ਭਾਰਤ ਨੇ ਸੂਡਾਨ ਤੋਂ 3500 ਤੋਂ ਵਧੇਰੇ ਨਾਗਰਿਕਾਂ ਨੂੰ ਬਹੁਤ ਹੀ ਘੱਟ ਸਮੇਂ ’ਚ ਬਾਹਰ ਕੱਢ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਡਾਨ ’ਚ ਹਿੰਸਾ ਭੜਕਣ ਤੋਂ ਬਾਅਦ ਤੁਰੰਤ ਅਚਨਚੇਤੀ ਮੀਟਿੰਗ ਸੱਦ ਕੇ ਸਪੱਸ਼ਟ ਕੀਤਾ ਕਿ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਇਕ ਮਿੰਟ ਮਹੱਤਵਪੂਰਨ ਅਤੇ ਕੀਮਤੀ ਹੈ।
ਸੂਡਾਨ ’ਚ ਇਕ ਭਾਰਤੀ ਐਲਬਰਟ ਔਗਸਟੀਨ ਦੀ ਮੰਦਭਾਗੀ ਮੌਤ ਨੂੰ ਛੱਡ ਕੇ ਭਾਰਤੀ ਹਵਾਈ ਫੌਜ ਅਤੇ ਭਾਰਤੀ ਸਮੁੰਦਰੀ ਫੌਜ ਨੇ ਡਿਪਲੋਮੈਟਿਕ ਕੋਪਸ ਦੇ ਸਾਂਝੇ ਯਤਨਾਂ ਨੂੰ ਇਕ ਵਾਰ ਫ਼ਿਰ ਉਜਾਗਰ ਕੀਤਾ ਹੈ ਕਿ ਭਾਰਤ ਨੇ ਸੰਕਟ ’ਚ ਆਪਣੇ ਅਤੇ ਦੂਜਿਆਂ ਮੁਲਕਾਂ ਦੇ ਲੋਕਾਂ ਨੂੰ ਬਚਾਉਣ ਲਈ ਕੀਤੇ ਯਤਨਾਂ ’ਚ ਮੋਹਰੀ ਬਣਨ ਤੱਕ ਇਕ ਲੰਮਾ ਸਫ਼ਰ ਤੈਅ ਕੀਤਾ ਹੈ।
ਇਹ ਇਕ ਸੂਝਵਾਨ ਅਤੇ ਦੂਰਅੰਦੇਸ਼ੀ ਸੋਚ ਵਾਲੀ ਲੀਡਰਸ਼ਿਪ ਕਾਰਨ ਸੰਭਵ ਹੋਇਆ ਹੈ, ਜੋ ਉਚਿਤ ਫੈਸਲਾ ਲੈਣ ’ਚ ਸਮਾਂ ਨਹੀਂ ਗੁਆਉਂਦੀ ਅਤੇ ਮੁਸੀਬਤ ਵਾਲੇ ਖੇਤਰ ’ਚ ਸਹੀ ਫੈਸਲਾ ਲੈਣ ’ਚ ਮੋਹਰੀ ਰਹਿੰਦੀ ਹੈ। ਇਸ ਤੋਂ ਇਲਾਵਾ 2016 ’ਚ ਦੱਖਣੀ ਸੂਡਾਨ ’ਚ ਕੀਤਾ ਗਿਆ ‘ਆਪ੍ਰੇਸ਼ਨ ਸੰਕਟਮੋਚਨ’ ਅਫਰੀਕੀ ਦੇਸ਼ ’ਚ ਭਾਰਤੀ ਬਚਾਅ ਮਿਸ਼ਨ ਲਈ ਮਿਸਾਲ ਬਣਿਆ ਰਿਹਾ।
ਕੋਵਿਡ-19 ਮਹਾਮਾਰੀ ਦੌਰਾਨ 2020 ’ਚ ‘ਆਪ੍ਰੇਸ਼ਨ ਸਮੁੰਦਰ ਸੇਤੂ’ ਨੇ ਵੀ 3992 ਭਾਰਤੀਆਂ ਨੂੰ ਘਰ ਵਾਪਸ ਲਿਆਂਦਾ ਸੀ। ਹੁਣ ਤੱਕ ਇਹ ਚੰਗੀ ਤਰ੍ਹਾਂ ਪ੍ਰਤੱਖ ਹੋ ਚੁੱਕਾ ਹੈ ਕਿ ਕਿਸੇ ਵੀ ਦੁਚਿੱਤੀ ’ਚ ਭਾਰਤੀ ਆਖਰੀ ਨਹੀਂ ਸਗੋਂ ਬਚਾਏ ਜਾਣ ਵਾਲੇ ਪਹਿਲੇ ਵਿਅਕਤੀ ਹੋਣਗੇ ਅਤੇ ਦੁਨੀਆ ਨੇ ਭਾਰਤੀ ਪਾਸਪੋਰਟ ਦੀ ਵਧਦੀ ਤਾਕਤ ਨੂੰ ਸਵੀਕਾਰ ਕੀਤਾ ਹੈ।
