਲ ਜਾਰੀ ਹੈ। ਇਸ ਤੋਂ ਹੁਣ ਛੋਲੇ ਵੀ ਨਹੀਂ ਬਚੇ। ਦੋ ਹਫਤੇ ਪਹਿਲਾਂ ਉੱਤਰ ਪ੍ਰਦੇਸ਼ ’ਚ ਗੋਰਖਪੁਰ ਤੋਂ ਖੁਰਾਕ ਵਿਭਾਗ ਨੇ 30 ਟਨ ਮਿਲਾਵਟੀ ਭੰੁਨੇ ਹੋਏ ਛੋਲੇ ਜ਼ਬਤ ਕੀਤੇ। ਇਸ ਨੂੰ ਕੱਪੜਾ ਅਤੇ ਚਮੜਾ ਰੰਗਣ ਵਾਲੇ ਜ਼ਹਿਰੀਲੇ ਸਿੰਥੈਟਿਕ ਰੰਗ ਓਰੋਮਾਈਨ ਓ ਨਾਲ ਰੰਗ ਕੇ ਪੀਲਾ ਅਤੇ ਚਮਕਦਾਰ ਬਣਾਇਆ ਗਿਆ ਸੀ, ਜੋ ਆਪਣੇ ਅਤਿਆਧੁਨਿਕ ਕੈਂਸਰ ਵਾਲੇ ਗੁਣਾਂ ਕਾਰਨ ਸਿਹਤ ਲਈ ਗੰਭੀਰ ਖਤਰਾ ਪੈਦਾ ਕਰਦਾ ਹੈ। ਪਿਛਲੇ ਮਹੀਨੇ ਦਿੱਲੀ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਭੁੰਨੇ ਛੋਲਿਆਂ ਦੇ 200 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਇਨ੍ਹਾਂ ’ਚ 40 ਫੀਸਦੀ ਤੋਂ ਵੱਧ ਨਮੂਨਿਆਂ ’ਚ ਓਰੋਮਾਈਨ ਓ ਪਾਇਆ ਗਿਆ ਸੀ।
ਦਸੰਬਰ ਦੇ ਪਹਿਲੇ ਹਫਤੇ ’ਚ ਹੈਦਰਾਬਾਦ ’ਚ ਨਕਲੀ ਘਿਓ ਦਾ ਮਾਮਲਾ ਫੜਿਆ ਗਿਆ। ਇਸ ਮਾਮਲੇ ’ਚ 68 ਸਾਲਾ ਅੰਨਾਮਾਲੀ ਸਾਈਨਾਥਨ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਨਾਰੀਅਲ ਤੇਲ, ਪਾਮ ਆਇਲ ਅਤੇ ਡਾਲਡਾ ’ਚ ਫੂਡ ਕਲਰ ਮਿਲਾ ਕੇ ਗਾਂ ਦਾ ਨਕਲੀ ਘਿਓ ਤਿਆਰ ਕਰਦਾ ਸੀ। ਮੁਨਾਫਾਖੋਰ ਧਰਮ ਦੀ ਆੜ ’ਚ ਵੀ ਮਿਲਾਵਟ ਕਰ ਕੇ ਮੋਟੀ ਕਮਾਈ ਕਰਦੇ ਹਨ। ਇਹ ਸਭ ਨੇਤਾਵਾਂ ਦੀ ਸ਼ਹਿ ਨਾਲ ਹੀ ਸੰਭਵ ਹੋ ਸਕਦਾ ਹੈ। ਪਿਛਲੇ ਸਾਲ ਤਿਰੂਪਤੀ ਮੰਦਰ ਦੇ ਪ੍ਰਸ਼ਾਦ ’ਚ ਚੜ੍ਹਨ ਵਾਲੇ ਲੱਡੂਆਂ ’ਚ ਚਰਬੀ ਦੀ ਮਿਲਾਵਟ ਦੀ ਖਬਰ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਕਈ ਡਾਕਟਰ ਨਾਨ-ਬ੍ਰਾਂਡਿਡ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉਠਾਉਂਦੇ ਰਹੇ ਹਨ। ਪਿਛਲੇ ਿਦਨੀਂ ਹਿਮਾਚਲ ਦੇ ਬੱਦੀ ’ਚ ਛਾਪਾ ਮਾਰਿਆ ਗਿਆ ਅਤੇ ਕਈ ਦਵਾਈਆਂ ਬਣਾਉਣ ’ਚ ਗੁਣਵੱਤਾ ’ਤੇ ਸਵਾਲ ਉੱਠੇ। ਅਜਿਹਾ ਹੀ ਛਾਪਾ ਹੈਦਰਾਬਾਦ ’ਚ ਵੀ ਮਾਰਿਆ ਗਿਆ। ਇੱਥੇ ਵੀ ਇਹੀ ਸਵਾਲ ਉੱਠੇ। ਦੋਵਾਂ ਹੀ ਥਾਵਾਂ ’ਤੇ ਵੱਡੇ ਦਵਾਈਆਂ ਦੇ ਨਿਰਮਾਣ ਕੇਂਦਰ ਹਨ। ਮੁਨਾਫਾਖੋਰੀ ਦੀ ਇਸ ਖੇਡ ’ਚ ਜਿਸ ਦਾ ਫਾਇਦਾ ਹੋ ਰਿਹਾ ਹੈ ਅਤੇ ਉਸ ਫਾਇਦੇ ’ਚੋਂ ਫਾਇਦਾ ਨੇਤਾ ਅਤੇ ਅਧਿਕਾਰੀ ਉਠਾ ਰਹੇ ਹੋਣ, ਉਹ ਬੋਲਣਗੇ ਕਿਉਂ? ਇਨ੍ਹਾਂ ਮਾਮਲਿਆਂ ’ਚ ਜਦ ਤੱਕ ਸਮਰੀ ਟ੍ਰਾਇਲ (ਸੰਖੇਪ ਸੁਣਵਾਈ) ਦੀ ਵਿਵਸਥਾ ਨਹੀਂ ਹੋਵੇਗੀ ਉਦੋਂ ਤੱਕ ਗੱਲ ਨਹੀਂ ਬਣੇਗੀ। ਇਸ ’ਚ ਤੇਜ਼ੀ ਨਾਲ ਕਾਰਵਾਈ ਕਰਨੀ ਹੋਵੇਗੀ।
-ਅੱਕੂ ਸ਼੍ਰੀਵਾਸਤਵ
ਝੂਠ ਅਤੇ ਗਲਤ ਧਾਰਨਾ ਦਾ ਈਕੋਸਿਸਟਮ ਸਭ ਲਈ ਤਬਾਹਕੁੰਨ
NEXT STORY