ਭਾਰਤ ਵਿਚ ਪ੍ਰਤੀਕਾਂ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਇੱਥੇ ਕੋਈ ਸ਼ਬਦ ਸਿਰਫ਼ ਸ਼ਬਦ ਨਹੀਂ ਰਹਿੰਦਾ, ਕੋਈ ਜੀਵ ਸਿਰਫ਼ ਜੀਵ ਨਹੀਂ ਰਹਿੰਦਾ, ਕੋਈ ਮਜ਼ਾਕ ਸਿਰਫ਼ ਮਜ਼ਾਕ ਨਹੀਂ ਰਹਿੰਦਾ। ਇੱਥੇ ਚਾਹ ਦੇ ਕੱਪ ਤੋਂ ਸੰਸਦ ਤੱਕ ਰਾਹ ਨਿਕਲ ਸਕਦਾ ਹੈ ਅਤੇ ਰਸੋਈ ਦੀ ਕਿਸੇ ਤਰੇੜ ਵਿਚੋਂ ਨਿਕਲਿਆ ਕਾਕਰੋਚ ਵੀ ਅਚਾਨਕ ਜਮਹੂਰੀਅਤ, ਨੌਜਵਾਨਾਂ ਦੇ ਰੋਹ, ਮੀਮ ਬਾਜ਼ਾਰ ਅਤੇ ਸਿਆਸੀ ਦੁਕਾਨਦਾਰਾਂ ਦਾ ਸਾਂਝਾ ਮੰਚ ਬਣ ਸਕਦਾ ਹੈ।
ਪਰ ਇਸ ਵਾਰ ਮੰਜ਼ਰ ਕੁਝ ਵੱਖਰਾ ਹੈ। ਆਮ ਤੌਰ ’ਤੇ ਕਾਕਰੋਚ ਤੋਂ ਡਰਨ ਵਾਲੇ ਲੋਕ ਵੀ ਕਾਕਰੋਚ ਤੋਂ ਨਹੀਂ ਡਰ ਰਹੇ। ਜਿਨ੍ਹਾਂ ਨੂੰ ਕਾਕਰੋਚ ਨਾਲ ਈਰਖਾ ਹੁੰਦੀ ਹੈ, ਉਹ ਵੀ ਚੱਪਲ ਚੁੱਕਣ ਤੋਂ ਪਹਿਲਾਂ ਮੁਸਕਰਾ ਰਹੇ ਹਨ। ਕਿਉਂਕਿ ਲੋਕ ਜਾਣਦੇ ਹਨ ਕਿ ਇਹ ਮਾਮਲਾ ਕਾਕਰੋਚ ਦਾ ਘੱਟ, ਉਸ ਦੇ ਪਿੱਛੇ ਲੁਕੇ ਹੋਏ ਹੱਥਾਂ ਦਾ ਵੱਧ ਹੈ। ਮੁੱਦੇ ਸਾਡੇ ਹਨ, ਬੱਚੇ ਸਾਡੇ ਹਨ, ਪ੍ਰੀਖਿਆ ਕੇਂਦਰਾਂ ਦੇ ਬਾਹਰ ਪਸੀਨਾ ਵਹਾਉਣ ਵਾਲੇ ਵੀ ਸਾਡੇ ਹਨ, ਕਿਰਾਏ ਦੇ ਕਮਰਿਆਂ ਵਿਚ ਨੀਂਦ ਗਹਿਣੇ (ਗਿਰਵੀ) ਰੱਖ ਕੇ ਤਿਆਰੀ ਕਰਨ ਵਾਲੇ ਸਾਡੇ ਹਨ।
ਦੇਸ਼ ਦਾ ਨੌਜਵਾਨ ਜੇ ਦੁਖੀ ਹੈ ਤਾਂ ਉਸ ਦਾ ਦਰਦ ਇਸ ਸਮਾਜ ਦਾ ਆਪਣਾ ਦਰਦ ਹੈ ਪਰ ਕਿਸੇ ਬੱਚੇ ਦੇ ਦੁੱਖ ਦੀ ਆੜ ਵਿਚ ਕੋਈ ਪੁਰਾਣਾ ਪਹਿਲਵਾਨ ਆਪਣੀ ਸਿਆਸੀ ਕੁਸ਼ਤੀ ਮੁੜ ਸ਼ੁਰੂ ਕਰੇ ਤਾਂ ਲੋਕ ਉਸ ਦੀ ਚਾਲ ਵੀ ਪਛਾਣਦੇ ਹਨ ਅਤੇ ਉਸ ਦੇ ਗੋਡਿਆਂ ਦੀ ਚਰਮਰਾਹਟ ਵੀ ਸੁਣਦੇ ਹਨ।
ਕਾਕਰੋਚ ਦੀ ਸਿਆਸਤ ਕਰਨ ਵਾਲੇ ਵੱਖ ਹਨ ਅਤੇ ਇਸ ਦੇਸ਼ ਦਾ ਨੌਜਵਾਨ ਵੱਖ। ਕੋਈ ਉਸ ਨੂੰ ਕਾਕਰੋਚ ਆਖੇ ਜਾਂ ਇਨਕਲਾਬੀ, ਉਸ ਦੀ ਅਸਲ ਦੁਨੀਆ ਕੋਚਿੰਗ, ਇਮਤਿਹਾਨ, ਹੁਨਰ, ਨੌਕਰੀ, ਕਾਰੋਬਾਰ, ਪਰਿਵਾਰ ਅਤੇ ਇੱਜ਼ਤ ਨਾਲ ਬਣੀ ਹੈ। ਉਹ ਨਿਜ਼ਾਮ ਨੂੰ ਸੁਧਾਰਨਾ ਚਾਹੁੰਦਾ ਹੈ, ਸਾੜਨਾ ਨਹੀਂ। ਉਸ ਦੇ ਅੰਦਰ ਹਫੜਾ-ਦਫੜੀ ਦਾ ਸਸਤਾ ਰੋਮਾਂਸ ਨਹੀਂ, ਆਪਣਾ ਘਰ ਵਸਾਉਣ ਦੀ ਮਿਹਨਤੀ ਬੇਚੈਨੀ ਹੈ। ਉਹ ਜਮਹੂਰੀਅਤ ਨੂੰ ਰੋਲ ਜਾਂ ਰੌਂਦ ਕੇ ਇਤਿਹਾਸ ਵਿਚ ਨਾਮ ਨਹੀਂ ਲਿਖਵਾਉਣਾ ਚਾਹੁੰਦਾ, ਸਗੋਂ ਜਮਹੂਰੀਅਤ ਦੇ ਅੰਦਰ ਆਪਣੀ ਥਾਂ ਬਣਾ ਕੇ ਜ਼ਿੰਦਗੀ ਵਿਚ ਇੱਜ਼ਤ ਹਾਸਲ ਕਰਨਾ ਚਾਹੁੰਦਾ ਹੈ।
ਪਰ ਹਾਰੇ ਹੋਏ ਪਹਿਲਵਾਨਾਂ ਦੀ ਤਕਲੀਫ਼ ਇਹੀ ਹੈ ਕਿ ਉਹ ਹਰ ਨੌਜਵਾਨ ਵਿਚ ਆਪਣਾ ਅਗਲਾ ਪੋਸਟਰ ਵੇਖਦੇ ਹਨ। ਜਿਨ੍ਹਾਂ ਦੀ ਸੁਣਵਾਈ ਅਦਾਲਤਾਂ ਵਿਚ ਹੋ ਚੁੱਕੀ ਹੈ ਅਤੇ ਧੁਲਾਈ ਲੋਕਾਂ ਦੀ ਅਦਾਲਤ ਵਿਚ, ਉਹ ਹੁਣ ਕਿਸੇ ਮਾਸੂਮ ਪ੍ਰਤੀਕ ਦੀ ਪਿੱਠ ’ਤੇ ਸਵਾਰ ਹੋ ਕੇ ਮੁੜ ਜਨਮ ਲੈਣਾ ਚਾਹੁੰਦੇ ਹਨ। ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਇਹ ਛੋਟੀ ਅਤੇ ਖੋਟੀ ਨੀਅਤ ਵਾਲੇ ਸਿਆਸਤਦਾਨ ਜਾਣਦੇ ਹਨ ਕਿ ਜੇ ਆਪਣਾ ਅਸਲੀ ਚਿਹਰਾ ਲੈ ਕੇ ਮੈਦਾਨ ਵਿਚ ਉਤਰਨਗੇ ਤਾਂ ਲੋਕ ਪਛਾਣ ਲੈਣਗੇ। ਇਸ ਲਈ ਕਦੇ ਸੰਵਿਧਾਨ ਦੀ ਚਾਦਰ ਓੜ ਲੈਂਦੇ ਹਨ, ਕਦੇ ਨੌਜਵਾਨਾਂ ਦੇ ਦਰਦ ਦਾ ਪਰਨਾ ਪਾ ਲੈਂਦੇ ਹਨ ਅਤੇ ਕਦੇ ਕਾਕਰੋਚ ਦਾ ਨਕਾਬ।
ਸ਼ੀਸ਼ ਮਹੱਲ ਦੇ ਰਾਜਿਆਂ ਦਾ ਇਸ ਦੇਸ਼ ਦੇ ਬੱਚਿਆਂ ਨਾਲ ਕੀ ਲੈਣਾ-ਦੇਣਾ ? ਜੋ ਆਪਣੇ ਏ. ਸੀ. ਕਮਰਿਆਂ ਵਿਚ ਬੈਠ ਕੇ ਇਨਕਲਾਬ ਦਾ ਤਾਪਮਾਨ ਮਾਪਦੇ ਹਨ, ਉਨ੍ਹਾਂ ਨੂੰ ਮਈ ਦੀ ਧੁੱਪ ਵਿਚ ਇਮਤਿਹਾਨ ਕੇਂਦਰ ਦੀ ਕਤਾਰ ਵਿਚ ਖੜ੍ਹੇ ਵਿਦਆਰਥੀ ਦਾ ਮੱਥਾ ਨਹੀਂ ਦਿਸਦਾ। ਉਨ੍ਹਾਂ ਨੂੰ ਫਾਰਮ ਫੀਸ, ਕੋਚਿੰਗ ਫੀਸ, ਕਿਰਾਇਆ, ਘਰੋਂ ਆਏ ਪੈਸੇ ਅਤੇ ਪਿਓ ਦੀ ਚੁੱਪ ਨਹੀਂ ਦਿਸਦੀ। ਉਨ੍ਹਾਂ ਨੂੰ ਸਿਰਫ਼ ਭੀੜ ਦਿਸਦੀ ਹੈ, ਜਿਸ ਨੂੰ ਨਾਅਰੇ ਵਿਚ ਬਦਲਿਆ ਜਾ ਸਕੇ। ਉਨ੍ਹਾਂ ਨੂੰ ਸਿਰਫ਼ ਰੋਹ ਦਿਸਦਾ ਹੈ, ਜਿਸ ਨੂੰ ਆਪਣੇ ਚੋਣਾਵੀ ਚੁੱਲ੍ਹੇ ਦੀ ਲੱਕੜ ਬਣਾਇਆ ਜਾ ਸਕੇ।
