ਡਾ. ਵੇਦਪ੍ਰਤਾਪ ਵੈਦਿਕ
ਕੱਲ ਦੋ ਮਹੱਤਵਪੂਰਨ ਘਟਨਾਵਾਂ ਹੋਈਆਂ। ਇਕ ਤਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਸੀ. ਈ. ਓ. ਡਾ. ਅਬਦੁੱਲਾ ਦੀ ਮੁਲਾਕਾਤ ਹੋਈ ਅਤੇ ਦੂਸਰੀ ਘਟਨਾ ਇਹ ਕਿ ‘ਨਿਊਯਾਰਕ ਟਾਈਮਜ਼’ ’ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਲੰਬੀ ਮੁਲਾਕਾਤ ਛਪੀ ਹੈ। ਉਸ ’ਚ ਅਫਗਾਨਿਸਤਾਨ ਦਾ ਕੇਂਦਰੀ ਵਰਨਣ ਸੀ। ਬਾਈਡੇਨ ਤੋਂ ਅਫਗਾਨ ਨੇਤਾ ਆਪਣਾ ਮਨਚਾਹਿਆ ਫਾਇਦਾ ਨਹੀਂ ਕੱਢ ਸਕੇ। ਅਫਗਾਨਿਸਤਾਨ ਅਤੇ ਪਾਕਿਸਤਾਨ ਦੋਵਾਂ ਦੀਆਂ ਸਰਕਾਰਾਂ ਚਾਹੁੰਦੀਆਂ ਹਨ ਕਿ ਅਮਰੀਕੀ ਫੌਜ ਅਫਗਾਨਿਸਤਾਨ ’ਚ ਅਜੇ ਟਿਕੀ ਰਹੇ। 11 ਸਤੰਬਰ ਨੂੰ ਵਾਪਸ ਨਾ ਪਰਤ ਜਾਵੇ। ਇਹ ਪਤਾ ਨਹੀਂ ਲੱਗਾ ਕਿ ਅਸ਼ਰਫ ਗਨੀ ਅਤੇ ਅਬਦੁੱਲਾ ਨੇ ਇਸ ਸਵਾਲ ’ਤੇ ਕਿੰਨਾ ਜ਼ੋਰ ਲਗਾਇਆ। ਉਨ੍ਹਾਂ ਦੀ ਗੱਲ ਦੇ ਜੋ ਵੇਰਵੇ ਸਾਹਮਣੇ ਆਏ ਹਨ, ਉਸ ਤੋਂ ਇਹੀ ਅੰਦਾਜ਼ਾ ਲੱਗਦਾ ਹੈ ਕਿ ਜੇਕਰ ਉਨ੍ਹਾਂ ਨੇ ਜ਼ੋਰ ਲਗਾਇਆ ਵੀ ਹੋਵੇਗਾ ਤਾਂ ਉਹ ਬੇਅਸਰ ਹੈ।
ਬਾਈਡੇਨ ਨੇ ਸਾਫ-ਸਾਫ ਕਿਹਾ ਕਿ ਅਫਗਾਨਿਸਤਾਨ ’ਚੋਂ ਅਮਰੀਕੀ ਫੌਜਾਂ ਦੀ ਵਾਪਸੀ ਤਾਂ ਹੋ ਕੇ ਹੀ ਰਹੇਗੀ। ਸਿਰਫ ਕੁਝ ਸੌ ਜਵਾਨ ਉੱਥੇ ਟਿਕੇ ਰਹਿਣਗੇ ਤਾਂ ਕਿ ਅਮਰੀਕੀ ਦੂਤਘਰ ਨੂੰ ਸੁਰੱਖਿਆ ਦੇ ਸਕਣ। ਜਿੱਥੋਂ ਤੱਕ ਕਾਬੁਲ ਹਵਾਈ ਅੱਡੇ ਦਾ ਸਵਾਲ ਹੈ, ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਰਕੀ ਦੀ ਸਰਕਾਰ ਲੈ ਰਹੀ ਹੈ ਪਰ ਅਫਗਾਨਿਸਤਾਨ ਦੇ ਸੈਂਕੜੇ ਛੋਟੇ-ਮੋਟੇ ਜ਼ਿਲਿਆਂ ਦਾ ਕੀ ਹੋਵੇਗਾ, ਇਸ ਬਾਰੇ ’ਚ ਬਾਈਡੇਨ ਨੇ ਕਿਹਾ ਕਿ ਹੁਣ ਅਫਗਾਨਿਸਤਾਨ ਆਪਣੇ ਪੈਰਾਂ ’ਤੇ ਖੜ੍ਹਾ ਹੋਵੇਗਾ। ਪਿਛਲੇ 20 ਸਾਲ ਤੋਂ ਅਮਰੀਕਾ ਉਸ ਦੀ ਸੁਰੱਖਿਆ ਕਰ ਰਿਹਾ ਸੀ ਪਰ ਹੁਣ ਇਹ ਜ਼ਿੰਮੇਵਾਰੀ ਅਫਗਾਨ ਫੌਜ ਦੀ ਹੋਵੇਗੀ।
