ਆਈ. ਆਈ. ਟੀ. ਬੰਬੇ ਚਰਚਾ ’ਚ ਹੈ। ਨਾਲ ਹੀ ਕਸੌਟੀ ’ਤੇ ਹੈ ਇਹ ਗੱਲ ਕਿ ਕੀ ਸੱਚਮੁੱਚ ਦੇਸ਼ ਦੇ ਪ੍ਰਮੁੱਖ ਸੰਸਥਾਨ ’ਚ ਦਲਿਤ ਸ਼ੋਸ਼ਣ ਹੋ ਰਿਹਾ ਹੈ, ਜਾਂ ਐੱਸ. ਸੀ./ਐੱਸ. ਟੀ. ਐਕਟ ਦੀ ਦੁਰਵਰਤੋਂ ਹੋ ਰਹੀ ਹੈ।
ਮਾਮਲਾ 18 ਸਤੰਬਰ ਦਾ ਹੈ। ਸੀ. ਸੀ. ਟੀ. ਵੀ. ਫੁਟੇਜ ਦੱਸਦੀ ਹੈ ਕਿ ਬੀ. ਟੈਕ. ਐਨਰਜੀ ਸਾਇੰਸ ਦੇ ਦੂਜੇ ਸਾਲ ਦੇ ਵਿਦਿਆਰਥੀ ਸਾਹਿਲ ਵਾਕੋਡੇ ਮਿਡ-ਸਮੈਸਟਰ ਦੀ ਪ੍ਰੀਖਿਆ ਦੇ ਰਹੇ ਹਨ। ਡਿਊਟੀ ’ਤੇ ਤਾਇਨਾਤ ਪ੍ਰੋਫੈਸਰ ਸੂਰਜਨਾਰਾਇਣ ਦੁੱਲਾ ਸਾਹਿਲ ਕੋਲ ਜਾਂਦੇ ਹਨ, ਦੋਵਾਂ ਵਿਚਕਾਰ ਸੰਖੇਪ ਗੱਲਬਾਤ ਹੁੰਦੀ ਹੈ, ਸਾਹਿਲ ਆਪਣਾ ਫੋਨ ਪ੍ਰੋਫੈਸਰ ਨੂੰ ਸੌਂਪਦੇ ਹਨ ਅਤੇ ਪ੍ਰੀਖਿਆ ਅਧੂਰੀ ਛੱਡ ਕੇ ਹਾਲ ਤੋਂ ਬਾਹਰ ਨਿਕਲ ਜਾਂਦੇ ਹਨ। ਵੀਡੀਓ ਤੋਂ ਲੱਗਦਾ ਹੈ ਕਿ ਸਾਹਿਲ ਪ੍ਰੀਖਿਆ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਸਨ। ਸੰਸਥਾਨ ਨੇ ਸ਼ੁਰੂ ਵਿਚ ਇਕ ਬਿਆਨ ਜਾਰੀ ਵੀ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸਾਹਿਲ ਚੈਟ ਜੀ. ਪੀ. ਟੀ. ਦੀ ਵਰਤੋਂ ਕਰਕੇ ਨਕਲ ਕਰ ਰਹੇ ਸਨ।
ਉਪਰੋਕਤ ਘਟਨਾ ਤੋਂ ਬਾਅਦ ਸਾਹਿਲ ਨੇ ਬਾਹਰ ਆ ਕੇ ਆਪਣੀ ਮਹਿਲਾ ਮਿੱਤਰ ਨੂੰ ਫੋਨ ਕੀਤਾ ਅਤੇ ਕਾਲ ਰਿਕਾਰਡ ਦੱਸਦਾ ਹੈ ਕਿ ਉਹ ਕਹਿ ਰਹੇ ਹਨ ਕਿ ਇਕ ਗਲਤੀ ਹੋ ਗਈ ਹੈ। ਉਸ ਤੋਂ ਬਾਅਦ ਉਹ ਆਪਣੇ ਹੋਸਟਲ ਦੇ ਕਮਰੇ ਵਿਚ ਚਲੇ ਜਾਂਦੇ ਹਨ, ਜਿੱਥੇ ਸ਼ਾਮ ਨੂੰ ਉਨ੍ਹਾਂ ਦੀ ਲਾਸ਼ ਫਾਹੇ ਨਾਲ ਲਟਕੀ ਹੋਈ ਮਿਲਦੀ ਹੈ।
