ਅਗਸਤ 1947 ਦੀ ਗਰਮ ਦੁਪਹਿਰ ਵਿਚ ਪੰਜਾਬ ਸੜ ਰਿਹਾ ਸੀ - ਸਿੱਧੇ ਅਤੇ ਪ੍ਰਤੀਕਾਤਮਕ ਤੌਰ ’ਤੇ ਵੀ। ਆਜ਼ਾਦੀ ਦੀ ਸਵੇਰ ਦਾ ਜਸ਼ਨ ਦਾ ਇਕ ਪਲ ਪੰਜਾਬ ਵਿਚ ਅੱਗ ਅਤੇ ਖੂਨ-ਖਰਾਬੇ ਦੀ ਸਥਿਤੀ ਵਿਚ ਬਦਲ ਗਿਆ। ਨਵੀਂ ਸਰਹੱਦ ਦੇ ਆਰ-ਪਾਰ ਵਸੇ ਪਿੰਡ ਸ਼ਾਮ ਦੇ ਧੁੰਧਲਕੇ ਵਿਚ ਸੜ ਰਹੇ ਸਨ। ਟੁੱਟੇ ਹੋਏ ਪਰਿਵਾਰਾਂ ਦੇ ਕਾਫ਼ਲੇ ਦੂਰ-ਦੂਰ ਤੱਕ ਦਿਸਹੱਦੇ ਵੱਲ ਰਵਾਨਾ ਹੋ ਰਹੇ ਸਨ; ਥੱਕੇ-ਥੱਕੇ ਆਦਮੀ, ਔਰਤਾਂ ਅਤੇ ਬੱਚੇ ਧੂੜ ਭਰੀਆਂ ਸੜਕਾਂ ’ਤੇ ਦੂਰ-ਦੂਰ ਤੱਕ ਫੈਲੇ ਪੈਰਾਂ ਦੇ ਨਿਸ਼ਾਨ ਛੱਡਦੇ ਚੱਲੇ ਜਾ ਰਹੇ ਸਨ, ਪਿੱਛੇ ਸਿਰਫ ਆਪਣੇ ਘਰ -ਦਵਾਰ ਹੀ ਨਹੀਂ, ਆਪਣੀ ਜ਼ਿੰਦਗੀ ਤਕ ਛੱਡ ਕੇ ਜਾ ਰਹੇ ਸਨ।
ਸ਼ਰਨਾਰਥੀਆਂ ਦੀ ਭੀੜ ਨਾਲ ਭਰੀਆਂ ਰੇਲਗੱਡੀਆਂ ਲਾਹੌਰ ਅਤੇ ਅੰਮ੍ਰਿਤਸਰ ਵਰਗੇ ਸਟੇਸ਼ਨਾਂ ਤੋਂ ਇਕ ਤੋਂ ਬਾਅਦ ਇਕ ਰਵਾਨਾ ਹੋਈਆਂ ਪਰ ਬਹੁਤ ਸਾਰੀਆਂ ਰੇਲਗੱਡੀਆਂ ਕਦੇ ਵੀ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚ ਸਕੀਆਂ ਹਰ ਰੇਲਗੱਡੀ ਲੰਘਣ ਤੋਂ ਬਾਅਦ ਕੁਝ ਸਮੇਂ ਲਈ ਸੰਨਾਟਾ ਪੱਸਰ ਜਾਂਦਾ ਸੀ, ਜਿਸ ਨੂੰ ਸਿਰਫ ਦੂਰ ਕਿਤੇ ਅੱਗ ਦੀਆਂ ਲਪਟਾਂ ਅਤੇ ਭਟਕੀਆਂ ਹੋਈਆਂ ਚੀਕਾਂ ਦੀ ਗੂੰਜ ਹੀ ਭੰਗ ਕਰਦੀ ਸੀ।
ਇਹ ਭਾਰਤ ਦੀ ਵੰਡ ਸੀ: ਆਜ਼ਾਦੀ ਦੇ ਨਾਲ ਆਈ ਅਰਾਜਕਤਾ, ਉਜਾੜਾ ਅਤੇ ਹਿੰਸਾ ਦਾ ਅਜਿਹਾ ਮੰਜ਼ਰ, ਜੋ ਸੰਸਾਰ ਨੇ ਇਸ ਤੋਂ ਪਹਿਲਾਂ ਨਹੀਂ ਦੇਖਾ ਸੀ। ਇਹ ਆਜ਼ਾਦੀ ਦਾ ਉਹ ਪਲ ਸੀ ਜਿਸ ਵਿਚ ਇਕ ਪਾਸੇ ਸੂਰਜ ਚੜ੍ਹਿਆ ਅਤੇ ਦੂਜੇ ਪਾਸੇ ਮਨੁੱਖਤਾ ਦੀ ਸਭ ਤੋਂ ਹਨੇਰੀ ਰਾਤ ਵੀ ਆਈ। ਅਸੀਂ ਇਸ ਪਲ ਨੂੰ ਨਹੀਂ ਭੁੱਲ ਸਕਦੇ - ਜ਼ਖ਼ਮਾਂ ਨੂੰ ਕੁਰੇਦਨ ਲਈ ਨਹੀਂ, ਸਗੋਂ ਉਨ੍ਹਾਂ ਨੂੰ ਯਾਦ ਕਰਨ ਅਤੇ ਰਾਸ਼ਟਰ ਨੂੰ ਮੱਲ੍ਹਮ ਲਗਾਉਣ ਲਈ ਅਤੇ ਇਹ ਸਿੱਖਣ ਲਈ ਕਿ ਅਜਿਹੀ ਤ੍ਰਾਸਦੀ ਦੁਬਾਰਾ ਨਾ ਦੁਹਰਾਈ ਜਾਵੇ।
ਪੰਜਾਬ ਅਤੇ ਬੰਗਾਲ ਨੇ ਵੰਡ ਦੇ ਸਭ ਤੋਂ ਗੰਭੀਰ ਝਟਕੇ ਝੱਲੇ। ਇਨ੍ਹਾਂ ਦੀ ਭੂਗੋਲਿਕ ਸਥਿਤੀ ਹੀ ਅਜਿਹੀ ਸੀ। ਰੈਡਕਲਿਫ ਲਾਈਨ ਨੇ ਪੰਜਾਬ ਅਤੇ ਬੰਗਾਲ ਦੀ ਛਾਤੀ ’ਤੇ ਝਟਕੇ ਨਾਲ ਇਕ ਲਾਈਨ ਖਿੱਚ ਦਿੱਤੀ, ਜੋ ਖੇਤਾਂ ਅਤੇ ਦਰਿਆਵਾਂ ਵਿਚੋਂ ਲੰਘਦੀ ਸੀ, ਰੇਲਵੇ ਪਟੜੀਆਂ ਅਤੇ ਗ੍ਰੈਂਡ ਟਰੰਕ ਰੋਡ ਨੂੰ ਦੋ ਹਿੱਸਿਆਂ ਵਿਚ ਕੱਟਦੀ ਸੀ।
ਪੰਜਾਬ ਅਤੇ ਬੰਗਾਲ ਦੇ ਲੋਕ - ਸਿੱਖ, ਹਿੰਦੂ, ਮੁਸਲਮਾਨ - ਜੋ ਸਦੀਆਂ ਤੋਂ ਇਕੱਠੇ ਰਹਿ ਰਹੇ ਸਨ, ਅਚਾਨਕ ਦੋ ਹਿੱਸਿਆਂ ਵਿਚ ਵੰਡੇ ਗਏ। ਇਹੀ ਵੰਡ ਦਾ ਕੇਂਦਰ ਸੀ, ਇਥੋਂ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਹਿਜ਼ਰਤ ਲਹਿਰਾਂ ਉੱਠੀਆਂ। ਕਰੋੜਾਂ ਹਿੰਦੂਆਂ ਅਤੇ ਸਿੱਖਾਂ ਨੂੰ ਪੱਛਮੀ ਪੰਜਾਬ ਅਤੇ ਪੂਰਬੀ ਬੰਗਾਲ ਛੱਡ ਕੇ ਭਾਰਤ ਆਉਣਾ ਪਿਆ, ਹਰ ਸੜਕ ਅਤੇ ਰੇਲਮਾਰਗ ਡਰੇ ਹੋਏ ਲੋਕਾਂ ਦੀ ਭੀੜ ਨਾਲ ਭਰ ਗਿਆ। ਲੋਕ ਉਲਟ ਦਿਸ਼ਾਵਾਂ ਵੱਲ ਜਾ ਰਹੇ ਸਨ। ਇਸ ਮਨੁੱਖੀ ਹੜ੍ਹ ਹੇਠ ਪ੍ਰਸ਼ਾਸਨਿਕ ਢਾਂਚਾ ਢਹਿ ਗਿਆ। ਬ੍ਰਿਟਿਸ਼ ਸਰਕਾਰ ਕਾਹਲੀ ਵਿਚ ਭਾਰਤ ਛੱਡ ਰਹੀ ਸੀ, ਇਸ ਲਈ ਕਾਨੂੰਨ ਵਿਵਸਥਾ ਦੀ ਸਥਿਤੀ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਸੀ।
ਸ਼ਾਂਤੀ ਬਣਾਈ ਰੱਖਣ ਲਈ ਤਾਇਨਾਤ ਫੋਰਸਾਂ ਨਾਕਾਫ਼ੀ ਸਨ ਅਤੇ ਸਥਿਤੀ ਕੁਝ ਹੀ ਸਮੇਂ ਵਿਚ ਕਾਬੂ ਤੋਂ ਬਾਹਰ ਹੋ ਗਈ। ਜਿਨ੍ਹਾਂ ਇਲਾਕਿਆਂ ਵਿਚ ਵੰਡ ਰੇਖਾ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚੋਂ ਲੰਘਦੀ ਸੀ, ਉੱਥੇ ਸਥਿਤੀ ਪੂਰੀ ਤਰ੍ਹਾਂ ਅਰਾਜਕ ਹੋ ਗਈ : ਸਦੀਆਂ ਦੇ ਗੁਆਂਢੀ ਇਕ ਪਲ ਵਿਚ ਇਕ ਦੂਜੇ ਦੇ ਵਿਰੁੱਧ ਖੜ੍ਹੇ ਹੋ ਗਏ ਅਤੇ ਨਫ਼ਰਤ ਦਾ ਅਜਿਹਾ ਤੂਫ਼ਾਨ ਉੱਠਿਆ ਕਿ ਇਸਨੂੰ ਰੋਕਣ ਲਈ ਜ਼ਮੀਨ ’ਤੇ ਕੋਈ ਪ੍ਰਸ਼ਾਸਨ ਨਾਂ ਦੀ ਚੀਜ਼ ਨਹੀਂ ਸੀ।
ਪੰਜਾਬ ਵਿਚ ਹੋਏ ਕਤਲੇਆਮ ਦੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਰਾਵਲਪਿੰਡੀ, ਲਾਹੌਰ, ਅੰਮ੍ਰਿਤਸਰ, ਸ਼ੇਖੂਪੁਰਾ ਵਰਗੇ ਸ਼ਹਿਰਾਂ ਵਿਚ ਕਤਲੇਆਮ, ਅੱਗਜ਼ਨੀ, ਬਦਲੇ ਦੀਆਂ ਹੱਤਿਆਵਾਂ ਆਪਣੇ ਸਿਖਰ ’ਤੇ ਸਨ। ਰੇਲਗੱਡੀਆਂ ਜੋ ਪਹਿਲਾਂ ਆਧੁਨਿਕਤਾ ਦਾ ਪ੍ਰਤੀਕ ਹੁੰਦੀਆਂ ਸਨ, ਭਿਆਨਕ ਮੌਤ ਦੀਆਂ ਵਾਹਕ ਬਣ ਗਈਆਂ। ਬਹੁਤ ਸਾਰੀਆਂ ਰੇਲਗੱਡੀਆਂ ਆਪਣੀ ਮੰਜ਼ਿਲ ’ਤੇ ਸਿਰਫ ਲਾਸ਼ਾਂ ਨਾਲ ਭਰੇ ਡੱਬੇ ਅਤੇ ਲਹੂ-ਲੁਹਾਣ ਫਰਸ਼ ਲੈ ਕੇ ਪਹੁੰਚੀਆਂ, ਜਿਨ੍ਹਾਂ ਨੂੰ ਘਬਰਾਹਟ ਵਿਚ ਲੋਕ ‘‘ਖੂਨ ਨਾਲ ਲੱਥਪੱਥ ਰੇਲਗੱਡੀਆਂ’’ ਜਾਂ ‘‘ਭੂਤ ਰੇਲਗੱਡੀਆਂ’’ ਕਹਿਣ ਲੱਗ ਪਏ। ਪੰਜਾਬ ਤੋਂ ਦਿੱਲੀ ਪਹੁੰਚੇ ਇਕ ਸ਼ਰਨਾਰਥੀ ਨੇ ਯਾਦ ਕਰਦੇ ਹੋਏ ਦੱਸਿਆ ਕਿ ਕਿ ਪਾਕਿਸਤਾਨ ਤੋਂ ਆ ਰਹੀ ਇਕ ਰੇਲਗੱਡੀ ‘‘ਕੱਟੀਆਂ ਹੋਈਆਂ ਲਾਸ਼ਾਂ ਨਾਲ ਭਰੀ ਹੋਈ ਸੀ... ਹਰ ਪਾਸੇ ਖੂਨ ਹੀ ਖੂਨ ਸੀ’’।
