ਸੱਤਾਧਾਰੀ ਧਿਰ ਸੜਕ ’ਤੇ ਉੱਤਰ ਕੇ ਵਿਰੋਧੀ ਧਿਰ ਖ਼ਿਲਾਫ਼ ਪ੍ਰਦਰਸ਼ਨ ਕਰੇ, ਇਹ ਲੋਕਤੰਤਰ ’ਚ ਇਕ ਦੁਰਲੱਭ ਘਟਨਾ ਹੈ ਪਰ ਇਸ ਵਾਰ ਸੰਸਦ ’ਚ ਅਜਿਹਾ ਹੀ ਹੋਇਆ। ਭਾਜਪਾ ਅਤੇ ਐੱਨ. ਡੀ. ਏ. ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ’ਚ ਪ੍ਰਦਰਸ਼ਨ ਕਰ ਕੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੋਂ ਰਾਂਚੀ ਜਾ ਕੇ ਵਿਦਿਆਰਥੀਆਂ ਦੇ ਅੰਦੋਲਨ ਦਾ ਸਮਰਥਨ ਕਰਨ ਦੀ ਮੰਗ ਕੀਤੀ। ਰਾਹੁਲ ਗਾਂਧੀ, ਜੋ ਜੰਤਰ-ਮੰਤਰ ’ਤੇ ਵਿਦਿਆਰਥੀਆਂ ’ਤੇ ਲਾਠੀਚਾਰਜ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ, ਝਾਰਖੰਡ ਦੇ ਵਿਦਿਆਰਥੀਆਂ ਦੇ ਰਾਂਚੀ ਅੰਦੋਲਨ ਦਾ ਉਸ ਤਰ੍ਹਾਂ ਸਮਰਥਨ ਨਹੀਂ ਕਰ ਰਹੇ, ਜਿਸ ਤਰ੍ਹਾਂ ਉਨ੍ਹਾਂ ਨੇ ਜੰਤਰ-ਮੰਤਰ ’ਤੇ ਲਾਠੀਚਾਰਜ ਨੂੰ ਮੁੱਦਾ ਬਣਾ ਰੱਖਿਆ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਝਾਰਖੰਡ ਦੀ ਹੇਮੰਤ ਸੋਰੇਨ ਸਰਕਾਰ ’ਚ ਕਾਂਗਰਸ ਵੀ ਭਾਈਵਾਲ ਹੈ।
ਝਾਰਖੰਡ ’ਚ ਜੈੱਨ-ਜ਼ੀ ਦਾ ਰੋਸ ਉਬਾਲੇ ਖਾ ਰਿਹਾ ਹੈ। ਰਾਂਚੀ ’ਚ ਰਾਜ ਸਰਕਾਰ ਦੀਆਂ ਨੌਕਰੀਆਂ ਲਈ ਆਯੋਜਿਤ ਪ੍ਰੀਖਿਆਵਾਂ ’ਚ ਪੇਪਰ ਲੀਕ ਅਤੇ ਧਾਂਦਲੀ ਮੁੱਦਾ ਹੈ। ਦਿੱਲੀ ’ਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਅਸਤੀਫ਼ਾ ਲੈ ਕੇ ਸਰਕਾਰ ਨੇ ਅੰਦੋਲਨ ਖ਼ਤਮ ਕਰਵਾ ਦਿੱਤਾ। ਝਾਰਖੰਡ ’ਚ ਵਿਦਿਆਰਥੀ ਸਿੱਖਿਆ ਮੰਤਰੀ ਜਾਂ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਵੀ ਨਹੀਂ ਕਰ ਰਹੇ, ਉਹ ਚਾਹੁੰਦੇ ਹਨ ਕਿ ਪੇਪਰ ਲੀਕ ਅਤੇ ਪ੍ਰੀਖਿਆ ’ਚ ਧਾਂਦਲੀ ਦੀ ਜਾਂਚ ਸੀ. ਆਈ. ਡੀ. ਦੀ ਥਾਂ ਸੀ. ਬੀ. ਆਈ. ਤੋਂ ਕਰਵਾਈ ਜਾਵੇ। ਇਸ ਦੇ ਨਾਲ ਹੀ ਕੁਝ ਹੋਰ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਵੇ।
ਸੋਰੇਨ ਨੂੰ ਸੀ. ਬੀ. ਆਈ. ਤੋਂ ਡਰ : ਲਗਭਗ 3 ਹਫ਼ਤਿਆਂ ਤੱਕ ਰਾਜ ਦੀ ਰਾਜਧਾਨੀ ਰਾਂਚੀ ’ਚ ਵਿਦਿਆਰਥੀਆਂ ਦਾ ਧਰਨਾ-ਮਰਨ ਵਰਤ, ਵਿਧਾਨ ਸਭਾ ਦਾ ਘਿਰਾਓ, ਪ੍ਰਦਰਸ਼ਨ ਅਤੇ ਸੀਮਤ ਬਲ ਪ੍ਰਯੋਗ ਤੱਕ ਗ਼ੈਰ-ਸਿਆਸੀ ਰਹਿਣ ਤੋਂ ਬਾਅਦ ਇਸ ਅੰਦੋਲਨ ’ਚ ਸਿਆਸਤ ਦੀ ਘੁਸਪੈਠ ਵੀ ਹੋ ਚੁੱਕੀ ਹੈ। ਭਾਜਪਾ ਦਾ ਵਿਦਿਆਰਥੀ ਸੰਗਠਨ ਏ. ਬੀ. ਵੀ. ਪੀ. ਵੀ ਅੰਦੋਲਨ ’ਚ ਕੁੱਦ ਪਿਆ ਹੈ। ਜਿਵੇਂ-ਜਿਵੇਂ ਅੰਦੋਲਨ ਤੇਜ਼ ਹੋਇਆ, ਉਸੇ ਤਰ੍ਹਾਂ ਰਾਜ ਸਰਕਾਰ ਦੀ ਸੀ. ਆਈ. ਡੀ. ਜਾਂਚ ਦੀ ਸਰਗਰਮੀ ਤੇਜ਼ ਹੁੰਦੀ ਗਈ। ਨੌਕਰੀ ਪ੍ਰੀਖਿਆਵਾਂ ’ਚ ਪੇਪਰ ਲੀਕ ਅਤੇ ਧਾਂਦਲੀ ਦੇ ਦੋਸ਼ੀ ਕਈ ਵੱਡੇ ਅਫ਼ਸਰ ਗ੍ਰਿਫ਼ਤਾਰ ਹੋਏ। 3 ਵੱਡੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਪਰ ਵਿਦਿਆਰਥੀ ਮੰਨਣ ਲਈ ਤਿਆਰ ਦਿਖਾਈ ਨਹੀਂ ਦੇ ਰਹੇ।
ਮੁੱਖ ਮੰਤਰੀ ਹੇਮੰਤ ਸੋਰੇਨ ਪ੍ਰੈੱਸ ਦੇ ਸਾਹਮਣੇ ਆ ਕੇ ਕਹਿੰਦੇ ਹਨ ਕਿ ਵਿਦਿਆਰਥੀਆਂ ਦੀਆਂ 98 ਪ੍ਰਤੀਸ਼ਤ ਮੰਗਾਂ ਪੂਰੀਆਂ ਹੋ ਚੁੱਕੀਆਂ ਹਨ ਪਰ 2 ਮੁੱਦਿਆਂ ’ਤੇ ਮਾਮਲਾ ਫਸ ਗਿਆ ਹੈ। ਇਨ੍ਹਾਂ ’ਚੋਂ ਇਕ ਸੀ. ਬੀ. ਆਈ. ’ਤੇ ਸਰਕਾਰ ਕਿਸੇ ਵੀ ਹਾਲਤ ’ਚ ਸਹਿਮਤ ਹੋਣ ਲਈ ਤਿਆਰ ਦਿਖਾਈ ਨਹੀਂ ਦਿੰਦੀ। ਰਾਂਚੀ ਦੇ ਸੀਨੀਅਰ ਪੱਤਰਕਾਰ ਜੈ ਸ਼ੰਕਰ ਕਹਿੰਦੇ ਹਨ ਕਿ ਜਾਂਚ ਸੀ. ਬੀ. ਆਈ. ਨੂੰ ਸੌਂਪ ਕੇ ਮੁੱਖ ਮੰਤਰੀ ਹੇਮੰਤ ਸੋਰੇਨ ਆਪਣੇ ਗਲੇ ’ਚ ਫੰਦਾ ਨਹੀਂ ਪਾਉਣਾ ਚਾਹੁੰਦੇ। 2020 ’ਚ ਸੀ. ਬੀ. ਆਈ. ਨੇ ਉਨ੍ਹਾਂ ਖ਼ਿਲਾਫ਼ ਇਕ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਸਬੂਤ ਨਾ ਜੁਟਾ ਸਕਣ ਕਾਰਨ ਉਸ ਮਾਮਲੇ ’ਤੇ ਕੋਈ ਕਾਰਵਾਈ ਹੁਣ ਤੱਕ ਨਹੀਂ ਹੋ ਸਕੀ।
ਜੈ ਸ਼ੰਕਰ ਇਹ ਵੀ ਦੱਸਦੇ ਹਨ ਕਿ 2024 ’ਚ ਈ. ਡੀ. ਨੇ ਜ਼ਮੀਨ ਦੇ ਇਕ ਮਾਮਲੇ ’ਚ ਧਨ ਦੀ ਹੇਰਾਫੇਰੀ ਦਾ ਦੋਸ਼ ਲਗਾ ਕੇ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਬਾਅਦ ’ਚ ਹਾਈ ਕੋਰਟ ਨੇ ਪੂਰੇ ਸਬੂਤ ਨਾ ਹੋਣ ਕਾਰਨ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡ ਦਿੱਤਾ। ਦੁਬਾਰਾ ਚੋਣਾਂ ਤੋਂ ਬਾਅਦ ਉਹ ਫਿਰ ਮੁੱਖ ਮੰਤਰੀ ਬਣੇ। ਜੈ ਸ਼ੰਕਰ ਦਾ ਮੰਨਣਾ ਹੈ ਕਿ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਅਤੇ ਇੰਡੀਆ ਗੱਠਜੋੜ ਦੇ ਮੈਂਬਰਾਂ ਨੂੰ ਡਰ ਹੈ ਕਿ ਪ੍ਰੀਖਿਆ ਧਾਂਦਲੀ ਦੀ ਜਾਂਚ ’ਚ ਸੀ. ਬੀ. ਆਈ. ਹੇਮੰਤ ਸੋਰੇਨ ਜਾਂ ਉਨ੍ਹਾਂ ਦੇ ਹੋਰ ਨੇਤਾਵਾਂ ਨੂੰ ਫਸਾ ਕੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਇਹ ਕੇਂਦਰ ਦੀ ਭਾਜਪਾ ਅਤੇ ਰਾਜ ਦੀ ਇੰਡੀਆ ਗੱਠਜੋੜ ਦੀ ਸਰਕਾਰ ਵਿਚਾਲੇ ਸੁਆਰਥ ਦਾ ਸਿੱਧਾ ਟਕਰਾਅ ਹੈ। ਰਾਹੁਲ ਗਾਂਧੀ ਦੀ ਖ਼ਾਮੋਸ਼ੀ ਦਾ ਰਾਜ਼ ਵੀ ਇਸੇ ’ਚ ਲੁਕਿਆ ਹੈ।
ਪ੍ਰੀਖਿਆ ਧਾਂਦਲੀ ਦਾ ਇਤਿਹਾਸ : 2000 ’ਚ ਝਾਰਖੰਡ ਰਾਜ ਦੀ ਸਥਾਪਨਾ ਦੇ ਕੁਝ ਸਮੇਂ ਬਾਅਦ ਹੀ ਨੌਕਰੀਆਂ ਦੀਆਂ ਪ੍ਰੀਖਿਆਵਾਂ ’ਚ ਪੇਪਰ ਲੀਕ ਅਤੇ ਹੋਰ ਧਾਂਦਲੀਆਂ ਦੇ ਦੋਸ਼ ਸ਼ੁਰੂ ਹੋ ਗਏ। ਸਾਬਕਾ ਵਿਧਾਇਕ ਅਤੇ ਆਰ. ਜੇ. ਡੀ. ਨੇਤਾ ਗੌਤਮ ਸਾਗਰ ਰਾਣਾ ਕਹਿੰਦੇ ਹਨ ਕਿ ਲਗਭਗ 26 ਸਾਲ ਦੀ ਉਮਰ ਦੇ ਝਾਰਖੰਡ ’ਚ 13 ਸਾਲਾਂ ਤੱਕ ਭਾਜਪਾ ਦੇ 4 ਮੁੱਖ ਮੰਤਰੀ ਰਹਿ ਚੁੱਕੇ ਹਨ। ਉਸ ਦੌਰ ’ਚ ਵੀ ਪ੍ਰੀਖਿਆ ਲੀਕ ਦੀਆਂ ਘਟਨਾਵਾਂ ਹੋਈਆਂ। ਕੁਝ ਮਾਮਲਿਆਂ ’ਚ ਜਾਂਚ ਸੀ. ਬੀ. ਆਈ. ਨੂੰ ਦਿੱਤੀ ਗਈ ਪਰ ਉਨ੍ਹਾਂ ’ਚੋਂ ਵੀ ਜ਼ਿਆਦਾਤਰ ਮਾਮਲਿਆਂ ’ਚ ਦੋਸ਼ੀਆਂ ਨੂੰ ਸਜ਼ਾ ਨਹੀਂ ਹੋ ਸਕੀ। ਕੁਝ ਮਾਮਲਿਆਂ ’ਚ ਵਿਦਿਆਰਥੀ ਸੀ. ਬੀ. ਆਈ. ਜਾਂਚ ਲਈ ਕੋਰਟ ਵੀ ਗਏ ਪਰ ਕੋਰਟ ਨੇ ਜਾਂਚ ਸੀ. ਬੀ. ਆਈ. ਨੂੰ ਸੌਂਪਣ ਤੋਂ ਮਨ੍ਹਾ ਕਰ ਦਿੱਤਾ। ਰਾਣਾ ਮੰਨਦੇ ਹਨ ਕਿ ਸੀ. ਆਈ. ਡੀ. ਜਾਂਚ ਦੀ ਪ੍ਰਗਤੀ ਚੰਗੀ ਹੈ। ਵਿਦਿਆਰਥੀਆਂ ਨੂੰ 3 ਮਹੀਨਿਆਂ ਦਾ ਸਮਾਂ ਦੇਣਾ ਚਾਹੀਦਾ ਹੈ। ਸਰਕਾਰ ਜੇਕਰ ਵਾਅਦਾ ਪੂਰਾ ਨਹੀਂ ਕਰਦੀ, ਤਾਂ ਉਹ ਅੱਗੇ ਦੀ ਸੋਚ ਸਕਦੇ ਹਨ।
ਏ. ਬੀ. ਵੀ. ਪੀ. ਦੇ ਅੰਦੋਲਨ ’ਚ ਸ਼ਾਮਲ ਹੋਣ ਤੋਂ ਬਾਅਦ ਸਵਾਲ ਸਿਰਫ਼ ਸੀ. ਬੀ. ਆਈ. ਜਾਂਚ ਦਾ ਨਹੀਂ ਹੈ, ਵਿਵਾਦ ਰਾਜ ਅਤੇ ਕੇਂਦਰ ਸਰਕਾਰ ਵਿਚਾਲੇ ਵਿਸ਼ਵਾਸ ਦਾ ਵੀ ਬਣ ਗਿਆ ਹੈ। ਸਵਾਲ ਸੀ. ਬੀ. ਆਈ. ਦੀ ਭਰੋਸੇਯੋਗਤਾ ਨੂੰ ਲੈ ਕੇ ਵੀ ਉਠਾਏ ਜਾ ਰਹੇ ਹਨ। ਸੀ. ਬੀ. ਆਈ. ਦੀ ਭਰੋਸੇਯੋਗਤਾ ਦਾ ਸਵਾਲ ਸੁਪਰੀਮ ਕੋਰਟ ਵੀ ਉਠਾ ਚੁੱਕਾ ਹੈ। ਖੈਰ! ਹੇਮੰਤ ਸੋਰੇਨ ਸਾਵਧਾਨੀ ਨਾਲ ਕਦਮ ਚੁੱਕ ਰਹੇ ਹਨ। ਸੀ. ਆਈ. ਡੀ., ਜਿਸ ’ਤੇ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਨ ਦੇ ਦੋਸ਼ ਲਗਾਏ ਜਾਂਦੇ ਰਹੇ ਹਨ, ਉਹ ਇਸ ਵਾਰ ਕਾਹਲੀ ਦਿਖਾ ਰਹੀ ਹੈ।
ਝਾਰਖੰਡ ਵਿਦਿਆਰਥੀ ਅੰਦੋਲਨ ’ਚ ਇਕ ਹੈਰਾਨ ਕਰਨ ਵਾਲੀ ਗੱਲ ਇਹ ਹੋਈ ਕਿ ਅੰਦੋਲਨਕਾਰੀ ਝਾਰਖੰਡ ਦੇ ਲੋਕਪ੍ਰਿਆ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦੀ ਤਸਵੀਰ ਲੈ ਕੇ ਮਾਰਚ ਕਰ ਰਹੇ ਸਨ। ਸ਼ਿਬੂ ਸੋਰੇਨ ਹੇਮੰਤ ਸੋਰੇਨ ਦੇ ਪਿਤਾ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਸਨ। ਇਸ ਦੇ ਕਾਰਨ ਸੋਰੇਨ ਉਮੀਦ ਕਰ ਰਹੇ ਸਨ ਕਿ ਉਹ ਅੰਦੋਲਨ ਸੰਭਾਲ ਲੈਣਗੇ ਪਰ ਵਿਧਾਨ ਸਭਾ ਕੋਲ ਵਿਦਿਆਰਥੀ ਪ੍ਰਦਰਸ਼ਨ ’ਤੇ ਹਲਕੇ ਲਾਠੀਚਾਰਜ ਅਤੇ ਪਾਣੀ ਦੀ ਬੌਛਾਰ ਨੇ ਹਾਲਾਤ ਵਿਗਾੜ ਦਿੱਤੇ। ਹੁਣ ਸਥਾਨਕ ਪੱਧਰ ’ਤੇ ਵਿਦਿਆਰਥੀ ਪ੍ਰੀਸ਼ਦ ਅਤੇ ਸੰਸਦ ’ਚ ਭਾਜਪਾ ਨੇ ਮੋਰਚਾ ਸੰਭਾਲ ਲਿਆ ਹੈ। ਜ਼ਾਹਿਰ ਹੈ ਕਿ ਭਾਜਪਾ ਨੇ ਅਣਐਲਾਨੇ ਰੂਪ ’ਚ ਐਲਾਨ ਕਰ ਦਿੱਤਾ ਹੈ ਕਿ ਵਿਦਿਆਰਥੀ ਅੰਦੋਲਨ ’ਤੇ ਉਹ ਖ਼ਾਮੋਸ਼ ਨਹੀਂ ਰਹੇਗੀ।
- ਸ਼ੈਲੇਸ਼ ਕੁਮਾਰ
shaileshk@outlook.com
‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
NEXT STORY