ਆਈ. ਆਈ. ਟੀ. ਬੰਬੇ ਨੇ ਸ਼ੁਰੂਆਤ ਵਿਚ ਸਾਹਿਲ ’ਤੇ ਸਿੱਧੇ ਚੀਟਿੰਗ ਦੇ ਦੋਸ਼ ਜਨਤਕ ਕਰ ਦਿੱਤੇ ਸਨ ਪਰ ਵਿਰੋਧ ਤੋਂ ਬਾਅਦ ਸੰਸਥਾਨ ਨੇ ਲਿਖਤ ਰੂਪ ਵਿਚ ਮੁਆਫ਼ੀ ਮੰਗੀ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਅਜਿਹੇ ਸਿੱਟੇ ਕੱਢਣਾ ਗਲਤ ਸੀ। ਵਿਰੋਧ ਨੂੰ ਦੇਖਦੇ ਹੋਏ ਆਈ. ਆਈ. ਟੀ. ਬੰਬੇ ਨੇ ਪ੍ਰੋਫੈਸਰ ਸੂਰਜਨਾਰਾਇਣ ਦੁੱਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਫਿਲਹਾਲ ਹਟਾ ਦਿੱਤਾ। ਦੁੱਲਾ ਨੂੰ ਹਟਾਏ ਜਾਣ ਤੋਂ ਬਾਅਦ ਬਹੁਤ ਸਾਰੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਸਮਰਥਨ ਵਿਚ ਮਾਰਚ ਕੱਢਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰੋਫੈਸਰ ਸਿਰਫ਼ ਨਕਲ ਰੋਕਣ ਲਈ ਆਪਣੀ ਅਧਿਕਾਰਤ ਡਿਊਟੀ ਕਰ ਰਹੇ ਸਨ।
ਸਾਹਿਲ ਦੇ ਮਾਤਾ-ਪਿਤਾ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਬੇਟਾ ਚੀਟਿੰਗ ਦੀ ਵਜ੍ਹਾ ਕਾਰਨ ਪ੍ਰੇਸ਼ਾਨ ਨਹੀਂ ਸੀ, ਸਗੋਂ ਪਿਛਲੇ 3 ਮਹੀਨਿਆਂ ਤੋਂ ਸੰਸਥਾਨ ਵਿਚ ਉਸ ਨਾਲ ਜਾਤੀਗਤ ਭੇਦਭਾਵ ਅਤੇ ਦਲਿਤ ਸ਼ੋਸ਼ਣ ਹੋ ਰਿਹਾ ਸੀ, ਜਿਸ ਦੀ ਸ਼ਿਕਾਇਤ ਸਾਹਿਲ ਨੇ ਪਹਿਲਾਂ ਉਨ੍ਹਾਂ ਨੂੰ ਕੀਤੀ ਸੀ। ਉਨ੍ਹਾਂ ਨੇ ਪ੍ਰੋਫੈਸਰ ਅਤੇ ਪ੍ਰਸ਼ਾਸਨ ਖ਼ਿਲਾਫ਼ ਐੱਸ. ਸੀ./ਐੱਸ. ਟੀ. ਐਕਟ ਤਹਿਤ ਮਾਮਲਾ ਦਰਜ ਕਰਵਾ ਦਿੱਤਾ ਹੈ ਅਤੇ ਲਗਾਤਾਰ ਧਰਨੇ ’ਤੇ ਹਨ। ਇਸ ਮਾਮਲੇ ’ਚ ਸਭ ਤੋਂ ਵੱਡੀ ਰੁਕਾਵਟ ਇਹ ਆ ਰਹੀ ਹੈ ਕਿ ਸਾਹਿਲ ਦਾ ਆਈਫੋਨ ਪੂਰੀ ਤਰ੍ਹਾਂ ਲੌਕ ਹੈ, ਜਿਸ ਨੂੰ ਅਨਲੌਕ ਕਰਨ ਲਈ ਫੋਰੈਂਸਿਕ ਟੀਮਾਂ ਯਤਨ ਕਰ ਰਹੀਆਂ ਹਨ।
ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ਤਹਿਤ ਦਰਜ ਹੋਣ ਵਾਲੇ ਮਾਮਲਿਆਂ ਵਿਚ ਦੁਰਵਰਤੋਂ ਦਾ ਵੀ ਇਕ ਰਿਕਾਰਡ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪੁਲਸ ਜਾਂਚ ਵਿਚ ਕੁੱਲ ਦਰਜ ਮਾਮਲਿਆਂ ਵਿਚੋਂ ਲਗਭਗ 14.8 ਫੀਸਦੀ ਮਾਮਲੇ ਅੰਤਿਮ ਰਿਪੋਰਟ ਨਾਲ ਬੰਦ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਮਾਮਲਿਆਂ ਵਿਚ ਮੁੱਖ ਵਜ੍ਹਾ ਝੂਠੇ ਦਾਅਵੇ, ਆਪਸੀ ਰੰਜਿਸ਼ ਜਾਂ ਸਬੂਤਾਂ ਦੀ ਘਾਟ ਹੁੰਦੀ ਹੈ। ਦੇਸ਼ ’ਚ ਹਰ ਸਾਲ 50,000 ਤੋਂ ਜ਼ਿਆਦਾ ਮਾਮਲੇ ਐੱਸ. ਸੀ./ਐੱਸ. ਟੀ. ਐਕਟ ਤਹਿਤ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚੋਂ 8,000 ਤੋਂ ਜ਼ਿਆਦਾ ਮਾਮਲੇ ਜਾਂਚ ਦੇ ਪੱਧਰ ’ਤੇ ਹੀ ਗਲਤ ਪਾਏ ਜਾਂਦੇ ਹਨ ਅਤੇ ਖਾਰਿਜ ਕਰ ਦਿੱਤੇ ਜਾਂਦੇ ਹਨ।
ਦਲਿਤ ਅਤੇ ਓ. ਬੀ. ਸੀ. ਜਾਤੀਆਂ ਰਾਜਨੀਤੀ ਵਿਚ ਇਕ ਵੱਡਾ ਵੋਟ ਬੈਂਕ ਸਮਝੀਆਂ ਜਾਂਦੀਆਂ ਹਨ, ਇਸ ਲਈ ਨੇਤਾ ਅਜਿਹੇ ਮਾਮਲਿਆਂ ਵਿਚ ਤੁਰੰਤ ਕੁੱਦ ਜਾਂਦੇ ਹਨ ਅਤੇ ਉਹ ਉਨ੍ਹਾਂ ਨੂੰ ਇਕਪਾਸੜ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਸਭ ਵਿਚ ਸੱਚ ਪਿੱਛੇ ਛੁੱਟ ਜਾਂਦਾ ਹੈ ਅਤੇ ਕਾਨੂੰਨ ਦੀ ਵੀ ਦੁਰਵਰਤੋ ਹੋਣ ਲੱਗਦੀ ਹੈ। ਅਜਿਹਾ ਨਹੀਂ ਹੈ ਕਿ ਐੱਸ. ਸੀ./ਐੱਸ. ਟੀ. ਐਕਟ ਦੀ ਸਿਰਫ਼ ਦੁਰਵਰਤੋਂ ਹੀ ਹੋ ਰਹੀ ਹੈ। ਇਹ ਅਧਿਨਿਯਮ ਉਹ ਸਿੱਕਾ ਹੈ ਜਿਸ ਦੇ 2 ਪਹਿਲੂ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਸਮਾਜ ’ਚ ਅਜਿਹੇ ਵੀ ਲੋਕ ਹਨ ਜੋ ਜਾਤੀਗਤ ਕਾਰਨਾਂ ਕਰਕੇ ਤਸ਼ੱਦਦ ਕਰਨ ਤੋਂ ਬਾਜ਼ ਨਹੀਂ ਆਉਂਦੇ। ਉਹ ਦੂਜਿਆਂ ਜਾਤੀਆਂ ਨੂੰ ਛੋਟਾ ਮੰਨ ਕੇ ਅਜਿਹਾ ਕਰਦੇ ਹਨ।
ਮਹਾਰਾਸ਼ਟਰ ਦੇ ਪੁਣੇ ਦੇ ਭਾਰਤੀ ਵਿਦਿਆਪੀਠ ਪੁਲਸ ਥਾਣੇ ਨਾਲ ਸੰਬੰਧਤ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। 