ਕੁੱਲੂ ਦੇ ਬੱਸ ਅੱਡੇ ਤੇ ਰੌਣਕ ਸੀ ਪਰ ਗਰਮੀ ਦੇ ਅਹਿਸਾਸ ਨਾਲ ਸਾਨੂੰ ਬੇਰੌਣਕੀ ਮਹਿਸੂਸ ਹੋ ਰਹੀ ਸੀ ਤੇਜ਼ ਧੁੱਪ ਦਾ ਪਸਾਰਾ ਇੰਥੇ ਵੀ ਸੀ ਅਸੀਂ ਚਾਹੁੰਦੇ ਸਾਂ ਕਿ ਜਲਦੀ ਮਨਾਲੀ ਆਵੇ । ਕੁੱਲੂ ਤੋਂ ਮਨਾਲੀ 42 ਕਿਲੋਮੀਟਰ ਦੂਰ ਹੈ 2 ਘੰਟਿਆਂ ਦਾ ਇਹ ਸਫਰ ਰੌਮਾਂਚਕ ਹੈ । ਉੱਚੀਆਂ ਘਾਟੀਆਂ ਕਿਸੇ ਹੋਰ ਹੀ ਅਜ਼ਬ ਸੰਸਾਰ ਦੀ ਮਹਿਸੂਸੀਅਤ ਕਰਾਉਂਦੇ ਹਨ ।ਕੁੱਲੂ ਤੋਂ ਮਨਾਲੀ ਜਾਂਦਿਆਂ ਦ੍ਰਿਸ਼ ਬੜੇ ਮਨਮੋਹਕ ਸਨ । ਨਜ਼ਾਰੇ ਬਦਲੇ ਤਾਂ ਅਸੀਂ ਸੋਚ ਰਹੇ ਸਾਂ ਜੇਕਰ ਨਿੱਜੀ ਵਾਹਨ ਤੇ ਆਏ ਹੁੰਦੇ ਤਾਂ ਜਰੂਰ ਉਨ੍ਹਾਂ ਚੱਟਾਨਾਂ ਤੇ ਬੈਠਦੇ ਜਿੰਨ੍ਹਾਂ ਨੂੰ ਸਦੀਆਂ ਤੋਂ ਇਸ ਮਨਮੋਹਕ ਦ੍ਰਿਸ਼ਾਂ ਨੂੰ ਮਾਣਨ ਦਾ ਸੁਭਾਗ ਹਾਸਲ ਹੈ । ਦਰਅਸਲ ਮਨਾਲੀ ਤੱਕ ਦੇ ਸਫਰ ਵਿਚ ਜਿੱਥੇ ਉੱਚੀਆਂ ਪਹਾੜੀਆਂ ਥੋਡਾ ਸਾਥ ਨਹੀਂ ਛੜਦੀਆਂ ਉੱਥ ਹੀ ਦਰਿਆ ਵੀ ਪੂਰੇ ਸਫਰ ਵਿਚ ਤੁਹਾਡੇ ਨਾਲ ਹੀ ਰਹਿੰਦਾ ਹੈ ਹੁਣ ਜਦੋਂ ਤਮੰਨਾ ਸੀ ਕਿ ਸਫਰ ਲੰਮਾ ਹੋਵੇ, ਜਲਦੀ ਹੀ ਮਨਾਲੀ ਦਾ ਬੱਸ ਸਟੈਂਡ ਆ ਗਿਆ ।
ਯਾਤਰਾ ਦਾ ਸਿਖਰ ਆਉਣ ਤੇ ਵੀ ਸਾਡੀਆਂ ਤਮੰਨਾਵਾਂ ਅਜੇ ਅਧੂਰੀਆਂ ਸਨ । ਤਿੱਖੀ ਧੁੰਪ ਠੰਢ ਦੇ ਅਹਿਸਾਸ ਨੂੰ ਵੀ ਫਿੱਕਾ ਪਾ ਰਹੀ ਸੀ । ਬੱਸ ਅੱਡੇ ਤੋਂ ਹੀ ਉੱਚੇ ਪਹਾੜ ਦਿਖਾਈ ਦਿੰਦੇ ਹਨ ਪਰ ਉਹ ਬੱਦਲਾਂ ਤੋਂ ਸੱਖਣੇ ਰੱਖੇ ਤੇ ਗਰਮ ਦਿਖਾਈ ਦੇ ਰਹੇ ਸਨ । ਪਹਿਲਾਂ ਫਿਕਰਾ ਜੋ ਮੇਰੇ ਮੂੰਹੋ ਨਿਕਲਿਆ ਸੀ ਉਹ ਸੀ ''ਬੜਾ ਸ਼ੋਰ ਸੁਣਦੇ ਸਾਂ ਕੁੱਲੂ ਮਨਾਲੀ ਦਾ ।'' ਉਸ ਸਮੇਂ ਸ਼ਾਇਦ ਪੁਰੀ ਸਾਹਿਬ ਵੀ ਸੋਚ ਰਹੇ ਸਨ ਕਿ ਇਹ ਅਣਹੋਦੀ ਕਿਵੇਂ ਹੋ ਗਈ । ਬੇਚੈਨ ਤੇ ਉਦਾਸ ਮਨ ਨਾਲ ਅਸੀਂ ਰਾਤ ਰਹਿਣ ਲਈ ਟਿਕਾਣਾ ਲੱਭਣ ਲੱਗੇ । ਸਸਤੇ ਹੋਟਲਾਂ ਦੇ ਕਿਰਾਏ ਠੀਕ ਠਾਕ ਹਨ । 500ਰੁ: ਵਿਚ ਕਮਰਾ ਉਹ ਵੀ ਮਾਰਕੀਟ ਅਤੇ ਬੱਸ ਅੱਡੇ ਦੇ ਨੇੜੇ ਮਿਲ ਰਿਹਾ ਸੀ ਪਰ ਅਸੀਂ ਘੁਟਣ ਭਰੇ ਕਮਰਿਆਂ ਦੀ ਬਜਾਏ ਕੁਦਰਤੀ ਨੇੜ੍ਹਤਾ ਮਾਣਨ ਦੇ ਯਤਨ ਵਿੱਚ ਸਾਂ ਕਮਰਾ ਵੀ ਅਜਿਹਾ ਹੀ ਚਾਹੁੰਦੇ ਸਾਂ ।
ਅਜਿਹਾ ਕਮਰਾ ਂਜੋ ਕੁਦਰਤ ਦੇ ਨੇੜੇ ਹੋਵੇ ਅਸੀਂ ਵਗ ਰਹੇ ਦਰਿਆ ਵੱਲ ਚੱਲ ਪਏ। ਹਿਮਾਚਲ ਟੂਰਿਜ਼ਮ ਦੀ ਲਾਜ਼ ਜਿਸ ਦੇ ਕਮਰੇ ਦੀਆਂ ਬਾਰੀਆਂ ਦਰਿਆ ਉੱਪਰ ਖੁਲ੍ਹਦੀਆਂ ਹਨ ਸਾਨੂੰ ਉਹ ਮੁਫੀਦ ਲੱਗਾ ਤੇ ਖਰਚਾ ਵੀ ਵਾਜਿਬ ਸੀ 200 ਰੁ: ਪ੍ਰਤੀ ਬੈਡ। ਖਾਣਾ ਪੀਣਾ ਬਾਹਰ ਹੁੰਦਾ ਹੈ ਬਾਕੀ ਸੁਵਿਧਾਵਾਂ ਉਥੇ ਹੀ ਮਿਲ ਜਾਂਦੀਆਂ ਹਨ ਸਾਫ ਸੁਥਰੀਆਂ ਤੇ ਠੀਕ-ਠਾਕ । ਬਾਕੀ ਇਹ ਬੱਸ ਅੱਡੇ ਤੇ ਮਾਰਕੀਟ ਤੋਂ ਵੀ ਜ਼ਿਆਦਾ ਦੂਰ ਨਹੀਂ ਸੀ ਸਿਰਫ ਪੰਜ ਮਿੰਟ ਦਾ ਰਸਤਾ । ਸ਼ਾਮ ਦੇ ਪੰਜ ਵੱਜੇ ਸਨ । ਅਸੀਂ ਹੈਰਾਨ ਹੋਏ, ਸ਼ਾਇਦ ਗਰਮੀ ਦੇ ਤਪੇ ਹੋਏ ਸਾਂ, ਪੱਖੇ ਉੱਥੇ ਵਰਤਦੇ ਹੀ ਨਹੀਂ ਹੁੰਦੇ । ਦਰਿਆ ਦੀ ਨਜਦੀਕੀ ਤੇ ਠੰਡਕ ਦੇ ਅਹਿਸਾਸ ਨੇ ਸਾਨੂੰ ਕੁੱਝ ਊਰਜਾ ਪ੍ਰਦਾਨ ਕੀਤੀ ਤੇ ਅਸੀਂ ਨਿਕਲ ਪਏ ਮਨਾਲੀ ਘੁੰਮਣ । ਪ੍ਰਚੀਨ ਮੰਦਰ ਬਾਰੇ ਅਸੀਂ ਸੁਣ ਰੱਖਿਆ ਸੀ ਤੇ ਕਿਤੇ ਨਾ ਕਿਤੇ ਮਕਸਦ ਇਹ ਵੀ ਸੀ ਕਿ ਥੋੜ੍ਹੀ ਹੋਰ ਉੱਚੀ ਜਗ੍ਹਾ ਤੇ ਘੁੰਮ ਆਈਏ । ਬੱਸ ਅੱਡੇ ਤੋਂ ਆਟੋ ਰਿਕਸ਼ੇ ਆਮ ਮਿਲ ਜਾਂਦੇ ਹਨ । ਇਕ ਨੇ ਸਾਡੇ ਤੋਂ 200 ਰੁ: ਮੰਗੇ ਤਾਂ ਦੂਜਾ 100 ਰੁ: ਵਿਚ ਤਿਆਰ ਹੋ ਗਿਆ । ਮੰਦਰ ਸ਼ਹਿਰ ਦੇ ਵਿਚ ਹੀ ਮੌਜੂਦ ਹੈ ਥੋੜ੍ਹੀ ਜਿਹੀ ਉਚਾਈ ਤੇ । ਆਟੋ ਵਿਚ ਜਾਂਦਿਆਂ ਪਹਿਲੀ ਵਾਰ ਥੋੜ੍ਹੀ ਕਿਣ ਮਿਣ ਦਾ ਅਹਿਸਾਸ ਹੋਇਆ ।ਦੂਰ ਪਹਾੜਾਂ ਦੀ ਗੋਦ ਵਿਚ ਕੁਝ ਬੱਦਲ ਖੇਡਦੇ ਨਜ਼ਰ ਆਏ । ਵਿਸ਼ਿਸ਼ਟ ਮੰਦਰ 4000 ਸਾਲ ਪੁਰਾਣਾ ਕਿਹਾ ਜਾਂਦਾ ਹੈ । ਸੈਲਾਨੀਆਂ ਦੀ ਭੀੜ੍ਹ ਸੀ ਬਹੁਤ ਸਾਰੇ ਵਿਦੇਸ਼ੀ ,ਕੁਝ ਦੱਖਣੀ ਭਾਰਤੀ ਪਰਿਵਾਰ ਤੇ ਬਹੁਤੇ ਸਥਾਨਿਕ ਨਿਵਾਸੀ । ਹਾਲੇ ਮੰਦਰ ਵਿਚ ਹੀ ਸਾਂ ਕਿ ਬੱਦਲ ਗਰਜਨ ਦੀ ਅਵਾਜ਼ ਸੁਣਾਈ ਦਿੱਤੀ । ਪ੍ਰਚੀਨ ਮੰਦਰ ਤੇ ਫੋਟੂਆਂ ਖਿਚਵਾ ਰਹੇ ਸਾਂ ਕਿ ਅਚਾਨਕ ਜਿਵੇਂ ਦਿਨ ਛਿਪ ਗਿਆ ਹੋਵੇ ਹਰ ਪਾਸੇ ਗਹਿਰੇ ਕਾਲੇ ਬੱਦਲਾਂ ਦਾ ਪਸਾਰਾ ਹੋ ਗਿਆ । ਮਿੰਟਾਂ ਸਕਿੰਟਾਂ ਵਿਚ ਕੁਦਰਤ ਚਮਤਕਾਰ ਵਾਂਗੂੰ ਸਾਡੇ ਸਾਹਮਣੇ ਮੌਜੂਦ ਸੀ । ਮੀਂਹ ਪੈ ਰਿਹਾ ਸੀ, ਉੱਚੇ ਪਹਾੜ ਬੱਦਲਾਂ ਨੇ ਢਕ ਲਏ ਸਨ । ਓਹੀ ਨਜ਼ਾਰੇ ਜੋ ਸਾਡੀ ਕਲਪਣਾ ਵਿਚ ਸਨ ਸਾਡੇ ਸਾਹਮਣੇ ਸਨ । ਇਹ ਪਹਲਾਂ ਸਮਾਂ ਸੀ ਜਦੋਂ ਅਸੀਂ ਚਹਿਕ ਰਹੇ ਸਾਂ ਪੁਰੀ ਸਾਹਿਬ ਦੂਰ ਖੜ੍ਹੇ ਮੁਸਕਰਾ ਰਹੇ ਸਨ ਉਹਨਾਂ ਦੇ ਚਿਹਰੇ ਤੇ ਮੁਸਕਾਨ ਸੀ ਜਿੱਤ ਦਾ ਇੱਕ ਗਰੂਰ ਸੀ ਤੇ ਅਸੀਂ ਵੀ ਖੁਸ਼ ਸਾਂ । ਮੀਂਹ ਪੈਣ ਲੱਗਾ ਸੀ ਤਾਂ ਸਾਡਾ ਮਨ ਬਦਲ ਗਿਆ ਅਸੀਂ ਪੈਦਲ ਹੀ ਪੰਜ ਛੇ ਕਿਲੋਮੀਟਰ ਵਾਪਿਸ ਜਾਣ ਦਾ ਨਿਰਣਾ ਕੀਤਾ ।
ਥੱਲੇ ਛੂਕਦਾ ਬਿਆਸ ਦਰਿਆ ਸਾਨੂੰ ਆਪਣੇ ਵੱਲ ਖਿੱਚ ਰਿਹਾ ਸੀ । ਹੁਣ ਦਿਨ ਛਿਪ ਰਿਹਾ ਸੀ ਤੇ ਵਾਤਾਵਰਣ ਵਿੱਚ ਠੰਡਕ ਦਾ ਅਹਿਸਾਸ ਵਧਦਾ ਜਾ ਰਿਹਾ ਸੀ । ਦਰਿਆ ਦੇ ਕੰਢੇ ਤੇ ਰੌਣਕ ਸੀ ਬਹੁਤ ਸਾਰੇ ਨੌਜੁਆਨ ਹੁੜਦੰਗ ਮਚਾ“ਂਦੇ ਫਿਰ ਰਹੇ ਸਨ । ਦਰਿਆ ਉੱਤੇ ਛਾਈ ਧੁੰਦ ਸਾਨੂੰ ਬਦਲੀ ਹੋਈ ਫ਼ਿਜਾਂ ਦਾ ਅਹਿਸਾਸ ਕਰਵਾ ਰਹੀ ਸੀ । ਸਾਰੇ ਸਫ਼ਰ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਦਰਿਆ ਪਾਣੀ ਸਾਡੇ ਸਾਹਮਣੇ ਸੀ, ਸਾਡੇ ਨੇੜੇ ਸੀ ਅਸੀਂ ਛੂਹ ਸਕਦੇ ਸੀ । ਇਹ ਠੰਡਾ ਸ਼ੀਤ ਪਾਣੀ ਸੀ । ਦੂਸਰਾ ਦਰਿਆ ਦੇ ਕਿਨਾਰੇ ਦੁਕਾਨਾਂ ਉੱਤੇ ਬੈਠਕੇ ਨਜ਼ਾਰਾ ਤੱਕਣਾ ਆਪਣੇ ਆਪ ਵਿੱਚ ਵਿਲੱਖਣ ਅਨੁਭਵ ਹੈ ਪਰ ਇਸ ਦਰਮਿਆਨ ਚੌਕਸੀ ਅਤਿਅੰਤ ਜਰੂਰੀ ਹੈ ।