ਸ਼੍ਰੀ ਵਾਲਮੀਕਿ ਰਾਮਾਇਣ ਦਾ ਸਭ ਤੋਂ ਪਹਿਲਾ ਸਲੋਕ ਹੈ ‘ਸ਼੍ਰੀਰਾਮ ਸ਼ਰਣਮ੍ ਸਮਸਤਜਗਤਾਂ, ਰਾਮ ਵਿਨਾ ਕਾ ਗਤਿ’, ਭਾਵ ਸ਼੍ਰੀ ਰਾਮ ਚੰਦਰ ਜੀ ਸਮੁੱਚੇ ਸੰਸਾਰ ਨੂੰ ਪਨਾਹ ਦੇਣ ਵਾਲੇ ਹਨ, ਸ਼੍ਰੀ ਰਾਮ ਦੇ ਬਿਨਾਂ ਦੂਜੀ ਕਿਹੜੀ ਗਤੀ ਹੈ। ਸਨਾਤਨ ਸੱਭਿਆਚਾਰ ’ਚ ਰਾਮ ਪ੍ਰਤੀ ਸਮਰਪਣ ਦਾ ਇਹ ਭਾਵ ਉਸ ਦੀ ਸੱਭਿਆਚਾਰਕ, ਸਮਾਜਿਕ ਅਤੇ ਅਧਿਆਤਮਿਕ ਚੇਤਨਾ ’ਚ ਹਜ਼ਾਰਾਂ ਸਾਲਾਂ ਤੋਂ ਰਚਿਆ-ਵਸਿਆ ਹੈ। ਰਾਮ ਅਤੇ ਕ੍ਰਿਸ਼ਨ ਤਿਆਗ, ਮਰਿਆਦਾ ਅਤੇ ਨਿਸ਼ਕਾਮ-ਕਰਮ ਦੇ ਉਨ੍ਹਾਂ ਤਿੰਨ ਆਦਰਸ਼ਾਂ ਦੇ ਸਰੋਤ ਹਨ ਜਿਨ੍ਹਾਂ ਨਾਲ ਭਾਰਤੀ ਸੱਭਿਅਤਾ, ਸੱਭਿਆਚਾਰ ਅਤੇ ਰਾਜ ਧਰਮ ਪ੍ਰਭਾਵਿਤ ਹੁੰਦੇ ਆਏ ਹਨ।
ਬਾਲ ਗੰਗਾਧਰ ਤਿਲਕ ਜੋ ਗਾਂਧੀ ਤੋਂ ਪਹਿਲਾਂ ਆਜ਼ਾਦੀ ਅੰਦੋਲਨ ਦੇ ਸਰਬ ਵਿਆਪਕ ਤੌਰ ’ਤੇ ਪ੍ਰਵਾਨਤ ਆਗੂ ਸਨ, ਉਨ੍ਹਾਂ ਨੇ ਅੰਗ੍ਰੇਜ਼ਾਂ ਵੱਲੋਂ ਬਰਮਾ ਦੀ ਮਾਂਡਲੇ ਜੇਲ ’ਚ ਕੈਦ ਕੀਤੇ ਜਾਣ ਦੌਰਾਨ ਸ਼੍ਰੀਮਦਭਾਗਵਤ ਗੀਤਾ ’ਤੇ ਆਪਣੀ ਪ੍ਰਸਿੱਧ ਟਿੱਪਣੀ ‘ਗੀਤਾ ਰਹੱਸ’ ਲਿਖੀ। ਗਾਂਧੀ ਜੀ ਜਿਸ ਆਦਰਸ਼ ਸੂਬੇ ਦੀ ਗੱਲ ਕਰਦੇ ਸਨ ਉਹ ਵੀ ‘ਰਾਮਰਾਜ’ ਹੀ ਸੀ।
ਇੰਨਾ ਹੀ ਨਹੀਂ, ਆਜ਼ਾਦੀ ਪਿੱਛੋਂ ਜਦੋਂ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਤਾਂ ਉਸ ਦਾ ਡਿਜ਼ਾਈਨ ਤੇ ਸਜਾਵਟ ’ਚ ਭਾਰਤੀ ਸਨਾਤਨੀ ਪ੍ਰੰਪਰਾ ਦੇ ਜਿਹੜੇ ਸਰਬ ਪ੍ਰਵਾਨਿਤ ਪ੍ਰਤੀਕਾਂ ਦੀ ਵਰਤੋਂ ਕੀਤੀ ਗਈ, ਉਸ ’ਚ ਵੀ ਰਾਮ, ਸੀਤਾ ਅਤੇ ਲਕਸ਼ਮਣ ਸ਼ਾਮਲ ਸਨ। ਫਿਰ ਭਾਰਤ ਦੀ ਸਨਾਤਨੀ ਪ੍ਰੰਪਰਾ ਅਤੇ ਚੇਤਨਾ ਤੋਂ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਅਤੇ ਲੀਲਾ ਪੁਰਸ਼ ਸ਼੍ਰੀ ਕ੍ਰਿਸ਼ਨ ਨੂੰ ਵੱਖ ਕਿਵੇਂ ਕੀਤਾ ਜਾ ਸਕਦਾ ਹੈ?
5 ਸਦੀਆਂ ਦੀ ਲੰਬੀ ਉਡੀਕ ਪਿੱਛੋਂ ਅਯੁੱਧਿਆ ’ਚ ਸ਼ਾਨਦਾਰ ਰਾਮ ਮੰਦਰ ਹੁਣ ਤਿਆਰ ਹੋ ਚੱਲਿਆ ਹੈ। ਇਹ ਮੰਦਰ ਧੀਰਜ, ਤਿਆਗ ਅਤੇ ਸਹਿਣਸ਼ੀਲਤਾ ਦੀ ਉਸੇ ਸਨਾਤਨੀ ਪ੍ਰੰਪਰਾ ਦਾ ਪ੍ਰਤੀਕ ਹੈ ਜੋ ਪ੍ਰਭੂ ਸ਼੍ਰੀ ਰਾਮ ਸਾਨੂੰ ਸਿਖਾ ਗਏ ਹਨ। ਨਕਲੀ ਖੱਬੇ-ਪੱਖੀ ਧਰਮਨਿਰਪੱਖਤਾ ਨੇ ਦਹਾਕਿਆਂ ਤੱਕ ਇਸ ਦੇਸ਼ ’ਚ ਜੋ ਪ੍ਰਪੰਚ ਰਚੇ, ਉਸ ਨੇ ਪੀੜ੍ਹੀਆਂ ਤਕ ਭਾਰਤ ਦੀ ਬਹੁਗਿਣਤੀ ਆਸਥਾਵਾਨ ਪਰਜਾ ਨੂੰ ਇਸ ਵਹਿਮ ’ਚ ਰੱਖਿਆ ਕਿ ਧਾਰਮਿਕ ਆਸਥਾ ਅਤੇ ਰਾਜ ਧਰਮ ਆਪਸੀ ਵਿਰੋਧੀ ਹਨ।
ਸੈਕੂਲਰ ਅਤੇ ਖੱਬੇ-ਪੱਖੀ ਸੋਚ ਰੱਖਣ ਵਾਲੇ ਨਾ ਤਾਂ ਕਦੀ ਧਰਮ ਦੀ ਭਾਰਤੀ ਪ੍ਰੰਪਰਾ ਅਤੇ ਉੱਚ ਆਦਰਸ਼ਾਂ ਨੂੰ ਹੀ ਠੀਕ ਤਰ੍ਹਾਂ ਸਮਝ ਸਕੇ ਅਤੇ ਨਾ ਹੀ ਰਾਜਧਰਮ ਨੂੰ। ਉਹ ਧਰਮਨਿਰਪੱਖਤਾ ਦੇ ਨਾਂ ’ਤੇ ਸਨਾਤਨੀਆਂ ’ਚ ਉਨ੍ਹਾਂ ਦੇ ਧਰਮ ਅਤੇ ਆਸਥਾ ਪ੍ਰਤੀ ਸ਼ੱਕ ਅਤੇ ਬੇਭਰੋਸਗੀ ਪੈਦਾ ਕਰ ਕੇ ਆਪਣਾ ਸਿਆਸੀ ਏਜੰਡਾ ਚਲਾਉਂਦੇ ਰਹੇ ਪਰ ਸਨਾਤਨੀ ਭਾਰਤੀ ਸੱਭਿਆਚਾਰ ਅਨੁਸਾਰ ਸੂਬੇ ਜਾਂ ਸ਼ਾਸਨ ਲਈ ਧਰਮਨਿਰਪੱਖ ਨਹੀਂ ਸਗੋਂ ਧਰਮ ਨਾਲ ਜੁੜਨਾ ਜ਼ਰੂਰੀ ਹੈ ਕਿਉਂਕਿ ਧਰਮ ਹੀ ਦਯਾ, ਨਿਮਰਤਾ ਅਤੇ ਜ਼ਿੰਮੇਵਾਰੀ ਦਾ ਬੋਧ ਸਿਖਾਉਂਦਾ ਹੈ।
ਖੱਬੇ-ਪੱਖੀ ਪ੍ਰੇਰਿਤ ਪਾਖੰਡੀ ਧਰਮਨਿਰਪੱਖਤਾ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਉੱਚ ਆਦਰਸ਼ਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਤੋਂ ਦੂਰ ਕਰਨ ਦਾ ਯਤਨ ਕਰਦੀ ਰਹੀ। ਅਜਿਹੇ ਰਵਾਇਤੀ ਸਮਾਜ ਦੀ ਕਲਪਨਾ ਵੀ ਕਿਵੇਂ ਸੰਭਵ ਹੈ ਜਿਸ ਦਾ ਨਾ ਕੋਈ ਨੈਤਿਕ ਮੁੱਲ ਹੋਵੇ ਅਤੇ ਨਾ ਹੀ ਉਨ੍ਹਾਂ ਨੂੰ ਸਥਾਪਿਤ ਕਰਨ ਲਈ ਮਰਿਆਦਾ ਪੁਰਸ਼ੋਤਮ ਵਰਗਾ ਕੋਈ ਆਦਰਸ਼ ਜਾਂ ਕ੍ਰਿਸ਼ਨ ਵਰਗਾ ਦਾਰਸ਼ਨਿਕ ਮਾਰਗਦਰਸ਼ਕ? ਰਾਮ ਅਤੇ ਕ੍ਰਿਸ਼ਨ ਨੇ ਇਸ ਦੇਸ਼ ਨੂੰ ਧਰਮ ਨਾਲ ਜੁੜਨਾ ਸਿਖਾਇਆ ਹੈ। ਧਰਮ ਦਾ ਨਾਸ ਹੋਣ ’ਤੇ ਉਸ ਨੂੰ ਫਿਰ ਤੋਂ ਸਥਾਪਿਤ ਕਰਨ ਲਈ ਮਹਾਪੁਰਸ਼ਾਂ ਦਾ ਉਤਰਨਾ ਸਾਡੀ ਆਸਥਾ ਦਾ ਮੂਲ ਆਧਾਰ ਹੈ।
