ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਦਵਾਈ ਨਿਰਮਾਤਾ ਹੋਣ ਦੇ ਕਾਰਨ ‘ਵਿਸ਼ਵ ਦੀ ਫਾਰਮੇਸੀ’ ਵੀ ਕਿਹਾ ਜਾਂਦਾ ਹੈ। ‘ਇੰਡੀਅਨ ਫਾਰਮਾਸਿਊਟੀਕਲ ਅਲਾਇੰਸ’ ਦੇ ਅਨੁਸਾਰ ਅਮਰੀਕਾ ਦੀ ਹਰ ਤੀਜੀ ਅਤੇ ਯੂਰਪ ਦੀ ਹਰ ਚੌਥੀ ਟੈਬਲੇਟ ਭਾਰਤ ’ਚ ਬਣੀ ਹੁੰਦੀ ਹੈ।
ਭਾਰਤ ’ਚ ਵਿਸ਼ਵ ਦੀਆਂ 60 ਫੀਸਦੀ ਵੈਕਸੀਨ ਅਤੇ 20 ਫੀਸਦੀ ‘ਜੈਨੇਰਿਕ’ ਦਵਾਈਆਂ ਬਣਦੀਆਂ ਹਨ ਪਰ ਇਨ੍ਹਾਂ ’ਚ ਵੀ ਮਿਲਾਵਟ ਅਤੇ ਗੁਣਵੱਤਾ ਦੀ ਕਮੀ ਪਾਏ ਜਾਣ ਦੇ ਸਿੱਟੇ ਵਜੋਂ ਅਨੇਕ ਲੋਕਾਂ ਦੇ ਪ੍ਰਾਣ ਖਤਰੇ ’ਚ ਪੈ ਰਹੇ ਹਨ।
ਬੀਤੇ ਸਾਲ ਅਕਤੂਬਰ ’ਚ ਦੇਸ਼ ਦੇ ਕੁਝ ਰਾਜਾਂ ’ਚ ਇਕ ਮਿਲਾਵਟੀ ਕਫ ਸਿਰਪ ਪੀਣ ਨਾਲ 2 ਦਰਜਨ ਤੋਂ ਵੱਧ ਬੱਚਿਆਂ ਦੀ ਜਾਨ ਚਲੀ ਗਈ ਸੀ। ਜਾਂਚ ਦੌਰਾਨ ਇਸ ’ਚ ਉਦਯੋਗਾਂ ’ਚ ਕੰਮ ਆਉਣ ਵਾਲੇ ‘ਡਾਇਥਿਲੀਨ ਗਲਾਈਕੋਲ’ ਨਾਂ ਦੇ ਕੈਮੀਕਲ ਦੀ ਵੱਡੀ ਮਾਤਰਾ ’ਚ ਮੌਜੂਦਗੀ ਪਾਈ ਗਈ ਜੋ ਇਕ ਹਲਕਾ ਜ਼ਹਿਰ ਹੁੰਦਾ ਹੈ। ਜਾਂਚ ਦੌਰਾਨ ਉਕਤ ਕਫ ਸਿਰਪ ਬਣਾਉਣ ’ਚ 350 ਤੋਂ ਵੱਧ ਗੰਭੀਰ ਉਲੰਘਣਾਵਾਂ ਪਾਈਆਂ ਗਈਆਂ।
ਇਨ੍ਹਾਂ ਤੋਂ ਇਲਾਵਾ ਵੀ ਸਮੇਂ-ਸਮੇਂ ’ਤੇ ਪੜਤਾਲ ਦੌਰਾਨ ਵੱਖ-ਵੱਖ ਨਕਲੀ ਦਵਾਈਆਂ ਫੜੀਆਂ ਗਈਆਂ ਹਨ, ਜਿਨ੍ਹਾਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 2 ਦਸੰਬਰ, 2025 ਨੂੰ ‘ਭੁਵਨੇਸ਼ਵਰ’ (ਓਡਿਸ਼ਾ) ’ਚ ਰਾਜ ਦੇ ਸਿਹਤ ਮੰਤਰੀ ‘ਡਾ. ਮੁਕੇਸ਼ ਮਹਿਲਿੰਗ’ ਨੇ ਸੂਬਾਈ ਵਿਧਾਨ ਸਭਾ ’ਚ ਦੱਸਿਆ ਕਿ 2021 ਤੋਂ 2025 ਵਿਚਾਲੇ ਸੂਬੇ ’ਚ 168 ਨਕਲੀ ਦਵਾਈਆਂ ਫੜੀਆਂ ਗਈਆਂ। ਇਨ੍ਹਾਂ ’ਚ ਮੁੱਖ ਤੌਰ ’ਤੇ ‘ਟੇਲਮਾ’ ਬ੍ਰਾਂਡ ਦੀਆਂ ਨਕਲੀਆਂ ਗੋਲੀਆਂ ਸ਼ਾਮਲ ਸਨ।
* 7 ਦਸੰਬਰ, 2025 ਨੂੰ ‘ਜੈਪੁਰ’ (ਰਾਜਸਥਾਨ) ’ਚ ਡਰੱਗ ਕੰਟਰੋਲ ਟੀਮ ਨੇ ਇਕ ਦਵਾ ਵਪਾਰੀ ਦੇ ਅਦਾਰੇ ਤੋਂ 3.73 ਕਰੋੜ ਰੁਪਏ ਮੁੱਲ ਦੀਆਂ ਨਕਲੀ ਅਤੇ ਘਟੀਆ ਦਵਾਈਆਂ (ਵਿਨਸੈਟ-ਐੱਲ ਅਤੇ ਐਲਗੀਵਿਨ-ਐੱਮ. ਟੈਬਲੇਟ) ਜ਼ਬਤ ਕੀਤੀਆਂ।
* 14 ਦਸੰਬਰ, 2025 ਨੂੰ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ‘ਗਾਜ਼ੀਆਬਾਦ’ ਦੇ ‘ਲੋਨੀ’ ’ਚ ਨਕਲੀ ਦਵਾਈਆਂ ਬਣਾਉਣ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਭਾਂਡਾ ਭੰਨ ਕੇ 2.3 ਕਰੋੜ ਰੁਪਏ ਤੋਂ ਵੱਧ ਦੀਆਂ ਨਕਲੀ ਸਕਿਨ ਕਰੀਮਾਂ (ਬੈਟਨੋਵੇਟ-ਸੀ, ਕਲੋਪ-ਜੀ ਅਤੇ ਸਕਿਨ ਸ਼ਾਈਨ) ਬਰਾਮਦ ਕਰਕੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ।
* 31 ਦਸੰਬਰ, 2025 ਨੂੰ ‘ਤੇਲੰਗਾਨਾ ਡਰੱਗ ਕੰਟਰੋਲ ਐਡਮਨਿਸਟ੍ਰੇਸ਼ਨ’ ਨੇ ਪੂਰੇ ਸਾਲ ਦੌਰਾਨ 1.39 ਕਰੋੜ ਰੁਪਏ ਦੀਆਂ ਨਕਲੀ ਦਵਾਈਆਂ ਜ਼ਬਤ ਕਰਨ ਦੀ ਜਾਣਕਾਰੀ ਦਿੱਤੀ।
* 17 ਜਨਵਰੀ, 2026 ਨੂੰ ‘ਬਠਿੰਡਾ’ (ਪੰਜਾਬ) ’ਚ ਇਕ ਗੈਰ-ਕਾਨੂੰਨੀ ਦਵਾ ਫੈਕਟਰੀ ਨੂੰ ਸੀਲ ਕੀਤਾ ਗਿਆ।
* 20 ਜਨਵਰੀ, 2026 ਨੂੰ ‘ਪੀਲੀਭੀਤ’ (ਉੱਤਰ ਪ੍ਰਦੇਸ਼) ਦੇ ‘ਪੂਰਨਪੁਰ’ ਪਿੰਡ ’ਚ ਪੁਲਸ ਨੇ ਇਕ ਮਕਾਨ ’ਚ ਚੱਲ ਰਹੀ ਨਕਲੀ ਕਫ ਸਿਰਪ ਬਣਾਉਣ ਵਾਲੀ ‘ਫੈਕਟਰੀ’ ਦਾ ਭਾਂਡਾ ਭੰਨਿਆ ਅਤੇ ਉਥੋਂ ਸੁਰੇਸ਼ ਕੁਮਾਰ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਨਕਲੀ ਕਫ ਸਿਰਪ ਦੀਆਂ 375 ਸ਼ੀਸ਼ੀਆਂ ਜ਼ਬਤ ਕੀਤੀਆਂ।
