‘ਕੈਗ’ (ਕੰਪਟਰੋਲਰ ਐਂਡ ਆਡਿਟਰ ਜਨਰਲ ਆਫ ਇੰਡੀਆ) ਦੀ ਸਥਾਪਨਾ ਅੰਗਰੇਜ਼ਾਂ ਨੇ 1858 ਵਿਚ ਕੀਤੀ ਸੀ। ਇਸ ਨੂੰ ‘ਸੁਪਰੀਮ ਆਡਿਟ ਇੰਸਟੀਚਿਊਸ਼ਨ’ ਵੀ ਕਿਹਾ ਜਾਂਦਾ ਹੈ। ਸਰਕਾਰੀ ਘਪਲਿਆਂ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ‘ਕੈਗ’ ਸੰਸਦ ਵਿਚ ਪੇਸ਼ ਕੀਤੀਆਂ ਆਪਣੀਆਂ ਰਿਪੋਰਟਾਂ ’ਚ ਵੱਖ-ਵੱਖ ਵਿਭਾਗਾਂ ਦੀਆਂ ਤਰੁੱਟੀਆਂ ਵੱਲ ਸਰਕਾਰ ਦਾ ਧਿਆਨ ਦਿਵਾਉਂਦਾ ਰਹਿੰਦਾ ਹੈ ਜਿਨ੍ਹਾਂ ਵਿਚ ਦੇਸ਼ ਦੀ ਰੱਖਿਆ ਤਿਆਰੀ ਨਾਲ ਸਬੰਧਤ ਤਰੁੱਟੀਆਂ ਵੀ ਸ਼ਾਮਲ ਹਨ।
ਇਸੇ ਲੜੀ ਵਿਚ, ‘ਕੈਗ’ ਨੇ 18 ਦਸੰਬਰ, 2024 ਨੂੰ ਸੰਸਦ ਵਿਚ ਪੇਸ਼ ਕੀਤੀ ਆਪਣੀ ਰਿਪੋਰਟ ਵਿਚ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਦੀ ਸਿਖਲਾਈ ਵਿਚ ਗੰਭੀਰ ਕਮੀਆਂ ਨੂੰ ਉਜਾਗਰ ਕੀਤਾ ਹੈ। ਰਿਪੋਰਟ ’ਚ 2016-2021 ਨੂੰ ਕਵਰ ਕਰਨ ਵਾਲੀ ਕਾਰਗੁਜ਼ਾਰੀ ਸੰਬੰਧੀ ਆਡਿਟ ਵਿਚ ਪੁਰਾਣੇ ਹੋ ਚੁੱਕੇ ਉਪਕਰਣਾਂ ਅਤੇ ਬੇਸਿਕ ਟ੍ਰੇਨਰ ਜਹਾਜ਼ ‘ਪਿਲਾਟਸ ਪੀ. ਸੀ.-7 ਐੱਮ. ਕੇ.-2’ ’ਚ ਕਈ ਗੰਭੀਰ ਸਮੱਸਿਆਵਾਂ ਵੱਲ ਿਧਆਨ ਦਿਵਾਇਆ ਹੈ।
‘ਕੈਗ’ ਨੇ ‘ਪਿਲਾਟਸ ਪੀ. ਸੀ.-7 ਐੱਮ. ਕੇ.-2’ ਜਹਾਜ਼ਾਂ ਦੇ ਸੰਚਾਲਨ ਦਾ ਅਧਿਐਨ ਕੀਤਾ, ਜੋ ਮਈ, 2013 ਤੋਂ ਟ੍ਰੇਨੀ ਪਾਇਲਟਾਂ ਨੂੰ ‘ਸਟੇਜ-1’ ਉਡਾਣ ਸਿਖਲਾਈ ਦੇਣ ਲਈ ਵਰਤੇ ਜਾ ਰਹੇ ਹਨ।
ਰਿਪੋਰਟ ਅਨੁਸਾਰ 64 ‘ਪਿਲਾਟਸ ਪੀ. ਸੀ.-7 ਐੱਮ. ਕੇ.-2 ਜਹਾਜ਼ਾਂ ’ਚੋਂ 16 (25 ਫੀਸਦੀ) ਜਹਾਜ਼ਾਂ ’ਚ 2013 ਅਤੇ 2021 ਦਰਮਿਆਨ ਇੰਜਣ ਆਇਲ ਲੀਕ ਹੋਣ ਦੀਆਂ 38 ਘਟਨਾਵਾਂ ਹੋਈਆਂ ਸਨ। ਭਾਰਤੀ ਹਵਾਈ ਫੌਜ ਨੇ ਇਨ੍ਹਾਂ ਜਹਾਜ਼ਾਂ ਦੇ ਨਿਰਮਾਤਾ ਕੋਲ ਇਹ ਮੁੱਦਾ ਚੁੱਕਿਆ ਅਤੇ ਅਗਸਤ, 2023 ਤੱਕ ਇਸ ਮਾਮਲੇ ਦੀ ਜਾਂਚ ਦੀ ਗੱਲ ਕਹੀ ਗਈ ਸੀ ਜੋ ਅਜੇ ਵੀ ਜਾਰੀ ਦੱਸੀ ਜਾਂਦੀ ਹੈ।
