ਕਰਨਾਟਕ ਵਿਧਾਨ ਸਭਾ ’ਚ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਦਾ ਰੌਲਾ ਰੁਕਿਆ ਵੀ ਨਹੀਂ ਸੀ ਕਿ ਬੀਤੀ 1 ਮਾਰਚ ਦੀ ਦੁਪਹਿਰ ਧਮਾਕੇ ਦੀ ਆਵਾਜ਼ ਨਾਲ ਭਾਰਤ ਦੀ ‘ਸਿਲੀਕਾਨ ਵੈਲੀ’ ਬੈਂਗਲੁਰੂ ’ਚ ਪ੍ਰਸਿੱਧ ‘ਰਾਮੇਸ਼ਵਰਮ ਕੈਫੇ’ ਗੂੰਜ ਉੱਠਿਆ। ਇਹ ਧਮਾਕੇ ਇਕ ਅਜਿਹੇ ਇਲਾਕੇ ’ਚ ਹੋਏ ਹਨ ਜਿਸ ਨੂੰ ਬੈਂਗਲੁਰੂ ਦੇ ਆਈ. ਟੀ. ਹੱਬ ਦੇ ਰੂਪ ’ਚ ਜਾਣਿਆ ਜਾਂਦਾ ਹੈ। ਆਈ. ਟੀ. ਖੇਤਰ ’ਚ ਕੰਮ ਕਰਨ ਵਾਲੇ ਨੌਜਵਾਨ ਇਸ ਥਾਂ ’ਤੇ ਖਾਣ-ਪੀਣ ਲਈ ਆਉਂਦੇ ਹਨ। ਇਸ ਧਮਾਕੇ ਨਾਲ ਵੱਡੇ ਪੱਧਰ ’ਤੇ ਅੱਗ ਤਾਂ ਨਹੀਂ ਲੱਗੀ ਪਰ ਕੈਫੇ ਦੇ ਵਾਸ਼ ਬੇਸਿਨ ਵਾਲੇ ਏਰੀਏ ’ਚ ਕਾਫੀ ਧੂੰਆਂ ਪੈਦਾ ਹੋਇਆ। ਇਸ ਦੇ ਬਾਅਦ ਉਥੇ ਕਿੱਲ ਅਤੇ ਨਟ-ਬੋਲਟ ਖਿੱਲਰੇ ਹੋਏ ਮਿਲੇ। ਪੂਰਬੀ ਬੈਂਗਲੁਰੂ ’ਚ ਸਥਿਤ ਇਸ ਕੈਫੇ ’ਚ ਹਮੇਸ਼ਾ ਹਲਚਲ ਰਹਿੰਦੀ ਹੈ। ਧਮਾਕੇ ’ਚ 9 ਵਿਅਕਤੀ ਜ਼ਖਮੀ ਹੋਏ। ਅਜਿਹੇ ’ਚ ਅਹਿਮ ਸਵਾਲ ਇਹ ਹੈ ਕਿ ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ’ਚ ਪਰਤ ਆਇਆ ਹੈ ਅੱਤਵਾਦ? ਅਜਿਹੇ ਧਮਾਕਿਆਂ ਨਾਲ ਵਿਦੇਸ਼ ’ਚ ਭਾਰਤ ਦਾ ਅਕਸ ਕੌਣ ਧੁੰਦਲਾ ਕਰਨਾ ਚਾਹੁੰਦਾ ਹੈ? ਬੈਂਗਲੁਰੂ ਪੁਲਸ ਦੇ ਨਾਲ-ਨਾਲ ਐੱਨ. ਆਈ. ਏ. ਅਤੇ ਐੱਨ. ਐੱਸ. ਜੀ., ਇਨ੍ਹਾਂ ਸਾਰੇ ਸਵਾਲਾਂ ਦੇ ਨਾਲ ਜਾਂਚ ਵਿਚ ਲੱਗ ਗਈਆਂ ਹਨ। ਇਹ ਸਵਾਲ ਇਸ ਲਈ ਕਿਉਂਕਿ ਨਵੰਬਰ 2022 ਤੋਂ ਮੰਗਲੁਰੂ ’ਚ ਹੋਏ ਇਕ ਧਮਾਕੇ ਦੇ ਬਾਅਦ ਤੋਂ ਜਾਂਚ ਏਜੰਸੀਆਂ ਅਤੇ ਸੁਰੱਖਿਆ ਏਜੰਸੀਆਂ ਨੇ ਕਈ ਖੁਲਾਸੇ ਕੀਤੇ ਸਨ।
