ਦਿੱਲੀ-ਐੱਨ. ਸੀ. ਆਰ. ਫਿਰ ਸਾਹਾਂ ਦੇ ਸੰਕਟ ਦੇ ਰੂ-ਬ-ਰੂ ਹੈ। ਦਸੰਬਰ ਵਿਚ ਹੀ ਦੂਜੀ ਵਾਰ ਵਧਦੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਕ ਫੌਰੀ ਉਪਾਅ ਵਜੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਗ੍ਰੈਪ)-4 ਨੂੰ ਲਾਗੂ ਕਰਨਾ ਪਿਆ, ਕਿਉਂਕਿ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 301 ਪਾਰ ਕਰਦਿਆਂ ਹੀ ਖਤਰਨਾਕ ਦੀ ਸ਼੍ਰੇਣੀ ਵਿਚ ਪਹੁੰਚ ਕੇ ਫਿਰ 450 ਤੋਂ ਪਾਰ ਚਲਾ ਗਿਆ। ਕਮਰਸ਼ੀਅਲ ਵਾਹਨ ਤਾਂ ਇਕ ਪਾਸੇ ਬੀ. ਐੱਸ.-3 ਪੈਟਰੋਲ ਅਤੇ ਬੀ.ਐੱਸ.-4 ਡੀਜ਼ਲ ਪ੍ਰਾਈਵੇਟ ਕਾਰਾਂ ਤੱਕ ’ਤੇ ਪਾਬੰਦੀ ਹੈ - ਭਾਵੇਂ ਤੁਹਾਡੇ ਕੋਲ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਹੋਵੇ ਅਤੇ ਤੁਹਾਡੀ ਕਾਰ ‘ਫਿਟਨੈੱਸ’ ਮਿਆਦ ਦੇ ਅੰਦਰ ਵੀ ਹੋਵੇ। ਟੈਕਸੀਆਂ ਅਤੇ ਦੋਪਹੀਆ ਵਾਹਨਾਂ ’ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ। ਕੀ ਇਹ ਤਰਕਹੀਣ ਨਹੀਂ ਹੈ? ਕਲਾਸਾਂ ਆਨਲਾਈਨ ਹਨ ਇਸ ਲਈ ‘ਘਰ ਤੋਂ ਕੰਮ’ ਦਾ ਕ੍ਰਮ ਜਾਰੀ ਹੈ। ਹਰ ਕੰਮ ਘਰ ਤੋਂ ਨਹੀਂ ਕੀਤਾ ਜਾ ਸਕਦਾ। ਜੋ ਹੋ ਸਕਦੇ ਹਨ, ਉਨ੍ਹਾਂ ਦੀ ਇਜਾਜ਼ਤ ਵੀ ਦਫ਼ਤਰ ਦੀ ਮਰਜ਼ੀ ’ਤੇ ਨਿਰਭਰ ਕਰਦੀ ਹੈ।
ਇਹ ਸਮੱਸਿਆ ਵੀ ਪਹਿਲੀ ਵਾਰ ਨਹੀਂ ਹੈ। ਅਜਿਹੀਆਂ ਸਥਿਤੀਆਂ ਹਰ ਸਾਲ ਘੱਟੋ-ਘੱਟ ਦੋ-ਤਿੰਨ ਵਾਰ ਵਾਪਰਦੀਆਂ ਹਨ ਜਦੋਂ ਐਮਰਜੈਂਸੀ ਕਦਮ ਚੁੱਕੇ ਜਾਂਦੇ ਹਨ। ਆਖ਼ਰਕਾਰ ਸਰਕਾਰਾਂ ਅੱਗ ਲੱਗਣ ’ਤੇ ਹੀ ਖੂਹ ਪੁੱਟਣ ਦੀ ਮਾਨਸਿਕਤਾ ’ਚੋਂ ਕਿਉਂ ਨਹੀਂ ਨਿਕਲਦੀਆਂ ਅਤੇ ਅੱਗ ਲੱਗਣ ਤੋਂ ਰੋਕਣ ਲਈ ਜ਼ਰੂਰੀ ਸਾਵਧਾਨੀਆਂ ਕਿਉਂ ਨਹੀਂ ਵਰਤਦੀਆਂ? ਕੀ ਇਹ ਸ਼ਰਮਨਾਕ ਨਹੀਂ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਪੰਜਵੇਂ ਸਭ ਤੋਂ ਵੱਡੇ ਅਰਥਚਾਰੇ ਵਾਲੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਾਸੀਆਂ ਨੂੰ ਪਿਛਲੇ ਸਾਲ ਸਿਰਫ਼ ਦੋ ਦਿਨ ਹੀ ਸਾਹ ਲੈਣ ਯੋਗ ਸ਼ੁੱਧ ਹਵਾ ਮਿਲੀ? ਦਿੱਲੀ ਅਤੇ ਐੱਨ. ਸੀ.