ਮਹਾਰਾਸ਼ਟਰ, ਹਰਿਆਣਾ, ਦਿੱਲੀ ’ਚ ਚੋਣ ਹਾਰ ਅਤੇ ਬਿਹਾਰ ਵਿਧਾਨ ਸਭਾ ਚੋਣਾਂ ’ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਦੇ ਅੰਦਰ ਜਥੇਬੰਦਕ ਸੁਧਾਰਾਂ ਦੀਆਂ ਮੰਗਾਂ ਬਹੁਤ ਜ਼ਿਆਦਾ ਮਜ਼ਬੂਤ ਹੋ ਗਈਆਂ ਹਨ। ਹਾਲ ਹੀ ’ਚ ਇਸ ਮੁੱਦੇ ਨੂੰ ਉਠਾਉਣ ਵਾਲੇ ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਹਨ। ਉਨ੍ਹਾਂ ਨੇ ਸੰਘ-ਭਾਜਪਾ ਦੀ ਜਥੇਬੰਦਕ ਤਾਕਤ ਦੀ ਤੁਲਨਾ ਕਾਂਗਰਸ ਦੀ ਜਥੇਬੰਦਕ ਕਮਜ਼ੋਰੀ ਨਾਲ ਕਰ ਕੇ ਕਾਂਗਰਸ ’ਚ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਨੇ ਹਾਲ ਹੀ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਪਾਰਟੀ ’ਚ ਹਲਚਲ ਮਚਾ ਦਿੱਤੀ, ਜਦੋਂ ਉਨ੍ਹਾਂ ਨੇ ਸੰਘ-ਭਾਜਪਾ ਦੀਆਂ ਜਥੇਬੰਦਕ ਸਮਰਥਾਵਾਂ ਅਤੇ ਵਿਕੇਂਦਰੀਕ੍ਰਿਤ ਸ਼ਕਤੀ ਢਾਂਚੇ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਆਪਣੇ ਤਰਕ ਨੂੰ ਇਕ ਪੁਰਾਣੀ ਤਸਵੀਰ ਨਾਲ ਹੋਰ ਮਜ਼ਬੂਤ ਕੀਤਾ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੁਰਸੀ ’ਤੇ ਬੈਠੇ ਐੱਲ. ਕੇ. ਅਡਵਾਨੀ ਦੇ ਸਾਹਮਣੇ ਜ਼ਮੀਨ ’ਤੇ ਬੈਠੇ ਦਿਸ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮੋਦੀ ਵਰਗੇ ਇਕ ਆਮ ਆਦਮੀ ਪਾਰਟੀ ਵਰਕਰ ਦਾ ਕੱਦ ਇੰਨੀ ਵੱਡੀ ਜਥੇਬੰਦਕ ਤਾਕਤ ਕਾਰਨ ਮੁੱਖ ਮੰਤਰੀ ਅਤੇ ਫਿਰ ਪ੍ਰਧਾਨ ਮੰਤਰੀ ਤੱਕ ਪਹੁੰਚਿਆ। ਸਿੰਘ ਨੇ ਸੀ. ਡਬਲਯੂ. ਸੀ. ਬੈਠਕ ’ਚ ਵੀ ਕਾਂਗਰਸ ਦੀ ਤੁਲਨਾ ’ਚ ਸੰਘ-ਭਾਜਪਾ ਦੀ ਬਿਹਤਰ ਜਥੇਬੰਦਕ ਤਾਕਤ ਬਾਰੇ ਆਪਣੀ ਗੱਲ ਦੁਹਰਾਈ। ਸਿੰਘ ਦੀਆਂ ਗੱਲਾਂ ਦਾ ਸਮਰਥਨ ਪਾਰਟੀ ਦੇ ਇਕ ਹੋਰ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਕੀਤਾ।
