ਬ੍ਰਿਗੇ. ਕੁਲਦੀਪ ਸਿੰਘ ਕਾਹਲੋਂ (ਰਿਟਾ.)
ਭਾਰਤ ਤੇ ਚੀਨ ਦਰਮਿਆਨ 832 ਕਿਲੋਮੀਟਰ ਵਾਲੀ ਲਾਈਨ ਆਫ ਐਕਚੁਅਲ ਕੰਟਰੋਲ (ਐੱਲ. ਏ. ਸੀ.) ਤੇ ਫੌਜਾਂ ਦੀ ਪਾਲਬੰਦੀ ’ਤੇ ਤਣਾਅ ਘੱਟ ਕਰਨ ਦੇ ਉਦੇਸ਼ ਨਾਲ ਦੋਵੇਂ ਮੁਲਕਾਂ ਦੇ ਉੱਚ ਸੈਨਿਕ ਅਧਿਕਾਰੀਆਂ ਦਰਮਿਆਨ ਚੀਨ ਵਾਲੇ ਪਾਸੇ ਮੋਲਡੋ ਸਰਹੱਦ ਬਿੰਦੂ ’ਤੇ 10 ਅਕਤੂਬਰ ਨੂੰ 13ਵੇਂ ਗੇੜ ਦੀ ਗੱਲਬਾਤ ਤਾਂ ਹੋਈ ਪਰ ਬੇਸਿੱਟਾ ਹੀ ਰਹੀ। ਭਾਰਤ ਵਲੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਤੈਅ ਹੋਏ ਮੁੱਦਿਆਂ ਅਨੁਸਾਰ ਜਿਵੇਂ ਕਿ ਪੈਟਰੋਲਿੰਗ ਪੁਆਇੰਟ 15 ਜੋ ਕਿ ਹਾਟ ਸਪ੍ਰਿੰਗ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ 972 ਵਰਗ ਕਿ. ਮੀ. ਵਾਲੇ ਦੇਪਸਾਂਗ ਸਮਤਲ ਇਲਾਕੇ ਤੋਂ ਫੌਜਾਂ ਦੀ ਵਾਪਸੀ ਅਤੇ ਅਪ੍ਰੈਲ 2020 ਵਾਲੀ ਸਥਿਤੀ ਬਹਾਲ ਕਰਨ ਵਰਗੇ ਪਹਿਲੂਆਂ ’ਤੇ ਵਿਚਾਰ ਚਰਚਾ ਕਰਨ ਉਪਰੰਤ ਕੋਈ ਕਾਰਵਾਈ ਹੋਵੇਗੀ ਪਰ ਅਜਿਹਾ ਹੋਇਆ ਨਹੀਂ ਲੱਗਦਾ। ਭਾਰਤ ਦੇ ਰੱਖਿਆ ਮੰਤਰਾਲੇ ਵਲੋਂ ਜਾਰੀ ਬਿਆਨ ’ਚ ਇਹ ਕਿਹਾ ਗਿਆ ਹੈ ਕਿ ਮੀਟਿੰਗ ਦੌਰਾਨ ਭਾਰਤੀ ਧਿਰ ਵਲੋਂ ਉਸਾਰੂ ਸੁਝਾਅ ਦਿੱਤੇ ਗਏ ਪਰ ਚੀਨ ਨਾ ਤਾਂ ਰਾਜ਼ੀ ਹੋਇਆ ਅਤੇ ਨਾ ਹੀ ਉਸ ਨੇ ਕੋਈ ਪ੍ਰਸਤਾਵ ਰੱਖਿਆ।
ਬੀਜਿੰਗ ਨੇ ਆਪਣੇ ਬਿਆਨ ’ਚ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਭਾਰਤ ਦੀਆਂ ਗੈਰ-ਵਾਜਿਬ ਅਤੇ ਗੈਰ-ਹਕੀਕੀ ਮੰਗਾਂ ਨੇ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ’ਚ ਅੜਚਨਾਂ ਪੈਦਾ ਕਰ ਦਿੱਤੀਆਂ ਹਨ। ਇਥੇ ਹੀ ਬਸ ਨਹੀਂ ਸਗੋਂ ਚੀਨ ਦੀ ਪੱਛਮੀ ਥੀਏਟਰ ਕਮਾਂਡ ਦੀ ਪੀ.ਐੱਲ.ਏ. ਦੇ ਬੁਲਾਰੇ ਸੀਨੀਅਰ ਕਰਨਲ ਲੌਂਗ ਸ਼ਾਓ ਹੂਆ ਨੇ ਧਮਕੀ ਭਰੇ ਲਹਿਜ਼ੇ ’ਚ ਇਥੋਂ ਤਕ ਕਹਿ ਦਿੱਤਾ ਕਿ ਭਾਰਤ ਨੇ ਬੜੀ ਮੁਸ਼ਕਲ ਨਾਲ ਬਾਰਡਰ ’ਤੇ ਜੋ ਕੁਝ ਹਾਸਲ ਕੀਤਾ ਹੈ ਉਸ ਤੋਂ ਹੀ ਖੁਸ਼ ਰਹਿਣਾ ਚਾਹੀਦਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਪੀ.ਐੱਲ. ਏ. ਦੀ ਇਸ ਕਿਸਮ ਦੀ ਸੋਚ ’ਚ ਚੀਨ ਦੀ ਖੋਟੀ ਨੀਅਤ ਵਾਲੀ ਝਲਕ ਦਿਖਾਈ ਨਹੀਂ ਦਿੰਦੀ?
ਜ਼ਿਕਰਯੋਗ ਹੈ ਕਿ ਮਈ 2020 ਤੋਂ ਮਿਲਟਰੀ, ਕੂਟਨੀਤਕ ਤੇ ਰਾਜਨੀਤਕ ਪੱਧਰ ’ਤੇ ਲਗਾਤਾਰ ਮੀਟਿੰਗਾਂ ਉਪਰੰਤ ਦੋਵੇਂ ਧਿਰਾਂ ਨੇ ਪੈਂਗੋਗ ਤਸੋ ਝੀਲ ਦੇ ਉੱਤਰ ਤੇ ਦੱਖਣ ਵਲ ਦੇ ਇਲਾਕੇ ਤੋਂ ਬੀਤੀ ਫਰਵਰੀ ’ਚ ਤੇ 12ਵੇਂ ਗੇੜ ਦੀ 31 ਜੁਲਾਈ ਦੀ ਗੱਲਬਾਤ ਉਪਰੰਤ ਪੈਟਰੋਲਿੰਗ ਪੁਆਇੰਟ 17(ਏ) ਗੋਗਰਾ ਖੇਤਰ ’ਚੋਂ ਆਪੋ-ਆਪਣੀਆਂ ਟੁਕੜੀਆਂ ਅਗਸਤ ’ਚ ਪਿਛੇ ਹਟਾ ਲਈਆਂ ਸਨ ਜੋ ਕਿ ਸ਼ਾਂਤੀ ਸਥਾਪਤ ਕਰਨ ਵਾਸਤੇ ਪੁੱਟਿਆ ਗਿਆ ਇਕ ਚੰਗਾ ਕਦਮ ਸਮਝਿਆ ਜਾਣ ਲੱਗਾ ਪਰ ਤਣਾਅ ਤਾਂ ਅਜੇ ਵੀ ਬਰਕਰਾਰ ਹੈ।
ਅੜਚਣ ਕਿਉਂ : ਗੋਗਰਾ ਖੇਤਰ ਵਾਲੇ ਇਲਾਕੇ ’ਚੋਂ ਦੋਵੇਂ ਮੁਲਕਾਂ ਦੀਆਂ ਉਂਗਲਾਂ ’ਤੇ ਗਿਣਤੀ ਵਾਲੀਆਂ ਫੌਜੀ ਟੁਕੜੀਆਂ ਨੂੰ ਉਥੋਂ ਹਟਾਉਣਾ ਕੋਈ ਵੱਡਾ ਮਸਲਾ ਨਹੀਂ ਸੀ। ਪੂਰਬੀ ਲੱਦਾਖ ’ਚ ਅਸਲ ਸਮੱਸਿਆ ਤਾਂ 16 ਹਜ਼ਾਰ ਫੁੱਟ ਦੀ ਉੱਚਾਈ ’ਤੇ 972 ਵਰਗ ਕਿ. ਮੀ. ਵਾਲੇ ਦੇਪਸਾਂਗ ਸਮਤਲ ਇਲਾਕੇ ਵਾਲੀ ਹੈ ਜੋ ਕਿ ਸਿਓਲ ਦਰਿਆ ਦੇ ਉੱਤਰ ਵੱਲ ਪੈਂਦਾ ਹੈ। ਇਸ ਦੇ ਵਧੇਰੇ ਖੇਤਰਫਲ ’ਤੇ ਭਾਰਤੀ ਫੌਜ ਕਾਬਜ਼ ਤਾਂ ਹੈ ਪਰ ਚੀਨ ਨੇ 18 ਕੁ ਕਿਲੋਮੀਟਰ ਘੇਰੇ ’ਚ ਬਫਰ ਜ਼ੋਨ ਬਣਾ ਰੱਖਿਆ ਹੈ ਜਿਸ ਦੀਆਂ 16 ਹਜ਼ਾਰ ਫੁੱਟ ਤੋਂ ਵੱਧ ਉੱਚਾਈ ਵਾਲੀਆਂ ਦੋ ਚੌਕੀਆਂ ਬੈਟਲਟੈਂਕ ਅਤੇ ਵਾਈ ਜੰਕਸ਼ਨ ਤੋਂ ਸਾਡੀ ਫੌਜ ਵਲੋਂ ਪੈਟਰੋਲਿੰਗ ਵਿਚ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ। ਦੇਪਸਾਂਗ ਦੇ ਪੂਰਬੀ ਹਿੱਸੇ ’ਚ ਆਪਣੀ ਫੌਜ ਦੀ ਗਿਣਤੀ ਤੋਪਾ ਟੈਂਕਾਂ ਸਮੇਤ ਵਧਾ ਕੇ ਹਜ਼ਾਰਾਂ ਤਕ ਪਹੁੰਚ ਗਈ ਹੈ ਤੇ ਹਵਾਈ ਅੱਡੇ ਵੀ ਕਾਇਮ ਕੀਤੇ ਜਾ ਰਹੇ ਹਨ।
ਰਣਨੀਤਕ ਪੱਖੋਂ ਇਹ ਇਲਾਕਾ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਬੀਜਿੰਗ ਸਾਡੇ 16700 ਫੁੱਟ ਦੀ ਉੱਚਾਈ ਵਾਲੇ ਦੌਲਤਬੇਗ ਓਲਡੀ ਹਵਾਈ ਪਟੜੀ ਨੂੰ ਚੁਣੌਤੀ ਦੇ ਸਕਦਾ ਹੈ। ਇਹ ਉਹ ਇਲਾਕਾ ਹੈ ਜਿਥੋਂ 18176 ਫੁੱਟ ਦੀ ਉੱਚਾਈ ਵਾਲਾ ਕਾਰਾਕੋਰਮ ਦਰਾ ਪੈਂਦਾ ਹੈ। ਇਸ ਦੇ ਨਾਲ ਹੀ ਸਾਡੀ 255 ਕਿ.ਮੀ. ਵਾਲੀ ਦਰਬੁਕ-ਸਿਓਲ-ਡੀ.ਬੀ.ਓ. ਸੜਕ ਫੱਟੜ ਹੋਣ ਯੋਗ ਹੈ। ਹਕੀਕਤ ਤਾਂ ਇਹ ਹੈ ਕਿ ਚੀਨ ਇਸ ਇਲਾਕੇ ਸਕਸ਼ਮ ਘਾਟੀ ਨਾਲ ਜੋੜ ਕੇ ਗਿਲਗਿਤ-ਬਾਲਤਿਸਤਾਨ ਪਹੁੰਚਣਾ ਚਾਹੁੰਦਾ ਹੈ। ਇਸ ਵਾਸਤੇ ਭਾਰਤ ਸਰਕਾਰ ਨੂੰ ਫੂਕ-ਫੂਕ ਕੇ ਕਦਮ ਚੁੱਕਣੇ ਪੈਣਗੇ।
ਚੀਨ ਦੀ ਪੱਛਮੀ ਥੀਏਟਰ ਕਮਾਂਡ ਜੋ ਕਿ ਭਾਰਤ ਨਾਲ ਲੱਗਦੇ ਸਮੁੱਚੇ ਸਰਹੱਦੀ ਇਲਾਕੇ ਦੀ ਜ਼ਿੰਮੇਵਾਰ ਹੈ, ਉਸ ਦੇ ਉੱਚ ਅਧਿਕਾਰੀਆਂ ਦੀ ਅਦਲਾ-ਬਦਲੀ ਕਰ ਕੇ ਜੂਨ 2020 ਤੋਂ ਜੂਨ 2021 ਦਰਮਿਆਨ ਤਿੱਬਤ ’ਚ ਫੌਜ ਦੀ ਲਾਮ ਲਸ਼ਕਰ ਨਾਲ ਸੰਖਿਆ ਵਧਾ ਦਿੱਤੀ ਹੈ। ਚੀਨ ਦੇ ਰਾਸ਼ਟਰਪਤੀ ਸ਼੍ਰੀ ਜਿੰਨਪਿੰਗ ਨੇ 23 ਜੁਲਾਈ ਨੂੰ ਪੀ.ਐੱਲ.ਏ. ’ਤੇ ਏਅਰਫੋਰਸ ਦੇ ਗਿਣੇ-ਚੁਣੇ ਹੋਏ ਤਕਰੀਬਨ 400 ਉੱਚ ਕਮਾਂਡਰਾਂ ਨੂੰ ਆਉਣ ਵਾਲੇ ਸਮੇਂ ’ਚ ਜੰਗ ਲੜਨ ਵਾਸਤੇ ਤਿਆਰ ਰਹਿਣ ਲਈ ਕਿਹਾ ਹੈ। ਬੀਤੀ ਮਈ ’ਚ ਤਾਂ ਚੀਨ-ਪਾਕਿਸਤਾਨ ਨੇ ਸਾਂਝੇ ਤੌਰ ’ਤੇ ਤਿੱਬਤ ਨਾਲ ਲੱਗਦੇ ਸਰਹੱਦੀ ਇਲਾਕੇ ’ਚ ਸਾਂਝੀਆਂ ਮਸ਼ਕਾਂ ਕਰ ਕੇ ਭਾਰਤ ਨੂੰ ਹਲੂਣਾ ਦੇਣ ਦਾ ਯਤਨ ਕੀਤਾ ਹੈ।
ਦਰਅਸਲ ਚੀਨ ਦੀ ਦੂਰ ਅੰਦੇਸ਼ੀ ਵਾਲੀ ਨੀਤੀ ਤਾਂ ਭਾਰਤ ਦੀ ਹਰ ਪੱਖੋਂ ਘੇਰਾਬੰਦੀ ਕਰ ਕੇ ਸਰਹੱਦੀ ਇਲਾਕੇ ’ਚ ਸਾਡੀਆਂ ਫੋਰਸਿਜ਼ ਨੂੰ ਜਕੜ ਕੇ ਰੱਖਣ ਦੀ ਹੈ। ਪਾਕਿਸਤਾਨ ਦੀ ਇਹ ਹਿੰਮਤ ਨਹੀਂ ਕਿ ਉਹ ਭਾਰਤ ਨਾਲ ਰਿਵਾਇਤੀ ਜੰਗ ਲੜ ਸਕੇ ਪਰ ਜੋ ਕੁਝ ਜੰਮੂ-ਕਸ਼ਮੀਰ ’ਚ ਵਾਪਰ ਰਿਹਾ ਹੈ ਉਹ ਚੀਨ-ਪਾਕਿ ਦੀ ਮਿਲੀ ਭਗਤ ਦਾ ਹੀ ਨਤੀਜਾ ਹੈ। ਹਾਲ ਵਿਚ ਜੋ ਡਰੋਨ ਐੱਲ. ਓ. ਸੀ. ਤੇ ਪੰਜਾਬ ਨਾਲ ਲੱਗਦੇ ਇੰਟਰਨੈਸ਼ਨਲ ਬਾਰਡਰ ’ਤੇ ਸਾਡੀਅਾਂ ਫੋਰਸਿਜ਼ ਨੇ ਡੇਗ ਲਏ, ਉਹ ਚੀਨ ਦੇ ਹੀ ਬਣੇ ਹੋਏ ਸਨ। ਹੁਣ ਤਾਂ ਤਾਲਿਬਾਨਾਂ ਨੂੰ ਵੀ ਨਾਲ ਜੋੜ ਕੇ ਭਾਰਤ ਦੇ ਵਿਰੁੱਧ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ।
ਚੀਨ ਨੇ ਅਜੇ ਤੱਕ ਮੈਕਮੋਹਨ ਰੇਖਾ ਨੂੰ ਸਵੀਕਾਰ ਨਹੀਂ ਕੀਤਾ। ਇਸ ਕਰਕੇ ਅਰੁਣਾਚਲ ਪ੍ਰਦੇਸ਼ ’ਚ ਕਦੇ ਦਲਾਈਲਾਮਾ ਦੇ ਦੌਰੇ ਤੋਂ ਹੁਣ ਉਪ-ਰਾਸ਼ਟਰਪਤੀ ਦੇ ਦੌਰੇ ’ਤੇ ਚੀਨ ਸਵਾਲ ਖੜ੍ਹੇ ਕਰ ਰਿਹਾ ਹੈ। ਦਰਅਸਲ ਅਰੁਣਾਚਲ ਪ੍ਰਦੇਸ਼ ਦੇ ਨਾਲ ਲੱਗਦੇ ਬਾਰਡਰ ’ਤੇ ਚੀਨ ਨੇ ਪਿੰਡਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਬਿਨਾਂ ਸ਼ੱਕ ਸਾਡੀਆਂ ਸੈਨਾਵਾਂ ਦੀ ਪੂਰਬੀ ਲੱਦਾਖ ’ਚ ਅਪ੍ਰੈਲ 2020 ਤੋਂ ਬਾਅਦ ਗਿਣਤੀ ਤੋਪਾਂ, ਟੈਂਕਾਂ, ਹਵਾਈ ਜਹਾਜ਼ਾਂ ਸਮੇਤ ਵਧਾ ਕੇ 4 ਤੋਂ 5 ਗੁਣਾ ਕਰ ਦਿੱਤੀ ਹੈ ਤੇ ਉਹ ਹਰ ਸਥਿਤੀ ਦਾ ਸਾਹਮਣਾ ਕਰਨ ਵਾਸਤੇ ਤਿਆਰ ਹਨ ਕਿਉਂਕਿ ਚੀਨ ਦੇ ਇਰਾਦੇ ਨੇਕ ਨਹੀਂ, ਇਸ ਵਾਸਤੇ ਵਧੇਰੇ ਚੌਕਸੀ ਵਰਤਣ ਦੀ ਲੋੜ ਹੋਵੇਗੀ।
‘ਸਰਕਾਰ ਕਿਸਾਨ ਅੰਦੋਲਨ ਨੂੰ ਹੱਦ ’ਚ ਰੱਖੇ, ਵਪਾਰੀਆਂ ਦੇ ਅਧਿਕਾਰ ਸੁਰੱਖਿਅਤ ਕਰੇ’
NEXT STORY