ਡਾ. ਵੇਦਪ੍ਰਤਾਪ ਵੈਦਿਕ
ਕੋਰੋਨਾ ਦੇ ਵਿਰੁੱਧ ਭਾਰਤ ’ਚ ਹੁਣ ਇਕ ਮੁਕੰਮਲ ਜੰਗ ਸ਼ੁਰੂ ਹੋ ਗਈ ਹੈ। ਕੇਂਦਰ ਅਤੇ ਸੂਬਿਅਾਂ ਦੀਅਾਂ ਸਰਕਾਰਾਂ ਉਹ ਭਾਵੇਂ ਕਿਸੇ ਵੀ ਪਾਰਟੀ ਦੀਅਾਂ ਹੋਣ, ਆਪਣੀ ਕਮਰ ਕੱਸ ਕੇ ਕੋਰੋਨਾ ਨੂੰ ਹਰਾਉਣ ’ਚ ਜੁਟ ਗਈਅਾਂ ਹਨ। ਇਨ੍ਹਾਂ ਸਰਕਾਰਾਂ ਤੋਂ ਵੀ ਵੱਧ ਆਮ ਜਨਤਾ ’ਚੋਂ ਕਈ ਅਜਿਹੇ ਦੇਵਦੂਤ ਪ੍ਰਗਟ ਹੋ ਗਏ ਹਨ, ਜਿਨ੍ਹਾਂ ’ਤੇ ਕੁਰਬਾਨ ਹੋਣ ਨੂੰ ਦਿਲ ਕਰਦਾ ਹੈ। ਕੋਈ ਲੋਕਾਂ ਨੂੰ ਆਕਸੀਜਨ ਸਿਲੰਡਰ ਮੁਫਤ ’ਚ ਭਰ-ਭਰ ਕੇ ਦੇ ਰਿਹਾ ਹੈ, ਕੋਈ ਮਰੀਜ਼ਾਂ ਨੂੰ ਖਾਣਾ ਮੁਫਤ ਪਹੁੰਚਾ ਰਿਹਾ ਹੈ। ਕੋਈ ਪਲਾਜ਼ਮਾ-ਦਾਨੀਅਾਂ ਨੂੰ ਜੁਟਾ ਰਿਹਾ ਹੈ ਅਤੇ ਕਈ ਅਜਿਹੇ ਵੀ ਹਨ, ਜੋ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਸਹਿਜ ਰੂਪ ’ਚ ਕਰ ਰਹੇ ਹਨ।
ਅਸੀਂ ਆਪਣੇ ਉਦਯੋਗਪਤੀਅਾਂ ਨੂੰ ਦਿਨ-ਰਾਤ ਕੋਸਦੇ ਰਹਿੰਦੇ ਹਾਂ ਪਰ ਟਾਟਾ, ਨਵੀਨ ਜਿੰਦਲ, ਅਡਾਨੀ ਅਤੇ ਕਈ ਹੋਰਨਾਂ ਛੋਟੇ-ਮੋਟੇ ਉਦਯੋਗਪਤੀਅਾਂ ਨੇ ਆਪਣੇ ਕਾਰਖਾਨੇ ਬੰਦ ਕਰ ਕੇ ਆਕਸੀਜਨ ਭਿਜਵਾਉਣ ਦਾ ਪ੍ਰਬੰਧ ਕਰ ਦਿੱਤਾ ਹੈ।
ਇਹ ਪੁੰਨ ਦਾ ਕਾਰਜ ਉਹ ਸਵੈਇੱਛਾ ਨਾਲ ਕਰ ਰਹੇ ਹਨ। ਉਨ੍ਹਾਂ ’ਤੇ ਕੋਈ ਸਰਕਾਰੀ ਦਬਾਅ ਨਹੀਂ ਹੈ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਪਹਿਲ ’ਤੇ ਆਕਸੀਜਨ ਦੀਅਾਂ ਰੇਲਾਂ ਚੱਲ ਪਈਅਾਂ ਹਨ। ਹਜ਼ਾਰਾਂ ਟਨ ਤਰਲ ਆਕਸੀਜਨ ਦੇ ਟੈਂਕਰ ਹਸਪਤਾਲਾਂ ’ਚ ਪਹੁੰਚ ਰਹੇ ਹਨ। ਰੇਲ ਮੰਤਰੀ ਪਿਊਸ਼ ਗੋਇਲ ਨੇ ਆਕਸੀਜਨ ਆਵਾਜਾਈ ਦਾ ਕਿਰਾਇਆ ਵੀ ਹਟਾ ਦਿੱਤਾ ਹੈ। ਸਾਡੇ ਲੱਖਾਂ ਡਾਕਟਰ, ਨਰਸਾਂ ਅਤੇ ਸੇਵਾ ਕਰਮਚਾਰੀ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਦੀ ਜਾਨ ਬਚਾ ਰਹੇ ਹਨ। ਹੁਣ ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ 551 ਆਕਸੀਜਨ ਪਲਾਂਟ ਲਾਉਣ ਦੀ ਤਿਆਰੀ ਵੀ ਹੋ ਚੁੱਕੀ ਹੈ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਯੂ.ਪੀ. ਦੇ ਯੋਗੀ ਆਦਿੱਤਿਆਨਾਥ ਅਤੇ ਕੁਝ ਹੋਰਨਾਂ ਮੁੱਖ ਮੰਤਰੀਅਾਂ ਨੇ ਮੁਫਤ ਟੀਕੇ ਦਾ ਵੀ ਐਲਾਨ ਕਰ ਦਿੱਤਾ ਹੈ। ਫਿਰ ਵੀ ਇਕ ਦਿਨ ’ਚ ਸਾਢੇ ਤਿੰਨ ਲੱਖ ਲੋਕਾਂ ਦਾ ਕੋਰੋਨਾ ਦੀ ਲਪੇਟ ’ਚ ਆਉਣਾ ਅਤੇ ਲਗਭਗ 3 ਹਜ਼ਾਰ ਲੋਕਾਂ ਦਾ ਸਵਰਗਵਾਸ ਹੋ ਜਾਣਾ ਅੱਜ ਡੂੰਘੀ ਚਿੰਤਾ ਦਾ ਵਿਸ਼ਾ ਹੈ। ਦਿੱਲੀ ’ਚ ਇਸ ਲਈ ਇਕ ਹਫਤੇ ਤਕ ਤਾਲਾਬੰਦੀ ਵਧਾ ਦਿੱਤੀ ਗਈ ਹੈ। ਆਕਸੀਜਨ ਦੇ ਲੈਣ-ਦੇਣ ਅਤੇ ਆਵਾਜਾਈ ਨੂੰ ਖੁੱਲ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੁਨੀਆ ਦੇ ਕਈ ਦੇਸ਼ ਦਵਾਈਅਾਂ, ਉਨ੍ਹਾਂ ਦਾ ਕੱਚਾ ਮਾਲ, ਆਕਸੀਜਨ ਯੰਤਰ ਆਦਿ ਹਵਾਈ ਜਹਾਜ਼ਾਂ ਰਾਹੀਂ ਭਾਰਤ ਪਹੁੰਚਾ ਰਹੇ ਹਨ ਪਰ ਭਾਰਤ ’ਚ ਅਜਿਹੇ ਨਰ ਪਸ਼ੂ ਵੀ ਹਨ, ਜੋ ਆਕਸੀਜਨ, ਰੇਮਡੇਸਿਵਿਰ ਦੇ ਇੰਜੈਕਸ਼ਨ, ਦਵਾਈਅਾਂ ਅਤੇ ਇਲਾਜ ਦੇ ਬਹਾਨੇ ਮਰੀਜ਼ਾਂ ਦੀ ਛਿੱਲ ਲਾਹ ਰਹੇ ਹਨ। ਉਨ੍ਹਾਂ ਨੂੰ ਪੁਲਸ ਫੜ ਤਾਂ ਰਹੀ ਹੈ ਪਰ ਅੱਜ ਤਕ ਇਕ ਵੀ ਅਜਿਹੇ ਇਨਸਾਨੀਅਤ ਦੇ ਦੁਸ਼ਮਣ ਨੂੰ ਫਾਂਸੀ ’ਤੇ ਨਹੀਂ ਲਟਕਾਇਆ ਗਿਆ। ਪਤਾ ਨਹੀਂ ਸਾਡੀਅਾਂ ਸਰਕਾਰਾਂ ਅਤੇ ਅਦਾਲਤਾਂ ਨੂੰ ਇਸ ਮਾਮਲੇ ’ਚ ਲਕਵਾ ਕਿਉਂ ਮਾਰ ਗਿਆ ਹੈ? ਹਸਪਤਾਲੀ ਲੁੱਟਮਾਰ ਦੇ ਬਾਵਜੂਦ ਮਰੀਜ਼ ਤਾਂ ਮਰ ਹੀ ਰਹੇ ਹਨ ਪਰ ਉਨ੍ਹਾਂ ਦੇ ਘਰ ਵਾਲੇ ਜਿਊਂਦੇ ਜੀਅ ਮਰਿਅਾਂ ਵਰਗੇ ਹੋ ਰਹੇ ਹਨ, ਲੁੱਟੇ ਜਾ ਰਹੇ ਹਨ।
ਸਾਡੇ ਅਖਬਾਰ ਅਤੇ ਟੀ. ਵੀ. ਚੈਨਲ ਬੁਰੀਅਾਂ ਖ਼ਬਰਾਂ ਨੂੰ ਇੰਨਾ ਉਛਾਲ ਰਹੇ ਹਨ ਕਿ ਉਨ੍ਹਾਂ ਦੇ ਕਾਰਨ ਲੋਕ ਅੱਧਮਰਿਅਾਂ ਵਰਗੇ ਹੋ ਰਹੇ ਹਨ। ਉਹ ਸਾਡੇ ਘਰੇਲੂ ਕਾੜ੍ਹੇ, ਗਿਲੋਅ ਅਤੇ ਨਿੰਮ ਦੀ ਗੋਲੀ ਅਤੇ ਬੋਹੜ ਦੇ ਦੁੱਧ ਵਰਗੇ ਬੜੇ ਵਧੀਆ ਉਪਾਵਾਂ ਦਾ ਪ੍ਰਚਾਰ ਕਿਉਂ ਨਹੀਂ ਕਰਦੇ? ਕੋਰੋਨਾ ਨੂੰ ਹਰਾਉਣ ਲਈ ਜੋ ਵੀ ਨਵਾਂ-ਪੁਰਾਣਾ, ਦੇਸੀ-ਵਿਦੇਸ਼ੀ ਹਥਿਆਰ ਹੱਥ ਲੱਗੇ, ਉਸ ਨੂੰ ਚਲਾਉਣ ਤੋਂ ਖੁੰਝਣਾ ਸਹੀ ਨਹੀਂ।
ਕੀ ਤਾਲਿਬਾਨ ਸੱਤਾ ਲਈ ਔਰਤਾਂ ਅਤੇ ਕੁੜੀਆਂ ਨਾਲ ਜ਼ੁਲਮ ਕਰਨੇ ਛੱਡੇਗਾ?
NEXT STORY