ਹਾਲਾਂਕਿ ਕਾਂਗਰਸ ਨੇ ਆਪਣੇ ਸੀਨੀਅਰ ਨੇਤਾ ਦਿਗਵਿਜੇ ਿਸੰਘ ਨਾਲ ਪੂਰੀ ਤਰ੍ਹਾਂ ਸਹਿਮਤੀ ਨਹੀਂ ਜਤਾਈ, ਜਦੋਂ ਉਨ੍ਹਾਂ ਨੇ ਕਾਂਗਰਸ ਦੇ ਅੰਦਰ ਜਥੇਬੰਦਕ ਸੁਧਾਰਾਂ ਦੀ ਮੰਗ ਲਈ ਸੰਘ ਦੀ ਉਦਾਹਰਣ ਦਿੱਤੀ। ਸਿੰਘ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ‘ਨਾਥੂਰਾਮ ਗੋਡਸੇ’ ਲਈ ਜਾਣੀ ਜਾਣ ਵਾਲੀ ਕੋਈ ਵੀ ਸੰਸਥਾ ਗਾਂਧੀ ਵਲੋਂ ਸਥਾਪਿਤ ਸੰਸਥਾ ਨੂੰ ਕੁਝ ਨਹੀਂ ਸਿਖਾ ਸਕਦੀ। ਕਾਂਗਰਸ ਸਥਾਪਨਾ ਦਿਵਸ ’ਤੇ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਤੱਖ ਤੌਰ ’ਤੇ ਦਿਗਵਿਜੇ ਸਿੰਘ ਵਰਗੇ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਅੱਜ ਸਥਾਪਨਾ ਦਿਵਸ ’ਤੇ ਮੈਂ ਇਕ ਗੱਲ ਸਾਫ ਕਰਨਾ ਚਾਹੁੰਦਾ ਹਾਂ ਕਿ ਜੋ ਲੋਕ ਕਹਿੰਦੇ ਹਨ ਕਿ ਕਾਂਗਰਸ ਖਤਮ ਹੋ ਗਈ ਹੈ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਸ਼ਾਇਦ ਘੱਟ ਤਾਕਤ ਹੋਵੇ, ਪਰ ਸਾਡੀ ਰੀੜ੍ਹ ਦੀ ਹੱਡੀ ਅਜੇ ਵੀ ਸਿੱਧੀ ਹੈ। ਅਸੀਂ ਕੋਈ ਸਮਝੌਤਾ ਨਹੀਂ ਕੀਤਾ, ਨਾ ਸੰਵਿਧਾਨ ’ਤੇ, ਨਾ ਧਰਮਨਿਰਪੱਖਤਾ ’ਤੇ ਅਤੇ ਨਾ ਗਰੀਬਾਂ ਦੇ ਅਧਿਕਾਰਾਂ ’ਤੇ। ਅਸੀਂ ਸ਼ਾਇਦ ਸੱਤਾ ’ਚ ਨਾ ਹੋਈਏ ਪਰ ਅਸੀਂ ਸਮਝੌਤਾ ਨਹੀਂ ਕਰਾਂਗੇ।’’
ਇਸ ਸਾਲ ਦੇ ਅਖੀਰ ’ਚ ਆਸਾਮ, ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਕਾਂਗਰਸ ਨੂੰ ਖੁਦ ਨੂੰ ਸੰਭਾਲਣਾ ਹੋਵੇਗਾ ਅਤੇ ਭਾਜਪਾ ਦਾ ਮੁਕਾਬਲਾ ਕਰਨ ਲਈ ਖੁਦ ਨੂੰ ਫਿਰ ਤੋਂ ਤਿਆਰ ਕਰਨਾ ਹੋਵੇਗਾ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਇਤਿਹਾਸ, ਕਦਰਾਂ-ਕੀਮਤਾਂ ਅਤੇ ਵਿਚਾਰ ਧਾਰਾ ਉਸ ਦੀ ਮੁੱਖ ਸੰਪਤੀ ਹੈ।
ਮਮਤਾ-ਸ਼ਾਹ ਦੇ ਇਕ-ਦੂਜੇ ’ਤੇ ਦੋਸ਼-ਜਵਾਬੀ ਦੋਸ਼
ਉਧਰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਕਾਫੀ ਗਰਮ ਹੋ ਗਿਆ, ਕਿਉਂਕਿ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ-ਦੂਜੇ ਦੀ ਤਿੱਖੀ ਆਲੋਚਨਾ ਕੀਤੀ, ਜਿਸ ਨਾਲ ਇਕ ਤੇਜ਼ ਸਿਆਸੀ ਲੜਾਈ ਦਾ ਮਾਹੌਲ ਬਣ ਗਿਆ। ਅਮਿਤ ਸ਼ਾਹ, ਜੋ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਸੂਬੇ ਦੇ ਤਿੰਨ ਦਿਨਾ ਦੌਰੇ ’ਤੇ ਸਨ, ਨੇ ਮਮਤਾ ਬੈਨਰਜੀ ’ਤੇ ਡਰ, ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦਾ ਮਾਹੌਲ ਬਣਾਉਣ ਦਾ ਦੋਸ਼ ਲਗਾਇਆ।
ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਦਿਲ ’ਤੇ ਲਿਖ ਲਓ, ਇਸ ਵਾਰ ਸਾਡੀ ਸਰਕਾਰ। ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪਲਟ ਵਾਰ ਕਰਦੇ ਹੋਏ ਭਾਜਪਾ ਲੀਡਰਸ਼ਿਪ ’ਤੇ ਤਿੱਖਾ ਹਮਲਾ ਕਰਨ ਲਈ ਮਹਾਭਾਰਤ ਦੇ ਪਾਤਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਜਪਾ ਨੇਤਾਵਾਂ ਦੀ ਤੁਲਨਾ ਦੁਰਯੋਧਨ ਅਤੇ ਦੁਸ਼ਾਸਨ ਨਾਲ ਕੀਤੀ ਅਤੇ ਸਰਹੱਦ ’ਤੇ ਵਾੜ ਲਗਾਉਣ ਅਤੇ ਸ਼ਾਸਨ ਅਤੇ ਸ਼ਾਹ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ।
ਤਿਰੂਵਨੰਤਪੁਰਮ ’ਚ ਭਾਜਪਾ ਦਾ ਡੰਕਾ
ਤਿਰੂਵਨੰਤਪੁਰਮ ’ਚ ਇਕ ਵੱਡਾ ਸਿਆਸੀ ਬਦਲਾਅ ਹੋਇਆ, ਜਿੱਥੇ ਭਾਜਪਾ ਦੀ ਲੀਡਰਸ਼ਿਪ ਵਾਲੇ ਰਾਜਗ ਨੇ ਕਾਰਪੋਰੇਸ਼ਨ ’ਤੇ ਕਬਜ਼ਾ ਕਰ ਲਿਆ ਜਿਸ ਨਾਲ ਮਾਕਪਾ ਦੀ ਅਗਵਾਈ ਵਾਲੇ ਲੈਫਟ ਡੈਮੋਕ੍ਰੇਟਿਕ ਫਰੰਟ ਦਾ 45 ਸਾਲ ਪੁਰਾਣਾ ਸ਼ਾਸਨ ਖਤਮ ਹੋ ਗਿਆ। ਭਾਜਪਾ ਦੇ ਪ੍ਰਦੇਸ਼ ਸਕੱਤਰ ਅਤੇ ਕੋਂਡੁਗਾਨੁਰ ਵਾਰਡ ਦੇ ਕੌਂਸਲਰ ਵੀ. ਵੀ. ਰਾਜੇਸ਼ 51 ਵੋਟਾਂ ਹਾਸਲ ਕਰਕੇ ਤਿਰੂਵਨੰਤਪੁਰਮ ਕਾਰਪੋਰੇਸ਼ਨ ਦੇ ਮੇਅਰ ਚੁਣੇ ਗਏ। ਭਾਜਪਾ ਪ੍ਰਦੇਸ਼ ਸਕੱਤਰ ਰਾਜੇਸ਼ ਦੀ ਸਹਿਯੋਗੀ ਅਤੇ ਕੌਂਸਲਰ ਜੀ. ਐੱਸ. ਆਸ਼ਾ ਨਾਥ ਨੂੰ ਡਿਪਟੀ ਮੇਅਰ ਚੁਣਿਆ ਗਿਆ। ਹਾਲਾਂਕਿ ਸਾਸਥਮੰਗਲਮ ਵਾਰਡ ਤੋਂ ਜਿੱਤਣ ਵਾਲੇ ਸਾਬਕਾ ਪੁਲਸ ਡਾਇਰੈਕਟਰ ਜਨਰਲ ਆਰ. ਸ਼੍ਰੀਲੇਖਾ ਨੂੰ ਪਹਿਲੇ ਮੇਅਰ ਬਣਾਏ ਜਾਣ ਦੀ ਉਮੀਦ ਸੀ ਪਰ ਭਾਜਪਾ ਦੀ ਲੀਡਰਸ਼ਿਪ ਦੇ ਇਕ ਵਰਗ ਨੇ ਵੀ. ਵੀ. ਰਾਜੇਸ਼ ਲਈ ਜ਼ੋਰ ਦਿੱਤਾ, ਕਿਉਂਕਿ ਜ਼ਿਲ੍ਹੇ ’ਚ ਜ਼ਮੀਨੀ ਪੱਧਰ ’ਤੇ ਪਾਰਟੀ ਬਣਾਉਣ ’ਚ ਉਨ੍ਹਾਂ ਨੂੰ ਲੰਬਾ ਤਜਰਬਾ ਸੀ। ਪਾਰਟੀ ਲੀਡਰਸ਼ਿਪ ਨੇ ਕਥਿਤ ਤੌਰ ’ਤੇ ਆਰ. ਸ਼੍ਰੀਲੇਖਾ ਨੂੰ ਭਵਿੱਖ ’ਚ ਵੱਡੀਆਂ ਭੂਮਿਕਾਵਾਂ ਦੇਣ ਦਾ ਵਾਅਦਾ ਕੀਤਾ ਹੈ।
ਅਜੀਤ ਪਵਾਰ ਚਾਚਾ ਸ਼ਰਦ ਪਵਾਰ ਦੇ ਨਾਲ
ਦੋ ਸਾਲ ਤੋਂ ਵੱਧ ਸਮੇਂ ਬਾਅਦ, ਜਦੋਂ ਉਹ ਅਲੱਗ ਹੋ ਗਏ ਸਨ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਉਨ੍ਹਾਂ ਦੇ ਚਾਚਾ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਕਾਂਪਾ ਅਤੇ ਰਾਕਾਂਪਾ (ਐੱਸ. ਪੀ.) ਨੇ ਪਿੰਪਰੀ-ਚਿੰਚਵਾੜ ਅਤੇ ਪੁਣੇ ਨਗਰ ਨਿਗਮ ਚੋਣਾਂ ਇਕੱਠੇ ਲੜਨ ਦਾ ਫੈਸਲਾ ਕੀਤਾ ਹੈ, ਜਦੋਂ ਕਿ ਊਧਵ ਠਾਕਰੇ ਦੀ ਅਗਵਾਈ ਵਾਲਾ ਸ਼ਿਵ ਸੈਨਾ (ਯੂ. ਟੀ. ਬੀ.) ਧੜਾ ਅਤੇ ਕਾਂਗਰਸ ਪੁਣੇ ਅਤੇ ਪਿੰਪਰੀ-ਚਿੰਚਵਾੜ ਦੋਵੇਂ ਚੋਣਾਂ ਲੜਨਗੇ। ਦੂਜੇ ਪਾਸੇ, ਭਾਜਪਾ ਨੇ ਹੋਰ ਪਾਰਟੀਆਂ ਨਾਲ ਸੀਟਾਂ ਸਾਂਝੀਆਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਕੱਲੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਭਗਵਾ ਪਾਰਟੀ ਨਾਲ ਸੀਟਾਂ ਦੀ ਵੰਡ ਦੇ ਸਮਝੌਤੇ ’ਤੇ ਪਹੁੰਚਣ ਵਿਚ ਅਸਫਲ ਰਹਿਣ ਤੋਂ ਬਾਅਦ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਵੀ ਪੁਣੇ ਨਗਰ ਨਿਗਮ ਚੋਣਾਂ ਲਈ ਪਵਾਰ ਧੜੇ ਨਾਲ ਹੱਥ ਮਿਲਾਉਂਦੀ ਦਿਖਾਈ ਦੇ ਰਹੀ ਹੈ।
–ਰਾਹਿਲ ਨੌਰਾ ਚੋਪੜਾ
ਕਾਂਗਰਸ ਦਾ ਪਤਨ ਕੇਂਦਰੀਕਰਨ ਅਤੇ ਖੁੰਝੇ ਮੌਕਿਆਂ ਦੀ ਕਹਾਣੀ
NEXT STORY