18 ਪੁਲਸ ਮੁਲਾਜ਼ਮਾਂ ਖ਼ਿਲਾਫ਼ ਨਾਬਾਲਗ ਬੱਚਿਆਂ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਣ, ਮਾਰਕੁੱਟ ਕਰਨ ਅਤੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਅਪਮਾਨਿਤ ਕਰਨ ’ਤੇ 2 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਇਹ ਕਾਰਵਾਈ ਮਹਾਰਾਸ਼ਟਰ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਰਦੇਸ਼ ’ਤੇ ਕੀਤੀ ਗਈ ਹੈ। 20 ਤੋਂ 24 ਜੁਲਾਈ ਦੇ ਵਿਚਕਾਰ 8 ਨਾਬਾਲਗਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਨ੍ਹਾਂ ’ਚੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ 3 ਬੱਚਿਆਂ ਨੂੰ ਬੋਨਟ ’ਤੇ ਬੰਨ੍ਹ ਕੇ ਜਨਤਕ ਤੌਰ ’ਤੇ ਉਨ੍ਹਾਂ ਦਾ ਸੜਕ ’ਤੇ ਜਲੂਸ ਕੱਢਿਆ ਗਿਆ। ਇਸ ਤੋਂ ਇਲਾਵਾ ਪੁਲਸ ਨੇ ਇਨ੍ਹਾਂ ਦੀ ਪਛਾਣ ਵੀ ਜਨਤਕ ਕਰ ਦਿੱਤੀ।
ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ ਵਿਚ ਇਕ ਅਜਿਹਾ ਮਾਮਲਾ ਆਇਆ ਜਿਸ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ। ਪੁਣੇ ਦੇ ਪਿੰਪਰੀ-ਚਿੰਚਵਾੜ ਦੇ ਥੇਰਗਾਓਂ ਵਿਚ ਇਕ ਦਲਿਤ ਮਾਤੰਗ ਪਰਿਵਾਰ ਨੇ ਦਬੰਗਾਂ ਵੱਲੋਂ ਲਗਾਤਾਰ ਤਸ਼ੱਦਦ ਅਤੇ ਨਿਆਂ ਨਾ ਮਿਲਣ ’ਤੇ ਪੁਣੇ ਤੋਂ ਮੁੰਬਈ ਤੱਕ 150 ਕਿਲੋਮੀਟਰ ਤੋਂ ਵੱਧ ਦੀ ਪੈਦਲ ਯਾਤਰਾ ਕੀਤੀ। ਜੇਬ ’ਚ ਸਿਰਫ਼ 70 ਰੁਪਏ ਲੈ ਕੇ ਨਿਕਲੇ ਇਸ ਪਰਿਵਾਰ ਦੇ ਸੰਘਰਸ਼ ਨੇ ਪੂਰੇ ਦੇਸ਼ ਦੇ ਮੀਡੀਆ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦਾ ਧਿਆਨ ਖਿੱਚਿਆ। ਪਰਿਵਾਰ ਨੇ ਦੋਸ਼ੀਆਂ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਨਹੀਂ ਹੋਈ, ਸਗੋਂ ਬਿਨਾਂ ਅਗਾਊਂ ਨੋਟਿਸ ਦੇ ਇਸ ਪਰਿਵਾਰ ਦੇ ਘਰ ਦਾ ਪਾਣੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ। ਮਾਮਲੇ ਦੇ ਤੂਲ ਫੜਨ ’ਤੇ ਗ੍ਰਹਿ ਵਿਭਾਗ ਨੇ ਦਖ਼ਲ ਦਿੱਤਾ।
