ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਜੋਕਰਾਂ ਨੂੰ ਚੁਣਦੇ ਹੋ, ਤਾਂ ਉਨ੍ਹਾਂ ਦੀ ਜਿੱਤ ਤੋਂ ਬਾਅਦ ਤੁਸੀਂ ਉਨ੍ਹਾਂ ਤੋਂ ਸਿਰਫ਼ ਸਰਕਸ ਦੀ ਹੀ ਉਮੀਦ ਕਰ ਸਕਦੇ ਹੋ। ਡੋਨਾਲਡ ਟਰੰਪ ਨੂੰ ਆਪਣਾ ਰਾਸ਼ਟਰਪਤੀ ਚੁਣਨ ਵਾਲੇ ਜ਼ਿਆਦਾਤਰ ਅਮਰੀਕੀਆਂ ਨੂੰ ਹੁਣ ਤੱਕ ਇਹ ਅਹਿਸਾਸ ਹੋ ਗਿਆ ਹੋਵੇਗਾ ਕਿ ਉਨ੍ਹਾਂ ਨੇ ਇਕ ਬਹੁਤ ਵੱਡੀ ਭੁੱਲ ਕੀਤੀ ਹੈ।
ਟਰੰਪ ਨੇ ਆਪਣੇ ਹੰਕਾਰੀ ਅਤੇ ਅਣਕਿਆਸੇ ਕਾਰਜਾਂ ਨਾਲ ਦੁਨੀਆ ਨੂੰ ਕਿਨਾਰੇ ’ਤੇ ਲਿਆ ਖੜ੍ਹਾ ਕੀਤਾ ਹੈ। ਕੀਮਤੀ ਮਨੁੱਖੀ ਜਾਨਾਂ ਦੇ ਨੁਕਸਾਨ ਤੋਂ ਇਲਾਵਾ, ਉਨ੍ਹਾਂ ਦੇ ਕਾਰਜਾਂ ਨੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਸ਼ਟ ਕਰ ਦਿੱਤਾ ਹੈ ਅਤੇ ਪਹਿਲਾਂ ਹੀ ਇੰਨਾ ਨੁਕਸਾਨ ਪਹੁੰਚਾਇਆ ਹੈ ਕਿ ਇਸ ਨੂੰ ਫਿਰ ਤੋਂ ਬਣਾਉਣ ’ਚ ਸਾਲਾਂ ਲੱਗ ਜਾਣਗੇ। ਤੇਲ ਦੀਆਂ ਕੀਮਤਾਂ ’ਚ ਭਾਰੀ ਉਛਾਲ ਅਤੇ ਜੀਵਨ ਦੇ ਲੱਗਭਗ ਸਾਰੇ ਪਹਿਲੂਆਂ ’ਤੇ ਇਸ ਦਾ ਪ੍ਰਭਾਵ ਉਸ ਅਣਉਚਿਤ ਯੁੱਧ ਦਾ ਪ੍ਰਤੱਖ ਨਤੀਜਾ ਹੈ, ਜੋ ਉਨ੍ਹਾਂ ਨੇ ਇਜ਼ਰਾਈਲ ਦੇ ਨਾਲ ਮਿਲ ਕੇ ਈਰਾਨ ’ਤੇ ਸ਼ੁਰੂ ਕੀਤਾ ਹੈ।
ਨਿਸ਼ਚਿਤ ਤੌਰ ’ਤੇ ਅਮਰੀਕੀਆਂ ਨੇ ਵੀ ਹੁਣ ਇਸ ਦਾ ਅਸਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੋਵੇਗਾ। ਟਰੰਪ ਵੱਲੋਂ ਲਗਾਏ ਗਏ ਭਾਰੀ ਟੈਰਿਫ , ਜਿਸ ਨਾਲ ਅਮਰੀਕਾ ਵੱਲੋਂ ਦਰਾਮਦ ਕੀਤੀਆਂ ਗਈਆਂ ਵੱਖ-ਵੱਖ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ, ਉਸ ਤੋਂ ਬਾਅਦ ਇਹ ਦੂਜਾ ਵੱਡਾ ਝਟਕਾ ਹੈ ਜੋ ਉਨ੍ਹਾਂ ਨੂੰ ਲੱਗਿਆ ਹੈ।
ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ਦਾ 51ਵਾਂ ਰਾਜ ਬਣਾਉਣ ਦਾ ਉਨ੍ਹਾਂ ਦਾ ਐਲਾਨ, ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੇ ਅਗਵਾ ’ਚ ਉਨ੍ਹਾਂ ਦੀ ਕਾਰਵਾਈ, ਮੈਕਸੀਕੋ ਨੂੰ ਉਨ੍ਹਾਂ ਦੀਆਂ ਧਮਕੀਆਂ ਅਤੇ ਗ੍ਰੀਨਲੈਂਡ ਨੂੰ ਹਥਿਆਉਣ ਦੀ ਉਨ੍ਹਾਂ ਦੀ ਐਲਾਨੀ ਇੱਛਾ ਕੁਝ ਅਜਿਹੇ ਕਾਰਜ ਹਨ, ਜਿਨ੍ਹਾਂ ਨੇ ਦੁਨੀਆ ਨੂੰ ਅਨਿਸ਼ਚਿਤਤਾ ’ਚ ਪਾ ਰੱਖਿਆ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਵਿਚਾਲੇ ਡੂੰਘੀ ਦੋਸਤੀ ਦੇ ਦਾਅਵਿਆਂ ਦੇ ਬਾਵਜੂਦ, ਭਾਰਤ ਦੇ ਪ੍ਰਤੀ ਟਰੰਪ ਦਾ ਰਵੱਈਆ ਵੀ ਅਣਕਿਆਸਾ ਰਿਹਾ ਹੈ। ਦੂਜੀ ਵਾਰ ਸੱਤਾ ਹਥਿਆਉਣ ਦੇ ਕੁਝ ਹੀ ਸਮੇਂ ਬਾਅਦ, ਉਨ੍ਹਾਂ ਨੇ ਜੋ ਸਭ ਤੋਂ ਪਹਿਲੇ ਕਦਮ ਚੁੱਕੇ, ਉਨ੍ਹਾਂ ’ਚੋਂ ਇਕ ਉਨ੍ਹਾਂ ਭਾਰਤੀਆਂ ਨੂੰ ਅਪਮਾਨਿਤ ਕਰਨਾ ਸੀ, ਜਿਨ੍ਹਾਂ ਨੇ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਪ੍ਰਵੇਸ਼ ਕੀਤਾ ਸੀ। ਸਾਧਾਰਨ ਦੇਸ਼ ਨਿਕਾਲੇ ਦੀ ਬਜਾਏ, ਉਨ੍ਹਾਂ ਨੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਫੌਜੀ ਜਹਾਜ਼ਾਂ ਰਾਹੀਂ ਨਾਲ ਲੈ ਜਾਣ ਤੋਂ ਪਹਿਲਾਂ ਜ਼ੰਜੀਰਾਂ ਅਤੇ ਹੱਥਕੜੀਆਂ ’ਚ ਬੰਨ੍ਹਿਆ ਜਾਵੇ।
ਇਸ ਤੋਂ ਬਾਅਦ ਉਨ੍ਹਾਂ ਦੇ ਦੇਸ਼ ਨੂੰ ਬਰਾਮਦ ਕੀਤੇ ਜਾਣ ਵਾਲੇ ਭਾਰਤੀ ਸਾਮਾਨਾਂ ’ਤੇ ਸਭ ਤੋਂ ਵੱਧ ਟੈਰਿਫ ਲਗਾ ਦਿੱਤੇ ਗਏ। ਉਨ੍ਹਾਂ ਨੇ ਰੂਸ ਤੋਂ ਤੇਲ ਦਰਾਮਦ ਕਰਨ ਅਤੇ ‘ਯੂਕ੍ਰੇਨ ਦੇ ਵਿਰੁੱਧ ਯੁੱਧ ਨੂੰ ਉਤਸ਼ਾਹਿਤ ਕਰਨ’ ਲਈ ਭਾਰਤ ’ਤੇ ਵਾਧੂ ਪਾਬੰਦੀਆਂ ਲਗਾਈਆਂ। ਇਹ ਅਲੱਗ ਗੱਲ ਹੈ ਕਿ ਈਰਾਨ ਵੱਲੋਂ ਹੋਰਮੁਜ਼ ਮਾਰਗ ਬੰਦ ਕਰਨ ਤੋਂ ਬਾਅਦ ਉਨ੍ਹਾਂ ਨੇ ਭਾਰਤ ਨੂੰ ਰੂਸ ਤੋਂ ਤੇਲ ਦਰਾਮਦ ਕਰਨ ਦੀ ‘ਇਜਾਜ਼ਤ’ ਦਿੱਤੀ, ਜਿਸ ਨਾਲ ਤੇਲ ਦੀਆਂ ਕੀਮਤਾਂ ਵਧ ਗਈਆਂ ਅਤੇ ਵਿਸ਼ਵ ਅਰਥਵਿਵਸਥਾ ’ਤੇ ਭਾਰੀ ਪ੍ਰਭਾਵ ਪਿਆ।
ਬਦਕਿਸਮਤੀ ਨਾਲ, ਭਾਰਤ ਇਸ ਦਬੰਗਈ ਦੇ ਸਾਹਮਣੇ ਖੜ੍ਹਾ ਨਹੀਂ ਹੋ ਸਕਿਆ ਹੈ। ਲੰਬੀ ਗੱਲਬਾਤ ਤੋਂ ਬਾਅਦ, ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਅਮਰੀਕੀਆਂ ਦੇ ਹੱਥਾਂ ’ਚ ਵਿਕਣ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਸਰਕਾਰ ਨੇ ਭਾਵੇਂ ਦਾਅਵਾ ਕੀਤਾ ਹੋਵੇ ਕਿ ਇਸ ਦੇ ਪ੍ਰਬੰਧ ਭਾਰਤ ਦੇ ਪੱਖ ’ਚ ਸਨ ਜਾਂ ਕਿਸਾਨਾਂ ਅਤੇ ਲਘੂ ਉਦਯੋਗਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਗਈ ਹੈ ਪਰ ਇਹ ਮਾਹਿਰਾਂ ਨੂੰ ਸਮਝਾਉਣ ’ਚ ਅਸਫਲ ਰਿਹਾ ਹੈ।
ਭਾਰਤ ਦੀ ਗੁੱਟ-ਨਿਰਲੇਪ ਰਹਿਣ ਦੀ ਇਕ ਅਮੀਰ ਪ੍ਰੰਪਰਾ ਰਹੀ ਹੈ ਅਤੇ ਉਸ ਨੇ ਅਤੀਤ ’ਚ ਮਜ਼ਬੂਤੀ ਨਾਲ ਆਪਣੀ ਗੱਲ ਰੱਖੀ ਹੈ। ਹਾਲਾਂਕਿ, ਮੌਜੂਦਾ ਪਰਿਪੇਖ ’ਚ ਅਜਿਹਾ ਲੱਗਦਾ ਹੈ ਕਿ ਇਸ ਦਾ ਝੁਕਾਅ ਅਮਰੀਕਾ-ਇਜ਼ਰਾਈਲ ਗੱਠਜੋੜ ਦੇ ਪੱਖ ’ਚ ਹੋ ਗਿਆ ਹੈ।
ਇਸ ਨੇ ਈਰਾਨ ਦੇ ਸਰਵਉੱਚ ਨੇਤਾ ਦੀ ਹੱਤਿਆ ਜਾਂ ਇੱਥੋਂ ਤੱਕ ਕਿ ਅਮਰੀਕੀ ਹਮਲੇ ’ਚ 160 ਤੋਂ ਵੱਧ ਸਕੂਲੀ ਬੱਚਿਆਂ ਦੀ ਮੌਤ ਦੀ ਨਿੰਦਾ ਕਰਨ ਤੋਂ ਪਰਹੇਜ਼ ਕੀਤਾ। ਇਸ ਨੇ ਹੋਰ ਨਾਗਰਿਕ ਟਿਕਾਣਿਆਂ ’ਤੇ ਹੋਏ ਹਮਲਿਆਂ ਦੀ ਵੀ ਨਿੰਦਾ ਨਹੀਂ ਕੀਤੀ। ਈਰਾਨ ’ਤੇ ਹਮਲੇ ਤੋਂ ਠੀਕ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਯਾਤਰਾ ਰਹੱਸਮਈ ਬਣੀ ਹੋਈ ਹੈ। ਕੀ ਇਹ ਪੂਰਵ-ਨਿਯੋਜਿਤ ਸੀ? ਇਸ ਦਾ ਏਜੰਡਾ ਕੀ ਸੀ? ਕੀ ਇਹ ਸਿਰਫ਼ ਇਜ਼ਰਾਈਲ ਦੇ ਰਾਸ਼ਟਰਪਤੀ ਨੇਤਨਯਾਹੂ ਤੋਂ ਸਰਵਉੱਚ ਨਾਗਰਿਕ ਮੈਡਲ ਪ੍ਰਾਪਤ ਕਰਨ ਲਈ ਸੀ? ਇਜ਼ਰਾਈਲ ਦੇ ਨਾਲ ਉਨ੍ਹਾਂ ਦੇ ਪਿਛਲੇ ਸਬੰਧ ਵੀ ਰਹੱਸ ’ਚ ਲਿਪਟੇ ਹੋਏ ਹਨ।
ਤੱਥ ਇਹ ਹੈ ਕਿ ਭਾਰਤ ਨੇ ਆਪਣਾ ਉੱਚ ਨੈਤਿਕ ਆਧਾਰ ਗੁਆ ਦਿੱਤਾ ਹੈ। ਉਹ ਪੱਛਮੀ ਏਸ਼ੀਆ ਦੇ ਮੌਜੂਦਾ ਸੰਘਰਸ਼ ਦੇ ਗੱਲਬਾਤ ਰਾਹੀਂ ਹੱਲ ਦਾ ਯਤਨ ਕਰਨ ਲਈ ਸਭ ਤੋਂ ਢੁੱਕਵੇਂ ਸਥਾਨ ’ਤੇ ਹੋ ਸਕਦਾ ਸੀ। ਇਸ ਦੀ ਬਜਾਏ, ਪਾਕਿਸਤਾਨ ਵਰਗਾ ਦੇਸ਼ ਇਸ ’ਚ ਲੀਡ ਲੈ ਰਿਹਾ ਹੈ ਅਤੇ ਵਿਚੋਲੇ ਦੇ ਤੌਰ ’ਤੇ ਸਾਰੀਆਂ ਸਬੰਧਤ ਧਿਰਾਂ ਨੂੰ ਵਧੇਰੇ ਸਵੀਕਾਰਯੋਗ ਹੋ ਸਕਦਾ ਹੈ।
ਭਾਰਤ ਨੂੰ ਆਪਣੀ ਅੰਤਰਰਾਸ਼ਟਰੀ ਨੀਤੀ ਨੂੰ ਫਿਰ ਤੋਂ ਵਿਵਸਥਿਤ ਕਰਨ ਦੀ ਲੋੜ ਹੈ ਅਤੇ ਗੁੱਟ-ਨਿਰਲੇਪ ਨੀਤੀ ਦੀ ਪਾਲਣਾ ਕਰਦੇ ਹੋਏ ਆਪਣੀ ਨਿਰਪੱਖਤਾ ਬਣਾਈ ਰੱਖਣੀ ਚਾਹੀਦੀ ਹੈ। ਇਸ ਟਰੰਪ ਯੁੱਗ ’ਚ ਇਹ ਯਕੀਨੀ ਤੌਰ ’ਤੇ ਆਸਾਨ ਨਹੀਂ ਹੈ ਪਰ 2047 ਤੱਕ ਇਕ ਵਿਕਸਿਤ ਦੇਸ਼ ਬਣਨ ਦਾ ਟੀਚਾ ਰੱਖਣ ਵਾਲੇ ਅਤੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦੇ ਨਾਲ-ਨਾਲ ਦੁਨੀਆ ਦੀ ਨੌਜਵਾਨ ਸ਼ਕਤੀ ਅਤੇ ਸਭ ਤੋਂ ਵੱਡਾ ਖਪਤਕਾਰ ਆਧਾਰ ਰੱਖਣ ਵਾਲੇ ਰਾਸ਼ਟਰ ਵਜੋਂ, ਇਸ ਨੂੰ ਗਲੋਬਲ ਵਿਵਸਥਾ ’ਚ ਆਪਣੀ ਸਥਿਤੀ ਨੂੰ ਮਜ਼ਬੂਤੀ ਨਾਲ ਰੱਖਣ ਦੀ ਲੋੜ ਹੈ। ਇਹ ਇਕ ਮੂਕ ਦਰਸ਼ਕ ਬਣੇ ਰਹਿਣ ਦਾ ਜੋਖਮ ਨਹੀਂ ਉਠਾ ਸਕਦਾ।
ਵਿਪਿਨ ਪੱਬੀ
ਸ਼੍ਰੀਰਾਮ ਅੱਜ ਵੀ ਪ੍ਰਸੰਗਿਕ ਕਿਉਂ ਹਨ?
NEXT STORY