ਆਰ. ਦੇ ਵਸਨੀਕ ਵੀ ਲਗਭਗ ਸਾਰਾ ਸਾਲ ਦੂਸ਼ਿਤ ਹਵਾ ਵਿਚ ਸਾਹ ਲੈਣ ਅਤੇ ਹਰ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਲਈ ਵਰ੍ਹਿਆਂ ਤੋਂ ਸਰਾਪ ਹੰਢਾ ਰਹੇ ਹਨ। ਕੀ ਇਹ ਨੀਤੀ ਨਿਰਮਾਤਾਵਾਂ ਦੀਆਂ ਤਰਜੀਹਾਂ ’ਤੇ ਸਵਾਲੀਆ ਨਿਸ਼ਾਨ ਨਹੀਂ ਹੈ? ਦਿੱਲੀ-ਐੱਨ. ਸੀ. ਆਰ. ਦੇ ਘਾਤਕ ਹਵਾ ਪ੍ਰਦੂਸ਼ਣ ਦੀ ਚਰਚਾ ਹਰ ਸਾਲ ਦੇਸ਼ ਅਤੇ ਦੁਨੀਆ ਵਿਚ ਹੁੰਦੀ ਹੈ ਜਦੋਂ ਸਰਦੀਆਂ ਵਿਚ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਪਰ ਸੱਚਾਈ ਇਹ ਹੈ ਕਿ ਭਾਰਤ ਇਕ ਪ੍ਰਦੂਸ਼ਿਤ ਦੇਸ਼ ਬਣ ਗਿਆ ਹੈ। ਖੋਜ ਨੇ ਦਿਖਾਇਆ ਹੈ ਕਿ ਭਾਰਤ ਦੀ 81.9 ਪ੍ਰਤੀਸ਼ਤ ਆਬਾਦੀ ਅਜਿਹੇ ਖੇਤਰਾਂ ਵਿਚ ਰਹਿੰਦੀ ਹੈ ਜਿੱਥੇ ਹਵਾ ਦੀ ਗੁਣਵੱਤਾ ਦਾ ਪੱਧਰ ਦੇਸ਼ ਦੇ ਨੈਸ਼ਨਲ ਐਂਬੀਐਂਟ ਕੁਆਲਿਟੀ ਸਟੈਂਡਰਡ (ਐੱਨ. ਏ. ਕਿਊ. ਐੱਸ.) ਨੂੰ ਵੀ ਪੂਰਾ ਨਹੀਂ ਕਰਦਾ ਹੈ। ਸਾਲ 2009 ’ਚ ਲਿਆਂਦੇ ਗਏ ਐੱਨ. ਏ. ਕਿਊ. ਐੱਸ. ਨੂੰ ਵੀ ਅਪਡੇਟ ਕਰਨ ਦੀ ਲੋੜ ਨਹੀਂ ਪਈ। ਐੱਨ. ਏ. ਕਿਊ. ਐੱਸ. ਅਨੁਸਾਰ ਭਾਰਤ ਵਿਚ ਸੁਰੱਖਿਅਤ ਹਵਾ ਗੁਣਵੱਤਾ ਮਿਆਰ ਪੀ. ਐੱਮ. 2.5, 40 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੈ, ਜਦੋਂ ਕਿ ਡਬਲਿਊ.ਐੱਚ.ਓ. ਪੰਜ ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਸਿਫ਼ਾਰਸ਼ ਕਰਦਾ ਹੈ।
