ਦੇਸ਼ ’ਚ ਜੁਰਮ ਘੱਟ ਨਹੀਂ ਹੋ ਰਹੇ ਅਤੇ ਇਸੇ ਲੜੀ ’ਚ ਸਮਾਜ ਵਿਰੋਧੀ ਤੱਤਾਂ ਵਲੋਂ ਬੈਂਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਦੀਆਂ ਇਸੇ ਸਾਲ ਦੀਆਂ ਚੰਦ ਉਦਾਹਰਣਾਂ ਹੇਠਾਂ ਦਰਜ ਹਨ :
* 23 ਜਨਵਰੀ, 2024 ਨੂੰ ਅਰਰੀਆ (ਬਿਹਾਰ) ’ਚ ਦੁਪਹਿਰ ਲਗਭਗ 12.30 ਵਜੇ ਹਥਿਆਰਾਂ ਨਾਲ ਲੈਸ 6 ਬਦਮਾਸ਼ਾਂ ਨੇ ਐਕਸਿਸ ਬੈਂਕ ਦੀ ਬ੍ਰਾਂਚ ’ਤੇ ਧਾਵਾ ਬੋਲ ਕੇ 90 ਲੱਖ ਰੁਪਏ ਲੁੱਟ ਲਏ। ਲੁੱਟ ਦੌਰਾਨ ਬਦਮਾਸ਼ਾਂ ਨੇ 2 ਰਾਊਂਡ ਗੋਲੀਆਂ ਵੀ ਚਲਾਈਆਂ ਅਤੇ ਬੈਂਕ ’ਚ ਰਕਮ ਜਮ੍ਹਾ ਕਰਵਾਉਣ ਆਏ ਗਾਹਕਾਂ ਨੂੰ ਵੀ ਲੁੱਟ ਲਿਆ।
* 2 ਫਰਵਰੀ ਨੂੰ ਗੋਂਡਾ (ਉੱਤਰ ਪ੍ਰਦੇਸ਼) ’ਚ ਪੁਲਸ ਸੁਪਰਡੈਂਟ ਦੇ ਦਫਤਰ ਤੋਂ ਸਿਰਫ 500 ਮੀਟਰ ਦੀ ਦੂਰੀ ’ਤੇ ਸਥਿਤ ‘ਪੰਤ ਨਗਰ ਪ੍ਰਥਮਾ ਗ੍ਰਾਮੀਣ ਬੈਂਕ’ ’ਚ ਮੋਟਰਸਾਈਕਲ ’ਤੇ ਪਹੁੰਚਿਆ ਇਕ ਬਦਮਾਸ਼ ਫਿਲਮੀ ਸਟਾਈਲ ’ਚ ਬੈਂਕ ਕੈਸ਼ੀਅਰ ਦੇ ਗਲ ’ਤੇ ਹੰਸੀਆ (ਦਾਤਰੀ) ਲਾ ਕੇ ਆਪਣੇ ਥੈਲੇ ’ਚ 8 ਲੱਖ 53 ਹਜ਼ਾਰ ਰੁਪਏ ਪਾ ਕੇ ਫਰਾਰ ਹੋ ਗਿਆ।
* 21 ਮਾਰਚ ਨੂੰ ਬੇਗੂਸਰਾਏ (ਬਿਹਾਰ) ’ਚ 5 ਹਥਿਆਰਬੰਦ ਬਦਮਾਸ਼ ਐੱਚ.ਡੀ.ਐੱਫ.ਸੀ. ਬੈਂਕ ’ਚੋਂ 20 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
* 6 ਅਪ੍ਰੈਲ ਨੂੰ ਦੁਪਹਿਰ ਵੇਲੇ 3 ਲੁਟੇਰਿਆਂ ਨੇ ਅੰਮ੍ਰਿਤਸਰ ’ਚ ਤਰਨ ਤਾਰਨ ਰੋਡ ’ਤੇ ਸਥਿਤ ਆਈ.ਸੀ.ਆਈ.ਸੀ.ਆਈ. ਬੈਂਕ ਦੀ ਬ੍ਰਾਂਚ ’ਚੋਂ ਪਿਸਤੌਲ ਦਿਖਾ ਕੇ 12 ਲੱਖ ਰੁਪਏ ਲੁੱਟ ਲਏ। ਇਸ ਸਬੰਧ ’ਚ ਗ੍ਰਿਫਤਾਰ 3 ਦੋਸ਼ੀਆਂ ਕੋਲੋਂ .30 ਬੋਰ ਦੇ ਇਕ ਪਿਸਤੌਲ ਤੋਂ ਇਲਾਵਾ ਇਕ ਡੰਮੀ ਪਿਸਤੌਲ ਵੀ ਬਰਾਮਦ ਕੀਤਾ ਗਿਆ।
ਇਸ ਦਰਮਿਆਨ ਪਤਾ ਲੱਗਾ ਹੈ ਕਿ ਉਕਤ ਬੈਂਕ ’ਚ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਸਨ। ਦੱਸਿਆ ਜਾਂਦਾ ਹੈ ਕਿ ਅਜੇ ਵੀ ਕੁਝ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਦੇ ਮੈਨੇਜਰਾਂ ਵਲੋਂ ਭਾਰਤੀ ਰਿਜ਼ਰਵ ਬੈਂਕ ਅਤੇ ਪੁਲਸ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਲਈ ਗੰਨਮੈਨ ਨਹੀਂ ਰੱਖੇ ਗਏ ਹਨ। ਇਸ ਲਈ ਸਾਰੀਆਂ ਬੈਂਕਾਂ ’ਚ ਸੁਰੱਖਿਆ ਲਈ ਗੰਨਮੈਨਾਂ ਦੀ ਤਾਇਨਾਤੀ ਲਾਜ਼ਮੀ ਕਰਨ ਦੀ ਲੋੜ ਹੈ।
-ਵਿਜੇ ਕੁਮਾਰ
ਗੈਰ-ਕਾਨੂੰਨੀ ਚੋਣ ਰੋਡ ਸ਼ੋਅ ’ਤੇ ਲੱਗੇ ਰੋਕ
NEXT STORY