ਮੀਡੀਆ ਲੋਕਤੰਤਰਿਕ ਸਮਾਜ ਵਿਚ ਇਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਨਤਕ ਮਹੱਤਤਾ ਦੇ ਮਸਲਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ, ਜਨਤਕ ਜੀਵਨ ਵਿਚ ਜਵਾਬਦੇਹੀ ਯਕੀਨੀ ਬਣਾਉਣਾ ਅਤੇ ਪਾਰਦਰਸ਼ਤਾ ਨੂੰ ਹੱਲਾਸ਼ੇਰੀ ਦੇਣਾ ਮੀਡੀਆ ਦੀ ਜ਼ਿੰਮੇਵਾਰੀ ਹੈ ਪਰ ਜਦੋਂ ਕੋਈ ਮੀਡੀਆ ਸੰਸਥਾ ਜਾਂ ਪੱਤਰਕਾਰ ਕੂੜ ਪ੍ਰਚਾਰ ਦਾ ਸਾਧਨ ਬਣ ਜਾਵੇ ਅਤੇ ਆਪਣੀ ਅੰਦਰੂਨੀ ਪੱਖਪਾਤੀ ਸੋਚ ਜਾਂ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਲਈ ਜਾਣਬੁੱਝ ਕੇ ਗਲਤ ਜਾਣਕਾਰੀ ਫੈਲਾਏ, ਤਾਂ ਇਹ ਸਮਾਜ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ।
ਇਸ ਤਰ੍ਹਾਂ ਦੀ ਇਕ ਚਿੰਤਾਜਨਕ ਸਥਿਤੀ ਹਾਲ ਹੀ ਵਿਚ ਕੈਨੇਡਾ ਵਿਚ ਸਾਹਮਣੇ ਆਈ ਹੈ। ਇਕ ਨਿਊਜ਼ ਆਊਟਲੈੱਟ ਨੇ ਰਿਪੋਰਟ ਜਾਰੀ ਕੀਤੀ ਕਿ “ਕੈਨੇਡਾ ਵਿਚ ਵਸੂਲੀ ਅਤੇ ਕਿਰਾਏ ’ਤੇ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਇਕ ਭਾਰਤੀ ਗੈਂਗ ਭਾਰਤ ਸਰਕਾਰ ਦੀ ਤਰਫੋਂ ਕੰਮ ਕਰ ਰਹੀ ਹੈ,” ਅਤੇ ਇਸ ਦਾਅਵੇ ਨੂੰ ਇਕ ਆਰ. ਸੀ. ਐੱਮ.ਪੀ. ਦਸਤਾਵੇਜ਼ ਨਾਲ ਜੋੜਿਆ ਗਿਆ। ਰਿਪੋਰਟ ਦੀ ਪੇਸ਼ਕਾਰੀ ਇਸ ਤਰ੍ਹਾਂ ਕੀਤੀ ਗਈ ਕਿ ਜਿਵੇਂ ਇਹ ਆਰ. ਸੀ. ਐੱਮ. ਪੀ. ਦੀ ਖੁਫੀਆ ਜਾਂ ਸਰਕਾਰੀ ਅੰਕਲਨ ਰਿਪੋਰਟ ਹੋਵੇ।
ਇਸ ਭ੍ਰਮਾਤਮਕ ਕਹਾਣੀ ਨੂੰ ਤੇਜ਼ੀ ਨਾਲ ਫੈਲਾਇਆ ਗਿਆ। ਜਨਤਾ ਦੇ ਇਕ ਵੱਡੇ ਹਿੱਸੇ ਨੇ ਇਸਨੂੰ ਬਿਨਾਂ ਜਾਂਚੇ ਸੱਚ ਮੰਨ ਲਿਆ। ਬ੍ਰਿਟਿਸ਼ ਕੋਲੰਬੀਆ ਦੀ ਕਨਜ਼ਰਵੇਟਿਵ ਪਾਰਟੀ ਨੇ ਵੀ “ਹੈਲਫੋਰਡ, ਤੂਰ: ਐਬੀ ਦੀ ਭਾਰਤ ਵਪਾਰ ਮਿਸ਼ਨ ਦੇ ਦੌਰਾਨ ਆਰ. ਸੀ. ਐੱਮ.