ਸੋਸ਼ਲ ਮੀਡੀਆ ’ਤੇ ਜਦੋਂ ਫਾਲੋਅਰਜ਼ ਦੀ ਫ਼ਸਲ ਲਹਿਰਾਈ ਤਾਂ ਲੱਗਿਆ ਜਿਵੇਂ ਕੋਈ ਡਿਜੀਟਲ ਸਮੁੰਦਰ ਉਮੜ ਆਇਆ ਹੋਵੇ ਪਰ ਜੰਤਰ-ਮੰਤਰ ਦੀ ਧਰਤੀ ’ਤੇ ਜਦੋਂ ਪੈਰਾਂ ਦੀ ਗਿਣਤੀ ਹੋਈ ਤਾਂ ਪਤਾ ਲੱਗਿਆ ਕਿ ਸਕਰੀਨ ਦੀ ਭੀੜ ਅਤੇ ਸੜਕ ਦੀ ਭੀੜ ਦੋ ਵੱਖਰੇ ਜੀਵ ਹਨ। ਉੱਥੇ ਪ੍ਰਦਰਸ਼ਨਕਾਰੀਆਂ ਨਾਲੋਂ ਵੱਧ ਕੈਮਰੇ ਸਨ, ਸਮਰਥਕਾਂ ਨਾਲੋਂ ਵੱਧ ਯੂ-ਟਿਊਬਰਜ਼, ਨਾਅਰਿਆਂ ਨਾਲੋਂ ਵੱਧ ਥੰਬਨੇਲ, ਸੰਘਰਸ਼ ਨਾਲੋਂ ਵੱਧ ਕੰਟੈਂਟ। ਇਨਕਲਾਬੀ ਕ੍ਰਾਂਤੀ ਘੱਟ ਸੀ, ਕਵਰੇਜ ਵੱਧ ਸੀ। ਜਿਵੇਂ ਕੋਈ ਅੰਦੋਲਨ ਨਹੀਂ, ਸਗੋਂ ਐਲਗੋਰਿਦਮ ਦਾ ਮੇਲਾ ਲੱਗਿਆ ਹੋਵੇ।
ਪਹਿਲਾਂ ਮਾਹੌਲ ਬਣਾਇਆ ਗਿਆ ਕਿ ਇਜਾਜ਼ਤ ਨਹੀਂ ਮਿਲੇਗੀ, ਤਾਨਾਸ਼ਾਹੀ ਹੋਵੇਗੀ, ਜਮਹੂਰੀਅਤ ਕੁਚਲੀ ਜਾਵੇਗੀ। ਫਿਰ ਇਜਾਜ਼ਤ ਮਿਲ ਗਈ। ਸਮਾਂ ਮਿਲ ਗਿਆ। ਮੰਚ ਮਿਲ ਗਿਆ। ਮੀਡੀਆ ਮਿਲ ਗਿਆ ਪਰ ਜੋ ਲੋਕ ਇਤਿਹਾਸ ਲਿਖਣ ਨਿਕਲੇ ਸਨ, ਉਹ ਸਮੇਂ ਤੋਂ ਪਹਿਲਾਂ ਹੀ ਆਪਣਾ ਸਾਮਾਨ ਸਮੇਟਦੇ ਨਜ਼ਰ ਆਏ। ਮੈਦਾਨ ਨੇ ਦੱਸ ਦਿੱਤਾ ਕਿ ਡਿਜੀਟਲ ਡੰਕਾ ਅਤੇ ਜਨ ਆਧਾਰ ਦੀ ਥਾਲੀ ਵੱਖ-ਵੱਖ ਧਾਤਾਂ ਨਾਲ ਬਣਦੇ ਹਨ।
ਗੱਲ ਪੇਪਰ ਲੀਕ ਦੀ ਸੀ, ਭਰਤੀ ਪ੍ਰਬੰਧ ਦੀ ਸੀ, ਨੌਜਵਾਨਾਂ ਦੇ ਭਵਿੱਖ ਦੀ ਸੀ ਪਰ ਕੁਝ ਹੀ ਵੇਲੇ ਵਿਚ ਉਹੀ ਪੁਰਾਣੀ ਡਫਲੀ ਨਿਕਲ ਆਈ। ਮੋਦੀ ਵਿਰੋਧ, ਚੋਰ-ਚੋਰ, ਚੋਣ ਕਮਿਸ਼ਨ ’ਤੇ ਬੇਭਰੋਸਗੀ, ਸਰਕਾਰ ਬਰਖਾਸਤ ਕਰੋ, ਆਜ਼ਾਦੀ ਦੇ ਨਾਅਰੇ। ਮੁੱਦਾ ਇਮਤਿਹਾਨ ਦਾ ਸੀ ਪਰ ਮੰਚ ਵਿਚਾਰਧਾਰਕ ਜਲੂਸ ਵਿਚ ਬਦਲਣ ਲੱਗ ਪਿਆ। ਇਹੀ ਉਹ ਪਲ ਸੀ ਜਦੋਂ ਕਈ ਨੌਜਵਾਨਾਂ ਨੇ ਮਨ ਹੀ ਮਨ ਦੂਰੀ ਬਣਾ ਲਈ। ਉਨ੍ਹਾਂ ਨੂੰ ਲੱਗਾ ਕਿ ਇਹ ਲੜਾਈ ਉਨ੍ਹਾਂ ਦੀ ਹੈ ਪਰ ਸਕ੍ਰਿਪਟ ਕਿਸੇ ਹੋਰ ਦੀ ਹੈ।
ਦੇਸ਼ ਦਾ ਜੈਨ ਜ਼ੀ ਮੂਰਖ ਨਹੀਂ ਹੈ। ਉਸ ਕੋਲ ਫੋਨ ਹੈ ਤਾਂ ਯਾਦ ਵੀ ਹੈ। ਉਹ ਟ੍ਰੈਂਡ ਅਤੇ ਟ੍ਰੈਪ ਦਾ ਫ਼ਰਕ ਸਮਝਦਾ ਹੈ। ਉਸ ਨੂੰ ਪਤਾ ਹੈ ਕਿ ਹਰ ਵਾਇਰਲ ਪੋਸਟ ਲੋਕਾਂ ਦੀ ਆਵਾਜ਼ ਨਹੀਂ ਹੁੰਦੀ, ਹਰ ਮੀਮ ਅੰਦੋਲਨ ਨਹੀਂ ਹੁੰਦਾ, ਹਰ ਨਾਰਾਜ਼ਗੀ ਇਨਕਲਾਬ ਨਹੀਂ ਹੁੰਦੀ ਅਤੇ ਹਰ ਇਨਕਲਾਬ ਇਮਾਨਦਾਰ ਨਹੀਂ ਹੁੰਦਾ। ਉਹ ਜਾਣਦਾ ਹੈ ਕਿ ਕਾਕਰੋਚ ਮੇਰਾ ਹੋ ਸਕਦਾ ਹੈ ਪਰ ਉਸ ਦੇ ਪਿੱਛੇ ਮਾਸੂਮ ਚਿਹਰਾ ਬਣਾ ਕੇ ਖੜ੍ਹੀ ਹਿੰਸਕ ਸਿਆਸਤ ਮੇਰੀ ਨਹੀਂ।
ਦੇਸੀ ਕਾਕਰੋਚ ਜਾਣਦਾ ਹੈ ਕਿ ਇੰਪੋਰਟਿਡ ਕਾਕਰੋਚ ਦੇ ਆਕਾ ਕੌਣ ਹਨ। ਦੇਸੀ ਕਾਕਰੋਚ ਉਹ ਹੈ ਜੋ ਰਾਤ ਨੂੰ ਪੜ੍ਹਦਾ ਹੈ, ਦਿਨ ਨੂੰ ਕੰਮ ਲੱਭਦਾ ਹੈ, ਇਮਤਿਹਾਨ ਦਿੰਦਾ ਹੈ, ਅਸਫਲ ਹੁੰਦਾ ਹੈ ਤੇ ਫਿਰ ਖੜ੍ਹਾ ਹੋ ਜਾਂਦਾ ਹੈ। ਇੰਪੋਰਟਿਡ ਕਾਕਰੋਚ ਉਹ ਹੈ ਜੋ ਕੈਮਰੇ ਦੇ ਕੋਣ, ਨਾਅਰੇ ਦੀ ਆਵਾਜ਼ ਅਤੇ ਗੁੱਸੇ ਦੀ ਪੈਕੇਜਿੰਗ ਦੇ ਨਾਲ ਅੰਦੋਲਨ ਬਣਾਉਂਦਾ ਹੈ। ਦੇਸੀ ਕਾਕਰੋਚ ਪਸੀਨੇ ਤੋਂ ਜੰਮਦਾ ਹੈ, ਇੰਪੋੋਰਟਿਡ ਕਾਕਰੋਚ ਪ੍ਰਮੋਸ਼ਨ ਤੋਂ।
