ਪੰਜਾਬ ਦੀ ਰਾਜਨੀਤੀ ਲੰਬੇ ਸਮੇਂ ਤੱਕ ਪ੍ਰਤੀਕਾਂ, ਭਾਵਨਾਤਮਕ ਨਾਅਰਿਆਂ ਅਤੇ ਸੀਮਤ ਗੱਠਜੋੜਾਂ ਦੇ ਆਲੇ-ਦੁਆਲੇ ਘੁੰਮਦੀ ਰਹੀ ਹੈ। ਕਈ ਵਾਰ ਸਿਆਸੀ ਵਿਚਾਰ-ਵਟਾਂਦਰੇ ’ਚ ਅਸਲ ਮੁੱਦਿਆਂ ਦੀ ਜਗ੍ਹਾ ਪ੍ਰਤੀਕਾਤਮਕਤਾ ਨੇ ਲੈ ਲਈ। ਪਰ ਹੁਣ ਭਾਰਤੀ ਜਨਤਾ ਪਾਰਟੀ ਦੀ ਅਗਵਾਈ ’ਚ, ਵਿਸ਼ੇਸ਼ ਕਰਕੇ ਅਮਿਤ ਸ਼ਾਹ ਦੇ ਮਾਰਗਦਰਸ਼ਨ ’ਚ, ਪੰਜਾਬ ਲਈ ਇਕ ਨਵੀਂ ਸੋਚ ਅਤੇ ਨਵੀਂ ਦਿਸ਼ਾ ਸਾਹਮਣੇ ਆ ਰਹੀ ਹੈ—ਜਿੱਥੇ ਰਾਜਨੀਤੀ ਸਿਰਫ ਪ੍ਰਤੀਕਾਂ ਤੱਕ ਸੀਮਤ ਨਹੀਂ, ਸਗੋਂ ਜ਼ਮੀਨੀ ਚੁਣੌਤੀਆਂ ਦੇ ਠੋਸ ਹੱਲ ’ਤੇ ਕੇਂਦਰਿਤ ਹੈ। ਇਕ ਸਿੱਖ ਹੋਣ ਦੇ ਨਾਤੇ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਦੇ ਰੂਪ ’ਚ, ਮੈਂ ਇਹ ਸਪੱਸ਼ਟ ਤੌਰ ’ਤੇ ਮਹਿਸੂਸ ਕਰਦਾ ਹਾਂ ਕਿ ਇਹ ਤਬਦੀਲੀ ਸਿਰਫ ਸਿਆਸੀ ਰਣਨੀਤੀ ਨਹੀਂ ਹੈ। ਇਹ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ, ਸਥਿਰ ਅਤੇ ਖੁਸ਼ਹਾਲ ਬਣਾਉਣ ਦੀ ਇਕ ਵਿਆਪਕ ਰਾਸ਼ਟਰੀ ਵਚਨਬੱਧਤਾ ਦਾ ਹਿੱਸਾ ਹੈ।
ਗੱਠਜੋੜ ਦੀਆਂ ਹੱਦਾਂ ਤੋਂ ਅੱਗੇ ਵਧਦੀ ਭਾਜਪਾ : ਦਹਾਕਿਆਂ ਤੱਕ ਪੰਜਾਬ ’ਚ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ’ਚ ਕੰਮ ਕੀਤਾ। ਉਸ ਸਮੇਂ ਦੇ ਸਿਆਸੀ ਹਾਲਾਤ ’ਚ ਇਹ ਗੱਠਜੋੜ ਸੂਬੇ ਦੀ ਰਾਜਨੀਤੀ ਦਾ ਇਕ ਮਹੱਤਵਪੂਰਨ ਹਿੱਸਾ ਸੀ ਪਰ ਇਸ ਵਿਵਸਥਾ ’ਚ ਭਾਜਪਾ ਦੀ ਭੂਮਿਕਾ ਅਕਸਰ ਸੀਮਤ ਰਹੀ ਅਤੇ ਪਾਰਟੀ ਕਈ ਵਾਰ ਵਿਆਪਕ ਸਮਾਜਿਕ ਮੁੱਦਿਆਂ ’ਤੇ ਸਿੱਧਾ ਦਖਲ ਦੇਣ ਦੀ ਸਥਿਤੀ ’ਚ ਨਹੀਂ ਸੀ। ਅੱਜ ਹਾਲਾਤ ਬਦਲ ਚੁੱਕੇ ਹਨ। ਪੰਜਾਬ ਦੀ ਰਾਜਨੀਤੀ ਇਕ ਨਵੇਂ ਮੋੜ ’ਤੇ ਖੜ੍ਹੀ ਹੈ ਅਤੇ ਜਨਤਾ ਇਕ ਅਜਿਹੇ ਬਦਲ ਦੀ ਤਲਾਸ਼ ’ਚ ਹੈ ਜੋ ਸਿਰਫ ਰਵਾਇਤੀ ਸਮੀਕਰਨਾਂ ’ਤੇ ਨਿਰਭਰ ਨਾ ਹੋਵੇ। ਅਮਿਤ ਸ਼ਾਹ ਜੀ ਦੀ ਸੋਚ ਸਪੱਸ਼ਟ ਹੈ—ਭਾਜਪਾ ਨੂੰ ਪੰਜਾਬ ਦੇ ਹਰ ਵਰਗ, ਹਰ ਖੇਤਰ ਅਤੇ ਹਰ ਭਾਈਚਾਰੇ ਨਾਲ ਸਿੱਧਾ ਸੰਵਾਦ ਸਥਾਪਤ ਕਰਨਾ ਹੋਵੇਗਾ। ਇਹ ਤਬਦੀਲੀ ਭਾਜਪਾ ਨੂੰ ਇਕ ਸੁਤੰਤਰ ਅਤੇ ਮਜ਼ਬੂਤ ਸਿਆਸੀ ਸ਼ਕਤੀ ਵਜੋਂ ਉੱਭਰਨ ਦਾ ਮੌਕਾ ਦਿੰਦੀ ਹੈ, ਜੋ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਸਿੱਧਾ ਸਮਝ ਸਕੇ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰ ਸਕੇ।
ਸੁਰੱਖਿਆ ਅਤੇ ਸਰਹੱਦੀ ਪ੍ਰਬੰਧਨ-ਪੰਜਾਬ ਦੀ ਅਸਲ ਚੁਣੌਤੀ : ਪੰਜਾਬ ਸਿਰਫ ਇਕ ਸੂਬਾ ਨਹੀਂ ਹੈ; ਇਹ ਭਾਰਤ ਦੀ ਸੁਰੱਖਿਆ ਢਾਂਚੇ ਦਾ ਇਕ ਮਹੱਤਵਪੂਰਨ ਥੰਮ੍ਹ ਵੀ ਹੈ। ਪਾਕਿਸਤਾਨ ਨਾਲ ਲੱਗਦੀ ਸਰਹੱਦ ਕਾਰਨ ਇੱਥੇ ਸੁਰੱਖਿਆ ਨਾਲ ਜੁੜੇ ਮੁੱਦੇ ਬਹੁਤ ਸੰਵੇਦਨਸ਼ੀਲ ਹਨ। ਪਿਛਲੇ ਕੁਝ ਸਾਲਾਂ ’ਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਸੰਗਠਿਤ ਡਰੱਗ ਨੈੱਟਵਰਕ ਅਤੇ ਵੱਖਵਾਦੀ ਅਨਸਰਾਂ ਦੀ ਸਰਗਰਮੀ ਵਰਗੀਆਂ ਚੁਣੌਤੀਆਂ ਸਾਹਮਣੇ ਆਈਆਂ ਹਨ। ਇਨ੍ਹਾਂ ਖ਼ਤਰਿਆਂ ਦਾ ਪ੍ਰਭਾਵ ਸਿਰਫ ਕਾਨੂੰਨ-ਵਿਵਸਥਾ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪੰਜਾਬ ਦੇ ਨੌਜਵਾਨਾਂ ਅਤੇ ਸਮਾਜ ਦੇ ਭਵਿੱਖ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਅਮਿਤ ਸ਼ਾਹ ਜੀ ਨੇ ਸਪੱਸ਼ਟ ਤੌਰ ’ਤੇ ਇਹ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੀ ਸੁਰੱਖਿਆ ਰਾਸ਼ਟਰੀ ਤਰਜੀਹ ਹੈ। ਸਰਹੱਦੀ ਪ੍ਰਬੰਧਨ ਨੂੰ ਮਜ਼ਬੂਤ ਕਰਨਾ, ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਵਧਾਉਣਾ ਅਤੇ ਡਰੱਗਜ਼ ਦੇ ਨੈੱਟਵਰਕ ਨੂੰ ਜੜ੍ਹ ਤੋਂ ਖਤਮ ਕਰਨਾ—ਇਹ ਸਿਰਫ ਸਿਆਸੀ ਐਲਾਨ ਨਹੀਂ, ਸਗੋਂ ਇਕ ਠੋਸ ਰਾਸ਼ਟਰੀ ਸੁਰੱਖਿਆ ਦ੍ਰਿਸ਼ਟੀਕੋਣ ਦਾ ਹਿੱਸਾ ਹਨ।
ਸਿੱਖ ਸਮਾਜ ਨਾਲ ਸਨਮਾਨਜਨਕ ਅਤੇ ਸਾਰਥਕ ਸੰਵਾਦ : ਸਿੱਖ ਸਮਾਜ ਭਾਰਤ ਦੀ ਰਾਸ਼ਟਰੀ ਚੇਤਨਾ ਦਾ ਇਕ ਮਹੱਤਵਪੂਰਨ ਅਤੇ ਗੌਰਵਸ਼ਾਲੀ ਹਿੱਸਾ ਹੈ ਪਰ ਮੰਦਭਾਗੀ ਗੱਲ ਹੈ ਕਿ ਕਈ ਵਾਰ ਰਾਜਨੀਤੀ ’ਚ ਸਿੱਖ ਭਾਵਨਾਵਾਂ ਨੂੰ ਸਿਰਫ ਪ੍ਰਤੀਕਾਤਮਕ ਪੱਧਰ ’ਤੇ ਹੀ ਸੰਬੋਧਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਦੀ ਅਗਵਾਈ ’ਚ ਕੇਂਦਰ ਸਰਕਾਰ ਨੇ ਕਈ ਅਜਿਹੇ ਕਦਮ ਉਠਾਏ ਜੋ ਸਿੱਖ ਭਾਈਚਾਰੇ ਦੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਭਾਵਨਾਵਾਂ ਅਤੇ ਉਮੀਦਾਂ ਨਾਲ ਜੁੜੇ ਹਨ। ਕਰਤਾਰਪੁਰ ਕਾਰੀਡੋਰ ਦਾ ਖੁੱਲ੍ਹਣਾ, ਗੁਰਦੁਆਰਿਆਂ ਨਾਲ ਜੁੜੇ ਪ੍ਰਸ਼ਾਸਨਿਕ ਅਤੇ ਧਾਰਮਿਕ ਮੁੱਦਿਆਂ ’ਤੇ ਸੰਵੇਦਨਸ਼ੀਲ ਪਹੁੰਚ ਅਤੇ ਸਿੱਖ ਇਤਿਹਾਸ ਤੇ ਵਿਰਾਸਤ ਪ੍ਰਤੀ ਸਨਮਾਨ—ਇਹ ਸਭ ਸਿਰਫ ਸਿਆਸੀ ਸੰਦੇਸ਼ ਨਹੀਂ, ਸਗੋਂ ਇਕ ਡੂੰਘੇ ਸੱਭਿਆਚਾਰਕ ਸਨਮਾਨ ਦਾ ਪ੍ਰਤੀਕ ਹਨ।
ਪੰਜਾਬ ਅੱਜ ਕਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਦਯੋਗਾਂ ਦੀ ਹਿਜਰਤ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ ਅਤੇ ਸੀਮਤ ਨਿਵੇਸ਼ ਜਿਹੀਆਂ ਸਮੱਸਿਆਵਾਂ ਸੂਬੇ ਦੀ ਵਿਕਾਸ ਯਾਤਰਾ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਅਜਿਹੀ ਸਥਿਤੀ ’ਚ ਅਮਿਤ ਸ਼ਾਹ ਜੀ ਦੀ ਪੰਜਾਬ ਪਿੱਚ ਦਾ ਇਕ ਮਹੱਤਵਪੂਰਨ ਹਿੱਸਾ ਆਰਥਿਕ ਤਰੱਕੀ ਹੈ। ਭਾਜਪਾ ਦਾ ਮੰਨਣਾ ਹੈ ਕਿ ਜੇਕਰ ਕੇਂਦਰ ਅਤੇ ਰਾਜ ’ਚ ਤਾਲਮੇਲ ਨਾਲ ਕੰਮ ਕੀਤਾ ਜਾਵੇ, ਤਾਂ ਪੰਜਾਬ ’ਚ ਉਦਯੋਗਿਕ ਨਿਵੇਸ਼, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਡਬਲ ਇੰਜਣ ਸਰਕਾਰ ਦੀ ਧਾਰਨਾ ਇਸੇ ਸੋਚ ਦਾ ਵਿਸਥਾਰ ਹੈ—ਜਿੱਥੇ ਕੇਂਦਰ ਦੀਆਂ ਨੀਤੀਆਂ ਅਤੇ ਰਾਜ ਦੀ ਪ੍ਰਸ਼ਾਸਨਿਕ ਸਮਰੱਥਾ ਮਿਲ ਕੇ ਵਿਕਾਸ ਨੂੰ ਗਤੀ ਦਿੰਦੀਆਂ ਹਨ। ਇਹ ਮਾਡਲ ਪੰਜਾਬ ਦੇ ਸ਼ਹਿਰੀ ਮੱਧ ਵਰਗ, ਵਪਾਰੀਆਂ, ਉਦਯੋਗਪਤੀਆਂ ਅਤੇ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰ ਸਕਦਾ ਹੈ।
ਕਿਸਾਨਾਂ ਨਾਲ ਵਿਸ਼ਵਾਸ ਦਾ ਨਵਾਂ ਅਧਿਆਏ : ਪੰਜਾਬ ਦੀ ਪਛਾਣ ਉਸ ਦੇ ਕਿਸਾਨਾਂ ਤੋਂ ਹੈ। ਖੇਤੀਬਾੜੀ ਇੱਥੇ ਸਿਰਫ ਇਕ ਆਰਥਿਕ ਸਰਗਰਮੀ ਨਹੀਂ, ਸਗੋਂ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦਾ ਆਧਾਰ ਹੈ। ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਜੋ ਸਿਆਸੀ ਅਤੇ ਸਮਾਜਿਕ ਤਣਾਅ ਪੈਦਾ ਹੋਇਆ, ਉਸ ਨੇ ਭਾਜਪਾ ਅਤੇ ਪੰਜਾਬ ਦੇ ਕਿਸਾਨਾਂ ਵਿਚਾਲੇ ਦੂਰੀ ਵਧਾ ਦਿੱਤੀ ਪਰ ਹੁਣ ਪਾਰਟੀ ਦੀ ਕੋਸ਼ਿਸ਼ ਹੈ ਕਿ ਸੰਵਾਦ, ਸਮਝ ਅਤੇ ਸਹਿਯੋਗ ਦੇ ਮਾਧਿਅਮ ਨਾਲ ਇਸ ਦੂਰੀ ਨੂੰ ਘੱਟ ਕੀਤਾ ਜਾਵੇ। ਐੱਮ.ਐੱਸ.ਪੀ. ਦੀ ਲਗਾਤਾਰ ਵਿਵਸਥਾ, ਖੇਤੀ ਖੇਤਰ ’ਚ ਨਵੀਆਂ ਤਕਨੀਕਾਂ ਦੀ ਵਰਤੋਂ ਅਤੇ ਫਸਲੀ ਚੱਕਰ ਵਰਗੇ ਵਿਸ਼ਿਆਂ ’ਤੇ ਗੰਭੀਰ ਚਰਚਾ ਸ਼ੁਰੂ ਹੋ ਰਹੀ ਹੈ। ਇਸ ਦਾ ਉਦੇਸ਼ ਸਿਰਫ ਵਿਵਾਦ ਖਤਮ ਕਰਨਾ ਨਹੀਂ, ਸਗੋਂ ਪੰਜਾਬ ਦੀ ਖੇਤੀ ਨੂੰ ਲੰਬੇ ਸਮੇਂ ਲਈ ਟਿਕਾਊ ਅਤੇ ਲਾਭਕਾਰੀ ਬਣਾਉਣਾ ਹੈ।
ਪੰਜਾਬ ਲਈ ਇਕ ਲੰਬੇ ਸਮੇਂ ਦੀ ਦ੍ਰਿਸ਼ਟੀ
