ਚੀਨੀਆਂ ਨੇ ਇਕ ਗੱਲ ਸਾਬਤ ਕਰ ਦਿੱਤੀ ਹੈ ਕਿ ਉਹ ਸਿਰਫ ਵਪਾਰੀ ਅਤੇ ਵਣਜ ਨਾਲ ਜੁੜੇ ਕੰਮ ਨਹੀਂ ਕਰਦੇ ਸਗੋਂ ਵਿਦੇਸ਼ਾਂ ’ਚ ਰਹਿ ਕੇ ਵੀ ਉਹ ਆਪਣੇ ਗਿਰੋਹ ਚਲਾਉਂਦੇ ਹਨ, ਜੋ ਅਣਗਿਣਤ ਗੈਰ-ਕਾਨੂੰਨੀ ਧੰਦੇ ਕਰਦੇ ਹਨ। ਇਸ ਤਰ੍ਹਾਂ ਦੇ ਗਿਰੋਹ ਇਨ੍ਹਾਂ ਦਿਨਾਂ ’ਚ ਮਿਆਂਮਾਰ ’ਚ ਸਰਗਰਮ ਹਨ ਅਤੇ ਸੈਂਕੜੇ ਨਾਜਾਇਜ਼ ਕੰਮ ਕਰਦੇ ਹਨ।
ਚੀਨੀ ਠੱਗਾਂ ਨੇ ਪਹਿਲਾਂ ਕੰਬੋਡੀਆ ’ਚ ਆਪਣਾ ਅੱਡਾ ਜਮਾ ਕੇ ਉੱਥੋਂ ਪੂਰੀ ਦੁਨੀਆ ਅਤੇ ਏਸ਼ੀਆ ਦੇ ਲੋਕਾਂ ਨਾਲ ਸਾਈਬਰ ਠੱਗੀ ਕੀਤੀ। ਇਸ ਖਬਰ ਦੇ ਕੌਮਾਂਤਰੀ ਮੀਡੀਆ ’ਚ ਆਉਣ ਪਿੱਛੋਂ ਚੀਨ ਦੇ ਸਾਈਬਰ ਗਿਰੋਹਾਂ ਨੇ ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ’ਚ ਇਕ ਨਵਾਂ ਫਿਰੌਤੀ ਉਗਰਾਹੁਣ ਦਾ ਕੰਮ ਸ਼ੁਰੂ ਕੀਤਾ ਹੈ।
ਇਸ ਗਿਰੋਹ ਦੀ ਖਾਸ ਗੱਲ ਇਹ ਹੈ ਕਿ ਇਹ ਲੋਕ ਮਿਆਂਮਾਰ ’ਚ ਰਹਿਣ ਵਾਲੇ ਚੀਨੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਜਦ ਇਸ ਪੂਰੇ ਮਾਮਲੇ ਦੀ ਪੜਤਾਲ ਹੋਈ ਤਦ ਪਤਾ ਲੱਗਾ ਕਿ ਇੱਥੋਂ ਦੇ ਚੀਨੀ ਉਦਯੋਗਿਕ ਪਾਰਕਾਂ ’ਚ ਆਸ-ਪਾਸ ਦੇ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਲਿਆ ਕੇ ਮਨੁੱਖੀ ਸਮੱਗਲਿੰਗ ਦੇ ਨਾਲ ਟੈਲੀ-ਕਮਿਊਨੀਕੇਸ਼ਨ ਫਰਾਡ ਵੀ ਕੀਤਾ ਜਾਂਦਾ ਹੈ।
ਅਕਸਰ ਇਨ੍ਹਾਂ ਲੋਕਾਂ ਨੂੰ ਮਨੁੱਖੀ ਅੰਗਾਂ ਦੀ ਸਮੱਗਲਿੰਗ ਲਈ ਫੜਿਆ ਜਾਂਦਾ ਹੈ ਤੇ ਉਸ ਦੌਰਾਨ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕਸ਼ਟ ਦਿੱਤੇ ਜਾਂਦੇ ਹਨ। ਇਨ੍ਹਾਂ ਦੇ ਸਰੀਰ ’ਚੋਂ ਮਹੱਤਵਪੂਰਨ ਅੰਗ ਕੱਢ ਕੇ ਇਨ੍ਹਾਂ ਨੂੰ ਮਾਰ ਦਿੱਤਾ ਜਾਂਦਾ ਹੈ। ਇਹ ਗਿਰੋਹ ਬੜੇ ਚਲਾਕ ਢੰਗ ਨਾਲ ਕੰਮ ਕਰਦੇ ਹਨ ਅਤੇ ਇਨ੍ਹਾਂ ਦਾ ਨਿਸ਼ਾਨਾ ਵਿਦੇਸ਼ਾਂ ’ਚ ਪੜ੍ਹਨ ਗਏ ਚੀਨੀ ਵਿਦਿਆਰਥੀ ਹੁੰਦੇ ਹਨ। ਠੱਗੀ ਕਰਨ ਵਾਲੇ ਚੀਨੀ ਬਹੁਤ ਆਸਾਨੀ ਨਾਲ ਵਿਦੇਸ਼ੀ ਭਾਸ਼ਾ ਬੋਲਣ ’ਚ ਮਾਹਿਰ ਹੁੰਦੇ ਹਨ। ਇਨ੍ਹਾਂ ’ਚੋਂ ਇਕ ਸਾਈਬਰ ਠੱਗ ਨੇ ਚੀਨ ਤੋਂ ਸਿੰਗਾਪੁਰ ਜਾਣ ਵਾਲੇ ਇਕ ਅਨੁਵਾਦਕ ਦਾ ਸਾਰਾ ਪੈਸਾ ਠੱਗ ਲਿਆ ਸੀ। ਜਿਸ ਚੀਨੀ ਨੇ ਠੱਗੀ ਕੀਤੀ ਉਹ ਪਿਛਲੇ ਇਕ ਸਾਲ ਤੋਂ ਮਿਆਂਮਾਰ ’ਚ ਰਹਿ ਕੇ ਫੋਨ ਰਾਹੀਂ ਠੱਗੀ ਕਰ ਰਿਹਾ ਸੀ। ਜਦ ਇਸ ਪੂਰੀ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਦਿੱਤੀ ਗਈ, ਤਦ ਲੋਕਾਂ ਨੇ ਇਸ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਠੱਗੀ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਆਪਣੀ ਚਿੰਤਾ ਜਤਾਈ। ਮਿਆਂਮਾਰ ’ਚ ਪਿਛਲੇ 10 ਸਾਲਾਂ ਤੋਂ ਰਹਿਣ ਵਾਲੇ ਇਕ ਚੀਨੀ ਵਪਾਰੀ ਨੇ ਚੀਨੀ ਮੀਡੀਆ ਨੂੰ ਦੱਸਿਆ ਕਿ ਮਿਆਂਮਾਰ ’ਚ ਠੱਗੀ ਕਰਨ ਵਾਲੇ ਗਿਰੋਹ ਇੱਥੇ ਰਹਿਣ ਵਾਲੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜੋ ਜ਼ਿਆਦਾ ਤਨਖਾਹ ਲੈਂਦੇ ਹਨ। ਇਸ ਪਿੱਛੋਂ ਇਹ ਗਿਰੋਹ ਆਪਣੇ ਸ਼ਿਕਾਰ ਦੇ ਕਿਤੇ ਆਉਣ-ਜਾਣ ’ਤੇ ਪਾਬੰਦੀ ਲਾ ਦਿੰਦੇ ਹਨ, ਜਿਸ ਪਿੱਛੋਂ ਇਹ ਆਪਣੇ ਸ਼ਿਕਾਰ ਦੇ ਪਰਿਵਾਰ ਵਾਲਿਆਂ ਨੂੰ ਚੀਨ ’ਚ ਫੋਨ ਕਰ ਕੇ ਉਨ੍ਹਾਂ ਤੋਂ ਫਿਰੌਤੀ ਮੰਗਦੇ ਹਨ। ਇਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਆਂਮਾਰ ਦੀ ਸਥਾਨਕ ਹਾਲਤ ਬਾਰੇ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਸਥਾਨਕ ਪ੍ਰੇਸ਼ਾਨੀਆਂ ਤੋਂ ਵਾਕਿਫ ਨਹੀਂ ਹੁੰਦੇ। ਇਸ ਲਈ ਉਹ ਛੇਤੀ ਹੀ ਇਨ੍ਹਾਂ ਦੇ ਜਾਲ ’ਚ ਫਸ ਕੇ ਉਨ੍ਹਾਂ ਨੂੰ ਫਿਰੌਤੀ ਦੇ ਦਿੰਦੇ ਹਨ। ਵਿਦੇਸ਼ਾਂ ’ਚ ਪੜ੍ਹਨ ਵਾਲੇ ਚੀਨੀ ਵਿਦਿਆਰਥੀ ਇਨ੍ਹਾਂ ਚੀਨੀ ਗਿਰੋਹਾਂ ਦੇ ਨਵੇਂ ਸ਼ਿਕਾਰ ਹਨ।
ਇਸ ਵਪਾਰੀ ਨੇ ਇਹ ਵੀ ਦੱਸਿਆ ਕਿ ਲੰਬੇ ਸਮੇਂ ਤੋਂ ਵਿਦੇਸ਼ਾਂ ’ਚ ਰਹਿਣ ਵਾਲੇ ਚੀਨੀ ਵਿਦਿਆਰਥੀਆਂ ਨੂੰ ਸਥਾਨਕ ਸੰਦੇਸ਼ ਸਮੇਂ ’ਤੇ ਨਹੀਂ ਮਿਲਦੇ। ਇਸ ਲਈ ਵੀ ਚੌਕਸੀ ਵਿਭਾਗ ਇਨ੍ਹਾਂ ਮਾਮਲਿਆਂ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕਰ ਸਕਦਾ। ਇਸ ਵਪਾਰੀ ਨੇ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਇਹ ਭਰਮ ਸੀ ਕਿ ਜਿਹੜੇ ਲੋਕ ਠੱਗੀ ਕਰਦੇ ਹਨ, ਉਹ ਮੈਂਡਾਰਿਨ ਨਹੀਂ ਬੋਲ ਸਕਦੇ ਪਰ ਜਦ ਮਾਮਲੇ ਦੀ ਜਾਂਚ ਡੂੰਘਾਈ ਨਾਲ ਹੋਈ ਤਦ ਪਤਾ ਲੱਗਾ ਕਿ ਇਨ੍ਹਾਂ ਸਾਰੇ ਅਪਰਾਧਾਂ ਪਿੱਛੇ ਚੀਨੀ ਗਿਰੋਹਾਂ ਦਾ ਹੱਥ ਹੈ। ਇਹ ਗਿਰੋਹ ਅਜਿਹੇ ਲੋਕਾਂ ਨੂੰ ਨੌਕਰੀ ’ਤੇ ਰੱਖਦੇ ਹਨ ਜਿਹੜੇ ਫਰਾਟੇਦਾਰ ਵਿਦੇਸ਼ੀ ਭਾਸ਼ਾ ਬੋਲਦੇ ਹਨ ਅਤੇ ਦੂਸਰੇ ਦੇਸ਼ਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਰੱਖਦੇ ਹਨ।