ਪਿਛਲੇ ਸਾਲ ਅਕਤੂਬਰ ’ਚ ਪੁਣੇ ਦੇ ਇਕ ਦਲਿਤ ਵਿਦਿਆਰਥੀ ਪ੍ਰੇਮ ਬਿਰਹਾੜੇ ਨੇ ਆਪਣੇ ਕਾਲਜ ’ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਦਸਤਾਵੇਜ਼ ਪੜਤਾਲ ’ਚ ਦੇਰੀ ਕੀਤੀ, ਜਿਸ ਨਾਲ ਉਸ ਦੀ ਲੰਡਨ ਦੀ ਨੌਕਰੀ ਚਲੀ ਗਈ ਅਤੇ ਉਸ ਨੂੰ ਜਾਤੀਗਤ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਕਾਲਜ ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਵਿਦਿਆਰਥੀ ਦੇ ਆਚਰਣ ਨੂੰ ਅਸੰਤੋਸ਼ਜਨਕ ਦੱਸਿਆ ਸੀ।
ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਅਨੁਸਾਰ, ਮਹਾਰਾਸ਼ਟਰ ’ਚ ਹਰ ਸਾਲ 2,000 ਤੋਂ ਜ਼ਿਆਦਾ ਦਲਿਤ ਸ਼ੋਸ਼ਣ ਦੇ ਮਾਮਲੇ ਦਰਜ ਹੋ ਰਹੇ ਹਨ। ਜੇਕਰ ਪੂਰੇ ਦੇਸ਼ ਦੀ ਸਥਿਤੀ ਦੇਖੀਏ ਤਾਂ ਸਾਲ 2024 ਵਿਚ 55,685 ਅਜਿਹੇ ਮਾਮਲੇ ਦਰਜ ਕੀਤੇ ਗਏ ਸਨ। ਅਜਿਹੇ ਮਾਮਲਿਆਂ ਵਿਚ ਦੋਸ਼ਸਿੱਧੀ ਦੀ ਦਰ ਵੀ ਬਹੁਤ ਘੱਟ ਹੈ। ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਸਾਲ 2022 ਵਿਚ ਇਹ ਦਰ ਕੇਵਲ 8.9 ਫੀਸਦੀ ਸੀ। ਇਕੱਲੇ ਮਹਾਰਾਸ਼ਟਰ ਵਿਚ ਹੀ ਅਜਿਹੇ ਲਗਭਗ 14,500 ਤੋਂ ਵੱਧ ਮਾਮਲੇ ਕੋਰਟ ਟ੍ਰਾਇਲ ਦੀ ਉਡੀਕ ’ਚ ਪੈਡਿੰਗ ਪਏ ਹਨ।
ਐੱਸ. ਸੀ./ਐੱਸ. ਟੀ. ਐਕਟ ਦੀ ਦੁਰਵਰਤੋਂ ਦਾ ਸਭ ਤੋਂ ਵੱਡਾ ਮਾਮਲਾ ਉਸ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਉਸ ਵਿਚ ਮਿਲਣ ਵਾਲੇ ਪੈਸੇ ਅਤੇ ਉਸ ਦੀ ਦੁਰਵਰਤੋਂ ਨੂੰ ਲੈ ਕੇ ਹੈ। ਇਹ ਪੈਸਾ 50,000 ਤੋਂ ਲੈ ਕੇ 8,00,000 ਰੁਪਏ ਤੱਕ ਹੋ ਸਕਦਾ ਹੈ, ਜੋ 3 ਕਿਸ਼ਤਾਂ ਵਿਚ ਮਿਲਦਾ ਹੈ। ਪਹਿਲੀਆਂ ਦੋ ਕਿਸ਼ਤਾਂ ਵਿਚ ਤਾਂ ਇਸ ਵਿਚ ਵਾਪਸੀ ਦੇ ਕੋਈ ਵੀ ਵੱਡੇ ਪ੍ਰਬੰਧ ਨਹੀਂ ਹਨ। ਪਹਿਲਾ ਹਿੱਸਾ ਉਸ ਦੀ ਸ਼ਿਕਾਇਤ ਦਰਜ ਹੋਣ, ਦੂਜਾ ਮਾਮਲੇ ਨੂੰ ਅੱਗੇ ਤੱਕ ਜਾਣ ਅਤੇ ਫਿਰ ਤੀਜਾ ਦੋਸ਼ ਸਿੱਧੀ ਦੇ ਬਾਅਦ ਮਿਲਦਾ ਹੈ। ਅਜਿਹੀਆਂ ਕਈ ਉਦਾਹਰਣਾਂ ਦੱਸੀਆਂ ਗਈਆਂ ਹਨ ਕਿ ਇਕ-ਇਕ ਪਰਿਵਾਰ ਨੇ ਡੇਢ ਤੋਂ 2 ਕਰੋੜ ਰੁਪਏ ਤੱਕ ਇਸ ਤਰ੍ਹਾਂ ਦੀ ਸ਼ਿਕਾਇਤ ਕਰਕੇ ਵਸੂਲੇ ਹਨ।
ਦੇਸ਼ ਵਿਚ ਅਨੁਸੂਚਿਤ ਜਾਤੀ/ਜਨਜਾਤੀ ਐਕਟ ਵਿਚ ਇਹ ਵੀ ਦੇਖਿਆ ਗਿਆ ਹੈ ਕਿ ਅਜਿਹੇ ਮਾਮਲਿਆਂ ਵਿਚ ਪੁਲਸ ਵੱਲੋਂ ਦੋਸ਼ ਪੱਤਰ ਦਾਖ਼ਲ ਕਰਨ ਵਿਚ ਦੇਰੀ ਕੀਤੀ ਜਾਂਦੀ ਹੈ। ਕਮਜ਼ੋਰ ਵਿਗਿਆਨਿਕ ਤੇ ਦਸਤਾਵੇਜ਼ੀ ਸਬੂਤ ਜੁਟਾਉਣ ਦੇ ਕਾਰਨ ਕੋਰਟ ਵਿਚ ਕੇਸ ਟਿਕ ਨਹੀਂ ਪਾਉਂਦਾ।
ਜਾਤੀ ਇਕ ਅਜਿਹੀ ਵਿਵਸਥਾ ਹੈ ਜਿਸ ਨੂੰ ਸਦੀਆਂ ਪਹਿਲਾਂ ਇਨਸਾਨਾਂ ਨੇ ਹੀ ਜਨਮ ਦਿੱਤਾ ਪਰ ਅੱਜ ਇਹ ਇਨਸਾਨਾਂ ਦੀ ਪਛਾਣ ਤੋਂ ਵੱਡੀ ਹੋ ਚੁੱਕੀ ਹੈ। ਜਦੋਂ ਅਸੀਂ ਕਿਸੇ ਵਿਅਕਤੀ ਦੀ ਸਮਰੱਥਾ, ਚਰਿੱਤਰ ਜਾਂ ਯੋਗਤਾ ਨੂੰ ਦੇਖਣ ਦੀ ਬਜਾਏ ਸਭ ਤੋਂ ਪਹਿਲਾਂ ਉਸ ਦੀ ਜਾਤੀ ਫਰੋਲਣ ਲੱਗਦੇ ਹਾਂ, ਤਾਂ ਅਸੀਂ ਇਕ ਸਮਾਜ ਦੇ ਰੂਪ ਵਿਚ ਪਿਛੜ ਜਾਂਦੇ ਹਾਂ। ਅੱਜ ਦੀ ਰਾਜਨੀਤੀ ਨੇ ਜਾਤੀ ਨੂੰ ਇੰਨਾ ਵੱਡਾ ਵਿਸ਼ਾ ਬਣਾ ਦਿੱਤਾ ਹੈ ਕਿ ਸਮਾਜਿਕ ਸਦਭਾਵ ਦਾਅ ’ਤੇ ਲੱਗ ਗਿਆ ਹੈ।
ਅੱਜ ‘ਜਿੱਤ’ ਦੀ ਪਰਿਭਾਸ਼ਾ ਸਿਰਫ ਸੱਤਾ ਹਾਸਿਲ ਕਰਨ ਤੱਕ ਸਿਮਟ ਕੇ ਰਹਿ ਗਈ ਹੈ ਅਤੇ ਇਸ ਜਿੱਤ ਨੂੰ ਪਾਉਣ ਦਾ ਸਭ ਤੋਂ ਆਸਾਨ ਅਤੇ ਸ਼ਾਰਟਕੱਟ ਰਸਤਾ ‘ਜਾਤੀਗਤ ਸਮੀਕਰਨ’ ਨੂੰ ਬਣਾ ਦਿੱਤਾ ਗਿਆ ਹੈ। ਇਹ ਤਤਕਾਲੀ ਰਾਜਨੀਤਿਕ ਜਿੱਤ ਤਾਂ ਦਿਵਾ ਦਿੰਦੀ ਹੈ ਪਰ ਸਮਾਜ ਵਿਚ ਨਫ਼ਰਤ ਦੀ ਅਜਿਹੀ ਡੂੰਘੀ ਖੱਡ ਪੁੱਟ ਦਿੰਦੀ ਹੈ ਜਿਸ ਨੂੰ ਪੂਰਨ ’ਚ ਦਹਾਕਿਆਂ ਲੱਗ ਜਾਂਦੇ ਹਨ।
—ਅਕੂ ਸ਼੍ਰੀਵਾਸਤਵ
ਅਣਕਿਆਸੀ ਹਿੱਟ ‘ਹਨੂਮਾਨ ਅੰਸ਼’ ਤੋਂ ਬਾਅਦ ਸਟੂਡੀਓਜ਼ ਦਾ ਗੁਰੂਆਂ ’ਤੇ ਵਧਿਆ ਭਰੋਸਾ
NEXT STORY