26 ਨਵੰਬਰ, 2008 ਨੂੰ ਮੁੰਬਈ ’ਚ ਹੋਏ ਅੱਤਵਾਦੀ ਹਮਲਿਆਂ ’ਚ 166 ਲੋਕਾਂ ਦੀ ਮੌਤ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਇਨ੍ਹਾਂ ਹਮਲਿਆਂ ਦੌਰਾਨ ‘ਲਸ਼ਕਰ-ਏ-ਤੋਇਬਾ’ ਦੇ 10 ਅੱਤਵਾਦੀਆਂ ਨੇ 4 ਦਿਨ ਤੱਕ ਮੁੰਬਈ ’ਚ ਵੱਖ-ਵੱਖ ਥਾਵਾਂ ’ਤੇ ਗੋਲੀਬਾਰੀ ਕੀਤੀ ਜਿਸ ਨਾਲ ਪੂਰਾ ਦੇਸ਼ ਦਹਿਲ ਗਿਆ ਸੀ।
ਸੁਰੱਖਿਆ ਏਜੰਸੀਆਂ ਦੀ ਕਾਰਵਾਈ ਦੇ ਦੌਰਾਨ ਇਨ੍ਹਾਂ ’ਚੋਂ ਫੜੇ ਗਏ ਇਕੋ-ਇਕ ਅੱਤਵਾਦੀ ‘ਅਜਮਲ ਕਸਾਬ’ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ ਅਤੇ ਇਸ ਹਮਲੇ ਦੇ ਇਕ ‘ਮਾਸਟਰ ਮਾਈਂਡ’ ਕੈਨੇਡਾ ਨਿਵਾਸੀ ਪਾਕਿਸਤਾਨੀ ਮੂਲ ਦੇ ਨਾਗਰਿਕ ‘ਤਹੱਵੁਰ ਰਾਣਾ’ ਦੀ ਹਮਲੇ ਦੇ 17 ਸਾਲ ਬਾਅਦ ਹੁਣ ਅਮਰੀਕਾ ਤੋਂ ਭਾਰਤ ਨੂੰ ਹਵਾਲਗੀ ਕੀਤੀ ਗਈ ਹੈ।
ਕੋਰਟ ਨੇ ‘ਰਾਣਾ’ ਤੋਂ ਪੁੱਛਗਿੱਛ ਲਈ ਉਸ ਨੂੰ 18 ਿਦਨਾਂ ਦੀ ਐੱਨ.ਆਈ.ਏ. ਹਿਰਾਸਤ ’ਚ ਭੇਜਿਆ ਹੈ। ਏਜੰਸੀ ਨੂੰ ਸ਼ੱਕ ਹੈ ਕਿ ‘ਰਾਣਾ’ ਨੇ ਮੁੰਬਈ ਹੀ ਨਹੀਂ, ਸਗੋਂ ਭਾਰਤ ਦੇ ਕਈ ਹੋਰ ਸ਼ਹਿਰਾਂ ਨੂੰ ਅੱਤਵਾਦੀ ਹਮਲਿਆਂ ਦਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਐੱਨ.ਆਈ.ਏ. ਉਸ ਨੂੰ ਅੱਤਵਾਦੀ ਸੰਗਠਨਾਂ ‘ਲਕਸ਼ਰ-ਏ-ਤੋਇਬਾ’ ਅਤੇ ‘ਹਰਕਤ-ਉਲ-ਜਿਹਾਦੀ ਇਸਲਾਮੀ’ ਦੇ ਨੈੱਟਵਰਕ ਨਾਲ ਜੋੜ ਕੇ ਜਾਂਚ ਕਰ ਰਹੀ ਹੈ।
‘ਤਹੱਵੁਰ ਰਾਣਾ’ ਤੋਂ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ 11 ਅਪ੍ਰੈਲ ਨੂੰ ਤਕਰੀਬਨ 3 ਘੰਟੇ ਪੁੱਛਗਿੱਛ ਕੀਤੀ, ਜਿਸ ’ਚ ਉਹ ਆਪਣੀ ਖਰਾਬ ਤਬੀਅਤ ਦਾ ਹਵਾਲਾ ਦੇ ਕੇ ਲਗਾਤਾਰ ਟਾਲਮਟੋਲ ਕਰਦਾ ਰਿਹਾ ਅਤੇ ਯਾਦ ਨਹੀਂ ਅਤੇ ਪਤਾ ਨਹੀਂ ਕਹਿੰਦਾ ਰਿਹਾ।
‘ਤਹੱਵੁਰ ਰਾਣਾ’ 1990 ਦੇ ਦਹਾਕੇ ’ਚ ਪਾਕਿਸਤਾਨੀ ਫੌਜ ’ਚ ਡਾਕਟਰ ਵਜੋਂ ਸੇਵਾਵਾਂ ਦੇ ਚੁੱਕਾ ਹੈ। ਇਸ ਦੇ ਬਾਅਦ ਉਹ ਕੈਨੇਡਾ ’ਚ ਜਾ ਵਸਿਆ ਅਤੇ ‘ਲਸ਼ਕਰ-ਏ-ਤੋਇਬਾ’ ਨਾਲ ਕੰਮ ਕਰਦਾ ਰਿਹਾ। ਭਾਰਤ ’ਚ ਹਮਲਿਆਂ ਤੋਂ ਪਹਿਲਾਂ ਉਸ ਨੇ ਕਈ ਵਾਰ ਰੇਕੀ ਵੀ ਕੀਤੀ ਸੀ।
‘ਤਹੱਵੁਰ ਰਾਣਾ’ ਵਰਗੇ ਖਤਰਨਾਕ ਅੱਤਵਾਦੀ ਕੋਲੋਂ ਸੱਚ ਬੁਲਵਾਉਣ ਲਈ ਉਸ ਦਾ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਵੇ ਅਤੇ ਫਿਰ ਵੀ ਤਸੱਲੀ ਨਾ ਹੋਵੇ ਤਾਂ ਜ਼ਿਆਦਾ ਡੂੰਘਾਈ ਅਤੇ ਸਖਤੀ ਨਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇ ਤਾਂ ਕਿ ਸੱਚ ਸਾਹਮਣੇ ਆ ਸਕੇ।
–ਵਿਜੇ ਕੁਮਾਰ
ਅਮਰੀਕਾ-ਚੀਨ ਟੈਰਿਫ ਜੰਗ ਕਾਰਨ ਪੂਰੀ ਦੁਨੀਆ ਦੇ ਬਾਜ਼ਾਰ ਹਿੱਲ ਗਏ
NEXT STORY