ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਦੀ 6 ਅਗਸਤ ਨੂੰ ਮੁੰਬਈ ’ਚ ਜੈੱਨ-ਜ਼ੀ ਅਤੇ ਜੈੱਨ-ਅਲਫ਼ਾ ਦੇ ਨੌਜਵਾਨਾਂ ਨਾਲ ਗੱਲਬਾਤ ਇਕ ਮਹੱਤਵਪੂਰਨ ਘਟਨਾ ਤਾਂ ਹੈ ਹੀ, ਇਸ ਦੇ ਸੁਨੇਹੇ, ਇਸ ਦੇ ਪਿਛੋਕੜ ਦੀ ਸੋਚ ਅਤੇ ਉਨ੍ਹਾਂ ’ਚੋਂ ਨਿਕਲੀ ਆਵਾਜ਼ ਮੌਜੂਦਾ ਅਤੇ ਭਵਿੱਖ ਪੱਖੋਂ ਦਿਸ਼ਾ-ਸੂਚਕ ਹੈ।
ਕਾਕਰੋਚ ਜਨਤਾ ਪਾਰਟੀ ਦੇ ਜੈੱਨ-ਜ਼ੀ ਧਰਨੇ ਪ੍ਰਦਰਸ਼ਨ ਤੋਂ ਲੈ ਕੇ ਕੁਝ ਹੋਰ ਘਟਨਾਵਾਂ ਨੇ ਨੌਜਵਾਨਾਂ ਨੂੰ ਲੈ ਕੇ ਆਮ ਲੋਕਾਂ ਅੰਦਰ ਸ਼ੰਕਾਵਾਦੀ ਅਤੇ ਨਾਂਹਪੱਖੀ ਅਕਸ ਵੀ ਪੇਸ਼ ਕੀਤਾ ਹੈ। ਦੇਸ਼ ਦੀ ਚਿੰਤਾ ਕਰਨ ਵਾਲੀ ਇਕ ਚੋਟੀ ਦੀ ਸ਼ਖ਼ਸੀਅਤ ਵਜੋਂ ਡਾ. ਮੋਹਨ ਭਾਗਵਤ ਦੀ ਪੂਰੀ ਗੱਲਬਾਤ ’ਚ ਭਾਰਤ ਦੇ ਜੈੱਨ-ਜ਼ੀ ਅਤੇ ਜੈੱਨ-ਅਲਫ਼ਾ ਦਾ ਇਕ ਉਸਾਰੂ ਰਚਨਾਤਮਕ ਅਕਸ ਸਾਹਮਣੇ ਆਇਆ ਅਤੇ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਪ੍ਰਤੀ ਸੰਗਠਨਾਂ ਦੇ ਲੀਡਰਸ਼ਿਪ ਵਰਗ ’ਚ ਵੀ ਵਿਰੋਧ ਦੀ ਥਾਂ ਉਮੀਦ ਦਾ ਭਾਵ ਹੈ।
ਡਾ. ਭਾਗਵਤ ਜੇਕਰ ਕਹਿੰਦੇ ਹਨ ਕਿ ਜੈੱਨ-ਜ਼ੀ ਸਾਡੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਹੈ ਅਤੇ ਸਾਨੂੰ ਜੇਕਰ ਚੋਣ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਜੈੱਨ-ਜ਼ੀ ਨਾਲ ਹੀ ਗੱਲਬਾਤ ਕਰਾਂਗਾ, ਤਾਂ ਇਸ ਦਾ ਸੁਨੇਹਾ ਭਾਰਤ ’ਚ 16-17 ਸਾਲ ਤੋਂ ਲੈ ਕੇ 29-30 ਸਾਲ ਤੱਕ ਦੇ ਸਾਡੇ ਨੌਜਵਾਨਾਂ ’ਚ ਸਿੱਧਾ ਜਾਂਦਾ ਹੈ।
ਭਾਗਵਤ ਨੇ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ’ਚ ਆਯੋਜਿਤ ‘ਇੰਡੀਆਜ਼ ਇੰਟਰਨੈਸ਼ਨਲ ਮੂਵਮੈਂਟ ਟੂ ਯੂਨਾਈਟ ਨੇਸ਼ਨਜ਼’ ਦੇ 15ਵੇਂ ਸਾਲਾਨਾ ਚੈਂਪੀਅਨਸ਼ਿਪ ਸੰਮੇਲਨ ਨੂੰ ਸੰਬੋਧਨ ਕੀਤਾ। ਜਾਣਕਾਰੀ ਅਨੁਸਾਰ, ਸੰਮੇਲਨ ’ਚ ਦੇਸ਼ ਦੇ 100 ਤੋਂ ਵੱਧ ਸ਼ਹਿਰਾਂ ਤੋਂ 15-19 ਸਾਲ ਦੀ ਉਮਰ ਵਰਗ ਦੇ 2,000 ਤੋਂ ਵੱਧ ਸਕੂਲੀ ਅਤੇ ਕਾਲਜ ਵਿਦਿਆਰਥੀ ਸ਼ਾਮਲ ਸਨ।
ਉਦਘਾਟਨੀ ਸੈਸ਼ਨ ਦਾ ਥੀਮ ਸੀ ‘ਭਾਰਤੀ ਦ੍ਰਿਸ਼ਟੀਕੋਣ ਤੋਂ ਦੁਨੀਆ ਨੂੰ ਇਕਜੁੱਟ ਕਰਨ ’ਚ ਨੌਜਵਾਨਾਂ ਦੀ ਭੂਮਿਕਾ’, ਜਿਸ ’ਚ ਗਲੋਬਲ ਏਕਤਾ, ਲੀਡਰਸ਼ਿਪ ਅਤੇ ਭਾਰਤ ਦੀ ਭੂਮਿਕਾ ’ਤੇ ਚਰਚਾ ਹੋਈ। ਸਾਫ਼ ਹੈ ਕਿ ਇਹ ਇਕ ਬੇਹੱਦ ਮਹੱਤਵਪੂਰਨ ਪ੍ਰੋਗਰਾਮ ਸੀ ਅਤੇ ਇਸ ਦਾ ਪ੍ਰਭਾਵ ਵਿਆਪਕ ਰੂਪ ’ਚ ਗਿਆ ਹੈ। ਇਸ ਦੇ ਨਾਲ ਸੰਮੇਲਨ ਦੇ ਵੱਖ-ਵੱਖ ਸੈਸ਼ਨਾਂ ’ਚ ਵੱਖਰੇ ਤੌਰ ’ਤੇ ਨੀਤੀ-ਨਿਰਮਾਣ, ਅੰਤਰਰਾਸ਼ਟਰੀ ਸਬੰਧਾਂ, ਲੀਡਰਸ਼ਿਪ ਵਿਕਾਸ ਅਤੇ ਗਲੋਬਲ ਚੁਣੌਤੀਆਂ ਵਰਗੇ ਵਿਸ਼ਿਆਂ ’ਤੇ ਚਰਚਾ ਹੋਈ, ਜਿਨ੍ਹਾਂ ’ਚ ਨੌਜਵਾਨਾਂ ਨੂੰ ਮਾਹਿਰਾਂ ਅਤੇ ਵੱਖ-ਵੱਖ ਖੇਤਰਾਂ ਦੇ ਉੱਘੇ ਬੁਲਾਰਿਆਂ ਨਾਲ ਗੱਲਬਾਤ ਦਾ ਮੌਕਾ ਮਿਲਿਆ।
ਇਹ ਸੱਚ ਹੈ ਕਿ ਜੰਤਰ-ਮੰਤਰ ਅੰਦੋਲਨ ’ਚ ਅਸਲ ਵਿਦਿਆਰਥੀ ਅਤੇ ਨੌਜਵਾਨ ਵੀ ਸਨ ਪਰ ਚਿਹਰਾ ਢੱਕ ਕੇ ਪੱਥਰ ਮਾਰਨ ਵਾਲੇ, ਭੰਨਤੋੜ, ਹਿੰਸਾ ਕਰਨ ਵਾਲੇ, ਸ਼ਰੇਆਮ ਗਾਲ੍ਹਾਂ ਕੱਢਣ ਵਾਲੇ, ਗੰਦੀਆਂ ਗਾਲ੍ਹਾਂ ਦੇ ਪਲੇਅ ਕਾਰਡ ਦਿਖਾਉਣ ਵਾਲੇ, ਫ਼ਿਰਕੂ ਗੱਲਾਂ ਕਰਨ ਵਾਲੇ ਵੀ ਸਨ ਅਤੇ ਉਨ੍ਹਾਂ ਕਾਰਨ ਜੈੱਨ-ਜ਼ੀ ਅਤੇ ਜੈੱਨ-ਅਲਫ਼ਾ ਦਾ ਨਾਂਹਪੱਖੀ ਡਰਾਉਣਾ ਅਕਸ ਵੀ ਬਣਿਆ ਹੈ। ਬਦਕਿਸਮਤੀ ਨਾਲ ਸਾਡੀ ਰਾਜਨੀਤੀ ’ਚ ਨੇਤਾਵਾਂ ਨੇ ਨਵੀਂ ਪੀੜ੍ਹੀ ਦੇ ਉਸਾਰੂ ਰਚਨਾਤਮਕ ਮਾਰਗਦਰਸ਼ਨ ਦੀ ਥਾਂ ਸੌੜੇ ਸਿਆਸੀ ਸੁਆਰਥ ਲਈ ਮਾਹੌਲ ਨੂੰ ਹੋਰ ਦੂਸ਼ਿਤ ਕੀਤਾ ਹੈ।
ਇਸ ਪਿਛੋਕੜ ’ਚ ਡਾ. ਭਾਗਵਤ ਦੀ ਗੱਲਬਾਤ ਨਾਲ ਪੂਰੇ ਦੇਸ਼ ’ਚ ਸਮਾਨਾਂਤਰ ਰਾਹਤ ਦੇਣ ਵਾਲਾ, ਉਸਾਰੂ, ਭਰੋਸੇਯੋਗ ਸੁਨੇਹਾ ਗਿਆ ਹੈ। ਭਾਗਵਤ ਦੀਆਂ ਕੁਝ ਪੰਗਤੀਆਂ ਨੂੰ ਪਹਿਲਾਂ ਦੇਖੋ—ਜੈੱਨ-ਜ਼ੀ ਅੰਦੋਲਨ ਕਰ ਰਹੀ ਹੈ, ਤਾਂ ਇਸ ਦਾ ਅਰਥ ਇਹ ਨਹੀਂ ਕਿ ਉਹ ਰਾਸ਼ਟਰ ਵਿਰੋਧੀ ਹੈ। ਨਵੀਂ ਪੀੜ੍ਹੀ ਆਪਣੇ ਹੀ ਸਮਾਜ ਅਤੇ ਰਾਸ਼ਟਰ ਦਾ ਹਿੱਸਾ ਹੈ, ਉਨ੍ਹਾਂ ਨੂੰ ਆਪਣਾ ਮੰਨ ਕੇ ਸਮਝਣ ਦੀ ਲੋੜ ਹੈ। ਸਾਰਥਕ ਗੱਲਬਾਤ ਲਈ ਅਪਣੱਤ ਦਾ ਸਬੰਧ ਹੋਣਾ ਚਾਹੀਦਾ ਹੈ। ਜਦੋਂ ਗੱਲਬਾਤ ਅਪਣੱਤ ਨਾਲ ਹੁੰਦੀ ਹੈ, ਉਦੋਂ ਹੀ ਇਕ-ਦੂਜੇ ਦੀ ਗੱਲ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ।
ਅਨੇਕਾਂ ਸਮੱਸਿਆਵਾਂ ਨੂੰ ਲੈ ਕੇ ਨੌਜਵਾਨਾਂ ਦੇ ਇਕ ਵਰਗ ’ਚ ਜੇਕਰ ਅਸੰਤੋਸ਼ ਹੈ ਤਾਂ ਉਨ੍ਹਾਂ ਨੂੰ ਭਰੋਸੇ ’ਚ ਲੈ ਕੇ ਅਪਣੇਪਣ ਦੀ ਭਾਵਨਾ ਨਾਲ ਗੱਲਬਾਤ ਜ਼ਰੂਰੀ ਹੈ। ਸਿਆਸੀ ਪਾਰਟੀਆਂ, ਐੱਨ. ਜੀ. ਓ., ਐਕਟੀਵਿਸਟ ਉਨ੍ਹਾਂ ਨੂੰ ਭੜਕਾਉਂਦੇ ਹਨ, ਉਤੇਜਿਤ ਕਰਦੇ ਹਨ। ਦੇਸ਼ ਦੀ ਚਿੰਤਾ ਕਰਨ ਵਾਲਾ ਕੋਈ ਵੀ ਉਹੀ ਕਰੇਗਾ ਜੋ ਡਾ. ਭਾਗਵਤ ਨੇ ਕੀਤਾ।
ਭਾਗਵਤ ਜੀ ਆਪਣੇ ਚਰਿੱਤਰ ਦੇ ਤਜਰਬੇ ਤੋਂ ਸਪੱਸ਼ਟ ਤਰੀਕੇ ਨਾਲ ਨੌਜਵਾਨਾਂ ਦੇ ਅੰਦਰ ਸਹੀ ਸਮਝ ਵਿਕਸਤ ਕਰਨ ਦੇ ਨਜ਼ਰੀਏ ਤੋਂ ਹੀ ਸਾਰੇ ਉੱਤਰ ਦੇ ਰਹੇ ਸਨ। ਕੁਝ ਉਦਾਹਰਣਾਂ ਦੇਖੋ। ਨੇਤਾ ਜਾਂ ਲੀਡਰਸ਼ਿਪ ਉਹ ਨਹੀਂ ਜੋ ਸਿਰਫ ਖੜ੍ਹੇ ਹੋ ਕੇ ਭਾਸ਼ਣ ਦਿੰਦੀ ਹੈ। ਸੱਚੀ ਲੀਡਰਸ਼ਿਪ ਅੰਦਰੋਂ ਸ਼ੁਰੂ ਹੁੰਦੀ ਹੈ, ਲੀਡਰਸ਼ਿਪ ਦਾ ਉਦੇਸ਼ ਸਿਰਫ ਪੈਰੋਕਾਰ ਬਣਾਉਣਾ ਨਹੀਂ, ਸਗੋਂ ਨਵੇਂ ਨੇਤਾਵਾਂ ਦਾ ਨਿਰਮਾਣ ਕਰਨਾ ਹੈ ਭਾਵੇਂ ਉਸ ਨੂੰ ਲੋਕ ਨਾ ਜਾਣਨ।
ਇਸੇ ਤਰ੍ਹਾਂ ਸਿੱਖਿਆ ਦਾ ਉਦੇਸ਼ ਭਵਿੱਖ ਦੀ ਨਵੀਂ ਪੀੜ੍ਹੀ ਨੂੰ ਤਿਆਰ ਕਰਨਾ ਹੈ, ਇਹ ਕਿੱਤਾ ਨਹੀਂ। ਹਿੰਸਕ ਵਿਅਕਤੀ ਕਦੇ ਵੀ ਨੌਜਵਾਨਾਂ ਦਾ ਰੋਲ ਮਾਡਲ ਨਹੀਂ ਹੋਣਾ ਚਾਹੀਦਾ। ਰੁਜ਼ਗਾਰ ਦਾ ਅਰਥ ਸਿਰਫ ਨੌਕਰੀ ਨਹੀਂ। ਉੱਦਮਤਾ ਅਤੇ ਹੁਨਰ ਰੁਜ਼ਗਾਰ ਦੇ ਮਹੱਤਵਪੂਰਨ ਪਾਸਾਰ ਹਨ।
ਜੇਕਰ ਧਿਆਨ ਨਾਲ ਪੂਰੀ ਗੱਲਬਾਤ ਦੇ ਪ੍ਰੋਗਰਾਮ ਨੂੰ ਦੇਖੋਗੇ ਤਾਂ ਸਿੱਟਾ ਨਿਕਲੇਗਾ ਕਿ ਹਾਜ਼ਰ ਨੌਜਵਾਨ-ਮੁਟਿਆਰਾਂ ਵੀ ਪੂਰੀ ਤਰ੍ਹਾਂ ਇਨਵਾਲਵ ਸਨ। ਇਸ ਦਾ ਅਰਥ ਇਹ ਹੋਇਆ ਕਿ ਬਹੁਗਿਣਤੀ ਜੈੱਨ-ਜ਼ੀ ਉਸਾਰੂ ਤਰੀਕੇ ਨਾਲ ਸੋਚਦੇ ਹੋਏ ਆਪਣੀ ਉੱਨਤੀ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਸੱਚ ਨੂੰ ਢੁੱਕਵੇਂ ਸਮੇਂ ’ਤੇ ਸਾਹਮਣੇ ਲਿਆਉਣ ਲਈ ਡਾ. ਭਾਗਵਤ ਦਾ ਸਵਾਗਤ ਹੋਣਾ ਚਾਹੀਦਾ ਹੈ। ਤਣਾਅ ਅਤੇ ਭਰਮਾਂ ਦੇ ਦੌਰ ’ਚ ਇਸ ਸੋਸ਼ਲ ਮੀਡੀਆ ਨਾਲ ਜੁੜੇ ਇਕ ਸਵਾਲ ਦੇ ਜਵਾਬ ’ਚ ਭਾਗਵਤ ਕਹਿੰਦੇ ਹਨ ਕਿ ਸੀਨੀਅਰ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਕਿ ਨਵੀਂ ਪੀੜ੍ਹੀ ਦਾ ਮਾਰਗਦਰਸ਼ਨ ਕਰੇ ਅਤੇ ਉਨ੍ਹਾਂ ਨੂੰ ਸਹੀ ਅਤੇ ਗ਼ਲਤ ’ਚ ਫ਼ਰਕ ਸਮਝਾਏ।
ਭਾਵ ਸੀਨੀਅਰ ਲੋਕਾਂ ਦਾ ਫਰਜ਼ ਹੈ ਕਿ ਸੋਸ਼ਲ ਮੀਡੀਆ ’ਤੇ ਜੇਕਰ ਕੁਝ ਗੁੰਮਰਾਹਕੁੰਨ ਪ੍ਰਚਾਰ ਹੈ, ਜਿਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ ਤਾਂ ਜਿੱਥੇ ਤੱਕ ਉਨ੍ਹਾਂ ਦੀ ਪਹੁੰਚ ਹੈ, ਉਸ ਦਾ ਖੰਡਨ ਕਰਦਿਆਂ ਸਾਹਮਣੇ ਆਉਣਾ ਚਾਹੀਦਾ ਹੈ।
ਜੈੱਨ-ਜ਼ੀ ’ਚ ਇਹ ਸਮਝ ਵਿਕਸਤ ਹੋਣੀ ਚਾਹੀਦੀ ਹੈ ਕਿ ਕੀ ਸਹੀ ਹੈ ਅਤੇ ਕੀ ਸਹੀ ਨਹੀਂ ਹੈ। ਸੋਸ਼ਲ ਮੀਡੀਆ ’ਤੇ ਉਸਾਰੂ, ਉਪਯੋਗੀ ਸਮੱਗਰੀ ਸਾਂਝੀ ਕਰਨ ਤੋਂ ਲੈ ਕੇ ਸਿਰਫ ਪ੍ਰਮਾਣਿਕ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ’ਤੇ ਹੀ ਭਰੋਸਾ ਕਰਨ ਦੀ ਅਪੀਲ ਕਰ ਕੇ ਭਾਗਵਤ ਨੇ ਨੌਜਵਾਨਾਂ ਨੂੰ ਸੁਚੇਤ ਕੀਤਾ ਹੈ।
ਜ਼ਰਾ ਸੋਚੋ, ਅਜੇ ਤੱਕ ਕਿਸੇ ਦੂਜੇ ਸੰਗਠਨ ਦੇ ਨੇਤਾ ਨੇ ਭਾਰਤ ਦੇ ਇੰਨੇ ਵੱਡੇ ਨੌਜਵਾਨ ਸਮੂਹ ਨਾਲ ਕੀ ਇਸ ਤਰ੍ਹਾਂ ਦੇ ਗੱਲਬਾਤ ਦੀ ਕਲਪਨਾ ਵੀ ਕੀਤੀ ਹੈ? ਇਸ ਤਰ੍ਹਾਂ ਦੀ ਗੱਲਬਾਤ ਨਾਲ ਮਾਹੌਲ ਬਦਲਣ ਦੀ ਸ਼ੁਰੂਆਤ ਹੁੰਦੀ ਹੈ। ਜੋ ਲੋਕ ਮੰਨ ਰਹੇ ਸਨ ਕਿ ਨਵੀਂ ਪੀੜ੍ਹੀ ਨੂੰ ਸੋਸ਼ਲ ਮੀਡੀਆ ਰਾਹੀਂ ਭੁਲੇਖੇ ’ਚ ਪਾ ਕੇ, ਭੜਕਾ ਕੇ ਅਸੰਤੋਸ਼ ਪੈਦਾ ਕਰ ਕੇ ਹਿੰਸਕ ਅਰਾਜਕਤਾ ’ਚ ਧੱਕ ਸਕਦੇ ਹਨ, ਉਨ੍ਹਾਂ ਨੂੰ ਇਸ ਨਾਲ ਝਟਕਾ ਲੱਗਾ ਹੋਵੇਗਾ।
—ਅਵਧੇਸ਼ ਕੁਮਾਰ
ਸ਼ੇਖ ਹਸੀਨਾ ਦੀ ਪ੍ਰਸਤਾਵਿਤ ਬੰਗਲਾਦੇਸ਼ ਵਾਪਸੀ ਅਹਿਮ
NEXT STORY