ਦਿੱਲੀ-ਐੱਨ. ਸੀ. ਆਰ. ਭਾਰਤ ਵਿਚ ਹਵਾ ਪ੍ਰਦੂਸ਼ਣ ਦੇ ਸਬੰਧ ਵਿਚ ਡਾਕਟਰਾਂ ਅਤੇ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪੀ. ਐੱਮ. 2.5 ਨਾ ਸਿਰਫ ਸਾਹ ਦੀਆਂ ਸਮੱਸਿਆਵਾਂ ਨੂੰ ਵਧਾਉਂਦਾ ਹੈ, ਬਲਕਿ ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਅਤੇ ਦਿਲ ਦੇ ਦੌਰੇ ਦੇ ਜੋਖਮ ਨੂੰ ਵੀ ਵਧਾਉਂਦਾ ਹੈ। ਇਕ ਅਧਿਐਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪੀ.ਐੱਮ. 2.5 ਦੇ ਉੱਚ ਪੱਧਰ ਦੇ ਕਾਰਨ ਭਾਰਤ ਵਿਚ ਹਰ ਸਾਲ 15 ਲੱਖ ਮੌਤਾਂ ਹੋ ਰਹੀਆਂ ਹਨ, ਜੋ ਦੇਸ਼ ਵਿਚ ਹੋਣ ਵਾਲੀਆਂ ਕੁੱਲ ਮੌਤਾਂ ਦਾ ਲਗਭਗ 25 ਫੀਸਦੀ ਹੈ। ਇਕ ਹੋਰ ਅਧਿਐਨ ਦਰਸਾਉਂਦਾ ਹੈ ਕਿ ਦੇਸ਼ ਵਿਚ ਹਰ ਰੋਜ਼ ਸਾਢੇ ਛੇ ਹਜ਼ਾਰ ਲੋਕ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬੀਮਾਰੀਆਂ ਨਾਲ ਮਰ ਰਹੇ ਹਨ। ਹੁਣ ਸਕਾਟਲੈਂਡ ਦੀ ਯੂਨੀਵਰਸਿਟੀ ਆਫ ਐਂਡਰਿਊਜ਼ ਨੇ ਆਪਣੀ ਖੋਜ ’ਚ ਦਾਅਵਾ ਕੀਤਾ ਹੈ ਕਿ ਹਵਾ ਪ੍ਰਦੂਸ਼ਣ ਫੇਫੜਿਆਂ ਅਤੇ ਹੋਰ ਅੰਗਾਂ ਦੇ ਨਾਲ-ਨਾਲ ਸਾਡੀ ਮਾਨਸਿਕ ਸਥਿਤੀ ’ਤੇ ਵੀ ਡੂੰਘਾ ਪ੍ਰਭਾਵ ਪਾ ਰਿਹਾ ਹੈ। ਲੰਬੇ ਸਮੇਂ ਤੱਕ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਕਾਰਨ ਮਾਨਸਿਕ ਰੋਗਾਂ ਦਾ ਖਤਰਾ ਵਧ ਰਿਹਾ ਹੈ। ਦੋ ਲੱਖ ਲੋਕਾਂ ’ਤੇ ਕੀਤੀ ਗਈ ਖੋਜ ਤੋਂ ਪਤਾ ਲੱਗਾ ਹੈ ਕਿ ਨਾਈਟ੍ਰੋਜਨ ਡਾਈਆਕਸਾਈਡ ਮਾਨਸਿਕ ਰੋਗਾਂ ਲਈ ਜ਼ਿੰਮੇਵਾਰ ਹੈ।
ਦਿੱਲੀ ਸਰਕਾਰ ਵੱਲੋਂ ਅਪ੍ਰੈਲ ਵਿਚ ਐੱਨ. ਜੀ. ਟੀ. ਨੂੰ ਸੌਂਪੀ ਗਈ ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਹਵਾ ਪ੍ਰਦੂਸ਼ਣ ਲੋਕਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਵਿਦਿਆਰਥੀਆਂ ਵਿਚ ਪੜ੍ਹਾਈ ਨਾਲ ਸਬੰਧਤ ਸਮੱਸਿਆਵਾਂ ਅਤੇ ਉਦਾਸੀ ਵਧ ਰਹੀ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਨਾਲ ਸਿੱਝਣ ਦੀ ਉਨ੍ਹਾਂ ਦੀ ਸਮਰੱਥਾ ਘਟਦੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਦਿੱਲੀ-ਐੱਨ. ਸੀ. ਆਰ. ਵਿਚ ਵਧਦੇ ਹਵਾ ਪ੍ਰਦੂਸ਼ਣ ਦੇ ਮਾਮਲਿਆਂ ਦੀ ਸੁਣਵਾਈ ਕਰਦਿਆਂ ਕਿਹਾ ਸੀ ਕਿ ਸਾਫ਼ ਹਵਾ ਵਿਚ ਸਾਹ ਲੈਣਾ ਮੌਲਿਕ ਅਧਿਕਾਰ ਹੈ ਪਰ ਇਹ ਅੰਕੜੇ ਦੱਸਦੇ ਹਨ ਕਿ ਦੇਸ਼ ਵਿਚ ਕਿਤੇ ਵੀ ਹਵਾ ਸਾਹ ਲੈਣ ਦੇ ਯੋਗ ਨਹੀਂ ਹੈ। ਫਿਰ ਇਸ ਸਥਿਤੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੌਣ ਅਤੇ ਕਦੋਂ ਕਰੇਗਾ? ਦਿੱਲੀ ਵਿਧਾਨ ਸਭਾ ਚੋਣਾਂ ਦੀ ਦਹਿਲੀਜ਼ ’ਤੇ ਹੈ। ਦੇਸ਼ ਵਿਚ ਅਤੇ ਦਿੱਲੀ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਹਨ, ਜੋ ਹਰ ਸਮੱਸਿਆ ਲਈ ਇਕ ਦੂਜੇ ਨੂੰ ਦੋਸ਼ੀ ਠਹਿਰਾਉਂਦੀਆਂ ਨਹੀਂ ਥੱਕਦੀਆਂ। ਫਿਰ ਵੀ ਘਾਤਕ ਹਵਾ ਪ੍ਰਦੂਸ਼ਣ ਚੋਣ ਮੁੱਦਾ ਨਹੀਂ ਬਣਦਾ ਕਿਉਂਕਿ ਹਰ ਕੋਈ ਇਸ ਜੁਰਮ ਵਿਚ ਭਾਈਵਾਲ ਹੈ। ਹਾਲ ਹੀ ਵਿਚ ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਸਭ ਤੋਂ ਵੱਧ 12 ਹਜ਼ਾਰ ਮੌਤਾਂ ਦਿੱਲੀ ਵਿਚ ਹੁੰਦੀਆਂ ਹਨ। ਸਟੇਟ ਆਫ ਗਲੋਬਲ ਏਅਰ, 2024 ਦੀ ਰਿਪੋਰਟ ਦੱਸਦੀ ਹੈ ਕਿ ਸਾਲ 2021 ਵਿਚ ਤੰਬਾਕੂ ਦੇ ਸੇਵਨ ਕਾਰਨ ਦੁਨੀਆ ਭਰ ਵਿਚ 75-76 ਲੱਖ ਮੌਤਾਂ ਹੋਈਆਂ, ਜਦੋਂ ਕਿ ਹਵਾ ਪ੍ਰਦੂਸ਼ਣ ਕਾਰਨ 81 ਲੱਖ ਮੌਤਾਂ ਹੋਈਆਂ। ਸਰਕਾਰਾਂ ਤੰਬਾਕੂ ਦੇ ਸੇਵਨ ਦੇ ਖ਼ਤਰਿਆਂ ਤੋਂ ਸੁਚੇਤ ਕਰਨ ਲਈ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ ਪਰ ਜ਼ਹਿਰੀਲੀ ਹਵਾ ’ਤੇ ਚੁੱਪ ਰਹਿੰਦੀਆਂ ਹਨ। ਕੀ ਇਸ ਲਈ ਕਿ ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਉਹ ਹੀ ਹਨ?
ਰਾਜ ਕੁਮਾਰ ਸਿੰਘ
ਪੰਜਾਬ ’ਚ ਨਗਰ ਨਿਗਮ ਚੋਣਾਂ ਸੰਪੰਨ, ਸਿਰ ਤੋਂ ਇਕ ਬੋਝ ਉਤਰਿਆ, ਹੁਣ ਮੋਢਿਆਂ ’ਤੇ ਪਈ ਨਵੀਂ ਜ਼ਿੰਮੇਵਾਰੀ
NEXT STORY