ਪਿਛਲੇ ਕੁਝ ਸਮੇਂ ਤੋਂ ਦੇਸ਼ ’ਚ ਅਗਨੀਕਾਂਡਾਂ ’ਚ ਭਾਰੀ ਵਾਧਾ ਹੋਣ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਨਾ ਸਿਰਫ਼ ਆਮ ਲੋਕ ਹੀ ਇਨ੍ਹਾਂ ਅਗਨੀਕਾਂਡਾਂ ਦਾ ਸ਼ਿਕਾਰ ਹੋ ਰਹੇ ਹਨ ਸਗੋਂ ਸਰਕਾਰੀ ਦਫ਼ਤਰ, ਹਸਪਤਾਲ ਆਦਿ ਵੀ ਅੱਗ ਦੀ ਲਪੇਟ ’ਚ ਆਉਣ ਨਾਲ ਬੇਸ਼ਕੀਮਤੀ ਰਾਸ਼ਟਰੀ ਜਾਇਦਾਦ ਵੀ ਨਸ਼ਟ ਹੋ ਰਹੀ ਹੈ।
ਦਿੱਲੀ ਦੇ ਰਾਸ਼ਟਰੀ ਅਜਾਇਬ ਘਰ ’ਚ 26 ਅਪ੍ਰੈਲ, 2016 ਦੀ ਰਾਤ ਲੱਗੀ ਅੱਗ ਨਾਲ ਉੱਥੇ ਕਈ ਪ੍ਰਦਰਸ਼ਨੀ ਵਸਤਾਂ ਸੜ ਕੇ ਸੁਆਹ ਹੋ ਗਈਆਂ ਸਨ। ਦੇਸ਼ ’ਚ ਅਗਨੀਕਾਂਡਾਂ ਦਾ ਇਹ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਦੀਆਂ ਪਿਛਲੇ ਲਗਭਗ 9 ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 18 ਮਈ, 2025 ਨੂੰ ‘ਹੈਦਰਾਬਾਦ’ (ਤੇਲੰਗਾਨਾ) ਦੇ ‘ਚਾਰਮੀਨਾਰ’ ਸਥਿਤ ‘ਗੁਲਜ਼ਾਰ ਹਾਊਸ’ ’ਚ ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੇ 17 ਲੋਕ ਮਾਰੇ ਗਏ।
* 6 ਅਕਤੂਬਰ, 2025 ਨੂੰ ‘ਜੈਪੁਰ’ (ਰਾਜਸਥਾਨ) ਦੇ ‘ਐੱਸ. ਐੱਮ. ਐੱਸ. ਹਸਪਤਾਲ’ ’ਚ ‘ਟਰੌਮਾ ਸੈਂਟਰ’ ਦੇ ਨਿਊਰੋ ਆਈ. ਸੀ. ਯੂ. ’ਚ ਅੱਗ ਲੱਗਣ ਨਾਲ ਉੱਥੇ ਇਲਾਜ ਅਧੀਨ 7 ਮਰੀਜ਼ਾਂ ਦੀ ਸੜ ਕੇ ਮੌਤ ਹੋ ਗਈ।
* 8 ਨਵੰਬਰ, 2025 ਨੂੰ ‘ਦਿੱਲੀ’ ਦੇ ‘ਰੋਹਿਣੀ’ ਇਲਾਕੇ ’ਚ ‘ਰਿਠਾਲਾ’ ਮੈਟਰੋ ਸਟੇਸ਼ਨ ਦੇ ਨੇੜੇ ਸਥਿਤ ‘ਜੇ. ਜੇ. ਕਲੱਸਟਰ’ ’ਚ ਭਿਆਨਕ ਅੱਗ ਲੱਗਣ ਨਾਲ ਲਗਭਗ 500 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ।
* 14 ਨਵੰਬਰ, 2025 ਨੂੰ ‘ਸ਼੍ਰੀਨਗਰ’ (ਜੰਮੂ-ਕਸ਼ਮੀਰ) ਦੇ ‘ਨੌਗਾਮ ਪੁਲਸ ਸਟੇਸ਼ਨ’ ’ਚ ਜ਼ਬਤ ਕੀਤੇ ਗਏ ਧਮਾਕਾਖੇਜ਼ ਪਦਾਰਥਾਂ ਨੂੰ ਸੰਭਾਲਦੇ ਸਮੇਂ ਹੋਏ ਧਮਾਕੇ ਕਾਰਨ ਭਿਆਨਕ ਅੱਗ ਲੱਗ ਜਾਣ ਨਾਲ 9 ਲੋਕਾਂ ਦੀ ਮੌਤ ਅਤੇ 32 ਲੋਕ ਜ਼ਖਮੀ ਹੋ ਗਏ।
* 6 ਦਸੰਬਰ, 2025 ਨੂੰ ‘ਗੋਆ’ ਦੇ ‘ਅਰਪੋਰਾ’ ’ਚ ਸਥਿਤ ਇਕ ਨਾਈਟ ਕਲੱਬ ’ਚ ਭਿਆਨਕ ਅੱਗ ਲੱਗਣ ਦੇ ਨਤੀਜੇ ਵਜੋਂ ਨਾਈਟ ਕਲੱਬ ’ਚ ਗੀਤ, ਸੰਗੀਤ ਅਤੇ ਨਾਚ ਦਾ ਆਨੰਦ ਮਾਣ ਰਹੇ 25 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਕਲੱਬ ’ਚ ਅੱਗ ਤੋਂ ਬਚਾਅ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ।
* 10 ਜਨਵਰੀ, 2026 ਨੂੰ ‘ਮੁੰਬਈ’ (ਮਹਾਰਾਸ਼ਟਰ) ਦੇ ‘ਗੋਰੇਗਾਓਂ’ ਸਥਿਤ ਇਕ ਇਮਾਰਤ ’ਚ ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਜਾਨ ਚਲੀ ਗਈ।
* 24 ਜਨਵਰੀ, 2026 ਨੂੰ ‘ਹੈਦਰਾਬਾਦ’ (ਤੇਲੰਗਾਨਾ) ਦੇ ‘ਨਾਮਪੱਲੀ’ ’ਚ ਇਕ ਫਰਨੀਚਰ ਦੇ ਗੋਦਾਮ ’ਚ ਅੱਗ ਲੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ।
* 26 ਜਨਵਰੀ, 2026 ਨੂੰ ‘ਕੋਲਕਾਤਾ’ (ਪੱਛਮੀ ਬੰਗਾਲ) ਦੇ ‘ਆਨੰਦਪੁਰ’ ’ਚ ਇਕ ਗੋਦਾਮ ’ਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ ਹੋ ਗਈ।
* 12 ਮਾਰਚ, 2026 ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ਦੇ ਇਕ ਕਾਰਖਾਨੇ ’ਚ ਅੱਗ ਲੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ।
* 16 ਮਾਰਚ, 2026 ਨੂੰ ‘ਕਟਕ’ (ਓਡਿਸ਼ਾ) ਦੇ ਸਰਕਾਰੀ ਮੈਡੀਕਲ ਕਾਲਜ ਦੇ ‘ਟਰੌਮਾ ਕੇਅਰ ਯੂਨਿਟ’ ’ਚ ਸ਼ਾਰਟ ਸਰਕਟ ਨਾਲ ਲੱਗੀ ਅੱਗ ’ਚ 12 ਮਰੀਜ਼ਾਂ ਦੀ ਮੌਤ ਹੋ ਗਈ।