ਇਹੀ ਆਸਥਾ ਸਾਨੂੰ ਧੀਰਜ ਅਤੇ ਸਹਿਣਸ਼ੀਲਤਾ ਸਿਖਾਉਂਦੀ ਹੈ। ਹੁਣ ਹਰੇਕ ਭਾਰਤੀ ਨੂੰ ਇਸ ਸ਼ਾਨਦਾਰ ਰਾਮ ਮੰਦਰ ਨੂੰ ਉਸੇ ਧਾਰਮਿਕਤਾ ਦੇ ਪ੍ਰਤੀਕ ਵਜੋਂ ਦੇਖਣ ਦੀ ਲੋੜ ਹੈ ਜਿਸ ਦੇ ਆਦਰਸ਼ ਰਾਮ ਅਤੇ ਕ੍ਰਿਸ਼ਨ ਹਨ। ਧਰਮ ਰਾਜ-ਕਾਜ ਦਾ ਮੂਲ ਆਧਾਰ ਹੈ। ਉਸ ਪ੍ਰਤੀ ‘ਨਿਰਪੱਖ’ ਹੋਣਾ ਅਧਰਮ ਅਤੇ ਅਨੈਤਿਕ ਹੈ।
ਇਹ ਰਾਮ ਮੰਦਰ ਭਾਰਤ ਦੇ ਬੌਧਿਕ, ਸੱਭਿਆਚਾਰਕ ਪੁਨਰ-ਜਾਗਰਣ ਦਾ ਪ੍ਰਤੀਕ ਹੈ ਜਿਸ ਨੇ ਦੇਸ਼ ’ਚ ਇਕ ਨਵੀਂ ਊਰਜਾ ਦਾ ਸੰਚਾਰ ਕੀਤਾ। ਪਿਛਲੇ ਕੁਝ ਸਾਲਾਂ ’ਚ ਇਕ ਆਮ ਭਾਰਤੀ ਖਾਸ ਕਰ ਕੇ ਨੌਜਵਾਨਾਂ ’ਚ ਆਪਣੇ ਸੱਭਿਆਚਾਰ ਅਤੇ ਧਾਰਮਿਕ ਪ੍ਰੰਪਰਾਵਾਂ ਨੂੰ ਨਵੇਂ ਨਜ਼ਰੀਏ ਨਾਲ ਦੇਖਣ ਦੀ ਚਾਹਤ ਵਧੀ ਹੈ।
ਅੱਜ ਉਹ ਆਪਣੀ ਸੱਭਿਅਤਾ ਦੇ ਇਤਿਹਾਸ ਦੇ ਮਹੱਤਵ ਨੂੰ ਜਾਣਨ ਲਈ ਪਹਿਲਾਂ ਤੋਂ ਕਿਤੇ ਵੱਧ ਉਤਸੁਕ ਹੈ। ਉਸ ਦੇ ਦਿਮਾਗ ’ਚ ਇਹ ਸਵਾਲ ਵਾਰ-ਵਾਰ ਫਲੈਸ਼ ਕਰ ਰਿਹਾ ਹੈ ਕਿ ਜੇ ਭਾਰਤਵਰਸ਼ ਦੀ ਸਨਾਤਨੀ ਪ੍ਰੰਪਰਾ, ਗਿਆਨ, ਕਲਾ, ਦਰਸ਼ਨ, ਤਰਕ ਇੰਨੇ ਬੇਮਾਅਨੀ ਹੁੰਦੇ ਜਿਵੇਂ ਕਿ ਉਸ ਨੂੰ ਅਖੌਤੀ ਧਰਮਨਿਰਪੱਖਤਾ ਇਤਿਹਾਸਕਾਰ ਅਤੇ ਅਵਸਰਵਾਦੀ ਸਿਆਸੀ ਆਗੂ ਦੱਸਦੇ ਰਹੇ ਹਨ ਤਾਂ ਅੱਜ ਭਾਰਤ ਵਿਸ਼ਵ ਗੁਰੂ ਬਣਨ ਦੀ ਰਾਹ ’ਤੇ ਕਿਵੇਂ ਚੱਲ ਪਿਆ ਹੈ? ਰਾਮ ਮੰਦਰ ਨਿਰਮਾਣ ਭਾਰਤ ਦੇ ਕਰੋੜਾਂ ਸਨਾਤਨੀਆਂ ਲਈ ਕਿਸੇ ਸ਼ਾਨਦਾਰ ਜਿੱਤ ਤੋਂ ਵੱਧ 21ਵੀਂ ਸਦੀ ’ਚ ਭਾਰਤੀ ਸੱਭਿਅਤਾ ਦੇ ਪੁਨਰ-ਜਾਗਰਣ ਦੀ ਸ਼ੁਰੂਆਤ ਹੈ। ਇਸ ’ਚ ਕੋਈ ਬਦਲਾ ਜਾਂ ਹੰਕਾਰ ਨਹੀਂ। ਜੇ ਕੁਝ ਹੈ ਤਾਂ ਸਿਰਫ ਆਪਣੀ ਵਿਰਾਸਤ ਨੂੰ ਠੀਕ ਤਰ੍ਹਾਂ ਸਮਝਣ, ਸਹੇਜਣ ਅਤੇ ਉਸ ਦੀਆਂ ਸਮਰੱਥਾਵਾਂ ਨੂੰ ਦੁਨੀਆ ਦੇ ਸਾਹਮਣੇ ਰੱਖਣ ਦਾ ਇਕ ਸੰਕਲਪ। ਆਸਥਾਵਾਨ ਹੁੰਦੇ ਹੋਏ ਵੀ ਅਸੀਂ ਕਿਵੇਂ ਆਧੁਨਿਕ ਅਤੇ ਵਿਗਿਆਨਕ ਸੋਚ ਨੂੰ ਨਾਲ ਲੈ ਕੇ ਚੱਲ ਸਕਦੇ ਹਾਂ, ਉਸ ਦਾ ਇਕ ਮਾਡਲ ਭਾਰਤ ਅੱਜ ਦੁਨੀਆ ਦੇ ਸਾਹਮਣੇ ਰੱਖਣ ਦੇ ਯਤਨ ’ਚ ਲੱਗਾ ਹੈ। ਰਾਮ ਮੰਦਰ ਉਸ ਦਾ ਸਭ ਤੋਂ ਸਫਲ ਪ੍ਰਤੀਕ ਹੈ। 1963 ’ਚ ਭਾਖੜਾ ਡੈਮ ਦਾ ਉਦਘਾਟਨ ਕਰਦੇ ਹੋਏ ਨਹਿਰੂ ਜੀ ਨੇ ਉਸ ਨੂੰ ਦੇਸ਼ ਦਾ ਆਧੁਨਿਕ ਮੰਦਰ ਦੱਸਿਆ ਸੀ। ਆਜ਼ਾਦੀ ਦੇ ਅੰਮ੍ਰਿਤਕਾਲ ’ਚ ਬਣਿਆ ਇਹ ਮੰਦਰ ਨਾ ਸਿਰਫ ਭਾਰਤ ਦੀ ਆਸਥਾ ਅਤੇ ਸੱਭਿਆਚਾਰਕ ਚੇਤਨਾ ਨੂੰ ਮੁੜ ਸੁਰਜੀਤ ਕਰ ਰਿਹਾ ਹੈ ਸਗੋਂ ਉਸ ਰਾਹੀਂ ਦੇਸ਼ ’ਚ ਵਿਕਸਿਤ ਤਕਨੀਕ, ਇੰਜੀਨੀਅਰਿੰਗ, ਕਲਾ ਅਤੇ ਹੋਰ ਕੁਸ਼ਲਤਾ ਨੂੰ ਵੀ ਦੁਨੀਆ ਨੂੰ ਮਾਣ ਨਾਲ ਦਿਖਾ ਰਿਹਾ ਹੈ। ਇਹੀ ਭਾਰਤ ਦੀ ‘ਧਾਰਮਿਕਤਾ’ ਹੈ।
ਮਿਹਿਰ ਭੋਲੇ
ਮੰਦਰ ਤੋਂ ਜ਼ਿਆਦਾ, ਸ਼੍ਰੀ ਰਾਮ ਦੇ ਆਦਰਸ਼ਾਂ ਦੀ ਪਾਲਣਾ ਮਹੱਤਵਪੂਰਨ
NEXT STORY