ਤੇ ਉਸ ਦਿਨ ਜਦੋ ਅਸੀਂ ਸ਼ਾਮੀ ਸਬਜ਼ੀ ਲੈ ਰਹੇ ਸੀ ਤਾਂ ਵੀਰ ਜੀ ਦਾ ਫੋਨ ਇਨ੍ਹਾਂ ਕੋਲ ਆਇਆ ਅਖੇ ਪਿਤਾ ਜੀ ਠੀਕ ਨਹੀ ਹਨ ਹਸਪਤਾਲ ਵਿਚ ਦਾਖਿਲ ਹਨ। ਪੰਜਾਂ ਕੁ ਮਿੰਟਾਂ ਵਿਚ ਅਸੀਂ ਗੱਡੀ ਲੈ ਕੇ ਚੱਲ ਪਏ । ਘੰਟੇ ਕੁ ਦਾ ਸਫਰ ਸੀ । ਅੱਠ ਕੁ ਵੱਜੇ ਸਾਮੀ ਅਸੀਂ ਤੁਹਾਡੇ ਕੋਲੇ ਪਹੁੰਚ ਗਏ ।ਤੁਸੀ ਆਈ. ਸੀ. ਯੂ. ਵਿਚ ਦਾਖਲ ਸੀ, ਆਕਸੀਜਨ ਦਾ ਕੈਪ ਤੁਹਾਡੇ ਮੂੰਹ ਤੇ ਲੱਗਿਆ ਹੋਇਆ ਸੀ, ਤੁਸੀ ਜਾਂ ਤੇ ਬੇਸੁਰਤ ਸੀ ਜਾਂ ਦਵਾਈਆਂ ਦੇ ਨਸ਼ੇ ਵਿਚ । ਤੁਹਾਡੇ ਨਾਲ ਕੋਈ ਗੱਲ ਤਾਂ ਕੀ ਹੋਣੀ ਸੀ, ਤੁਸੀਂ ਸਾਨੂੰ ਵੇਖਿਆ ਵੀ ਨਾ । ਭਰੇ ਜਿਹੇ ਮਨ ਨਾਲ ਮੈ ਬਾਹਰ ਆ ਕੇ ਬੈਠੀ ਰਹੀ । ਬੀਜੀ ਦੇ ਕਹਿਣ ਤੇ ਅਸੀ ਕੱਲ੍ਹ ਨੂੰ ਫਿਰ ਆਉਣ ਦਾ ਵਾਅਦਾ ਕਰਕੇ ਰਾਤ ਨੂੰ ਹੀ ਵਾਪਸ ਆ ਗਏ । ਮੈ ਮਾਲਿਕ ਕੋਲੋ ਸੋਡੀ ਖੈਰ ਮੰਗਦੀ ਰਹੀ, ਮਨ 'ਚ ਦੁਆਵਾਂ ਕਰਦੀ ਰਹੀ, ਹੇ ਮਾਲਿਕ ਮੇਰੇ ਪਿਤਾ ਜੀ ਨੂੰ ਹੋਸ਼ ਵਿਚ ਲਿਆਂਦੇ । ਅਗਲੇ ਦਿਨ ਫੋਨ ਕੀਤਾ ਤਾਂ ਤੁਸੀ ਠੀਕ ਠਾਕ ਸੀ ।ਮਨ ਦੀ ਭਾਰੀ ਇੱਛਾ ਤੇ ਰਾਜੀ ਖੁਸ਼ੀ ਮਿਲਣ ਦੀ ਤਾਂਘ ਨਾਲ ਅਸੀ ਅਗਲੇ ਦਿਨ ਫੇਰ ਤੁਹਾਡੇ ਕੋਲੇ ਪਹੁੰਚ ਗਏ । ਮਾਲਕ ਦਾ ਕਰਿਸ਼ਮਾ ਹੀ ਸੀ ਕਿ ਤੁਸੀਂ ਭਲੇ ਚੰਗੇ ਸੀ । ਮੇਰੇ ਨਾਲ ਖੂਬ ਗੱਲਾਂ ਕੀਤੀਆਂ । ਮੈ ਬੱਚਿਆਂ ਦੇ ਬਾਰਬਾਰ ਟੋਕਣ ਤੇ ਆਈ. ਸੀ. ਯੂ ਤੋ ਬਾਹਰ ਆਈ ਪਰ ਤੁਹਾਡੀਆਂ ਗੱਲਾਂ ਨਹੀ ਸਨ ਮੁੱਕ ਰਹੀਆਂ, ਕੰਪਾਊਡਰਾਂ ਦੀਆਂ ਗੁਸੈਲੀਆਂ ਅੱਖਾਂ ਮੈਨੂੰ ਘੂਰ ਰਹੀਆਂ ਸਨ । ਡਰਦੀ ਮੈ ਬਾਹਰ ਆਈ ਤਾਂ ਤੁਸੀ ਇਨ੍ਹਾਂ ਨੂੰ ਅੰਦਰ ਬੁਲਾ ਭੇਜਿਆ ਤੇ ਸਾਰੀਆਂ ਗੱਲਾਂ ਇਨ੍ਹਾਂ ਨਾਲ ਕੀਤੀਆਂ ਤੁਸੀਂ ਤਾਂ ਜਾਣਦੇ ਸੀ ਕਿ ਇਹ ਆਪਣੀ ਆਖਰੀ ਮਿਲਣੀ ਸੀ ਪਰ ਅਸੀਂ ਤਾਂ ਅਨਭੋਲ ਜੂ ਠਹਿਰੇ । ਤੁਸੀਂ ਤਾਂ ਨੇਕ ਦਿਲ ਸਾਧੂ ਸੁਭਾਅ ਦੇ ਇਨਸਾਨ ਸੀ । ਸ਼ਾਇਦ ਤੁਹਾਨੂੰ ਤੁਹਾਡੇ ਜਾਣ ਬਾਰੇ ਪਹਿਲਾ ਹੀ ਅਭਾਸ ਹੋ ਚੁੱਕਿਆ ਸੀ ।
ਤੇ ਫਿਰ ਰਾਤ ਨੂੰ ਹੀ ਤੁਸੀਂ ਸਾਨੂੰ ਘਰੇ ਜਾਣ ਦੀ ਆਗਿਆ ਦੇ ਦਿੱਤੀ ਤੇ ਨਾਲ ਆਦੇਸ਼ ਵੀ ਸੁਣਾ ਦਿੱਤਾ ਕਿ ਤੁਸੀਂ ਹਸਪਤਾਲ ਨਾ ਆਇਓ, ਪਰਸੋ ਛੁੱਟੀ ਮਿਲ ਜਾਵੇਗੀ ।ਇਥੇ ਡਾਕਟਰ ਚੰਗੀ ਤਰ੍ਹਾਂ ਮਿਲਣ ਨਹੀ ਦਿੰਦੇ, ਨਾ ਗੱਲਬਾਤ ਕਰਨ ਦਿੰਦੇ ਹਨ ਘਰੇ ਖੁੱਲ੍ਹ ਕੇ ਗੱਲਾਂ ਕਰਾਂਗੇ ।ਤੁਸੀਂ ਘਰੇ ਹੀ ਆਇਓ ।
ਇਹ ਸ਼ਾਇਦ ਇਕ ਮਿੱਠੀ ਗੋਲੀ ਸੀ, ਜਿਹੜੀ ਤੁਸੀ ਪਰਦਾ ਪਾਉਣ ਲਈ ਸਭ ਨੂੰ ਦਿੱਤੀ ਤੇ ਤੁਹਾਡੀ ਭਵਿੱਖ ਬਾਣੀ ਵੀ ਸੱਚ ਸਿੱਧ ਹੋਈ ।ਤੁਹਾਨੂੰ ਪਰਸੋ ਯਨਿ ਸ਼ੁੱਕਰਵਾਰ ਨੂੰ ਛੁੱਟੀ ਮਿਲ ਗਈ ਤੇ ਤੁਸੀਂ ਪੂਰੀ ਤਰ੍ਹਾਂ ਠੀਕ ਹੋਣ ਦਾ ਭੁਲੇਖਾ ਦਿੱਤਾ ।
ਸ਼ਾਮੀ ਸਾਰਿਆਂ ਨੇ ਫੋਨ ਤੇ ਗੱਲਾਂ ਕੀਤੀਆਂ । ਮੇਰੇ ਨਾਲ ਵੀ ਫੋਨ ਤੇ ਮੈਨੂੰ ਨੂੰ ਹੌਂਸਲਾ ਦਿੱਤਾ । ਭਰਾਵਾਂ ਤੇ ਭੈਣਾਂ ਨਾਲ ਖੂਬ ਗੱਲਾਂ ਕੀਤੀਆਂ । ਇਹ ਜਾਣਦੇ ਹੋਏ ਕਿ ਇਹ ਆਖਰੀ ਮੁਲਾਕਾਤਾਂ ਹਨ ਪਰ ਤੁਸੀ ਪੂਰੀ ਤਰ੍ਹਾਂ ਠੀਕ ਹੋਣ ਦਾ ਝਾਂਸਾ ਦਿੰਦੇ ਰਹੇ ।ਆਪਣੀ ਅਸਲੀਅਤ ਬਾਰੇ ਕਿਸੇ ਨੂੰ ਭੋਰਾ ਭਿਣਕ ਨਾ ਪੈਣ ਦਿੱਤੀ।
ਸ਼ੁੱਕਰਵਾਰ ਦਾ ਦਿਨ ਤਾਂ ਤੁਹਾਡੇ ਨਾਲ ਫੋਨ ਤੇ ਕੀਤੀਆਂ ਗੱਲਾਂ ਦੇ ਹੌਂਸਲੇ ਨਾਲ ਲੰਘ ਗਿਆ ਤੇ ਸ਼ਨੀਵਾਰ ਨੂੰ ਮੈਂ ਇਸ ਹੌਂਸਲੇ ਨਾਲ ਮਸਤ ਰਹੀ ਕਿ ਤੁਸੀਂ ਠੀਕ ਹੋ, ਐਤਵਾਰ ਨੂੰ ਤਾਂ ਤੁਹਾਨੂੰ ਮਿਲਣ ਜਾਣਾ ਹੀ ਹੈ ।ਤੁਸੀਂ ਜੋ ਆਖਿਆ ਸੀ, ਬਈ ਐਤਵਾਰ ਨੂੰ ਆਇਓ ਤੇ ਖੁੱਲ੍ਹੀਆਂ ਗੱਲਾਂ ਕਰਾਂਗੇ । ਪਤਾ ਨਹੀ ਕਿਉਂ ਤੁਸੀਂ ਸਾਨੂੰ ਸਾਰਿਆਂ ਨੂੰ ਧੋਖੇ ਜਿਹੇ ਵਿਚ ਰੱਖਿਆਂ । ਸ਼ਇਦ ਤੁਸੀ ਨਹੀਂ ਚਾਹੁੰਦੇ ਸੀ ਕਿ ਤੁਹਾਡੇ ਬੱਚੇ ਤੁਹਾਡੇ ਤੁਰ ਜਾਣ ਤੋ ਪਹਿਲਾ ਹੀ ਤੁਹਾਡੇ ਸਾਹਮਣੇ ਉਤਰੇ ਹੋਏ ਚਿਹਰੇ ਲੈ ਕੇ ਫਿਰਨ । ਜ਼ਿੰਦਗੀ ਦੇ ਹਰ ਮੋੜ ਤੇ ਜਿਵੇ ਤੁਸੀਂ ਖੁਸ਼ ਰਹੇ ਹੌਂਸਲੇ ਵਿਚ ਰਹੇ ਤੇ ਤੁਸੀਂ ਜਾਣ ਵੇਲੇ ਵੀ ਉਹੀ ਹੋਸਲੇ ਦਾ ਸਬੂਤ ਦੇਣਾ ਚਾਹੁੰਦੇ ਸੀ ।