* 18 ਮਾਰਚ, 2026 ਨੂੰ ‘ਦਿੱਲੀ’ ਦੇ ਪਾਲਮ ਇਲਾਕੇ ’ਚ ਇਕ ਰਿਹਾਇਸ਼ੀ ਇਮਾਰਤ ’ਚ ਭਿਆਨਕ ਅੱਗ ਲੱਗਣ ਨਾਲ 3 ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ।
* 18 ਮਾਰਚ, 2026 ਨੂੰ ਹੀ ‘ਇੰਦੌਰ’ (ਮੱਧ ਪ੍ਰਦੇਸ਼) ’ਚ ਇਕ ਇਲੈਕਟ੍ਰਿਕ ਵਾਹਨ (ਈ. ਵੀ.) ਦੇ ਚਾਰਜਿੰਗ ਪੁਆਇੰਟ ’ਚ ਹੋਏ ਧਮਾਕੇ ਕਾਰਨ ਇਕ ਮਕਾਨ ’ਚ ਅੱਗ ਲੱਗ ਜਾਣ ਦੇ ਨਤੀਜੇ ਵਜੋਂ ਇਕ ਹੀ ਪਰਿਵਾਰ ਦੇ 8 ਮੈਂਬਰਾਂ ਦੀ ਜਾਨ ਚਲੀ ਗਈ।
* ਅਤੇ ਹੁਣ 19 ਮਾਰਚ, 2026 ਨੂੰ ‘ਸੂਰਤ’ (ਗੁਜਰਾਤ) ਦੇ ‘ਕਾਪੋਟਰਾ’ ਇਲਾਕੇ ’ਚ ਇਕ ਐਂਬ੍ਰਾਇਡਰੀ ਫੈਕਟਰੀ ’ਚ ਅੱਗ ਲੱਗਣ ਅਤੇ ਸਿਲੰਡਰ ਫਟਣ ਨਾਲ 2 ਲੋਕਾਂ ਦੀ ਮੌਤ ਅਤੇ 9 ਜ਼ਖਮੀ ਹੋ ਗਏ।
ਜ਼ਿਆਦਾਤਰ ਮਾਮਲਿਆਂ ’ਚ ਸ਼ਾਰਟ ਸਰਕਟ ਹੋਣ, ਗੈਸ ਸਿਲੰਡਰ ਫਟਣ ਜਾਂ ਲੀਕ ਕਰਨ, ਜਲਣਸ਼ੀਲ ਪਦਾਰਥਾਂ ਦੇ ਨੇੜੇ ਲਾਪ੍ਰਵਾਹੀ ਨਾਲ ਅੱਗ ਬਾਲਣ ਅਤੇ ਅੱਗ ਤੋਂ ਬਚਾਅ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ, ਵੱਡੇ ਅਦਾਰਿਆਂ ’ਚ ਲਾਜ਼ਮੀ ਐੱਨ. ਓ. ਸੀ. ਜਾਂ ਸੁਰੱਖਿਆ ਸਬੰਧੀ ਆਡਿਟ ਨਾ ਹੋਣ ਆਦਿ ਕਾਰਨਾਂ ਕਰ ਕੇ ਹੀ ਅਗਨੀਕਾਂਡ ਹੁੰਦੇ ਹਨ।
ਇਸ ਲਈ ਜਦੋਂ ਤੱਕ ਅਗਨੀਕਾਂਡਾਂ ਤੋਂ ਬਚਣ ਲਈ ਸਬੰਧਤ ਸਟਾਫ਼ ਨੂੰ ਪੂਰੀ ਸਿਖਲਾਈ ਅਤੇ ਅਤਿ-ਆਧੁਨਿਕ ਫਾਇਰ ਬ੍ਰਿਗੇਡ ਉਪਕਰਨਾਂ ਨਾਲ ਲੈਸ ਕਰ ਕੇ ਅਗਨੀਕਾਂਡਾਂ ਦਾ ਮੁਕਾਬਲਾ ਕਰਨ ਦੀ ਯੋਜਨਾਬੱਧ ਰਣਨੀਤੀ ਨਹੀਂ ਬਣਾਈ ਜਾਂਦੀ, ਉਦੋਂ ਤੱਕ ਅਜਿਹੇ ਅਗਨੀਕਾਂਡਾਂ ਨੂੰ ਨਹੀਂ ਰੋਕਿਆ ਜਾ ਸਕਦਾ ਅਤੇ ਇਸੇ ਤਰ੍ਹਾਂ ਅਨਮੋਲ ਜ਼ਿੰਦਗੀਆਂ ਮੌਤ ਦੇ ਮੂੰਹ ’ਚ ਜਾਂਦੀਆਂ ਰਹਿਣਗੀਆਂ।
—ਵਿਜੇ ਕੁਮਾਰ
ਪਾਕਿਸਤਾਨ ਦੀ ਲਗਾਤਾਰ ਦੁਸ਼ਮਣੀ ਦੇ ਪਿੱਛੇ ਦਾ ‘ਅਰਥਸ਼ਾਸਤਰ’
NEXT STORY