ਇਸ ਕਰ ਕੇ ਮਿਆਂਮਾਰ ਦੇ ਯਾਂਗੌਂਗ ਸ਼ਹਿਰ ’ਚ ਚੀਨੀਆਂ ਦੀ ਗਿਣਤੀ ਘੱਟ ਹੋ ਰਹੀ ਹੈ। ਇੱਥੇ ਇਕ ਚੀਨੀ ਹੋਟਲ ਦੀ ਮੈਨੇਜਰ ਅਨੁਸਾਰ, ਇਕ ਚੀਨੀ ਖਾਣਾ ਬਣਾਉਣ ਵਾਲੇ ਰਸੋਈਏ ਨੂੰ ਨੌਕਰੀ ਦੇਣ ਲਈ 7 ਲੋਕਾਂ ਦੀ ਇੰਟਰਵਿਊ ਕੀਤੀ ਗਈ ਪਰ ਉਨ੍ਹਾਂ ’ਚੋਂ ਇਕ ਵੀ ਯਾਂਗੌਂਗ ਨਹੀਂ ਆਇਆ। ਇਸ ਪਿੱਛੇ ਉਨ੍ਹਾਂ ਦੀ ਸੁਰੱਖਿਆ ਕਾਰਨ ਦੱਸਿਆ ਗਿਆ ਕਿਉਂਕਿ ਜਿਨ੍ਹਾਂ ਚੀਨੀਆਂ ਨਾਲ ਇੱਥੇ ਆਰਥਿਕ ਧਾਂਦਲੀ ਕੀਤੀ ਗਈ ਅਤੇ ਜਿਨ੍ਹਾਂ ਦੇ ਪਰਿਵਾਰ ਵਾਲਿਆਂ ਤੋਂ ਫਿਰੌਤੀ ਮੰਗੀ ਗਈ, ਉਨ੍ਹਾਂ ਲੋਕਾਂ ਨੇ ਚੀਨ ਦੇ ਸੋਸ਼ਲ ਮੀਡੀਆ ’ਤੇ ਆਪਣੀ ਹੱਡਬੀਤੀ ਸੁਣਾਈ, ਜਿਸ ਨੂੰ ਦੇਖ ਕੇ ਹੁਣ ਚੀਨੀਆਂ ਦਾ ਮਿਆਂਮਾਰ ਆਉਣਾ ਬਹੁਤ ਘੱਟ ਗਿਆ ਹੈ।
ਮਿਆਂਮਾਰ ’ਚ ਪਹਿਲਾਂ ਅਜਿਹੀ ਹਾਲਤ ਨਹੀਂ ਸੀ। ਇੱਥੋਂ ਵਾਪਸ ਜਾਣ ਵਾਲੇ ਲੋਕਾਂ ਨੇ ਚੀਨ ਆਉਣ ਪਿੱਛੋਂ ਦੱਸਿਆ ਕਿ ਮਿਆਂਮਾਰ ’ਚ ਜਿੰਨੇ ਲੋਕ ਆਰਥਿਕ ਠੱਗੀ ’ਚ ਸ਼ਾਮਲ ਹਨ, ਉਹ ਸਾਰੇ ਚੀਨੀ ਹਨ, ਜੋ ਉੱਥੇ ਆਪਣੇ-ਆਪਣੇ ਗਿਰੋਹ ਚਲਾਉਂਦੇ ਹਨ। ਮਿਆਂਮਾਰ ਦੇ ਲੋਕ ਸਿਰਫ ਸਾਈਬਰ ਕੈਫੇ ਚਲਾਉਂਦੇ ਹਨ ਜੋ ਇੰਟਰਨੈੱਟ ਸਾਈਟ ਮੁਹੱਈਆ ਕਰਾਉਂਦੇ ਹਨ, ਉਹ ਇਹ ਨਹੀਂ ਦੇਖਦੇ ਕਿ ਤੁਸੀਂ ਉਸ ਵੈੱਬਸਾਈਟ ’ਤੇ ਕੀ ਕਰ ਰਹੇ ਹੋ।
ਚੀਨੀ ਗਿਰੋਹ ਇੱਥੇ ਪੜ੍ਹੇ-ਲਿਖੇ ਲੋਕਾਂ ਨੂੰ ਧੋਖੇ ਨਾਲ ਸੱਦ ਕੇ ਆਪਣੇ ਕੋਲ ਬੰਦੀ ਬਣਾ ਕੇ ਰੱਖਦੇ ਹਨ ਅਤੇ ਉਨ੍ਹਾਂ ਕੋਲ ਆਰਥਿਕ ਠੱਗੀ ਕਰਵਾਉਂਦੇ ਹਨ। ਇਨ੍ਹਾਂ ਸਾਰੇ ਲੋਕਾਂ ਨੂੰ ਟਾਰਗੈੱਟ ਦਿੱਤਾ ਗਿਆ ਹੈ। ਜੇ ਉਸ ਤੋਂ ਘੱਟ ਉਗਰਾਹੀ ਕਰਦੇ ਹਨ ਤਾਂ ਸਾਰਿਆਂ ਨੂੰ ਸਜ਼ਾ ਮਿਲਦੀ ਹੈ। ਇਸ ਦੇ ਨਾਲ ਹੀ ਮਿਆਂਮਾਰ ਇਸ ਸਮੇਂ ਮਨੁੱਖੀ ਅੰਗਾਂ ਦੀ ਸਮੱਗਲਿੰਗ ਦਾ ਦੂਜਾ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮਿਆਂਮਾਰ ਇਸ ਸਮੇਂ ਚੀਨ ਦੀ ਸਰਪ੍ਰਸਤੀ ’ਚ ਹੈ। ਸੀ. ਪੀ. ਸੀ. ਆਪਣੇ ਸਾਰੇ ਨਾਜਾਇਜ਼ ਕੰਮਾਂ ਨੂੰ ਹੁਣ ਮਿਆਂਮਾਰ ’ਚ ਲੈ ਆਈ ਹੈ।
ਇਨ੍ਹਾਂ ਬੰਦੀਆਂ ’ਚ ਕੋਈ ਸਾਈਬਰ ਐਕਸਪਰਟ ਹੈ ਤਾਂ ਕੋਈ ਆਈ. ਟੀ. ਪ੍ਰੋਫੈਸ਼ਨਲ। ਇਨ੍ਹਾਂ ਸਾਰਿਆਂ ਕੋਲੋਂ ਟੈਲੀ-ਕਮਿਊਨੀਕੇਸ਼ਨ ਫਰਾਡ ਕਰਾਏ ਜਾਂਦੇ ਹਨ, ਸੈਕਸ ਅਪਰਾਧਾਂ ’ਚ ਵੀ ਧੱਕਿਆ ਜਾਂਦਾ ਹੈ। ਜਿਸ ਨੂੰ ਇਹ ਚੀਨੀ ਗਿਰੋਹ ਇਕ ਵਾਰ ਬੰਦੀ ਬਣਾ ਲੈਂਦੇ ਹਨ ਉਸ ਨੂੰ ਤਦ ਹੀ ਛੱਡਦੇ ਹਨ ਜਦ ਉਸ ਦੇ ਪਰਿਵਾਰ ਕੋਲੋਂ ਇਨ੍ਹਾਂ ਨੂੰ ਮੋਟੀ ਫਿਰੌਤੀ ਮਿਲ ਜਾਂਦੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਫਿਰੌਤੀ ਮਿਲਣ ਪਿੱਛੋਂ ਵੀ ਇਨ੍ਹਾਂ ਬੰਦੀਆਂ ਨੂੰ ਛੱਡਿਆ ਨਹੀਂ ਜਾਂਦਾ।
ਥਾਈਲੈਂਡ ਦੀ ਪੁਲਸ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਥਾਈਲੈਂਡ ਦੀ ਸਰਹੱਦ ਤੋਂ ਸਾਲਾਨਾ 70,000 ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਮਿਆਂਮਾਰ ਪਹੁੰਚਾਇਆ ਜਾਂਦਾ ਹੈ। ਮਿਆਂਮਾਰ ’ਚ ਲਿਆ ਕੇ ਹਰ ਰੋਜ਼ ਤਕਰੀਬਨ 200 ਲੋਕਾਂ ਨੂੰ ਵੇਚਿਆ ਜਾਂਦਾ ਹੈ। ਚੀਨ ਦੇ ਗਿਰੋਹਾਂ ’ਤੇ ਨਾ ਤਾਂ ਥਾਈਲੈਂਡ ਲਗਾਮ ਲਾ ਸਕਿਆ ਹੈ ਅਤੇ ਨਾ ਹੀ ਮਿਆਂਮਾਰ ਦੀ ਸਰਕਾਰ ਕਿਉਂਕਿ ਇਨ੍ਹਾਂ ਚੀਨੀ ਗਿਰੋਹਾਂ ਪਿੱਛੇ ਚੀਨ ਦੀ ਕਮਿਊਨਿਸਟ ਪਾਰਟੀ ਕੰਮ ਕਰ ਰਹੀ ਹੈ।
ਐਂਟੀ-ਰੈਗਿੰਗ ਮੁਹਿੰਮ : ਸਵਾਲੀਆ ਨਿਸ਼ਾਨ ਦੇ ਘੇਰੇ ’ਚ ਵਿਵਸਥਾਵਾਂ
NEXT STORY