ਸਾਡੀ ਲਾਜ ਨੇੜੇ ਹੀ ਸੀ ,ਅਸੀਂ ਦਿਨ ਛਿਪਾ ਵੇਲੇ ਵਾਪਿਸ ਚੱਲ ਪਏ ਸਾਂ ਤੇ ਅਸੀਂ ਹੁਣ ਚਾਹੁੰਦੇ ਸਾਂ ਕਿ ਮਨਾਲੀ ਵਿਚ ਕੋਈ ਅਜਿਹਾ ਖਾਣ ਪੀਣ ਦਾ ਟਿਕਾਣਾ ਲੱਭ ਸਕੀਏ ਂਜੋ ਚੰਗਾ ਵੀ ਹੋਵੇ ਤੇ ਮਹਿੰਗਾ ਵੀ ਨਾ ਹੋਵੇ ਵਰਨਾ ਉੱਥੋਂ ਦੇ ਹੀ ਇਕ ਦੁਕਾਨਦਾਰ ਮੁਤਾਬਿਕ ਰੇਟ ਪੁੱਛ ਕੇ ਖਾਣਾ ਖਾਣਾ ਮਨਾਲੀ ਵਿਚ ਔਖਾ ਹੀ ਹੈ । ਮੋਹਨਜੀਤ ਪੁਰੀ ਏਸ ਕੰਮ ਵਿੱਚ ਮਾਹਿਰ ਹਨ ਤੇ ਉਨ੍ਹਾਂ ਨੇ ਅਜਿਹਾ ਹੀ ਇਕ ਹੋਟਲ ਲੱਭ ਲਿਆ । ਹੋਟਲ ਠੀਕ ਸੀ ਤੇ ਹੋਟਲ ਵਾਲੇ ਵੀ ਠੀਕ ,ਵਰਨਾ ਪੁਰੀ ਸਾਹਿਬ ਨਾਲ ਏਸ ਮਾਮਲੇ ਵਿਚ ਪੁਗਾ ਪਾਉਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਕਿਉਂਕਿ ਜੇ ਇਨ੍ਹਾਂ ਨੇ ਚਾਹ ਵੀ ਪੀਣੀ ਹੈ ਤਾਂ ਇਸ ਦਾ ਆਰਡਰ ਆਪਣੇ ਲਹਿਜੇ ਦਾ ਹੁੰਦਾ ਹੈ । ਮਿੱਠਾ ਘੱਟ ਦੁੱਧ ਜ਼ਿਆਦਾ ਪੱਤੀ ਤੇਜ਼ ਤੇ ਪਤਾ ਨਹੀਂ ਕੀ ਕੁੱਝ ।
ਰੋਟੀ ਖਾਧੀ ਤਾਂ ਮਾਰਕੀਟ ਵਿੱਚ ਘੁੰਮਣ ਲੱਗ ਪਏ ਸਾਂ ।ਠੰਡ ਵੀ ਸੀ ਤੇ ਬਾਰਸ਼ ਵੀ ਤੇ ਮੈਂ ਚੱਪਲਾਂ ਕਰਕੇ ਪ੍ਰੇਸ਼ਾਨ ਹੋ ਰਿਹਾ ਸਾਂ । ਬੱਸ ਅੱਡੇ ਦੇ ਨਾਲ ਹੀ ਇਹ ਮਾਰਕੀਟ ਹੈ ਅਸੀਂ ਰਾਤ ਹੋਣ ਕਾਰਨ ਸੈਂਡਲ ਜਾਂ ਜੁੱਤੇ ਲੱਭਣ ਵਿਚ ਅਸਫਲ ਸਾਂ । ਲੌਜ ਦੀ ਰਾਤ ਸੁਖਾਂਵੀ ਸੀ ਪਰ ਦਰਿਆ ਦੀ ਛੂਕਦੀ ਆਵਾਜ਼ ਕਾਰਨ ਨੀਂਦ ਪੂਰੀ ਨਹੀਂ ਸੀ ਹੋ ਸਕੀ । ਸਵੇਰੇ ਲੌਜ ਦੀ ਖਿੜਕੀ ਤੋਂ ਬਾਹਰ ਦੇਖਿਆ ਤਾਂ ਕੋਈ ਹੋਰ ਹੀ ਦੁਨੀਆਂ ਹੋਵੇ । ਬੱਦਲ ਜੇ ਗਰਜਣ ਦੀ ਆਵਾਜ਼ ਆ ਰਹੀ ਸੀ । ਕਾਲੇ ਬੱਦਲ ਜਿਵੇਂ ਪਹਾੜ੍ਹਾਂ ਨੂੰ ਚੁਨੌਤੀ ਦੇ ਰਹੇ ਸਨ । ਕੁਦਰਤ ਨੂੰ ਮਾਣਦਿਆਂ ਮਾਣਦਿਆਂ ਨਾਸ਼ਤਾ ਕਰਕੇ ਅਸੀਂ ਬੱਸ ਅੱਡੇ ਪਹੁੰਚ ਗਏ । ਬੱਸ ਅੱਡੇ ਤੋਂ ਕਈ ਜਾਣਕਾਰੀਆਂ ਮਿਲੀਆਂ ਰੋਹਤਾਂਗ ਨੂੰ ਸਵੇਰੇ ਬੱਸਾਂ ਚਲਦੀਆਂ ਹਨ ਂਜੋ ਕਿ ਹੁਣ ਤੱਕ ਨਿਕਲ ਗਈਆਂ ਸਨ । ਉਹ 500 ਰੁ: ਪ੍ਰਤੀ ਸਵਾਰੀ ਵਸੁਲ ਕਰਦੇ ਹਨ ਤੇ ਜੇ ਮੌਸਮ ਸਹੀ ਹੋਵੇ ਤਾਂ ਤਿੰਨ ਤੋਂ ਚਾਰ ਘੰਟੇ ਘੁੰਮਣ ਦਾ ਮੌਕਾ ਮਿਲ ਜਾਂਦਾ ਹੈ । ਦੂਜੀ ਜਗ੍ਹਾ ਸੀ ਘੁੰਮਣ ਲਈ , ''ਸੋਲਾਂਗ ਘਾਟੀ'' ਜਿਸ ਨੂੰ ਸਥਾਨਿਕ ਨਿਵਾਸੀ ਸੋਲਣ ਨਾਲਾ ਵੀ ਪੁਕਾਰਦੇ ਹਨ । ਸੋਲਣ ਨਾਲੇ ਲਈ ਵੀ ਮਨਾਲੀ ਬੱਸ ਅੱਡੇ ਤੋਂ ਬੱਸ ਮਿਲ ਜਾਂਦੀ ਹੈ । ਤੇ ਸਾਨੂੰ ਵੀ ਮਿਲ ਗਈ । ਮਨਾਲੀ ਬੱਸ ਅੱਡੇ ਤੋਂ ਸੋਲਾਂਗ ਘਾਟੀ ਜਾਂਦਿਆਂ ਂਜੋ ਕੁਦਰਤੀ ਨਜ਼ਾਰੇ ਵਿਖਾਈ ਦਿੰਦੇ ਹਨ , ਉਹ ਨਜ਼ਾਰੇ ਸਾਨੂੰ ਪੂਰੇ ਸਫ਼ਰ ਵਿੱਚ ਨਹੀਂ ਸਨ ਦਿਖਾਈ ਦਿੱਤੇ ।
ਅਨੇਕਾਂ ਝਰਨੇ ਂਜੋ ਉੱਚੇ ਪਹਾੜਾਂ ਡਿਗਦੇ ਹੋਏ ਛੋਟੇ-ਛੋਟੇ ਨਜ਼ਰ ਆਉਂਦੇ ਹਨ ਤੇ ਬਰਫ਼ ਨਾਲ ਢੱਕੀਆਂ ਚਮਕ ਰਹੀਆਂ ਚੋਟੀਆਂ । ਮਨਾਲੀ ਬੱਸ ਅੱਡੇ ਤੋਂ ਲੱਗਭੱਗ 14 ਕਿਲੋਮੀਟਰ ਉੱਪਰ ਸਥਿਤ ਇਹ ਪਿਕਨਿਕ ਕੇਂਦਰ ਬਰਫ ਦੀਆਂ ਖੇਡਾਂ ਵਾਸਤੇ ਮਸ਼ਹੂਰ ਹੈ । ਅਸੀਂ ਕਈ ਘੰਟੇ ਇੱਥੇ ਰੁਕੇ ਪਰ ਬਾਰਸ਼ ਹੁੰਦੀ ਰਹੀ । ਕੁੱਝ ਘੰਟਿਆਂ ਬਾਅਦ ਨਜ਼ਾਰੇ ਹੋਰ ਬਦਲੇ । ਬਰਫ ਨਾਲ ਲੱਦੇ ਪਹਾੜ ਉਜਾਗਰ ਹੋ ਰਹੇ ਸਨ ਤੇ ਅਸੀਂ ਹੈਰਾਨ ਹੋਏ , ਕੁਦਰਤ ਨੂੰ ਤੱਕ ਰਹੇ ਸਾਂ । ਮੇਰੀ ਜਿੰਦਗੀ ਦੇ ਪਹਿਲੇ ਖ਼ਿਨ ਸਨ ਜਦੋਂ ਬਰਫ ਨਾਲ ਲੱਦੇ ਪਹਾੜ ਤੱਕ ਰਿਹਾ ਸਾਂ । ਕੁਦਰਤ ਨੂੰ ਦੇਖਣ ਮਾਣਨ ਦੀ ਇੱਛਾ ਪੂਰੀ ਹੋ ਗਈ ਸੀ ਜਿਵੇਂ । ਅਸੀਂ 14 ਕਿਲੋਮੀਟਰ ਵਾਪਿਸ ਪੈਦਲ ਜਾਣ ਦਾ ਫੈਸਲਾ ਕੀਤਾ ਤੇ ਪੈਦਲ ਯਾਤਰਾ ਦੇ ਇਹ 4 ਘੰਟਿਆਂ ਦਾ ਸਫਰ ਸਾਡੇ ਤਿੰਨਾਂ ਲਈ ਜਿੰਦਗੀ ਦੇ ਬਿਹਤਰੀਨ ਪਲਾਂ ਵਿੱਚੋਂ ਇੱਕ ਹੋਣਗੇ । ਭਾਵੇਂ ਦਿਲ ਨਹੀਂ ਸੀ ਕਰਦਾ ਪਰ ਦੂਸਰੇ ਦਿਨ ਰੋਹਤਾਂਗ ਜਾਣ ਦੀ ਇੱਛਾ ਕਾਰਨ ਕੁਦਰਤ ਨੂੰ ਮਾਣਦੇ ਅਸੀਂ ਵਾਪਿਸ ਜਾ ਰਹੇ ਸੀ । ਸ਼ਾਇਦ ਉਪਰ ਧੁੱਪ ਨਿਕਲ ਆਈ ਸੀ । ਬਰਫ ਨਾਲ ਚਮਕਦੀਆਂ ਪਹਾੜੀਆਂ ਲਗਾਤਾਰ ਵਧ ਰਹੀਆਂ ਸਨ । ਹੁਣ ਅਸੀਂ ਪੁਰੀ ਸਾਹਿਬ ਤੋਂ ਅੱਖ ਚੁਰਾ ਰਹੇ ਸਾਂ ਤੇ ਖ਼ੁਦ ਵੀ ਸੋਚ ਰਹੇ ਸਾਂ ਕਿ ਕੀ ਇਹ ਓਹੀ ਮਨਾਲੀ ਐ ਜਿਸ ਬਾਰੇ ਕੱਲ੍ਹ ਸਾਡੇ ਵਿਚਾਰ ਹੋਰ ਸਨ । ਬੱਸ ਅੱਡੇ ਤੇ ਗਏ ਤਾਂ ਰੋਹਤਾਂਗ ਦੀ ਬੁਕਿੰਗ ਕਰਵਾ ਦਿੱਤੀ ਤੇ ਵਾਪਿਸ ਲੌਜ ਵਿਚ ਆ ਗਏ ਸਾਂ । ਅਸੀਂ ਥੱਕ ਚੁੱਕੇ ਸਾਂ ਸੌਂ ਗਏ ਪਰ ਦੂਸਰੇ ਦਿਨ ਦਾ ਸਾਰਾ ਪ੍ਰੋਗਰਾਮ ਚੌਪਟ ਹੋ ਗਿਆ ਮੌਸਮ ਖਰਾਬ ਹੋਣ ਕਾਰਨ ਅਸੀਂ ਰੋਹਤਾਂਗ ਨਹੀਂ ਸਾਂ ਜਾ ਸਕੇ ਤੇ ਮਨਾਲੀ ਵਿਖੇ ਹੀ ਰੁਕ ਗਏ । ਘਰੋਂ ਫੋਨ ਆ ਰਹੇ ਸਨ ਕਿ ਚੇਤਾਵਨੀਆਂ ਜਾਰੀ ਹੋ ਗਈਆਂ ਹਨ । ਸਲਾਹ ਮਸ਼ਵਰੇ ਤੋਂ ਬਾਅਦ ਅਸੀਂ ਰਾਤ ਨੂੰ ਵਾਪਿਸ ਜਾਣ ਦਾ ਨਿਰਣਾ ਕੀਤਾ, ਬਾਰਸ਼ ਹਾਲੇ ਵੀ ਹੋ ਰਹੀ ਸੀ ਲੋਕ ਵਾਪਿਸ ਜਾ ਰਹੇ ਸਨ ਪਰ ਅਸੀਂ ਬਠਿੰਡੇ ਤੋਂ ਮਨਾਲੀ ਦੇ ਲੰਮੇ ਸਫਰ ਨੂੰ ਮਾਣਦੇ ਹੋਏ ਜਾਣ ਦਾ ਫੈਸਲਾ ਕੀਤਾ । ਕੁੱਲੂ ਗਏ ਪਹੁੰਚੇ ਤਾਂ ਦੇਖਿਆ ਕਿ ਦੂਰ ਬਰਫ ਦੀਆਂ ਲੱਦੀਆਂ ਪਹਾੜਾਂ ਦੀਆਂ ਚੋਟੀਆਂ ਦਿਖਾਈ ਦੇ ਰਹੀਆਂ ਸਨ । ਜਾਂਦੀ ਵਾਰ ਅਜਿਹਾ ਕੁੱਝ ਵੀ ਨਹੀਂ ਸੀ । ਕੁੱਲੂ ਬੱਸ ਅੱਡੇ ਤੇ ਅਫਰਾ ਤਫਰੀ ਦਾ ਮਾਹੌਲ ਸੀ । ਬਿਜਲੀ ਨਹੀਂ ਸੀ ਤੇ ਬੁਕਿੰਗ ਵੀ ਨਹੀਂ ਸੀ ਹੋ ਰਹੀ । ਪਰ ਮੌਸਮ ਖੁਸ਼ਗਵਾਰ ਵੀ ਤੇ ਸਾਨੂੰ ਜਲਦੀ ਵੀ ਨਹੀਂ ਸੀ । ਰਾਤ 8:00 ਵਜੇ ਅਸੀਂ ਮੰਡੀ ਲਈ ਬੱਸ ਫੜ੍ਹੀ । ਮੰਡੀ ਬੱਸ ਅੱਡੇ ਸਾਹਮਣੇ ਰੋਟੀ ਖਾਧੀ ਤੇ ਕੁੱਝ ਦੇਰ ਅਰਾਮ ਕੀਤਾ । ਸਵੇਰੇ ਸਵਾ ਚਾਰ ਵਜੇ ਬੱਸ ਫੜ੍ਹੀ ਤਾਂ ਸਾਡਾ ਸਫਰ ਸਮਾਪਤੀ ਵੱਲ ਸੀ । ਦਪਹਿਰੇ ਚੰਡੀਗੜ੍ਹ ਬੱਸ ਅੱਡੇ ਤੇ ਖੜ੍ਹੇ ਗਰਮੀ ਨਾਲ ਬੇਹਾਲ ਹੋ ਰਹੇ ਸਾਂ ਤੇ ਸ਼ੁਕਰ ਮਨਾ ਰਹੇ ਸਾਂ ਕਿ ਇਥੇ ਵੀ ਬਾਰਸ਼ ਹੋ ਰਹੀ ਹੈ ਨਹੀਂ ਤਾਂ..................।
ਪੰਜਾਬੀ ਬੋਲੀ ਨੂੰ ਸਮਰਪਿਤ ਕਰਨ ਲਈ ਰੱਖਿਆ ਗਿਆ ਵਿਸ਼ੇਸ਼ ਸਮਾਗਮ
NEXT STORY