ਭਾਰਤੀ ਫਲਸਫੇ ਅਨੁਸਾਰ ਕਿ ਪੂਰਾ ਵਿਸ਼ਵ ਇਕ ਹੀ ਸਥਾਨ ਹੈ, ਮੁਤਾਬਕ ਭਾਰਤੀ ਬਚਾਅ ਦੇ ਯਤਨ ’ਚ ਕੌਮੀਅਤਾਂ ’ਚ ਮਤਭੇਦ ਨਹੀਂ ਕਰਦੇ। ਇਸ ਗੱਲ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਨਿਆ ਹੈ। ਜਿਨ੍ਹਾਂ ਨੇ ਸੂਡਾਨ ਦੀ ਰਾਜਧਾਨੀ ਖਾਰਤੂਨ ਤੋਂ ਫਰਾਂਸੀਸੀ ਦੂਤਘਰ ਦੇ ਕਰਮਚਾਰੀਆਂ ਨੂੰ ਬਚਾਉਣ ਅਤੇ ਕੱਢਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ।
ਹਾਲ ਹੀ ’ਚ ਭਾਰਤ ਨੇ ਯੂਕ੍ਰੇਨ ’ਚ ਸਭ ਤੋਂ ਵੱਡੇ ਬਚਾਅ ਅਤੇ ਨਿਕਾਸੀ ਮਿਸ਼ਨ ‘ਆਪ੍ਰੇਸ਼ਨ ਗੰਗਾ’ ਨੂੰ ਅੰਜਾਮ ਦਿੱਤਾ। ਯੂਕ੍ਰੇਨ ’ਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਅਜਿਹੇ ਹਾਲਾਤ ’ਚ ਯੁੱਧ ਪ੍ਰਭਾਵਿਤ ਖੇਤਰ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਭਾਰਤ ਦੇ ਮੌਜੂਦਾ ਮੰਤਰੀਆਂ ਨੇ ਯੂਕ੍ਰੇਨ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਦੀਆਂ ਰਾਜਧਾਨੀਆਂ ’ਚ ਡੇਰੇ ਲਾਏ, ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਅਤੇ ਯੂਕ੍ਰੇਨੀ ਲੀਡਰਸ਼ਿਪ ਨਾਲ ਮਿਲ ਕੇ ਕੰਮ ਕੀਤਾ ਤਾਂ ਜੋ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਖੇਤਰਾਂ ’ਚ ਜਾਣ ਦੀ ਇਜਾਜ਼ਤ ਦੇਣ ਲਈ ਸੀਮਤ ਘੰਟਿਆਂ ਲਈ ਜੰਗ ਨੂੰ ਵੀ ਰੋਕਿਆ ਜਾ ਸਕੇ। ਭਾਰਤੀ ਵਿਦਿਆਰਥੀਆਂ ਦੇ ਨਾਲ ਭਾਰਤ ਹੋਰ ਦੇਸ਼ਾਂ ਦੇ ਬਹੁਤ ਸਾਰੇ ਲੋਕਾਂ ਨੂੰ ਕੱਢਣ ਅਤੇ ਬਚਾਉਣ ’ਚ ਕਾਮਯਾਬ ਰਿਹਾ।
