ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਦੇਸ਼ ’ਚ ਅਪਰਾਧ ਘੱਟ ਨਹੀਂ ਹੋ ਰਹੇ। ਇਕ ਪਾਸੇ ਜਿਥੇ ਜਬਰ-ਜ਼ਨਾਹ, ਹੱਤਿਆ, ਚੋਰੀ-ਡਾਕੇ ਆਦਿ ਦੇ ਮਾਮਲੇ ਵਧ ਗਏ ਹਨ ਤਾਂ ਦੂਜੇ ਪਾਸੇ ਬੈਂਕਾਂ ਅਤੇ ਏ. ਟੀ. ਐੱਮਜ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ’ਚ ਸਿਰਫ ਪਿਛਲੇ ਸਵਾ 3 ਮਹੀਨਿਆਂ ’ਚ ਬੈਂਕ ਅਤੇ ਏ. ਟੀ. ਐੱਮ. ਲੁੱਟਣ ਦੀਆਂ ਹੇਠ ਲਿਖੀਆਂ ਵਾਰਦਾਤਾਂ ਹੋ ਚੁੱਕੀਆਂ ਹਨ :
* 3 ਮਈ ਨੂੰ ਮਣੀਪੁਰ ਦੇ ਚੁਰਾਚਾਂਦਪੁਰ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ’ਚੋਂ 5 ਹਥਿਆਰਬੰਦ ਲੁਟੇਰਿਆਂ ਨੇ 20 ਲੱਖ ਰੁਪਏ ਲੁੱਟ ਲਏ।
* 11 ਜੂਨ ਨੂੰ ਪੰਜਾਬ ’ਚ ਖੰਨਾ ਦੇ ‘ਬਗਲੀ ਕਲਾਂ’ ਵਿਚ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ’ਚੋਂ 3 ਬਦਮਾਸ਼ਾਂ ਨੇ 15.92 ਲੱਖ ਰੁਪਏ ਲੁੱਟ ਲਏ।
* 15 ਜੂਨ ਨੂੰ ਪਟਨਾ ’ਚ ਬਿਹਟਾ ਦੇ ‘ਦੇਵਕੁਲੀ’ ਸਥਿਤ ਐਕਸਿਸ ਬੈਂਕ ’ਚ ਸਵੇਰੇ 11.45 ਵਜੇ 6 ਬਦਮਾਸ਼ਾਂ ਨੇ ਹਥਿਆਰਾਂ ਦੇ ਬਲ ’ਤੇ ਬੈਂਕ ’ਚ ਮੌਜੂਦ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਕਮਰੇ ’ਚ ਬੰਦ ਕਰ ਕੇ ਮੈਨੇਜਰ ਤੋਂ ਲਾਕਰ ਦੀ ਚਾਬੀ ਲੈ ਕੇ ਸਾਢੇ 17 ਲੱਖ ਰੁਪਏ ਤੋਂ ਇਲਾਵਾ ਬੈਂਕ ’ਚ ਮੌਜੂਦ ਇਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ 1.45 ਲੱਖ ਰੁਪਏ ਅਤੇ ਇਕ ਹੋਰ ਗਾਹਕ ਤੋਂ 41,000 ਰੁਪਏ ਲੁੱਟ ਲਏ।
* 1 ਜੁਲਾਈ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਪਟਨਾ ’ਚ ‘ਬਰਬੀਕਾ’ ਦੇ ਐਕਸਿਸ ਬੈਂਕ ’ਚ ਦਾਖਲ ਹੋ ਕੇ ਬੈਂਕ ਸਟਾਫ ਨੂੰ ਬੰਧਕ ਬਣਾ ਕੇ ਮਾਰ-ਕੁਟਾਈ ਕਰ ਕੇ ਕੈਸ਼ ਕਾਊਂਟਰ ਅਤੇ ਲਾਕਰ ’ਚ ਰੱਖੀ ਸਾਰੀ ਰਕਮ ਤੋਂ ਇਲਾਵਾ ਬੈਂਕ ’ਚ ਮੌਜੂਦ ਗਾਹਕਾਂ ਨਾਲ ਵੀ ਲੁੱਟ-ਖੋਹ ਕੀਤੀ ਅਤੇ ਕੁਲ 45 ਲੱਖ ਰੁਪਏ ਲੈ ਉੱਡੇ।