ਜਿਵੇ ਜਿੰੰਦਗੀ ਦੀ ਸ਼ੁਰੂਆਤ ਤੁਸੀਂ ਇਕ ਆਮ ਆਦਮੀ ਦੇ ਤੋਰ ਤੇ ਕੀਤੀ। ਪਰਿਵਾਰ ਦਾ ਇਕੋ-ਇਕ ਕਮਾਊ ਮੈਬਰ ਹੋਣ ਦੇ ਬਾਵਜੂਦ ਤੁਸੀਂ ਪਰਿਵਾਰ ਦਾ ਟਾਂਗਾ ਬੜੀ ਸ਼ਿੱਦਤ ਨਾਲ ਖਿੱਚਿਆ। ਪਰਿਵਾਰ ਵੀ ਕੋਈ ਛੋਟਾ ਨਹੀ ਸੀ।ਮਾਂ ਪਿਉ, ਭੈਣਾਂ ਅਤੇ ਪੁੱਤਰ ਧੀਆਂ ਸੁੱਖ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਸੀ । ਅੱਜ ਮੈਨੂੰ ਨੂੰ ਯਕੀਨ ਨਹੀ ਆਉਂਦਾ ਕਿ ਇਕ ਮਾਮੂਲੀ ਤਨਖਾਹ ਨਾਲ ਤੁਸੀਂ ਇੰਨੀ ਵੱਡੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੇ ਸੀ।ਸਾਨੂੰ ਸਾਰਿਆਂ ਨੂੰ ਪੜ੍ਹਾਉਣਾ ਤੇ ਉੱਚ ਅਹੁਦਿਆਂ ਤੇ ਪਹੁੰਚਾਉਣਾ ਸਾਇਦ ਤੁਹਾਡਾ ਇੱਕੋ ਮਕਸਦ ਸੀ । ਮਾਸਟਰਾਂ ਦੇ ਖਾਨਦਾਨ ਨਾਲ ਮਸ਼ਸਹੂਰ ਪਰਿਵਾਰ ਤੇ ਸਤਾਈ ਅਧਿਆਪਕ ਸਮਾਜ ਨੂੰ ਦੇਣ ਦਾ ਮਾਣ ਤੁਹਾਨੂੰ ਪ੍ਰਾਪਤ ਹੋਇਆ । ਸਾਡੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਤੇ ਸਾਡੇ ਪੜ੍ਹਾਈ ਦੇ ਖਰਚਿਆਂ ਦੀ ਪੂਰਤੀ ਲਈ ਪਤਾ ਨਹੀ ਤੁਸੀ ਆਪਣੀ ਕਿਸ ਕਿਸ ਜਰੂਰਤ ਤੇ ਇੱਛਾ ਦਾ ਤਿਆਗ ਕੀਤਾ ਹੋਵੇਗਾ । ਅੱਜ ਮੈ ਇੱਕ ਕਮਾਉ ਮਾਂ ਤੇ ਪਤਨੀ ਹਾਂ । ਹੁਣ ਅਹਿਸਾਸ ਹੁੰਦਾ ਹੈ ਕਿ ਤੁਹਾਡੇ ਵਿੱਚ ਤਿਆਗ ਦੀ ਕਿੰਨੀ ਭਾਵਨਾ ਸੀ । ਤੁਹਾਡੀ ਮਿਹਨਤ ਤੇ ਯੋਗ ਪਾਲਣ ਪੋਸ਼ਸਣ ਸਦਕਾ ਹੀ ਅਸੀ ਪੰਜੇ ਭੈਣ ਭਰਾਂ ਕਮਾਊ ਹਾਂ ਤੇ ਸਾਡੇ ਇਹ ਆਹੁਦਿਆਂ ਤੇ ਲੱਗਣ ਵਾਲੇ ਪਹੀਏ ਵੀ ਤੁਹਾਡੇ ਹੀ ਦਿੱਤੇ ਹੋਏ ਹਨ ।ਤੁਰ ਤਾਂ ਬਹੁਤ ਲੋਕ ਜਾਦੇ ਹਨ, ਨਿੱਤ ਪਰ ਅਹਿਜਾ ਜਾਣਾ ਕਿਸੇ ਸਾਧੂ ਜਾਂ ਸੰਤ ਨੂੰ ਨਸੀਬ ਹੁੰਦਾ ਹੈ । ਨਹਾ ਧੋ ਕੇ ਤਿਆਰ ਹੋ ਕੇ ਖਾ ਪੀ ਕੇ ਤੁਸੀ ਆਰਾਮ ਨਾਲ ਬੈੱਡ ਤੇ ਸੋ ਗਏ ਤੇ ਤੁਸੀ ਸੋਣ ਦਾ ਡਰਾਮਾ ਕਰਕੇ ਨਾਲ ਬੈੱਡ ਤੇ ਬੈਠੀ ਬੀਜੀ ਨੂੰ ਵੀ ਆਪਣੇ ਜਾਣ ਦਾ ਪਤਾ ਨਾ ਲੱਗਣ ਦਿੱਤਾ । ਭਲਾ ਦੀ ਏਸ ਤਰ੍ਹਾਂ ਚੁੱਪ ਚੁਪੀਤੇ ਵੀ ਕੋਈ ਜਾਂਦਾ ਹੈ ? ਉਹ ਵੀ ਬਹੁਤ ਦੂਰ । ਜਿੱਥੇ ਗਿਆ ਆਦਮੀ ਕਦੇ ਵਾਪਿਸ ਨਹੀ ਆਉਦਾ ।ਪੰਛੀ ਵੀ ਉੱਡਣ ਵੇਲੇ ਖੰਭਾ ਦੀ ਅਵਾਜ ਕਰਦੇ ਹਨ । ਇਹ ਕਿਹੋ ਜਿਹਾ ਪਰਿੰਦਾ ਸੀ, ਜਿਹੜਾ ਬਿਨਾਂ ਅਵਾਜ ਕੀਤੇ ਜਾਂ ਬਿਨਾਂ ਦੱਸੇ ਹੀ ਉੱਡ ਗਿਆ ।
ਤੁਹਾਡੇ ਪੜ੍ਹਾਏ ਤੇ ਤੁਹਾਡੇ ਨੌਕਰੀਆਂ ਤੇ ਲਗਵਾਏ ਆ ਕੇ ਬੁੱਕ-ਬੁੱਕ ਰੋਦੇ ਰਹੇ । ਹੋਰ ਤਾਂ ਹੋਰ ਤੁਸੀਂ ਪੋਤੇ ਪੋਤੀਆਂ ਤੇ ਦੋਹਤਿਆਂ ਦੀ ਪੜ੍ਹਾਈ ਦੀ ਵੀ ਕਿੰਨੀ ਚਿੰਤਾਂ ਕਰਦੇ ਸੀ । ਆਈ.