ਕਈ ਥਾਵਾਂ ’ਤੇ ਪੈਦਲ ਭੱਜ ਰਹੇ ਕਾਫ਼ਲਿਆਂ ’ਤੇ ਹਮਲਾ ਕੀਤਾ ਗਿਆ; ਦੇਖਦੇ ਹੀ ਦੇਖਦੇ ਪਰੇ ਦੇ ਪੂਰੇ ਪਿੰਡ ਅੱਗ ’ਚ ਝੋਕ ਦਿੱਤੇ ਗਏ। ਇਸ ਵਹਿਸ਼ੀਪੁਣੇ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ : ਅੰਦਾਜ਼ਨ 75,000 ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਜਾਂ ਅਗਵਾ ਕੀਤਾ ਗਿਆ ਅਤੇ ਅਣਗਿਣਤ ਮਾਮਲਿਆਂ ਵਿਚ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੇ ਸਾਹਮਣੇ ਮਾਰ ਦਿੱਤਾ ਗਿਆ; ਤਲਵਾਰ ਦੇ ਇਕ ਵਾਰ ਨਾਲ ਉਨ੍ਹਾਂ ਤੋਂ ਬੱਚਿਆਂ ਨੂੰ ਖੋਹ ਲਿਆ ਗਿਆ।
ਜ਼ਿਆਦਾਤਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਖੂਨੀ ਵੰਡ ਵਿਚ ਲਗਭਗ 10 ਲੱਖ ਮਾਸੂਮ ਲੋਕ ਮਾਰੇ ਗਏ ਸਨ ਪਰ ਹਾਰਵਰਡ ਯੂਨੀਵਰਸਿਟੀ ਦੀ ਹਾਲੀਆ ਖੋਜ ਸੁਝਾਅ ਦਿੰਦੀ ਹੈ ਕਿ ਇਹ ਗਿਣਤੀ 20 ਲੱਖ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ। 1947 ਦੀ ਵੰਡ 20ਵੀਂ ਸਦੀ ਦੇ ਸਭ ਤੋਂ ਵੱਡੇ ਸ਼ਰਨਾਰਥੀ ਸੰਕਟ ਵਜੋਂ ਉਭਰੀ, ਜਿਸ ਵਿਚ ਕੁਝ ਹਫ਼ਤਿਆਂ ਦੇ ਅੰਦਰ ਲਗਭਗ 1.2 ਕਰੋੜ ਤੋਂ 2 ਕਰੋੜ ਲੋਕ ਬੇਘਰ ਹੋ ਗਏ -ਭਾਵ ਉਸ ਸਮੇਂ ਦੁਨੀਆ ਦੀ ਆਬਾਦੀ ਦਾ ਪੂਰਾ 1 ਫੀਸਦੀ ਆਪਣੇ ਹੀ ਦੇਸ਼ ਵਿਚ ਬੇਗਾਨਾ ਬਣ ਗਿਆ। ਇਹ ਅੰਕੜੇ ਸਿਰਫ਼ ਗਿਣਤੀ ਨਹੀਂ ਹਨ; ਇਹ ਭਾਰਤ ਦੀ ਧਰਤੀ ’ਤੇ ਕੇਂਦਰਿਤ ਇਕ ਮਨੁੱਖੀ ਦੁਖਾਂਤ ਦੇ ਗਵਾਹ ਹਨ, ਜਿਸ ਦੀ ਦੁਨੀਆ ਵਿਚ ਕਿਤੇ ਵੀ ਕੋਈ ਤੁਲਨਾ ਨਹੀਂ ਹੈ।
ਤਰੁਣ ਚੁੱਘ (ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)
ਸ਼ਹਿਰੀ ਵਿਕਾਸ ਅਤੇ ਨਵੀਨੀਕਰਨ ਦੀ ਤੁਰੰਤ ਲੋੜ
NEXT STORY