ਭਾਰਤ ਦੇ ਪਹਾੜੀ ਖੇਤਰ, ਖਾਸ ਕਰਕੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਹਿਮਾਲਿਆਈ ਰਾਜ, ਆਪਣੀ ਕੁਦਰਤੀ ਸੁੰਦਰਤਾ ਅਤੇ ਜੈਵ ਵਿਭਿੰਨਤਾ ਲਈ ਦੁਨੀਆ ਭਰ ਵਿਚ ਮਸ਼ਹੂਰ ਹਨ। ਇਹ ਖੇਤਰ ਨਾ ਸਿਰਫ਼ ਸੈਲਾਨੀ ਆਕਰਸ਼ਣ ਦੇ ਕੇਂਦਰ ਹਨ ਸਗੋਂ ਗੰਗਾ, ਯਮੁਨਾ ਅਤੇ ਹੋਰ ਪ੍ਰਮੁੱਖ ਨਦੀਆਂ ਦਾ ਮੂਲ ਵੀ ਹਨ ਜੋ ਦੇਸ਼ ਦੀ ਜੀਵਨ ਰੇਖਾ ਹਨ। ਹਾਲਾਂਕਿ, ਹਾਲ ਹੀ ਦੇ ਸਾਲਾਂ ਵਿਚ ਇਨ੍ਹਾਂ ਖੇਤਰਾਂ ਵਿਚ ਕੁਦਰਤੀ ਆਫ਼ਤਾਂ ਦੀ ਵਧਦੀ ਭਿਆਨਕਤਾ ਅਤੇ ਤੀਬਰਤਾ ਨੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ। ਉੱਤਰਕਾਸ਼ੀ ਵਿਚ ਹਾਲ ਹੀ ਵਿਚ ਆਏ ਵਿਨਾਸ਼ਕਾਰੀ ਹੜ੍ਹਾਂ ਅਤੇ ਮਲਬੇ ਦੇ ਵਹਾਅ ਨੇ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਅਸੀਂ ਆਪਣੇ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਨਾਲ ਖਿਲਵਾੜ ਕਰ ਰਹੇ ਹਾਂ। ਇਹ ਆਫਤ ਜੋ ਭਗੀਰਥੀ ਚੌਗਿਰਦਾ ਸੰਵੇਦਨਸ਼ੀਲ ਖੇਤਰ (ਬੀ. ਈ. ਐੱਸ. ਜ਼ੈੱਡ.) ਵਿਚ ਆਈ, ਨਾ ਸਿਰਫ ਕੁਦਰਤੀ ਕਾਰਨਾਂ ਕਰਕੇ ਸਗੋਂ ਢਾਂਚਾਗਤ ਪ੍ਰਾਜੈਕਟਾਂ ਦੇ ਗਲਤ ਪ੍ਰਬੰਧਾਂ ਅਤੇ ਚੌਗਿਰਦੇ ਦੇ ਅਸੰਤੁਲਨ ਦੇ ਕਾਰਨ ਹੋਰ ਵੀ ਤਬਾਹਕੁੰਨ ਬਣ ਗਈ। ਇਹ ਸਮਾਂ ਹੈ ਕਿ ਅਸੀਂ ਇਸ ਮੁੱਦੇ ’ਤੇ ਗੰਭੀਰਤਾ ਨਾਲ ਵਿਚਾਰ ਕਰੀਏ ਅਤੇ ਤੁਰੰਤ ਕਾਰਵਾਈ ਕਰੀਏ।
ਉੱਤਰਕਾਸ਼ੀ ਵਿਚ ਇਹ ਘਟਨਾ ਕੋਈ ਅਪਵਾਦ ਨਹੀਂ ਹੈ। ਪਿਛਲੇ ਕੁਝ ਸਾਲਾਂ ਵਿਚ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਵਾਰ-ਵਾਰ ਹੜ੍ਹ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। 