‘ਕੈਗ’ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਦੇ ਆਧੁਨਿਕੀਕਰਨ ਦੀਆਂ ਯੋਜਨਾਵਾਂ ਵਿਚ ਦੇਰੀ ਕਾਰਨ ਟਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਲਈ ਸਟੇਜ 2 ਅਤੇ ਸਟੇਜ 3 ਪਾਇਲਟ ਸਿਖਲਾਈ ਪ੍ਰਭਾਵਿਤ ਹੋਈ ਹੈ। ਵਰਣਨਯੋਗ ਹੈ ਕਿ ਟਰਾਂਸਪੋਰਟ ਪਾਇਲਟਾਂ ਨੂੰ ਪੁਰਾਣੇ ਡੌਰਨੀਅਰ-228 ਜਹਾਜ਼ਾਂ ’ਤੇ ਹੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਨ੍ਹਾਂ ਵਿਚ ਆਧੁਨਿਕ ਕਾਕਪਿਟਸ ਨਹੀਂ ਹਨ।
ਰਿਪੋਰਟ ਮੁਤਾਬਕ ਭਾਰਤੀ ਹਵਾਈ ਫੌਜ ਵਿਚ ਪਾਇਲਟਾਂ ਦੀ ਕਮੀ ਇਕ ਹੋਰ ਚਿੰਤਾ ਦਾ ਵਿਸ਼ਾ ਹੈ। ਫਰਵਰੀ, 2015 ਵਿਚ ਭਾਰਤੀ ਹਵਾਈ ਫੌਜ ਨੇ 486 ਪਾਇਲਟਾਂ ਦੀ ਘਾਟ ਦਾ ਮੁਲਾਂਕਣ ਕਰਨ ਤੋਂ ਬਾਅਦ 2016 ਤੇ 2021 ਦੇ ਵਿਚਕਾਰ 222 ਟ੍ਰੇਨੀ ਪਾਇਲਟਾਂ ਦੀ ਸਾਲਾਨਾ ਭਰਤੀ ਕਰਨ ਦੀ ਯੋਜਨਾ ਬਣਾਈ ਸੀ, ਪਰ ਅਸਲ ਵਿਚ ਘੱਟ ਦਾਖਲੇ ਦੇ ਨਤੀਜੇ ਵਜੋਂ ਪਾਇਲਟਾਂ ਦੀ ਕਮੀ ਵਧ ਕੇ 596 ਹੋ ਗਈ।
ਵਰਨਣਯੋਗ ਹੈ ਕਿ ਇਸ ਸਮੇਂ ਭਾਰਤੀ ਹਵਾਈ ਫੌਜ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਸਕੁਐਡਰਨ ਦੀ ਪ੍ਰਵਾਨਿਤ ਗਿਣਤੀ 42 ਹੈ ਪਰ ਵਰਤਮਾਨ ਵਿਚ ਇਹ ਸਿਰਫ 30 ਸਕੁਐਡਰਨਾਂ ਨਾਲ ਕੰਮ ਚਲਾ ਰਹੀ ਹੈ। ਹਵਾਈ ਫੌਜ ਦੀ ਦੂਜੀ ਵੱਡੀ ਚੁਣੌਤੀ ਤੇਜਸ ਲੜਾਕੂ ਜਹਾਜ਼ਾਂ ਦੀ ਸਪਲਾਈ ਵਿਚ ਆ ਰਹੀ ਗਿਰਾਵਟ ਹੈ, ਜਿਸ ਦੇ ਦੋਵਾਂ ਹੀ ਵੇਰੀਐਂਟ ਲਈ ਇੰਜਣ ਅਮਰੀਕੀ ਕੰਪਨੀ ਜੀ. ਈ. ਵੱਲੋਂ ਸਪਲਾਈ ਕੀਤੇ ਜਾਂਦੇ ਹਨ ਪਰ ਇਸ ਵਿਚ ਵੀ ਦੇਰੀ ਹੋ ਰਹੀ ਹੈ।