ਪੀ. ਖੁਫੀਆ ਜਾਣਕਾਰੀ ਵੱਲੋਂ ਗੰਭੀਰ ਦੋਸ਼” ਸਿਰਲੇਖ ਹੇਠ ਬਿਆਨ ਜਾਰੀ ਕਰ ਦਿੱਤਾ। ਇਸ ਬਿਆਨ ਵਿਚ ਦੋਸ਼ਾਂ ਨੂੰ ਸਿੱਧੇ ਤੌਰ ’ਤੇ “ਆਰ. ਸੀ. ਐੱਮ.ਪੀ. ਇੰਟੈਲੀਜੈਂਸ” ਨਾਲ ਜੋੜਿਆ ਗਿਆ, ਜੋ ਜਨਤਕ ਜੀਵਨ ਵਿਚ ਜ਼ਿੰਮੇਵਾਰੀ ਦੀ ਘਾਟ ਅਤੇ ਸਿਰਫ਼ ਰਾਜਨੀਤਿਕ ਫ਼ਾਇਦਾ ਲੈਣ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ।
ਰਿਪੋਰਟ ਦੇ ਸਮੇਂ ’ਤੇ ਵੀ ਸਵਾਲ ਉੱਠਦੇ ਹਨ। ਇਹ ਉਸ ਵੇਲੇ ਜਾਰੀ ਹੋਈ ਜਦੋਂ ਪ੍ਰੀਮੀਅਰ ਡੇਵਿਡ ਐਬੀ ਭਾਰਤ ਦੌਰੇ ’ਤੇ ਸਨ ਅਤੇ ਵਪਾਰਕ ਮਿਸ਼ਨ ਦੀ ਅਗਵਾਈ ਕਰ ਰਹੇ ਸਨ। ਇਸ ਨਾਲ ਇਹ ਸਵਾਲ ਜਨਮ ਲੈਂਦਾ ਹੈ ਕਿ ਕੀ ਇਸਦਾ ਮਕਸਦ ਭਾਰਤ–ਕੈਨੇਡਾ ਦੇ ਵਧਦੇ ਸਬੰਧਾਂ ਨੂੰ ਨੁਕਸਾਨ ਪਹੁੰਚਾਉਣਾ ਸੀ। ਇਹ ਵੀ ਸਭ ਨੂੰ ਪਤਾ ਹੈ ਕਿ ਕੁਝ ਨਿੱਜੀ ਹਿੱਤਧਾਰੀ ਗਰੁੱਪ ਅਜਿਹੇ ਸਬੰਧਾਂ ਤੋਂ ਡਰਦੇ ਹਨ, ਕਿਉਂਕਿ ਮਜ਼ਬੂਤ ਸੁਰੱਖਿਆ ਅਤੇ ਵਪਾਰਕ ਸਹਿਯੋਗ ਨਸ਼ਿਆਂ, ਮਨੁੱਖੀ ਸਮੱਗਲਿੰਗ ਅਤੇ ਸੰਗਠਿਤ ਅਪਰਾਧ ਨਾਲ ਜੁੜੀਆਂ ਗੈਰਕਾਨੂੰਨੀ ਗਤੀਵਿਧੀਆਂ ਨੂੰ ਝਟਕਾ ਦੇ ਸਕਦਾ ਹੈ।
ਹਮੇਸ਼ਾ ਦੀ ਤਰ੍ਹਾਂ, ਗਲਤ ਜਾਣਕਾਰੀ ਜਾਂਚ ਦੇ ਸਾਹਮਣੇ ਟਿਕ ਨਹੀਂ ਸਕੀ। ਕੁਝ ਦਿਨਾਂ ਦੇ ਅੰਦਰ ਹੀ ਸੱਚ ਸਾਹਮਣੇ ਆ ਗਿਆ ਅਤੇ ਇਹ ਸਪਸ਼ਟੀਕਰਨ ਖੁਦ ਪ੍ਰੀਮੀਅਰ ਐਬੀ ਵੱਲੋਂ ਦਿੱਤਾ ਗਿਆ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਉਹ ਭਾਰਤ ਵਿਚ ਆਪਣੀਆਂ ਮੀਟਿੰਗਾਂ ਰੱਦ ਕਰਨ ਬਾਰੇ ਵੀ ਸੋਚ ਰਹੇ ਸਨ ਪਰ ਜਦੋਂ ਦਸਤਾਵੇਜ਼ ਦੀ ਸਮੀਖਿਆ ਕੀਤੀ ਗਈ ਤਾਂ ਇਹ ਸਿਰਫ਼ ਤਿੰਨ ਸਫ਼ਿਆਂ ਦੀ ਇਕ ਬ੍ਰੀਫਿੰਗ ਨੋਟ ਨਿਕਲੀ।
ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਜਿਸ ਪੈਰੇ ਨੂੰ ਰਿਪੋਰਟ ਵਿਚ ਦਰਸਾਇਆ ਗਿਆ, ਉਹ ਕੋਈ ਖੁਫੀਆ ਵਿਸ਼ਲੇਸ਼ਣ ਨਹੀਂ ਸੀ। ਉਹ ਅਕਤੂਬਰ 2024 ਦੌਰਾਨ ਆਈਆਂ ਜਨਤਕ ਖ਼ਬਰਾਂ ਦਾ ਸੰਖੇਪ ਸੀ, ਜਿਨ੍ਹਾਂ ਵਿਚ ਪਹਿਲਾਂ ਤੋਂ ਜਾਣੀਆਂ ਦੋਸ਼ਾਰੋਪਣਾਂ ਦਾ ਜ਼ਿਕਰ ਸੀ ਅਤੇ ਅਲ ਜਜ਼ੀਰਾ ਵਰਗੇ ਅੰਤਰਰਾਸ਼ਟਰੀ ਮੀਡੀਆ ਸਰੋਤਾਂ ਨੂੰ ਹਵਾਲਾ ਦਿੱਤਾ ਗਿਆ ਸੀ। ਪ੍ਰੀਮੀਅਰ ਐਬੀ ਨੇ ਸਾਫ਼ ਕਿਹਾ: “ਇਹ ਆਰ. ਸੀ . ਐੱਮ. ਪੀ. ਦੀ ਖੁਫੀਆ ਰਿਪੋਰਟ ਨਹੀਂ ਸੀ।” ਇਸ ਬਿਆਨ ਨਾਲ ਪੂਰੀ ਤਰ੍ਹਾਂ ਤਿਆਰ ਕੀਤੀ ਗਈ ਪ੍ਰਚਾਰਬਾਜ਼ੀ ਦੀ ਕਹਾਣੀ ਢਹਿ ਗਈ।
ਅੱਜ ਦੇ ਸਮੇਂ ਵਿਚ, ਜਦੋਂ ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ਵੱਲੋਂ ਵਧਦੇ ਵਪਾਰਕ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੇਸ਼ ਆਪਣੀਆਂ ਵਪਾਰਕ ਸਾਂਝਾਂ ਨੂੰ ਵੱਖ-ਵੱਖ ਦੇਸ਼ਾਂ ਨਾਲ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਨੇਡਾ ਦੇ ਸੰਯੁਕਤ ਰਾਸ਼ਟਰ ਵਿਚ ਰਾਜਦੂਤ ਬਾਬ ਰੇ ਦੇ ਅਨੁਸਾਰ, ਜੇ ਇਹ ਕੋਸ਼ਿਸ਼ਾਂ ਅਸਫ਼ਲ ਰਹੀਆਂ ਤਾਂ ਦੇਸ਼ ਲਈ ਇਹ “ਅਸਤਿਤਵਕ ਖ਼ਤਰਾ” ਵੀ ਬਣ ਸਕਦਾ ਹੈ। ਅਜਿਹੇ ਸੰਵੇਦਨਸ਼ੀਲ ਸਮੇਂ ਵਿਚ, ਕੈਨੇਡਾ ਦੇ ਵਿਦੇਸ਼ੀ ਸਬੰਧਾਂ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਦੇਸ਼ ਦੇ ਹਿਤਾਂ ਨੂੰ ਢਾਅ ਲਾਉਣ ਦੀ ਕਾਰਵਾਈ ਹੈ।
ਸੱਚ ਨੂੰ ਟਿਕੇ ਰਹਿਣ ਲਈ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ ਪਰ ਝੂਠ ਜਾਂਚ ਦੀ ਰੋਸ਼ਨੀ ਪੈਂਦੇ ਹੀ ਕਫੂਰ ਹੋ ਜਾਂਦਾ ਹੈ।
ਮਨਿੰਦਰ ਸਿੰਘ ਗਿੱਲ (ਮੈਨੇਜਿੰਗ ਡਾਇਰੈਕਟਰ, ਰੇਡੀਓ ਇੰਡੀਆ, ਸਰੀ, ਕੈਨੇਡਾ)
‘ਭਯ ਬਿਨੁ ਹੋਯ ਨਾ ਪ੍ਰੀਤ’
NEXT STORY