* 6 ਜੁਲਾਈ ਨੂੰ ਬੈਂਗਲੁਰੂ ’ਚ ਹਥਿਆਰਬੰਦ ਬਦਮਾਸ਼ਾਂ ਨੇ ‘ਦੱਦਾਕਨਾਲੀ’ ਪਿੰਡ ’ਚ ਸਥਿਤ ਐਕਸਿਸ ਬੈਂਕ ਦੇ ਏ. ਟੀ. ਐੱਮ. ਬੂਥ ’ਚ ਲੱਗੇ ਕੈਮਰਿਆਂ ’ਤੇ ਸਪਰੇਅ ਕਰਕੇ 16.5 ਲੱਖ ਰੁਪਏ ਕੱਢ ਲਏ। ਏ. ਟੀ. ਐੱਮ. ਬੂਥ ’ਚ ਉਸ ਸਮੇਂ ਕੋਈ ਸਕਿਓਰਿਟੀ ਗਾਰਡ ਨਹੀਂ ਸੀ।
* 7 ਜੁਲਾਈ ਨੂੰ ਬਿਹਾਰ ’ਚ ਮੁਜ਼ੱਫਰਪੁਰ ਦੇ ‘ਸਰੈਯਾ’ ਵਿਚ ਚੋਰ ਸਿਰਫ 59 ਸੈਕੰਡ ’ਚ ਸਟੇਟ ਬੈਂਕ ਦੇ ਏ. ਟੀ. ਐੱਮ. ਦਾ ਸੇਫ ਡੋਰ ਖੋਲ੍ਹ ਕੇ ਲਗਭਗ 31.12 ਲੱਖ ਰੁਪਏ ਲੈ ਉੱਡੇ। ਏ. ਟੀ. ਐੱਮ. ਬੂਥ ਦਾ ਕੈਮਰਾ ਕਈ ਦਿਨਾਂ ਤੋਂ ਖਰਾਬ ਸੀ।
* 18 ਜੁਲਾਈ ਨੂੰ ਰਾਜਸਥਾਨ ਦੇ ਰਾਵਤਸਰ ’ਚ ਲਗਭਗ ਅੱਧੀ ਦਰਜਨ ਬਦਮਾਸ਼ਾਂ ਨੇ ਕੇਨਰਾ ਬੈਂਕ ਦੇ ਏ. ਟੀ. ਐੱਮ. ਬੂਥ ’ਚ ਦਾਖਲ ਹੋ ਕੇ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਕਾਲੇ ਰੰਗ ਦਾ ਸਪਰੇਅ ਕਰ ਕੇ ਲਗਭਗ 16 ਲੱਖ ਰੁਪਏ ਲੁੱਟ ਲਏ।
* 25 ਜੁਲਾਈ ਨੂੰ ਹਰਿਆਣਾ ’ਚ ਰੋਹਤਕ ਦੇ ‘ਡੋਭ’ ਪਿੰਡ ਸਥਿਤ ਐਕਸਿਸ ਬੈਂਕ ’ਚ 4 ਹਥਿਆਰਬੰਦ ਬਦਮਾਸ਼ ਬੈਂਕ ਮੁਲਾਜ਼ਮਾਂ ਨੂੰ ਹਥਿਆਰ ਦੇ ਬਲ ’ਤੇ ਡਰਾ-ਧਮਕਾ ਕੇ ਸਿਰਫ 3 ਮਿੰਟ ’ਚ ਲਗਭਗ 6.50 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
* 29 ਜੁਲਾਈ ਨੂੰ ਮੱਧ ਪ੍ਰਦੇਸ਼ ’ਚ ਉੱਜੈਨ ਜ਼ਿਲੇ ਦੇ ‘ਖਚਰੋਦ’ ਵਿਚ 2 ਨੌਜਵਾਨ ਬੈਂਕ ਆਫ ਇੰਡੀਆ ਦੇ ਇਕ ਏ. ਟੀ. ਅੈੱਮ. ਬੂਥ ਤੋਂ 23 ਲੱਖ ਰੁਪਏ ਕੱਢ ਕੇ ਲੈ ਗਏ।
* 5 ਅਗਸਤ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਦੇ ‘ਜਮੁਈ ਬਾਜ਼ਾਰ’ ਵਿਚ ਅੱਧੀ ਦਰਜਨ ਨਕਾਬਪੋਸ਼ ਬਦਮਾਸ਼ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਖੁੱਲ੍ਹਦੇ ਹੀ ਸਟਾਫ ਨੂੰ ਬੰਧਕ ਬਣਾ ਕੇ ਸਿਰਫ 20 ਮਿੰਟ ’ਚ ਕੈਸ਼ ਕਾਊਂਟਰ ਤੋਂ 21 ਲੱਖ ਰੁਪਏ ਲੁੱਟ ਕੇ ਲੈ ਜਾਣ ਤੋਂ ਇਲਾਵਾ ਸੀ. ਸੀ. ਟੀ. ਵੀ. ਦਾ ‘ਡਿਜੀਟਲ ਵੀਡੀਓ ਰਿਕਾਰਡਰ’ (ਡੀ. ਵੀ. ਆਰ.) ਵੀ ਉਖਾੜ ਕੇ ਲੈ ਗਏ।