ਮੁੱਢਲੀ ਜਾਂਚ ਦੇ ਸੰਕੇਤ ਹਨ ਕਿ ਇਕ ਅਣਜਾਣ ਵਿਅਕਤੀ ਨੇ ਧਮਾਕੇ ਤੋਂ ਕੁਝ ਮਿੰਟ ਪਹਿਲਾਂ ਹੀ ਉਸ ਪ੍ਰਸਿੱਧ ਕੈਫੇ ’ਚ ਬੈਗ ਰੱਖਿਆ ਸੀ। ਪੁਲਸ ਸੀ. ਸੀ. ਟੀ. ਵੀ. ਫੁਟੇਜ ਨੂੰ ਫਰੋਲ ਰਹੀ ਹੈ, ਤਾਂ ਕਿ ਸ਼ੱਕੀ ਦੀ ਪਛਾਣ ਕੀਤੀ ਜਾ ਸਕੇ। ਹੋ ਸਕਦਾ ਹੈ, ਆਈ. ਈ. ਡੀ. ਧਮਾਕਾਖੇਜ਼ ਯੰਤਰ ਉਸੇ ਬੈਗ ’ਚ ਰੱਖਿਆ ਗਿਆ ਸੀ।
ਜਾਂਚ ਏਜੰਸੀਆਂ ਨੇ ਕਈ ਐਂਗਲਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਟਲਾਂ, ਰੈਸਟੋਰੈਂਟਾਂ ਅਤੇ ਖਾਣ-ਪੀਣ ਦੀਆਂ ਅਜਿਹੀਆਂ ਪ੍ਰਸਿੱਧ ਥਾਵਾਂ ’ਤੇ ਵੀ ਸੁਰੱਖਿਆ ’ਚ ਛੇਕ ਦੇਖੇ ਗਏ ਹਨ। ਉਥੇ ਲੋੜੀਂਦੀ ਸੁਰੱਖਿਆ ਵਿਵਸਥਾ ਨਹੀਂ ਹੁੰਦੀ ਜਦਕਿ ਅਜਿਹੀ ਥਾਂ ਹੀ ਅੱਤਵਾਦੀ ਜਾਂ ਕਿਸੇ ਹੋਰ ਹਮਲੇ ਦੇ ‘ਸੌਖੇ ਟੀਚੇ’ ਹੁੰਦੇ ਹਨ। ਜਾਂਚ ਦੀਆਂ ਕੁੱਲ 8 ਟੀਮਾਂ ਕੰਮ ਕਰ ਰਹੀਆਂ ਹਨ। ਮੰਗਲੁਰੂ ’ਚ ਨਵੰਬਰ 2022 ’ਚ ਇਕ ਪ੍ਰੈਸ਼ਰ ਕੁੱਕਰ ਦੇ ਅੰਦਰ ਰੱਖੀ ਇਕ ਆਈ. ਈ. ਡੀ. ’ਚ ਉਦੋਂ ਧਮਾਕਾ ਹੋ ਗਿਆ ਜਦੋਂ ਇਸ ਨੂੰ ਇਕ ਆਟੋ ਰਿਕਸ਼ਾ ਰਾਹੀਂ ਲਿਜਾਇਆ ਜਾ ਰਿਹਾ ਸੀ। ਆਈ. ਈ. ਡੀ. ਨੂੰ ਕਾਦਰੀ ਮੰਜੂਨਾਥ ਮੰਦਰ ’ਚ ਲਗਾਇਆ ਜਾਣਾ ਸੀ।