ਅਤੇ ਬੁੱਢੀ ਹੋ ਚੁੱਕੀ ਪਾਰਟੀ ਦੇ ਉਮਰਦਰਾਜ ਯੁਵਰਾਜ ਦਾ ਤਾਂ ਕਹਿਣਾ ਹੀ ਕੀ। ਚਾਂਦੀ ਦਾ ਚਮਚਾ ਮੂੰਹ ਵਿਚ ਲੈ ਕੇ ਜੰਮੀ ਸਿਆਸਤ ਨੇ ਆਪਣੀ ਜਵਾਨੀ ਆਪਣੀ ਹੀ ਪਾਰਟੀ ਨੂੰ ਲੀਹੋਂ ਲਾਹੁਣ ਵਿਚ ਲੰਘਾ ਦਿੱਤੀ। ਹੁਣ ਉਹੀ ਦੇਸ਼ ਦੀ ਜਵਾਨੀ ਨੂੰ ਭੜਕਾਉਣ, ਸਾੜਣ ਅਤੇ ਹਿੰਸਾ ਦੀ ਅੱਗ ਸੇਕਣ ਦੇ ਸੁਪਨੇ ਵੇਖ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਨਾਰਾਜ਼ ਨੌਜਵਾਨ ਉਨ੍ਹਾਂ ਦੀ ਜੇਬ ਵਿਚ ਪਿਆ ਸਿੱਕਾ ਹੈ ਪਰ ਇਹ ਪੀੜ੍ਹੀ ਖੋਟੇ ਸਿੱਕਿਆਂ ਦੀ ਖਨਕ ਪਛਾਣਦੀ ਹੈ।
ਲੋਕ ਚੁੱਪ ਹਨ, ਕਿਉਂਕਿ ਲੋਕ ਅੰਨੇ ਨਹੀਂ। ਉਹ ਵੇਖ ਰਹੇ ਹਨ ਕਿ ਕੌਣ ਬੱਚਿਆਂ ਦੀ ਫ਼ਿਕਰ ਵਿਚ ਆਇਆ ਹੈ ਅਤੇ ਕੌਣ ਬੱਚਿਆਂ ਨੂੰ ਅੱਗੇ ਕਰ ਕੇ ਆਪਣੀ ਹਾਰ ਦਾ ਬਦਲਾ ਲੈਣ ਆਇਆ ਹੈ। ਉਹ ਜਾਣਦੇ ਹਨ ਕਿ ਕਾਕਰੋਚ ਤੋਂ ਡਰਨ ਦੀ ਲੋੜ ਨਹੀਂ। ਅਸਲ ਸੁਚੇਤਤਾ ਤਾਂ ਉਸ ਹੱਥ ਤੋਂ ਚਾਹੀਦੀ ਹੈ ਜੋ ਕਾਕਰੋਚ ਦੀ ਆੜ ਵਿਚ ਧਰਤੀ ’ਤੇ ਪੈਟਰੋਲ ਛਿੜਕਣ ਅਤੇ ਮਾਚਿਸ ਦੀ ਤੀਲੀ ਲਾਉਣ ਦੇ ਮਨਸ਼ੇ ਲੁਕਾਈ ਖੜ੍ਹਾ ਹੈ।
ਆਬਾਦੀ ਦੇ ਰੁਝਾਨਾਂ ’ਚ ਚੰਗੀ ਅਤੇ ਮਾੜੀ ਖ਼ਬਰ
NEXT STORY