ਸੀ. ਯੂ ਵਿਚ ਜਦੋਂ ਤੁਸੀਂ ਛੋਟੇ ਮੀਕੂ ਦੀ ਬੀ. ਟੈਕ ਦੀ ਡਿਗਰੀ ਪੂਰੀ ਹੋਣ ਦੀ ਵਧਾਈ ਤਾਂ ਮੈਨੂੰ ਤੁਹਾਡੇ ਚਿਹਰੇ ਤੇ ਆਈ ਉਹ ਲਾਲੀ ਤੇ ਤਾਜਗੀ ਨਹੀ ਭੁਲਦੀ ਜਦੋਂ ਤੁਸੀਂ ਕਿਹਾ ਸੀ ਮੈਨੂੰ ਨੂੰ ਬਹੁਤ ਖੁਸੀ ਹੋਈ ਹੈ ਮੀਕੂ ਦੀ ਡਿਗਰੀ ਮੁਕੰਮਲ ਹੋਣ ਦੀ ਤੇ ਉਹ ਇੰਜਨੀਅਰ ਬਣ ਗਿਆ । ਇਹ ਸਭ ਤੁਹਾਡੀ ਬੱਚਿਆਂ ਨੂੰ ਪੜ੍ਹਾਉਣ ਤੇ ਉਹਨਾਂ ਨੂੰ ਚੰਗੇ ਇਨਸਾਨ ਬਣਾਉਣ ਦੀ ਖੁਹਾਇਸ ਦਾ ਹੀ ਨਤੀਜਾ ਸੀ ।ਬੱਚਿਆਂ ਦੇ ਭਵਿੱਖ ਨੂੰ ਲੈ ਕੇ ਤੁਸੀ ਕਿਹਾ ਸੀ ਵੋ ਪਰੀ ਕਹਾਂ ਸੇ ਲਾਉਂ ਤੇਰੀ ਦੁਲਹਨ ਜਿਸੇ ਬਣਾਊਂ ਇਸ ਤੇ ਵੀ ਤੁਹਾਡੀ ਚਿੰਤਾ ਝਲਕਦੀ ਸੀ ।ਤੁਹਾਡੇ ਦੋ ਦੋ ਪੋਤੇ ਡਾਕਟਰੀ ਕਰ ਚੁੱਕੇ ਹਨ ਤੇ ਤੁਸੀ ਸਿਹਤ ਪ੍ਰਤੀ ਕਿੰਨੇ ਜਾਗਰੂਕ ਸੀ ਪਰ ਫਿਰ ਵੀ ਤੁਸੀ ਅਚਾਨਕ ਸੁੱਤੇ ਪਏ ਹੀ ਸਾਨੂੰ ਧੋਖਾ ਦੇ ਗਏ ।ਮੈਡਮ ਜੀ ਮੇਰੀ ਕਾਪੀ? ਕੋਲ ਖੜੀਆਂ ਕੁੜੀਆਂ ਦੀ ਕਾਪੀ ਜੋ ਮੈਨੂੰ ਚੈੱਕ ਕਰਨ ਲਈ ਦਿੱਤੀ ਸੀ, ਮੇਰੇ ਅੱਥਰੂਆ ਨਾਲ ਭਿੱਜ ਚੁਕੀ ਸੀ ਤੇ ਮੈਂ ਡੋਰਭੋਰ ਜਿਹੀ ਹੋਈ ਉਨ੍ਹਾਂ ਕੁੜੀਆਂ ਵੱਲ ਵੇਖੀ ਜਾਵਾਂ । ਕੀ ਸੋਚਦੀਆਂ ਹੋਣਗੀਆਂ ਮੇਰੇ ਬਾਰੇ ਕਿ ਮੈਡਮ ਖਬਰੇ ਕੀ ਸੋਚ ਕੇ ਰੋ ਰਹੀ ਹੈ ? ਮੈ ਅੱਥਰੂ ਪੂੰਝਦੀ ਹਾਂ ਤੇ ਗਿੱਲੀ ਕਾਪੀ ਬੱਚਿਆਂ ਨੂੰ ਵਾਪਿਸ ਕਰ ਦਿੰਦੀ ਹਾਂ ।
ਰਮੇਸ਼ ਸੇਠੀ ਬਾਦਲ
ਸਫਰ ਦੀ ਕਹਾਣੀ ਕੁਝ ਇਸ ਤਰ੍ਹਾਂ ਕੀਤੀ ਬਿਆਨ
NEXT STORY