ਅੱਜ : ਇਹ ਸਪੱਸ਼ਟ ਹੈ ਕਿ ਅਮਿਤ ਸ਼ਾਹ ਜੀ ਪੰਜਾਬ ਨੂੰ ਇਕ ਲੰਬੇ ਸਮੇਂ ਦੇ ਰਾਸ਼ਟਰੀ ਪ੍ਰਾਜੈਕਟ ਵਜੋਂ ਦੇਖ ਰਹੇ ਹਨ। ਇਹ ਸਿਰਫ ਚੋਣ ਰਣਨੀਤੀ ਦਾ ਸਵਾਲ ਨਹੀਂ ਹੈ। ਇਹ ਉਸ ਵਿਆਪਕ ਸੋਚ ਦਾ ਹਿੱਸਾ ਹੈ ਜਿਸ ’ਚ ਪੰਜਾਬ ਨੂੰ ਸੁਰੱਖਿਆ, ਵਿਕਾਸ, ਸਮਾਜਿਕ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਦੇ ਮਜ਼ਬੂਤ ਥੰਮ੍ਹ ਵਜੋਂ ਸਥਾਪਤ ਕਰਨ ਦਾ ਟੀਚਾ ਹੈ।
ਪ੍ਰਤੀਕਾਤਮਕ ਰਾਜਨੀਤੀ ਤੋਂ ਅੱਗੇ ਵਧ ਕੇ ਅਸਲ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਹੀ ਪੰਜਾਬ ਦੇ ਭਵਿੱਖ ਲਈ ਜ਼ਰੂਰੀ ਹੈ। ਭਾਰਤੀ ਜਨਤਾ ਪਾਰਟੀ ਅੱਜ ਪੰਜਾਬ ’ਚ ਸਿਰਫ ਇਕ ਸਹਿਯੋਗੀ ਦਲ ਦੀ ਭੂਮਿਕਾ ਨਿਭਾਉਣ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ। ਪਾਰਟੀ ਦਾ ਉਦੇਸ਼ ਹੈ ਕਿ ਉਹ ਸੂਬੇ ਦੀ ਸਥਿਰਤਾ, ਖੁਸ਼ਹਾਲੀ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਇਕ ਭਰੋਸੇਮੰਦ ਅਤੇ ਮਜ਼ਬੂਤ ਸਿਆਸੀ ਬਦਲ ਵਜੋਂ ਸਾਹਮਣੇ ਆਵੇ।
ਪੰਜਾਬ ਦੀ ਜਨਤਾ ਬਦਲਾਅ ਚਾਹੁੰਦੀ ਹੈ—ਅਜਿਹਾ ਬਦਲਾਅ ਜੋ ਸਿਰਫ ਨਾਅਰਿਆਂ ’ਚ ਨਹੀਂ, ਸਗੋਂ ਨੀਤੀਆਂ, ਵਿਕਾਸ ਅਤੇ ਸੁਰੱਖਿਆ ਦੇ ਠੋਸ ਨਤੀਜਿਆਂ ’ਚ ਦਿਖਾਈ ਦੇਵੇ ਅਤੇ ਇਹੀ ਉਹ ਦਿਸ਼ਾ ਹੈ ਜਿਸ ਵੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਪੰਜਾਬ ਦੀ ਰਾਜਨੀਤੀ ਨੂੰ ਅੱਗੇ ਲੈ ਜਾਣ ਦਾ ਯਤਨ ਕਰ ਰਹੇ ਹਨ।
ਆਰ. ਪੀ. ਸਿੰਘ (ਰਾਸ਼ਟਰੀ ਬੁਲਾਰਾ, ਭਾਜਪਾ; ਸਾਬਕਾ ਵਿਧਾਇਕ ਦਿੱਲੀ)
‘ਮਹਿਲਾਵਾਂ ਦੀ ਸ਼ਾਨ ਅਤੇ ਨੌਜਵਾਨਾਂ ਦੇ ਚਰਿੱਤਰ’ ’ਤੇ ਚੋਟ ਕਰਦੇ ਅਸ਼ਲੀਲ ਗੀਤ!
NEXT STORY