* 5 ਅਗਸਤ ਨੂੰ ਹੀ ਬਿਹਾਰ ਦੇ ਆਰਾ ’ਚ ‘ਖੁਟਹਾਂ’ ਸਥਿਤ ਬੈਂਕ ਆਫ ਇੰਡੀਆ ’ਚ ਧਾਵਾ ਬੋਲ ਕੇ ਹਥਿਆਰਬੰਦ ਬਦਮਾਸ਼ 2.40 ਲੱਖ ਰੁਪਏ ਲੁੱਟ ਕੇ ਲੈ ਗਏ।
* ਅਤੇ ਹੁਣ 8 ਅਗਸਤ ਨੂੰ ਝਾਰਖੰਡ ’ਚ ‘ਦੁਮਕਾ’ ਜ਼ਿਲੇ ਦੇ ‘ਹੰਸਡੀਹਾ’ ਵਿਚ ਮੋਟਰਸਾਈਕਲਾਂ ’ਤੇ ਆਏ 3 ਨਕਾਬਪੋਸ਼ਾਂ ਸਮੇਤ 5 ਬਦਮਾਸ਼ਾਂ ਨੇ ਇੰਡੀਅਨ ਬੈਂਕ ਦੀ ਬ੍ਰਾਂਚ ’ਚੋਂ ਦਿਨ-ਦਿਹਾੜੇ 15 ਲੱਖ ਰੁਪਏ ਲੁੱਟ ਲਏ।
ਜ਼ਿਆਦਾਤਰ ਬੈਂਕ ਬਿਨਾਂ ਗਾਰਡ ਦੇ ਹੁੰਦੇ ਹਨ ਜਾਂ ਫਿਰ ਇਕ-ਅੱਧਾ ਪ੍ਰਾਈਵੇਟ ਗਾਰਡ ਹੁੰਦਾ ਹੈ ਜੋ ਪੂਰੀ ਤਰ੍ਹਾਂ ਟ੍ਰੇਂਡ ਵੀ ਨਹੀਂ ਹੁੰਦਾ ਅਤੇ ਕਈ ਬੈਂਕ ਬ੍ਰਾਂਚਾਂ ’ਤੇ ਸੁਰੱਖਿਆ ਮੁਲਾਜ਼ਮਾਂ ਦੀ ਲਾਪਰਵਾਹੀ ਨਾਲ ਇਹ ਘਟਨਾਵਾਂ ਹੋ ਰਹੀਆਂ ਹਨ। ਬੈਂਕਾਂ ’ਚ ਹਮਲਿਆਂ ਕਾਰਨ ਕਈ ਵਾਰ ਉਥੇ ਮੌਜੂਦ ਗਾਹਕਾਂ ਦੀ ਜਾਨ ਵੀ ਜੋਖਮ ’ਚ ਪੈ ਜਾਂਦੀ ਹੈ।
ਕਈ ਮਾਮਲਿਆਂ ’ਚ ਅਪਰਾਧੀ ਬੈਂਕਾਂ ਅਤੇ ਏ. ਟੀ. ਐੱਮ. ਬੂਥਾਂ ’ਚ ਲਗਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਕਾਰਨ ਬਚ ਨਿਕਲਦੇ ਹਨ। ਕਈ ਵਾਰ ਕੈਮਰਿਆਂ ਦੇ ਲੈੱਨਜ਼ ’ਤੇ ਰੰਗ ਛਿੜਕ ਕੇ ਉਨ੍ਹਾਂ ਨੂੰ ਨਕਾਰਾ ਕਰ ਦੇਣ ਜਾਂ ਘਟਨਾ ਨੂੰ ਰਿਕਾਰਡ ਕਰਨ ਵਾਲੇ ‘ਡਿਜੀਟਲ ਵੀਡੀਓ ਰਿਕਾਰਡਰ’ (ਡੀ. ਵੀ. ਆਰ.) ਤੱਕ ਉਖਾੜ ਕੇ ਆਪਣੇ ਨਾਲ ਲੈ ਜਾਣ ਕਾਰਨ ਵੀ ਲੁਟੇਰੇ ਪਕੜ ’ਚ ਨਹੀਂ ਆਉਂਦੇ।
ਅਖੀਰ, ਸਾਰੇ ਬੈਂਕਾਂ ’ਚ ਸੁਰੱਖਿਆ ਲਈ ਗੰਨਮੈਨਾਂ ਦੀ ਤਾਇਨਾਤੀ ਜ਼ਰੂਰੀ ਕਰਨ, ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ, ਬੈਂਕ ਕੰਪਲੈਕਸਾਂ ਦੇ ਬਾਹਰ ਵੱਲ ਵੀ ਸੀ. ਸੀ. ਟੀ. ਵੀ. ਕੈਮਰੇ ਅਤੇ ਅਲਾਰਮ ਸਿਸਟਮ ਲਾਉਣ, ਬੈਂਕਾਂ ਨੂੰ ਸਭ ਤੋਂ ਨੇੜਲੇ ਥਾਣੇ ਦੇ ਨਾਲ ਹਾਟ ਲਾਈਨ ਨਾਲ ਜੋੜਨ ਅਤੇ ਅਜਿਹੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ
‘ਪੰਜਾਬੀ ਭਾਸ਼ਾ’ ਨੂੰ ਸਮਰਪਿਤ ਨਹੀਂ ਪੰਜਾਬੀ ਯੂਨੀਵਰਸਿਟੀ
NEXT STORY