2013 ਦਾ ਕੇਦਾਰਨਾਥ ਹੜ੍ਹ, ਜਿਸ ਵਿਚ 5,700 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 2021 ਦਾ ਚਮੋਲੀ ਹੜ੍ਹ, ਜਿਸ ਵਿਚ 200 ਤੋਂ ਵੱਧ ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ ਸਨ, ਅਜਿਹੀਆਂ ਦੁਖਾਂਤਾਂ ਦੀਆਂ ਉਦਾਹਰਣਾਂ ਹਨ। ਇਨ੍ਹਾਂ ਆਫ਼ਤਾਂ ਦਾ ਇਕ ਵੱਡਾ ਕਾਰਨ ਜਲਵਾਯੂ ਪਰਿਵਰਤਨ ਹੈ, ਜੋ ਹਿਮਾਲੀਅਨ ਖੇਤਰ ਵਿਚ ਗਲੇਸ਼ੀਅਰਾਂ ਦੇ ਪਿਘਲਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਨੂੰ ਵਧਾ ਰਿਹਾ ਹੈ ਪਰ ਇਸ ਦੇ ਨਾਲ ਹੀ, ਮਨੁੱਖੀ ਗਤੀਵਿਧੀਆਂ, ਖਾਸ ਕਰਕੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਗਲਤ ਪ੍ਰਬੰਧਨ, ਇਨ੍ਹਾਂ ਆਫ਼ਤਾਂ ਦੀ ਤੀਬਰਤਾ ਨੂੰ ਹੋਰ ਵਧਾ ਰਿਹਾ ਹੈ।
ਹਿਮਾਲੀਅਨ ਖੇਤਰ ਦੀ ਭੂ-ਵਿਗਿਆਨਕ ਬਣਤਰ ਬਹੁਤ ਨਾਜ਼ੁਕ ਹੈ। ਇਹ ਖੇਤਰ ਭੂਚਾਲ ਪੱਖੋਂ ਸਰਗਰਮ ਹੈ ਅਤੇ ਟੈਕਟੋਨਿਕ ਗਤੀਵਿਧੀਆਂ ਕਾਰਨ ਜ਼ਮੀਨ ਖਿਸਕਣ ਲਈ ਸੰਵੇਦਨਸ਼ੀਲ ਹੈ। ਫਿਰ ਵੀ, ਚਾਰ ਧਾਮ ਪ੍ਰਾਜੈਕਟ ਵਰਗੇ ਵੱਡੇ ਪੱਧਰ ਦੇ ਸੜਕ ਨਿਰਮਾਣ ਪ੍ਰਾਜੈਕਟ, ਪਣ-ਬਿਜਲੀ ਪ੍ਰਾਜੈਕਟ ਅਤੇ ਬੇਕਾਬੂ ਸੈਰ-ਸਪਾਟੇ ਨੇ ਇਸ ਖੇਤਰ ਦੀ ਸਥਿਰਤਾ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ। ਉੱਤਰਕਾਸ਼ੀ ਵਿਚ ਚਾਰ ਧਾਮ ਪ੍ਰਾਜੈਕਟ ਅਧੀਨ ਧਰਾਸੂ-ਗੰਗੋਤਰੀ ਸੈਕਸ਼ਨ ਨੂੰ ਚੌੜਾ ਕਰਨਾ ਅਤੇ ਹਿਨਾ-ਟੇਖਲਾ ਵਿਚਕਾਰ ਪ੍ਰਸਤਾਵਿਤ ਬਾਈਪਾਸ, ਜਿਸ ਵਿਚ 6,000 ਦੇਵਦਾਰ ਦੇ ਰੁੱਖ ਕੱਟਣ ਦੀ ਯੋਜਨਾ ਹੈ, ਵਾਤਾਵਰਣ ਪ੍ਰੇਮੀਆਂ ਲਈ ਚਿੰਤਾ ਦਾ ਵਿਸ਼ਾ ਰਿਹਾ ਹੈ।
ਚਾਰ ਧਾਮ ਪ੍ਰਾਜੈਕਟ ਨੂੰ ਸੁਪਰੀਮ ਕੋਰਟ ਵਿਚ ਕਈ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਇਹ ਵਾਤਾਵਰਣ ਲਈ ਖ਼ਤਰਾ ਪੈਦਾ ਕਰਦਾ ਹੈ। ਮਾਹਿਰਾਂ ਨੇ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਸੜਕ ਚੌੜੀ ਕਰਨ ਲਈ ਪਹਾੜੀਆਂ ਦੀ ਕਟਾਈ, ਜੰਗਲਾਂ ਦੀ ਲਾਪਰਵਾਹੀ ਨਾਲ ਕਟਾਈ ਅਤੇ ਨਦੀਆਂ ਦੇ ਕੰਢਿਆਂ ’ਤੇ ਉਸਾਰੀ ਇਸ ਖੇਤਰ ਨੂੰ ਹੋਰ ਅਸਥਿਰ ਬਣਾ ਰਹੀ ਹੈ। 2023 ਵਿਚ ਸਿਲਕਯਾਰਾ ਸੁਰੰਗ ਘਟਨਾ ਨੇ ਇਹ ਵੀ ਦਿਖਾਇਆ ਕਿ ਵਾਤਾਵਰਣ ਪ੍ਰਭਾਵ ਮੁਲਾਂਕਣ (ਈ. ਆਈ. ਏ.) ਤੋਂ ਬਿਨਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣਾ ਕਿੰਨਾ ਖਤਰਨਾਕ ਹੋ ਸਕਦਾ ਹੈ।
ਇਸੇ ਤਰ੍ਹਾਂ, ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ-ਸ਼ੋਘੀ-ਧੱਲੀ ਹਾਈਵੇਅ ਪ੍ਰਾਜੈਕਟ ਲਈ ਪਹਾੜੀਆਂ ਦੀ ਕਟਾਈ ਨੇ ਜ਼ਮੀਨ ਖਿਸਕਣ ਦਾ ਖ਼ਤਰਾ ਵਧਾ ਦਿੱਤਾ ਹੈ। ਸ਼ਿਮਲਾ, ਜੋ ਕਦੇ 30,000 ਲੋਕਾਂ ਲਈ ਬਣਾਇਆ ਗਿਆ ਸੀ, ਹੁਣ 300,000 ਲੋਕਾਂ ਅਤੇ ਲੱਖਾਂ ਸੈਲਾਨੀਆਂ ਦਾ ਭਾਰ ਸਹਿ ਰਿਹਾ ਹੈ। ਕੁੱਲੂ ਅਤੇ ਮਨਾਲੀ ਵਰਗੇ ਸੈਰ-ਸਪਾਟਾ ਸਥਾਨ ਵੀ ਬੇਕਾਬੂ ਉਸਾਰੀ ਅਤੇ ਸੈਲਾਨੀਆਂ ਦੀ ਭੀੜ ਕਾਰਨ ਵਾਤਾਵਰਣ ਸੰਕਟ ਦਾ ਸਾਹਮਣਾ ਕਰ ਰਹੇ ਹਨ।
ਜਲਵਾਯੂ ਪਰਿਵਰਤਨ ਨੇ ਹਿਮਾਲੀਅਨ ਖੇਤਰ ਵਿਚ ਆਫ਼ਤਾਂ ਦੀ ਭਿਆਨਕਤਾ ਅਤੇ ਤੀਬਰਤਾ ਵਧਾ ਦਿੱਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅਨੁਸਾਰ, 1988 ਤੋਂ 2023 ਤੱਕ ਉੱਤਰਾਖੰਡ ਵਿਚ 12,319 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚੋਂ 1,100 ਸਿਰਫ਼ 2023 ਵਿਚ ਦਰਜ ਕੀਤੀਆਂ ਗਈਆਂ। ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਅਤੇ ਗਲੇਸ਼ੀਅਰ ਝੀਲਾਂ ਦੇ ਵਿਸਥਾਰ ਨਾਲ ਗਲੇਸ਼ੀਅਰ ਲੇਕ ਆਊਟਬਸਰਟ ਫਲੱਡ (ਜੀ. ਐੱਲ. ਓ. ਐੱਫ.) ਦਾ ਖ਼ਤਰਾ ਵਧ ਰਿਹਾ ਹੈ। ਮਾਹਿਰਾਂ ਨੇ ਉੱਤਰਕਾਸ਼ੀ ਦੇ ਹਾਲੀਆ ਹੜ੍ਹਾਂ ਵਿਚ ਜੀ. ਐੱਲ. ਓ. ਐੱਫ. ਦੀ ਸੰਭਾਵਨਾ ਦੀ ਵੀ ਭਵਿੱਖਬਾਣੀ ਕੀਤੀ ਹੈ।
ਸੈਰ-ਸਪਾਟਾ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ ਦਾ ਇਕ ਵੱਡਾ ਹਿੱਸਾ ਹੈ। 2023 ਵਿਚ ਚਾਰ ਧਾਮ ਯਾਤਰਾ ਨੇ 56 ਲੱਖ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ, ਜਿਸ ਨਾਲ ਹੋਟਲ, ਲੌਜ ਅਤੇ ਸੜਕਾਂ ਦਾ ਤੇਜ਼ੀ ਨਾਲ ਨਿਰਮਾਣ ਹੋਇਆ। ਹਾਲਾਂਕਿ, ਇਹ ਬੇਕਾਬੂ ਉਸਾਰੀ ਨਦੀ ਦੇ ਕੰਢਿਆਂ ਅਤੇ ਅਸਥਿਰ ਢਲਾਣਾਂ ’ਤੇ ਕੀਤੀ ਗਈ, ਜਿਸ ਨੇ ਕੁਦਰਤੀ ਰੋਕਾਂ ਨੂੰ ਤਬਾਹ ਕਰ ਦਿੱਤਾ। 2023 ਵਿਚ ਜੋਸ਼ੀਮੱਠ ਵਿਚ 700 ਤੋਂ ਵੱਧ ਘਰਾਂ ਵਿਚ ਤਰੇੜਾਂ ਆ ਗਈਆਂ, ਕਿਉਂਕਿ ਇਹ ਸ਼ਹਿਰ ਪ੍ਰਾਚੀਨ ਜ਼ਮੀਨ ਖਿਸਕਣ ਦੇ ਮਲਬੇ ’ਤੇ ਬਣਿਆ ਹੈ ਅਤੇ ਤਪਕੇਸ਼ਵਰ ਵਿਸ਼ਨੂੰਗੜ੍ਹ ਪਣ-ਬਿਜਲੀ ਪ੍ਰਾਜੈਕਟ ਅਤੇ ਚਾਰ ਧਾਮ ਸੜਕ ਪ੍ਰਾਜੈਕਟ ਨੇ ਇਸ ਦੀਆਂ ਢਲਾਣਾਂ ਨੂੰ ਅਸਥਿਰ ਕਰ ਦਿੱਤਾ ਸੀ।
ਉੱਤਰਕਾਸ਼ੀ ਦੁਖਾਂਤ ਅਤੇ ਹਿਮਾਚਲ-ਉੱਤਰਾਖੰਡ ਵਿਚ ਵਾਰ-ਵਾਰ ਵਾਪਰੀਆਂ ਆਫ਼ਤਾਂ ਇਹ ਸਪੱਸ਼ਟ ਕਰਦੀਆਂ ਹਨ ਕਿ ਸਿਰਫ਼ ਚਰਚੇ ਹੀ ਕਾਫ਼ੀ ਨਹੀਂ ਹਨ। ਸਾਨੂੰ ਤੁਰੰਤ ਅਤੇ ਠੋਸ ਕਦਮ ਚੁੱਕਣੇ ਪੈਣਗੇ। ਬੀ. ਈ. ਐੱਸ. ਜ਼ੈੱਡ. ਵਰਗੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਪਵੇਗਾ। ਗੈਰ-ਕਾਨੂੰਨੀ ਉਸਾਰੀ ’ਤੇ ਤੁਰੰਤ ਪਾਬੰਦੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਜ਼ਰੂਰੀ ਹੈ। ਆਧੁਨਿਕ ਤਕਨਾਲੋਜੀਆਂ, ਜਿਵੇਂ ਕਿ ਹਾਫ-ਟਨਲ ਅਤੇ ਢਲਾਣ ਸਥਿਰੀਕਰਨ ਢਾਂਚਿਆਂ, ਦੀ ਵਰਤੋਂ ਸੜਕ ਅਤੇ ਹੋਰ ਪ੍ਰਾਜੈਕਟਾਂ ਲਈ ਕਰਨੀ ਪਵੇਗੀ। ਹਿਮਾਲੀਅਨ ਖੇਤਰ ਵਿਚ ਆਟੋਮੈਟਿਕ ਮੌਸਮ ਸਟੇਸ਼ਨਾਂ (ਏ. ਡਬਲਿਊ. ਐੱਸ.) ਦੀ ਗਿਣਤੀ ਵਧਾਉਣ ਦੀ ਲੋੜ ਹੈ ਅਤੇ ਭਾਈਚਾਰਕ-ਆਧਾਰਿਤ ਚਿਤਾਵਨੀ ਪ੍ਰਣਾਲੀਆਂ ਨੂੰ ਲਾਗੂ ਕਰਨਾ ਹੋਵੇਗਾ। ਜੰਗਲਾਂ ਦੀ ਕਟਾਈ ਨੂੰ ਰੋਕਣ ਦੀ ਲੋੜ ਹੈ ਅਤੇ ਵੱਡੇ ਪੱਧਰ ’ਤੇ ਰੁੱਖ ਲਗਾਉਣ ਨਾਲ ਕੁਦਰਤੀ ਰੁਕਾਵਟਾਂ ਨੂੰ ਬਹਾਲ ਕਰਨ ਦੀ ਲੋੜ ਹੈ। ਸੈਲਾਨੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੀ ਲੋੜ ਹੈ ਅਤੇ ਵਾਤਾਵਰਣ-ਅਨੁਕੂਲ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।
ਉੱਤਰਕਾਸ਼ੀ ਵਿਚ ਹਾਲ ਹੀ ਵਿਚ ਆਏ ਹੜ੍ਹ ਅਤੇ ਹਿਮਾਚਲ-ਉੱਤਰਾਖੰਡ ਵਿਚ ਵਾਰ-ਵਾਰ ਆਈਆਂ ਆਫ਼ਤਾਂ ਸਾਨੂੰ ਇਕ ਸਪੱਸ਼ਟ ਸੰਦੇਸ਼ ਦੇ ਰਹੀਆਂ ਹਨ, ਜੇਕਰ ਅਸੀਂ ਹੁਣ ਨਹੀਂ ਜਾਗੇ, ਤਾਂ ਸਾਡੀ ਲਾਪਰਵਾਹੀ ਕਾਰਨ ਸਾਨੂੰ ਅਤੇ ਸਾਡੇ ਵਾਤਾਵਰਣ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇਹ ਵਿਕਾਸ ਅਤੇ ਵਾਤਾਵਰਣ ਵਿਚਕਾਰ ਸੰਤੁਲਨ ਬਣਾਉਣ ਦਾ ਸਮਾਂ ਹੈ। ਹੁਣ ਕਾਰਵਾਈ ਕਰਨ ਦਾ ਸਮਾਂ ਹੈ, ਕਿਉਂਕਿ ਦੇਰੀ ਦਾ ਮਤਲਬ ਹੋਰ ਦੁਖਾਂਤ ਹੋਣਗੇ।
ਵਿਨੀਤ ਨਾਰਾਇਣ
ਹੁਣ ਚੀਨ ਕਰ ਰਿਹਾ ਦੂਜੇ ਦੇਸ਼ਾਂ ’ਚ ਆਪਣੇ ਪੁਲਸ ਨੈੱਟਵਰਕ ਦਾ ਵਿਸਥਾਰ
NEXT STORY