ਭਾਰਤ ਨੇ 2015 ’ਚ ‘ਆਪ੍ਰੇਸ਼ਨ ਰਾਹਤ’ ਦੇ ਹਿੱਸੇ ਵਜੋਂ ਯਮਨ ਤੋਂ ਵੱਡੇ ਪੱਧਰ ’ਤੇ ਨਿਕਾਸੀ ਅਭਿਆਸ ਕੀਤਾ ਸੀ, ਜਿਸ ’ਚ 6710 ਵਿਅਕਤੀਆਂ, ਜਿਨ੍ਹਾਂ ’ਚ 4748 ਭਾਰਤੀ ਅਤੇ 1962 ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਿਆ ਗਿਆ ਸੀ। ਭਾਰਤੀ ਬਚਾਅ ਮਿਸ਼ਨ ਹੁਣ ਉਨ੍ਹਾਂ ’ਤੇ ਬਣੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ਾਂ ਦੇ ਨਾਲ ਘਰੇਲੂ ਨਾਂ ਬਣ ਗਏ ਹਨ, ਜੋ ਕਿ ਪਹਿਲਾਂ ਸਿਰਫ਼ ਅਮਰੀਕੀ ਫਿਲਮਾਂ ਲਈ ਦੇਖਿਆ ਜਾਂਦਾ ਸੀ।
ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੁਨੀਆ ਦੇ ਕਿਸੇ ਵੀ ਹਿੱਸੇ ’ਚ ਸੰਕਟ ਨੂੰ ਹੱਲ ਕਰਨ ’ਚ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਸ਼ਮੂਲੀਅਤ ਨੂੰ ਯਾਦ ਕਰਦੇ ਹੋਇਆਂ ਦੱਸਿਆ ਕਿ ਉਹ ਬਹੁਤ ਹੈਰਾਨ ਹੋਏ ਜਦੋਂ ਉਨ੍ਹਾਂ ਨੇ ਕਾਬੁਲ ’ਚ ਭਾਰਤੀ ਦੂਤਘਰ ’ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਬਚਾਅ ਕਾਰਜਾਂ ਬਾਰੇ ਪੁੱਛਣ ਲਈ ਅੱਧੀ ਰਾਤ ਉਪਰੰਤ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਮੋਬਾਇਲ ਫੋਨ ’ਤੇ ਫੋਨ ਕਰਦਿਆਂ ਵੇਖਿਆ।
ਕਾਬੁਲ ’ਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ‘ਆਪ੍ਰੇਸ਼ਨ ਦੇਵੀ ਸ਼ਕਤੀ’ ਨੇ ਅਫਗਾਨਿਸਤਾਨ ਤੋਂ ਭਾਰਤੀ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਿਆ। ਤੁਰਕੀ ’ਚ ਭੂਚਾਲ ਦੇ ਝਟਕਿਆਂ ਦੇ ਕੁਝ ਘੰਟਿਆਂ ਦੇ ਅੰਦਰ, ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਹੀ ਐਮਰਜੈਂਸੀ ਮੀਟਿੰਗ ਕੀਤੀ ਸੀ। ਪਿਛਲੇ ਕੁਝ ਦਹਾਕਿਆਂ ’ਚ ਦੁਨੀਆ ਦੇ ਕਿਸੇ ਵੀ ਹਿੱਸੇ ’ਚ ਆਈ ਸਭ ਤੋਂ ਵੱਡੀ ਤ੍ਰਾਸਦੀ ਦਾ ਜਵਾਬ ਦੇਣ ਲਈ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਦੀਆਂ ਵਿਸ਼ੇਸ਼ ਟੀਮਾਂ ਹਵਾਈ ਜਹਾਜ਼ ਰਾਹੀਂ ਸਬੰਧਿਤ ਖੇਤਰ ’ਚ ਪਹੁੰਚਣ ਲਈ ਹਰ ਸਮੇਂ ਤੱਤਪਰ ਰਹਿੰਦੀਆਂ ਹਨ।
ਡਾਕਟਰਾਂ, ਪੈਰਾਮੈਡੀਕਲ ਅਤੇ ਹੋਰ ਐੱਨ. ਡੀ. ਆਰ. ਐੱਫ. ਕਰਮਚਾਰੀਆਂ ਦੀ ਟੀਮ ਜਿਨ੍ਹਾਂ ਨੇ ‘ਆਪ੍ਰੇਸ਼ਨ ਦੋਸਤ’ ਦੇ ਹਿੱਸੇ ਵਜੋਂ ਰਾਹਤ ਕਾਰਜ ਕੀਤੇ, ਨੇ ਕਈ ਜਾਨਾਂ ਬਚਾਅ ਕੇ ਤੁਰਕੀ ਦੇ ਲੋਕਾਂ ਦਾ ਦਿਲ ਜਿੱਤ ਲਿਆ।
ਭਾਰਤ ਦੀ ਅਜਿਹੀ ਮੁਹਾਰਤ 2015 ’ਚ ਨੇਪਾਲ ’ਚ ਆਏ ਭੂਚਾਲ ਦੇ ਮੱਦੇਨਜ਼ਰ ਵੀ ਦੇਖਣ ਨੂੰ ਮਿਲੀ, ਜਿਸ ਨੇ ਭਿਆਨਕ ਤਬਾਹੀ ਲਿਆਂਦੀ ਸੀ। ਕੀਮਤੀ ਜਾਨਾਂ ਬਚਾਉਣ ਲਈ ‘ਆਪ੍ਰੇਸ਼ਨ ਮੈਤਰੀ’ ਦੇ ਨਾਲ ਭਾਰਤ ਦੀ ਬਚਾਅ ਸਬੰਧੀ ਕਾਰਵਾਈ ਸਮੇਂ ’ਤੇ ਸੀ। ਭਾਰਤ ਵੱਲੋਂ ਕੁਦਰਤੀ ਆਫ਼ਤਾਂ ਦੇ ਸਮੇਂ ’ਚ ਤੁਰੰਤ ਕਾਰਵਾਈ ਕਰ ਕੇ ਹਜ਼ਾਰਾਂ ਜਾਨਾਂ ਨੂੰ ਬਚਾਇਆ ਗਿਆ ਹੈ, ਜੋ ਕਿ ਭੁਜ ਭੂਚਾਲ ਅਤੇ ਉੱਤਰਾਖੰਡ ਦੇ ਹੜ੍ਹਾਂ ਦੌਰਾਨ ਦੇਖਣ ਨੂੰ ਵੀ ਮਿਲਿਆ। ਇਹ ਸਭ ਕੁਝ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿਆਸੀ ਪੂੰਜੀ ਦੇ ਵੱਡੇ ਨਿਵੇਸ਼ ਨਾਲ ਹੀ ਸੰਭਵ ਹੋਇਆ ਹੈ।
ਤਰੁਣ ਚੁੱਘ
(ਭਾਜਪਾ ਦੇ ਕੌਮੀ ਜਨਰਲ ਸਕੱਤਰ)
ਜੀ-20 ਬੈਠਕ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਪਾਕਿਸਤਾਨ ਆਪਣੀਆਂ ਸਮੱਸਿਆਵਾਂ ਵੱਲ ਧਿਆਨ ਦੇਵੇ
NEXT STORY