ਇਸ ਤੋਂ ਇਲਾਵਾ ਭਾਰਤੀ ਹਵਾਈ ਫੌਜ ਨੂੰ ਲੜਾਕੂ ਜਹਾਜ਼ਾਂ ਦੀ ਘਾਟ ਦੀ ਸਮੱਸਿਆ ਦਾ ਸਾਹਮਣਾ ਕਰਨ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਹਵਾਈ ਫੌਜ ਦੇ ਬੇੜੇ ’ਚ ਸ਼ਾਮਲ ‘ਮਿਗ-21’ ਕਾਫੀ ਪੁਰਾਣੇ ਹੋ ਚੁੱਕੇ ਹਨ, ਪਰ ਭਾਰਤ ਸਰਕਾਰ ਨੇ ਨਾ ਤਾਂ ਕਿਸੇ ਵਿਦੇਸ਼ੀ ਕੰਪਨੀ ਨਾਲ ਲੜਾਕੂ ਜਹਾਜ਼ ਖਰੀਦਣ ਲਈ ਕੋਈ ਸਮਝੌਤਾ ਕੀਤਾ ਹੈ ਅਤੇ ਨਾ ਹੀ ਸਰਕਾਰ ਭਾਰਤ ਵਿਚ ਹੀ ਲੜਾਕੂ ਜਹਾਜ਼ ਦੇ ਨਿਰਮਾਣ ਲਈ ਕਿਸੇ ਵਿਦੇਸ਼ੀ ਹਥਿਆਰ ਿਨਰਮਾਤਾ ਕੰਪਨੀ ਨੂੰ ਰਾਜ਼ੀ ਕਰ ਸਕੀ ਹੈ।
ਇਸ ਸਥਿਤੀ ਵਿਚ ਕੈਗ ਨੇ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਦੀ ਸਿਖਲਾਈ ਅਤੇ ਸਿਖਲਾਈ ਲਈ ਵਰਤੇ ਜਾਣ ਵਾਲੇ ਜਹਾਜ਼ਾਂ ਦੀਆਂ ਖਾਮੀਆਂ ਵੱਲ ਧਿਆਨ ਦਿਵਾ ਕੇ ਹਵਾਈ ਫੌਜ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਕਰਨ ਦਾ ਸੰਕੇਤ ਦਿੱਤਾ ਹੈ।
ਇਸ ਦਾ ਸਿੱਧਾ ਸਬੰਧ ਦੇਸ਼ ਦੀ ਆਮ ਜਨਤਾ ਅਤੇ ਸੁਰੱਖਿਆ ਨਾਲ ਹੈ, ਜਿਸ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਅਮਰੀਕਾ ਵੱਲੋਂ ਉੱਨਤ ਜਹਾਜ਼ਾਂ ਦੀ ਪ੍ਰਾਪਤੀ ’ਚ ਦੇਰੀ ਅਤੇ ਗੁਆਂਢੀ ਮੁਲਕਾਂ ਨਾਲ ਤਣਾਅਪੂਰਨ ਸਬੰਧਾਂ ਕਾਰਨ ਸਾਡੀ ਹਵਾਈ ਫੌਜ ਦੇ ਪਾਇਲਟਾਂ ਅਤੇ ਜਹਾਜ਼ਾਂ ਨੂੰ ਚੰਗੀ ਹਾਲਤ ਵਿਚ ਰੱਖਣਾ ਹੋਰ ਵੀ ਜ਼ਰੂਰੀ ਹੈ।
-ਵਿਜੇ ਕੁਮਾਰ
ਬਲੀਦਾਨ, ਹੌਸਲਾ, ਸ਼ਰਧਾ ਅਤੇ ਧਰਮ ਦੀ ਰੱਖਿਆ ਦਾ ਅਮਰ ਸੰਦੇਸ਼ ‘ਵੀਰ ਬਾਲ ਦਿਵਸ’
NEXT STORY