* ਅਤੇ ਹੁਣ 21 ਜਨਵਰੀ, 2026 ਨੂੰ ਕੇਂਦਰ ਸਰਕਾਰ ਵਲੋਂ ਜਾਰੀ ਇਕ ਰਿਲੀਜ਼ ’ਚ ਦੱਸਿਆ ਗਿਆ ਹੈ ਕਿ ‘ਕੇਂਦਰੀ ਔਸ਼ਧੀ ਮਾਨਕ ਨਿਯੰਤਰਣ ਸੰਸਥਾਨ’ ਦੀ ਨਿਯਮਿਤ ਪੜਤਾਲ ’ਚ ਦਸੰਬਰ, 2025 ਦੌਰਾਨ ਕੇਂਦਰ ਅਤੇ ਸੂਬਿਆਂ ਦੀਆਂ ਔਸ਼ਧੀ ਪ੍ਰੀਖਣ ਪ੍ਰਯੋਗਸ਼ਾਲਾਵਾਂ ’ਚ ਦਵਾਈਆਂ ਦੇ ਕੁੱਲ 167 ਨਮੂਨਿਆਂ ਨੂੰ ‘ਨਾਟ ਫਾਰ ਸਟੈਂਡਰਡ ਕੁਆਲਿਟੀ’ (ਗੁਣਵੱਤਾ ’ਚ ਫੇਲ) ਕਰਾਰ ਦਿੱਤਾ ਿਗਆ ਅਤੇ ਇਨ੍ਹਾਂ ਤੋਂ ਇਲਾਵਾ 7 ਦਵਾਈਆਂ ਨੂੰ ਨਕਲੀ ਪਾਇਆ ਗਿਆ।
ਦਵਾਈਆਂ ਦਾ ਗੁਣਵੱਤਾ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਨਾ ਪਾਇਆ ਜਾਣਾ ਅਤੇ ਨਕਲੀ ਦਵਾਈਆਂ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਨ੍ਹਾਂ ਦਾ ਸੇਵਨ ਕਰਨ ਵਾਲਿਆਂ ਦੇ ਜੀਵਨ ਲਈ ਖਤਰਾ ਵੀ ਪੈਦਾ ਹੋ ਸਕਦਾ ਹੈ। ਇਸ ਲਈ ਅਜਿਹੇ ਕਾਰਿਆਂ ’ਚ ਸ਼ਾਮਲ ਹੋਣ ਵਾਲਿਅਾਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।
ਦੇਸ਼ ’ਚ ਨਕਲੀ ਦਵਾਈਆਂ ਦਾ ਕਾਰੋਬਾਰ ਰੋਕਣ ਲਈ ‘ਡਰੱਗਜ਼ ਐਂਡ ਕਾਸਮੈਟਿਕਸ ਐਕਟ’ ਦੇ ਨਾਲ-ਨਾਲ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਸਮੇਤ ਕੁੱਲ 6 ਕਾਨੂੰਨ ਹਨ, ਪਰ ਇਨ੍ਹਾਂ ਦੀ ਸਖਤੀ ਨਾਲ ਵਰਤੋਂ ਨਾ ਕੀਤੇ ਜਾਣ ਦੇ ਕਾਰਨ ਨਕਲੀ ਦਵਾਈਆਂ ਦਾ ਧੰਦਾ ਲੋਕਾਂ ਦੀ ਜਾਨ ਦਾ ਜੋਖਮ ਬਣ ਰਿਹਾ ਹੈ।
ਇਸ ਲਈ ਮੌਜੂਦਾ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰ ਕੇ ਅਜਿਹੇ ਮੰਦੇ ਕੰਮਾਂ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਨਾਲ-ਨਾਲ ਕਾਨੂੰਨ ’ਚ ਸੋਧ ਕਰ ਕੇ ਜ਼ਮਾਨਤ ਦੀ ਵਿਵਸਥਾ ਵੀ ਸਖਤ ਕਰਨੀ ਚਾਹੀਦੀ ਹੈ, ਤਾਂ ਕਿ ਲੋਕਾਂ ਦੇ ਪ੍ਰਾਣਾਂ ਨਾਲ ਅਪਰਾਧੀ ਅਨਸਰ ਖਿਲਵਾੜ ਨਾ ਕਰ ਸਕਣ।
–ਵਿਜੇ ਕੁਮਾਰ
ਅਮਰੀਕੀ ਮੱਧਕਾਲੀ ਚੋਣਾਂ ਟਰੰਪ 2.0 ਸ਼ਾਸਨ ਦੇ ਅਗਲੇ ਤਿੰਨ ਸਾਲਾਂ ਦੀ ਦਿਸ਼ਾ ਤੈਅ ਕਰ ਸਕਦੀਆਂ ਹਨ
NEXT STORY