ਇਸ ਦਾ ਭਾਵ ਇਹ ਨਹੀਂ ਕਿ ਅਮਰੀਕਾ ਅਫਗਾਨਿਸਤਾਨ ਦਾ ਸਾਥ ਛੱਡ ਦੇਵੇਗਾ। ਉਹ ਉਸ ਦੀ ਪੂਰੀ ਮਦਦ ਕਰੇਗਾ। ਉਸ ਦੀ ਸੁਰੱਖਿਆ ਦੇ ਲਈ ਉਹ 3.3 ਬਿਲੀਅਨ ਡਾਲਰ ਦੀ ਮਦਦ ਦਾ ਵੀ ਪ੍ਰਬੰਧ ਕਰ ਰਿਹਾ ਹੈ। ਅਫਗਾਨਾਂ ਨੂੰ ਖੁਦ ਤੈਅ ਕਰਨਾ ਪੈਣਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਕਿਵੇਂ ਹੋਵੇਗੀ। ਉਹ ਉਨ੍ਹਾਂ ਅਫਗਾਨ ਨਾਗਰਿਕਾਂ ਨੂੰ ਅਮਰੀਕਾ ਲੈ ਆਉਣਗੇ ਜੋ ਅਮਰੀਕੀ ਫੌਜ ਦੇ ਨਾਲ ਸਰਗਰਮ ਸਨ ਅਤੇ ਜਿਨ੍ਹਾਂ ਨੂੰ ਮਾਰ ਸੁੱਟਣ ਲਈ ਤਾਲਿਬਾਨ ਬਜ਼ਿੱਦ ਹਨ। ਬਾਈਡੇਨ ਦੀਆਂ ਇਹ ਸਾਰੀਆਂ ਗੱਲਾਂ ਬੜੀਆਂ ਚਿਕਨੀਆਂ-ਚੋਪੜੀਆਂ ਲੱਗਦੀਅਾਂ ਹਨ ਪਰ ਅਮਰੀਕਾ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕਈ ਮਾਹਿਰਾਂ ਦੇ ਨਾਲ ਹੋਈ ਮੇਰੀ ਗੱਲਬਾਤ ਦਾ ਨਤੀਜਾ ਇਹ ਨਿਕਲਦਾ ਹੈ ਕਿ ਅਗਲੇ 6 ਮਹੀਨੇ ਜਾਂ ਪੂਰੇ ਸਾਲ ’ਚ ਕਾਬੁਲ ’ਤੇ ਤਾਲਿਬਾਨ ਦਾ ਕਬਜ਼ਾ ਹੋ ਜਾਵੇਗਾ। ਕਈ ਅਫਗਾਨ ਨੇਤਾ ਮੇਰੇ ਕੋਲੋਂ ਪੁੱਛ ਰਹੇ ਸਨ ਕਿ ਉਹ ਜਲਦੀ ਹੀ ਭਾਰਤ ’ਚ ਆ ਕੇ ਰਹਿਣ ਲੱਗਣ ਤਾਂ ਕਿਹੋ ਜਿਹਾ ਰਹੇਗਾ?
ਓਧਰ ਅਫਗਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਤਾਲਿਬਾਨ ਨੂੰ 6 ਜ਼ਿਲਿਆਂ ਤੋਂ ਬੇਦਖਲ ਕਰ ਦਿੱਤਾ ਹੈ। ਇਮਰਾਨ ਖਾਨ ਨੇ ਆਪਣੀ ਮੁਲਾਕਾਤ ’ਚ ਕਿਹਾ ਹੈ ਕਿ ਅਮਰੀਕਾ ਆਪਣੀ ਵਾਪਸੀ ਤੋਂ ਪਹਿਲਾਂ ਅਫਗਾਨ ਸੰਕਟ ਦਾ ਹੱਲ ਕਢਵਾ ਿਦੰਦਾ ਤਾਂ ਚੰਗਾ ਹੁੰਦਾ। ਦੂਸਰੇ ਸ਼ਬਦਾਂ ’ਚ ਅਮਰੀਕਾ ਅਫਗਾਨਿਸਤਾਨ ਨੂੰ ਅੱਧ-ਵਿਚਾਲੇ ਲਟਕਦਾ ਛੱਡ ਕੇ ਜਾ ਰਿਹਾ ਹੈ। ਇਮਰਾਨ ਨੇ ਅਮਰੀਕੀ ਵਾਪਸੀ ਦੇ ਬਾਅਦ ਉਸ ਨੂੰ ਆਪਣੇ ਹਵਾਈ ਅੱਡਿਆਂ ਦੀ ਵਰਤੋਂ ਦੀ ਸਹੂਲਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਮਰਾਨ ਨੇ ਇਸ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ ਹੈ ਕਿ ਅਫਗਾਨ ਸੰਕਟ ਦੇ ਸਿਆਸੀ ਹੱਲ ’ਚ ਪਾਕਿਸਤਾਨ ਦੀ ਭੂਮਿਕਾ ਕੀ ਹੋਵੇਗੀ। ਮੇਰਾ ਮੰਨਣਾ ਹੈ ਕਿ ਜੇਕਰ ਪਾਕਿਸਤਾਨੀ ਫੌਜ ਅਤੇ ਇਮਰਾਨ ਖਾਨ ਹਿੰਮਤ ਕਰਨ ਤਾਂ ਅਫਗਾਨ ਸੰਕਟ ਦਾ ਹੱਲ ਉਹ ਅਮਰੀਕਾ ਨਾਲੋਂ ਵੀ ਵਧੀਆ ਕੱਢ ਸਕਦੇ ਹਨ।
ਜਾਤੀ ਧਰਮ ਦੇ ਕਾਰਡ ਹੋ ਰਹੇ ਅਸਫਲ
NEXT STORY