ਜਾਂਚਕਰਤਾਵਾਂ ਨੇ ਪਾਇਆ ਸੀ ਕਿ ਮੰਗਲੁਰੂ ’ਚ ਪ੍ਰੈਸ਼ਰ ਕੁੱਕਰ ਧਮਾਕਾ ‘ਇਸਲਾਮਿਕ ਸਟੇਟ ਪ੍ਰਾਯੋਜਿਤ’ ਸੀ ਅਤੇ ਇਸ ਵਿਚ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਦੀ ਸ਼ਮੂਲੀਅਤ ਸੀ। ਪੁਲਸ 2022 ਤੋਂ ਉਨ੍ਹਾਂ ਅੱਤਵਾਦੀ ਹਮਲਿਆਂ ਦੇ ਨਾਲ ਇਸ ਧਮਾਕੇ ਦੇ ਸੰਪਰਕ ਦੀਆਂ ਸੰਭਾਵਨਾਵਾਂ ਨੂੰ ਵੀ ਫਰੋਲ ਰਹੀ ਹੈ, ਜਿਥੇ ਅਜਿਹੇ ਹੀ ਧਮਾਕਾਖੇਜ਼ ਯੰਤਰਾਂ ਦੀ ਵਰਤੋਂ ਕੀਤੀ ਗਈ ਸੀ। ਵਿਰੋਧੀ ਧਿਰ ਭਾਜਪਾ ਨੇ ਇਸ ਨੂੰ ਕਾਨੂੰਨ ਵਿਵਸਥਾ ਦੀ ਅਸਫਲਤਾ ਕਰਾਰ ਦਿੱਤਾ ਹੈ ਜਦਕਿ ਸਾਬਕਾ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਕਰਨਾਟਕ ਵਿਧਾਨ ਸਭਾ ’ਚ ਪਾਕਿਸਤਾਨ ਸਮਰਥਕ ਨਾਅਰਿਆਂ ਨਾਲ ਇਸ ਧਮਾਕੇ ਨੂੰ ਜੋੜਿਆ ਹੈ। ਭਾਜਪਾ ਦੇ ਸਾਬਕਾ ਰਾਸ਼ਟਰੀ ਜਨਰਲ ਸਕੱਤਰ ਸੀ. ਟੀ. ਰਵੀ ਨੇ ਬੈਂਗਲੁਰੂ ’ਚ ਰਾਮੇਸ਼ਵਰ ਕੈਫੇ ਬਲਾਸਟ ਮਾਮਲੇ ’ਚ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਰਵੀ ਨੇ ਕਿਹਾ ਕਿ ਇਹ ਧਮਾਕਾ ਅੱਤਵਾਦੀ ਤਾਕਤਾਂ ਦੀ ਕੀਤੀ ਗਈ ਰਿਹਰਸਲ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ’ਚ ਅਜਿਹੇ ਹੋਰ ਧਮਾਕੇ ਹੋ ਸਕਦੇ ਹਨ। ਅਜਿਹੇ ’ਚ ਅਹਿਮ ਸਵਾਲ ਹੈ ਕਿ ਕੀ ਇਹ ਮੰਨਿਆ ਜਾਵੇ ਕਿ ਬੈਂਗਲੁਰੂ ’ਚ ਵੀ ਪਾਕਿਸਤਾਨ ਦੇ ਅੱਤਵਾਦੀ ਤੱਤ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਵਾਲੇ ਪਹੁੰਚ ਗਏ ਹਨ, ਜਿਨ੍ਹਾਂ ਨੇ ਅਜਿਹੇ ਧਮਾਕੇ ਨੂੰ ਅੰਜਾਮ ਦਿੱਤਾ?
ਮੀਡੀਆ ਰਿਪੋਰਟਾਂ ਅਨੁਸਾਰ ਕਰਨਾਟਕ ਵਿਚ ਕਾਂਗਰਸ ਸਰਕਾਰ ਦੇ ਸੱਤਾ ’ਚ ਆਉਣ ਦੇ ਬਾਅਦ ਐੱਨ. ਆਈ. ਏ. ਨੇ ਕਰਨਾਟਕ ’ਚ 21 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। 19 ਜੁਲਾਈ, 2023 ਨੂੰ ਬੈਂਗਲੁਰੂ ’ਚ ਬੰਬ ਧਮਾਕਾ ਕਰਨ ਦੀਆਂ ਸਾਜ਼ਿਸ਼ਾਂ ਰਚਣ ਦੇ ਦੋਸ਼ ਵਿਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 18 ਦਸੰਬਰ, 2023 ਨੂੰ ਇਕ ਆਈ. ਈ. ਡੀ. ਧਮਾਕੇ ਦੇ ਸਬੰਧ ਵਿਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਇਸ ਸਾਲ 13 ਜਨਵਰੀ ਨੂੰ ਅਧਿਕਾਰੀਆਂ ਨੇ 8 ਸ਼ੱਕੀ ਆਤਮਘਾਤੀ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਸੀ। 23 ਅਕਤੂਬਰ, 2022 ਨੂੰ ਕੋਇੰਬਟੂਰ ’ਚ ਇਕ ਮਾਰੂਤੀ 800 ’ਚ ਧਮਾਕਾ ਹੋਇਆ ਸੀ। ਸੰਗਮੇਸ਼ਵਰ ਮੰਦਰ ਦੇ ਨੇੜੇ ਐੱਲ. ਪੀ. ਜੀ. ਸਿਲੰਡਰ ’ਚ ਧਮਾਕਾ ਹੋਇਆ ਸੀ। ਪੁਲਸ ਨੂੰ ਇਸ ਮਾਮਲੇ ’ਚ ਵੀ ਘਟਨਾ ਵਾਲੀ ਥਾਂ ਤੋਂ ਧਮਾਕਾਖੇਜ਼ ਮਿਲੇ ਸਨ।
ਧਮਾਕਿਆਂ ਦੀਆਂ ਇਨ੍ਹਾਂ ਤਿੰਨ ਘਟਨਾਵਾਂ ’ਚ ਸ਼ਾਰਿਕ ਨਾਂ ਦੇ ਇਕ ਆਦਮੀ ਦਾ ਨਾਂ ਆਇਆ ਸੀ ਜੋ ਕਥਿਤ ਤੌਰ ’ਤੇ ਬੰਬ ਬਣਾਉਣ ਦੀ ਪ੍ਰਕਿਰਿਆ ’ਚ ਸ਼ਾਮਲ ਸੀ। ਸ਼ਿਵਮੋਗਾ ਜ਼ਿਲੇ ਦੇ ਤੀਰਥਨਹੱਲੀ ’ਚ ਇਕ ਤਲਾਬ ’ਚ ਬੰਬ ਬਣਾਉਣ ਦੀ ਪ੍ਰਕਿਰਿਆ ’ਚ ਸ਼ਾਮਲ ਪਾਇਆ ਗਿਆ ਸੀ। ਸ਼ਾਰਿਕ ਨੇ ਕੋਇੰਬਟੂਰ, ਮਦੁਰੈ ਅਤੇ ਤਮਿਲਨਾਡੂ ਦੇ ਕਈ ਵੱਖਰੇ ਇਲਾਕਿਆਂ ਦਾ ਦੌਰਾ ਕੀਤਾ ਸੀ। ਇਨ੍ਹਾਂ ਤਿੰਨਾਂ ਹੀ ਮਾਮਲਿਆਂ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰ ਰਹੀ ਹੈ।
ਰਾਮੇਸ਼ਵਰਮ ਕੈਫੇ ’ਚ ਹੋਏ ਬੰਬ ਧਮਾਕੇ ਦੀਆਂ ਤਾਰਾਂ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨਾਲ ਜੁੜ ਗਈਆਂ ਹਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 5 ਮਾਰਚ ਨੂੰ 7 ਸੂਬਿਆਂ ’ਚ 17 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਮਾਮਲੇ ’ਚ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਵਿਅਕਤੀ ਦੀ ਪਛਾਣ ਅਬਦੁਲ ਸਲੀਮ ਵਜੋਂ ਕੀਤੀ ਗਈ ਹੈ। ਬੈਂਗਲੁਰੂ ਦੇ ਰਾਮੇਸ਼ਵਰਮ ਬਲਾਸਟ ਮਾਮਲੇ ਦੀ ਜਾਂਚ ਕਰ ਰਹੇ ਐੱਨ. ਆਈ. ਏ. ਅਧਿਕਾਰੀਆਂ ਨੂੰ ਇਕ ਹੋਰ ਅਹਿਮ ਸੁਰਾਗ ਮਿਲਿਆ ਹੈ। ਇਸ ਮਾਮਲੇ ’ਚ ਕਿਹਾ ਜਾ ਰਿਹਾ ਹੈ ਕਿ ਧਮਾਕਾ ਮਾਮਲੇ ’ਚ ਜੋ ਸੁਰਾਗ ਮਿਲੇ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਸ ਵਾਰਦਾਤ ਨੂੰ ਬੇਲਾਰੀ ’ਚ ਸਰਗਰਮ ਆਈ. ਐੱਸ. ਆਈ. ਐੱਸ. ਮਾਡਿਊਲ ਨੇ ਅੰਜਾਮ ਦਿੱਤਾ ਹੈ।
ਦਰਅਸਲ ‘ਰਾਮੇਸ਼ਵਰਮ ਕੈਫੇ’ ’ਚ ਇਹ ਧਮਾਕਾ ਇੰਨਾ ਭਿਆਨਕ ਇਸ ਲਈ ਹੈ ਕਿਉਂਕਿ ਇਹ ਉਥੇ ਸਥਿਤ ਹੈ ਜਿਥੇ ਆਈ. ਬੀ. ਐੱਮ., ਐੱਸ. ਏ. ਪੀ. ਵਰਗੀਆਂ ਆਈ. ਟੀ. ਕੰਪਨੀਆਂ ਅਤੇ ਕਈ ਸਟਾਰਟਅਪ ਮੌਜੂਦ ਹਨ। ਇਹ ਦੇਸ਼ ਦਾ ਤਕਨਾਲੋਜੀ ਕੇਂਦਰ ਹੈ। ਇਨ੍ਹਾਂ ਬਹੁਰਾਸ਼ਟਰੀ ਕੰਪਨੀਆਂ ਦੇ ਪੇਸ਼ੇਵਰਾਂ ਲਈ ਇਹ ਕੈਫੇ ਇਕ ਪ੍ਰਸਿੱਧ ਟਿਕਾਣਾ ਹੈ। ਖਾਣ-ਪੀਣ ਦੇ ਪਕਵਾਨਾਂ ਲਈ ਇਹ ਪ੍ਰਸਿੱਧ ਹੈ। ਜਦੋਂ ਦੁਪਹਿਰ 1 ਵਜੇ ਦੇ ਲੱਗਭਗ ਧਮਾਕਾ ਹੋਇਆ, ਤਾਂ ਕਈ ਪੇਸ਼ੇਵਰ ਉਥੇ ਲੰਚ ਕਰ ਰਹੇ ਸਨ। ਜ਼ਖਮੀਆਂ ’ਚ ਵੈਲਡਰ, ਮਕੈਨਿਕ, ਬਿਜਲੀ ਵਾਲੇ, ਮਿਸਤਰੀ ਆਦਿ ‘ਬਲੂ ਕਾਲਰ’ ਪ੍ਰਵਾਸੀ ਕਾਮੇ ਵੀ ਸ਼ਾਮਲ ਸਨ। ਹਸਪਤਾਲ ਵੀ ਇਕ ਮਹੱਤਵਪੂਰਨ ਸਥਾਨ ਹੈ। ਧਮਾਕੇ ਦੇ ਬਾਅਦ ਬੈਂਗਲੁਰੂ ਦੇ ਹੋਟਲ ਮਾਲਕਾਂ ਨੇ ਹੋਟਲਾਂ ਦੇ ਐਂਟਰੀ ਗੇਟ ’ਤੇ ਮੈਟਲ ਡਿਟੈਕਟਰ ਲਗਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਅੱਤਵਾਦੀ ਬੰਬ ਲੈ ਕੇ ਹੋਟਲਾਂ ’ਚ ਨਾ ਦਾਖਲ ਹੋ ਸਕਣ। ਕੁਝ ਹੋਟਲਾਂ ’ਚ ਤਾਂ ਉਨ੍ਹਾਂ ਨੇ ਅਜਿਹਾ ਸਿਸਟਮ ਲਗਾਉਣ ਦਾ ਵੀ ਫੈਸਲਾ ਕੀਤਾ ਹੈ ਜੋ ਮੈਟਲ ਡਿਟੈਕਟਰ ’ਚ ਬੰਬ ਸਕੈਨ ਹੁੰਦੇ ਹੀ ਸਾਇਰਨ ਵਜਾ ਦੇਵੇ।
ਰਾਮੇਸ਼ਵਰਮ ਕੈਫੇ ’ਚ ਸਵੇਰ ਤੋਂ ਲੈ ਕੇ ਦੇਰ ਰਾਤ 2 ਵਜੇ ਤੱਕ ਜ਼ਬਰਦਸਤ ਭੀੜ ਰਹਿੰਦੀ ਹੈ। ਬੈਠਣ ਦੀ ਬਹੁਤੀ ਥਾਂ ਨਹੀਂ, ਇਸ ਲਈ ਲੋਕ ਵੱਖ-ਵੱਖ ਥਾਵਾਂ ’ਤੇ ਖੜ੍ਹੇ ਹੋ ਕੇ ਖਾਣਾ ਖਾਂਦੇ ਹਨ। ਮੰਨਿਆ ਜਾ ਰਿਹਾ ਹੈ ਕਿ ਧਮਾਕਾ ਕਰ ਕੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਸੀ। ਧਮਾਕਿਆਂ ਦੇ ਬਾਅਦ ਇਹ ਤਾਂ ਤੈਅ ਹੈ ਕਿ ਸਲੀਪਰ ਸੈੱਲ ਅਜੇ ਵੀ ਸਰਗਰਮ ਹਨ।
ਇਸ ਮਾਮਲੇ ’ਚ ਸਿਆਸਤ ਤੋਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਚਣਾ ਚਾਹੀਦਾ ਹੈ। ਸਾਡੀਆਂ ਜਾਂਚ ਏਜੰਸੀਆਂ ਢੁੱਕਵੇਂ ਤੌਰ ’ਤੇ ਸਮਰੱਥ ਹਨ। ਹੌਲੀ-ਹੌਲੀ ਹੀ ਸਹੀ, ਇਸ ਧਮਾਕੇ ਨਾਲ ਜੁੜੇ ਨੈੱਟਵਰਕ ਦਾ ਪਤਾ ਜਾਂਚ ਏਜੰਸੀਆਂ ਲਗਾ ਰਹੀਆਂ ਹਨ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਅਪਰਾਧੀ ਸੀਖਾਂ ਦੇ ਪਿੱਛੇ ਹੋਣਗੇ ਅਤੇ ਬੈਂਗਲੁਰੂ ਦੇ ਨਿਵਾਸੀ ਪਹਿਲਾਂ ਵਾਂਗ ਬਿਨਾਂ ਕਿਸੇ ਡਰ ਦੇ ਸੁੱਖ-ਚੈਨ ਨਾਲ ਜ਼ਿੰਦਗੀ ਬਤੀਤ ਕਰਨਗੇ।
ਰਾਜੇਸ਼ ਮਾਹੇਸ਼ਵਰੀ
ਭਾਜਪਾ ਦੀ ‘ਮੋਦੀ ਦਾ ਪਰਿਵਾਰ’ ਮੁਹਿੰਮ
NEXT STORY