ਡਾ. ਵੇਦਪ੍ਰਤਾਪ ਵੈਦਿਕ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੱਲ ਅਜਿਹੀ ਗੱਲ ਕਹਿ ਦਿੱਤੀ ਹੈ, ਜਿਸ ਨੂੰ ਕਹਿਣ ਦੀ ਹਿੰਮਤ ਅੱਜ ਤੱਕ ਪਾਕਿਸਤਾਨ ਦਾ ਕੋਈ ਫੌਜੀ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵੀ ਨਹੀਂ ਕਰ ਸਕਿਆ। ਅੱਜਕਲ ਪਾਕਿਸਤਾਨੀ ਕਬਜ਼ੇ ਦੇ ਕਸ਼ਮੀਰ ’ਚ ਆਮ ਚੋਣਾਂ ਚੱਲ ਰਹੀਆਂ ਹਨ। ਇਕ ਚੋਣ ਰੈਲੀ ’ਚ ਭਾਸ਼ਣ ਦਿੰਦਿਆਂ ਇਮਰਾਨ ਨੇ ਕਹਿ ਦਿੱਤਾ ਕਿ ਪਾਕਿਸਤਾਨ ਸਰਕਾਰ ਉਸ ਦੇ ਕਸ਼ਮੀਰ ਦੀ ਜਨਤਾ ਨੂੰ ਸਵੈ-ਨਿਰਣੇ ਦਾ ਅਜਿਹਾ ਬਦਲ ਦੇਵੇਗੀ, ਜਿਸ ਅਧੀਨ ਉਹ ਚਾਹੇ ਤਾਂ ਪਾਕਿਸਤਾਨ ’ਚ ਮਿਲ ਸਕਦਾ ਹੈ ਜਾਂ ਉਹ ਸੁਤੰਤਰ ਰਾਸ਼ਟਰ ਵੀ ਬਣ ਸਕਦਾ ਹੈ।
ਇਹ ਸੁਤੰਤਰ ਰਾਸ਼ਟਰ ਦਾ ਬਦਲ ਇਕ ਬੰਬ ਧਮਾਕੇ ਵਾਂਗ ਹੈ। ਪਾਕਿਸਤਾਨ ਦੇ ਸਾਰੇ ਵਿਰੋਧੀ ਨੇਤਾ ਇਮਰਾਨ ’ਤੇ ਟੁੱਟ ਪਏ ਹਨ। ਇਮਰਾਨ ਨੇ ਇਹ ਗੱਲ ਸ਼ਾਇਦ ਇਸ ਲਈ ਕਹਿ ਦਿੱਤੀ ਕਿ ਉਨ੍ਹਾਂ ’ਤੇ ਦੋਸ਼ ਲਗਾਇਆ ਜਾ ਰਿਹਾ ਸੀ ਕਿ ਉਹ ‘ਆਜ਼ਾਦ ਕਸ਼ਮੀਰ’ ਨੂੰ ਪਾਕਿਸਤਾਨ ਦਾ 5ਵਾਂ ਸੂਬਾ ਬਣਾਉਣਾ ਚਾਹੁੰਦੇ ਹਨ। ਅਜਿਹੇ ਪ੍ਰਚਾਰ ਨਾਲ ਕਸ਼ਮੀਰ ’ਚ ਉਨ੍ਹਾਂ ਦੀ ਪਾਰਟੀ ਦੀਆਂ ਵੋਟਾਂ ਕੱਟਣ ਦੀਆਂ ਅਫਵਾਹਾਂ ਫੈਲਣ ਲੱਗੀਆਂ ਸਨ ਪਰ ਇਮਰਾਨ ਦੀ ਇਹ ਗੱਲ ਅਜਿਹੀ ਹੈ ਜਿਸ ਦਾ ਖੰਡਨ ਲਿਆਕਤ ਅਲੀ ਖਾਨ ਤੋਂ ਲੈ ਕੇ ਨਵਾਜ਼ ਸ਼ਰੀਫ ਤੱਕ ਸਾਰੇ ਪ੍ਰਧਾਨ ਮੰਤਰੀ ਅਤੇ ਅਯੂਬ ਖਾਨ, ਯਾਹੀਆ ਖਾਨ, ਜ਼ਿਆ-ਉਲ-ਹੱਕ ਅਤੇ ਮੁਸ਼ੱਰਫ ਤੱਕ ਸਾਰੇ ਫੌਜੀ ਰਾਸ਼ਟਰਪਤੀ ਵੀ ਕਰਦੇ ਰਹੇ ਹਨ।
ਇਸਲਾਮਾਬਾਦ ’ਚ ਜਦੋਂ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨਾਲ ਮੈਂ ਪਹਿਲੀ ਵਾਰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਪਹਿਲਾਂ ਆਪਣੇ ਕਸ਼ਮੀਰ ’ਚ ਪਲੇਬਿਸਿਟ (ਸਵੈ-ਨਿਰਣਾ) ਕਰਵਾਓ। ਮੈਂ ਉਨ੍ਹਾਂ ਕੋਲੋਂ ਪੁੱਛਿਆ ਕਿ ਕੀ ਤੁਸੀਂ ਸੁਰੱਖਿਆ ਪ੍ਰੀਸ਼ਦ ਦਾ 1948 ਦਾ ਮਤਾ ਪੜ੍ਹਿਆ ਨਹੀਂ ਹੈ? ਕਿਰਪਾ ਪਲੇਬਿਸਿਟ ਦੀ ਪਹਿਲੀ ਸ਼ਰਤ ਪੜ੍ਹੋ। ਉਸ ਦੇ ਸ਼ੁਰੂ ’ਚ ਹੀ ਕਿਹਾ ਗਿਆ ਹੈ ਕਿ ਤੁਹਾਡੇ ਕਬਜ਼ਾ ਕੀਤੇ ਕਸ਼ਮੀਰ ’ਚੋਂ ਇਕ-ਇਕ ਸਿਪਾਹੀ ਅਤੇ ਇਕ-ਇਕ ਕਰਮਚਾਰੀ ਨੂੰ ਉੱਥੋਂ ਹਟਾਈਏ। ਉਸ ਦੇ ਬਾਅਦ ਹੀ ਦੋਵਾਂ ਕਸ਼ਮੀਰਾਂ ’ਚ ਰਾਏਸ਼ੁਮਾਰੀ ਹੋ ਸਕਦੀ ਹੈ।
ਮੈਂ ਉਨ੍ਹਾਂ ਕੋਲੋਂ ਪੁੱਛਿਆ ਕਿ ਰਾਏਸ਼ੁਮਾਰੀ ’ਚ ਕੀ ਉਹ ਤੀਸਰੇ ਬਦਲ ਨਾਲ ਸਹਿਮਤ ਹਨ ਭਾਵ ਕਸ਼ਮੀਰ ਦੀ ਆਜ਼ਾਦੀ ਦਾ ਬਦਲ ਤੁਹਾਨੂੰ ਪ੍ਰਵਾਨ ਹੈ। ਉਨ੍ਹਾਂ ਨੇ ਕਿਹਾ ‘ਬਿਲਕੁਲ ਨਹੀਂ’ ਪਰ ਰਾਵਲਪਿੰਡੀ ’ਚ ਮੈਨੂੰ ਮਿਲੇ ਕਸ਼ਮੀਰੀ ਨੇਤਾਵਾਂ ਨੇ ਕਿਹਾ ਸੀ ਕਿ ਅਸੀਂ ਤੀਸਰਾ ਬਦਲ ਵੀ ਚਾਹੁੰਦੇ ਹਾਂ ਭਾਵ ਭਾਰਤ ’ਚ ਜਾਂ ਪਾਕਿਸਤਾਨ ’ਚ ਮਿਲਣ ਦੇ ਇਲਾਵਾ ਸਾਨੂੰ ‘ਆਜ਼ਾਦ ਰਾਸ਼ਟਰ’ ਦਾ ਬਦਲ ਵੀ ਚਾਹੀਦਾ ਹੈ। ਬੇਨਜ਼ੀਰ ਨੇ ਪ੍ਰੇਸ਼ਾਨ ਹੋ ਕੇ ਮੈਨੂੰ ਕਿਹਾ ਕਿ ‘ਦਿ ਥਰਡ ਆਪਸ਼ਨ ਇਜ਼ ਰੂਲਡ ਆਊਟ’। ਤੁਹਾਡੀ-ਸਾਡੀ ਗੱਲਬਾਤ ‘ਆਫ ਦਿ ਰਿਕਾਰਡ’ ਰੱਖਣਾ। ਕਸ਼ਮੀਰੀ ਅੰਦੋਲਨਕਾਰੀਆਂ ਨੂੰ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੀਸਰੇ ਬਦਲ ’ਤੇ ਪਾਕਿਸਤਾਨੀ ਸਰਕਾਰ ਦੀ ਅਧਿਕਾਰਤ ਰਾਏ ਕੀ ਹੈ?
ਉਸ ਰਾਏ ਨੂੰ ਹੁਣ ਇਮਰਾਨ ਖਾਨ ਨੇ ਉਲਟ ਹੀ ਨਹੀਂ ਦਿੱਤਾ ਹੈ ਸਗੋਂ ਉਸ ਨੂੰ ਸਾਰਿਆਂ ਦੇ ਸਾਹਮਣੇ ਪ੍ਰਗਟ ਵੀ ਕਰ ਦਿੱਤਾ ਹੈ। ਹੋ ਸਕਦਾ ਹੈ ਕਿ ਇਸ ਦਾ ਫਾਇਦਾ ਉਹ ਕਸ਼ਮੀਰੀ ਚੋਣਾਂ ’ਚ ਲੈ ਜਾਣ ਪਰ ਪਾਕਿਸਤਾਨ ਦੀ ਫੌਜ ਅਤੇ ਜਨਤਾ ਤਾਂ ਉਸ ਨਾਲ ਕਿਸੇ ਵੀ ਤਰ੍ਹਾਂ ਸਹਿਮਤ ਨਹੀਂ ਹੋ ਸਕਦੀ। ਇਮਰਾਨ ਖਾਨ ਨੇ ਇਕ ਨਵੀਂ ਮੁਸੀਬਤ ਮੁੱਲ ਲੈ ਲਈ ਹੈ। ਉਹ ਪ੍ਰਧਾਨ ਮੰਤਰੀ ਤਾਂ ਬਣ ਗਏ ਹਨ ਪਰ ਉਨ੍ਹਾਂ ਦਾ ਖਿਡਾਰੀਪਨ ਜਿਉਂ ਦਾ ਤਿਉਂ ਕਾਇਮ ਹੈ।
ਉੱਤਰ ਪ੍ਰਦੇਸ਼ ਆਬਾਦੀ ਕੰਟਰੋਲ ਬਿੱਲ : ਚੋਣਾਂ ਲਈ ਜਾਂ ਅਸਲੀ ਲੋੜ
NEXT STORY