ਤ੍ਰਿਣਮੂਲ ਕਾਂਗਰਸ ’ਚ ਬਗਾਵਤ ਤੋਂ ਬਾਅਦ ‘ਇੰਡੀਆ’ ਗੱਠਜੋੜ ’ਚ ਸ਼ਾਮਲ ਪਾਰਟੀਆਂ ਦੇ ਕਾਂਗਰਸ ’ਚ ਰਲੇਵੇਂ ਦੀ ਖ਼ਬਰ ਜ਼ੋਰ-ਸ਼ੋਰ ਨਾਲ ਉੱਠੀ। ਇਕ ਸੁਝਾਅ ਆਇਆ ਕਿ ਤ੍ਰਿਣਮੂਲ ਕਾਂਗਰਸ ਨੂੰ ਕਾਂਗਰਸ ’ਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਤਾਂ ਜੋ ਪਾਰਟੀ ’ਚ ਬਗਾਵਤ ਨੂੰ ਰੋਕਿਆ ਜਾ ਸਕੇ ਪਰ ਤ੍ਰਿਣਮੂਲ ਕਾਂਗਰਸ ’ਚ ਬਗਾਵਤ ਨਹੀਂ ਰੁਕੀ। ਸ਼ਿਵਸੈਨਾ (ਊਧਵ ਠਾਕਰੇ ਗੁੱਟ) ਦੇ ਸੰਜੇ ਰਾਊਤ ਨੇ ਸੁਝਾਅ ਦਿੱਤਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕਾਂਗਰਸ ’ਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਰਾਊਤ ਦੇ ਸੁਝਾਅ ’ਤੇ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਿਵਸੈਨਾ (ਠਾਕਰੇ ਗੁੱਟ) ਦੂਜੀ ਵਾਰ ਟੁੱਟ ਗਈ। ਰਲੇਵੇਂ ਦੀ ਗੱਲ ਅਜੇ ਵੀ ਹਵਾ ’ਚ ਹੈ, ਉਦੋਂ ਤੱਕ ਸਮਾਜਵਾਦੀ ਪਾਰਟੀ ਦੇ ਟੁੱਟਣ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਕੀ ‘ਇੰਡੀਆ’ ਗੱਠਜੋੜ ’ਚ ਸ਼ਾਮਲ ਲਗਭਗ 23 ਪਾਰਟੀਆਂ ਇਕ ਹੋ ਸਕਦੀਆਂ ਹਨ?
ਭਾਜਪਾ ਦਾ ਮੁਕਾਬਲਾ ਕਰਨ ਲਈ ਸਾਰੀਆਂ ਪਾਰਟੀਆਂ ਦੇ ਰਲੇਵੇਂ ਨੂੰ ਇਕ ਆਸਾਨ ਉਪਾਅ ਦੱਸਿਆ ਜਾ ਰਿਹਾ ਹੈ। ਇਸਦੀ ਉਦਾਹਰਣ ਵਜੋਂ 1977 ’ਚ ਬਣੀ ‘ਜਨਤਾ ਪਾਰਟੀ’ ਦਾ ਨਾਂ ਲਿਆ ਜਾ ਰਿਹਾ ਹੈ, ਜਦੋਂ ਕਈ ਸਮਾਜਵਾਦੀ ਪਾਰਟੀਆਂ, ਲੋਕ ਦਲ, ਕਾਂਗਰਸ ਤੋਂ ਟੁੱਟੇ ਹਿੱਸੇ ਅਤੇ ਜਨਸੰਘ ਪਾਰਟੀ ਨੇ ਮਿਲ ਕੇ ਜਨਤਾ ਪਾਰਟੀ ਦਾ ਗਠਨ ਕੀਤਾ ਅਤੇ ਉੱਤਰ ਭਾਰਤ ’ਚ ਕਾਂਗਰਸ ਅਤੇ ਇੰਦਰਾ ਗਾਂਧੀ ਦਾ ਸਫਾਇਆ ਕਰ ਦਿੱਤਾ। ਕੀ ਇਸ ਮਾਡਲ ਨੂੰ ਦੁਹਰਾਇਆ ਜਾ ਸਕਦਾ ਹੈ? ਕੀ ਅੱਜ ਦੀ ਭਾਜਪਾ ਅਤੇ 1977 ਦੀ ਕਾਂਗਰਸ ਦੀ ਤੁਲਨਾ ਹੋ ਸਕਦੀ ਹੈ?
ਖੇਤਰੀ ਪਛਾਣ ਦਾ ਸਵਾਲ : ਉਂਝ ਤਾਂ ਆਜ਼ਾਦੀ ਦੇ ਬਾਅਦ ਤੋਂ ਹੀ ਖੇਤਰੀ ਪਾਰਟੀਆਂ ਦਾ ਉਭਾਰ ਹੋਣ ਲੱਗਾ ਸੀ, ਪਰ ਉਸ ਦੌਰ ਦੀਆਂ ਜ਼ਿਆਦਾਤਰ ਖੇਤਰੀ ਪਾਰਟੀਆਂ ਹੁਣ ਇਤਿਹਾਸ ਬਣ ਚੁੱਕੀਆਂ ਹਨ ਅਤੇ ਅੱਜ ਦੇ ਦੌਰ ’ਚ ਜੋ ਪਾਰਟੀਆਂ ਰਾਜਨੀਤੀ ’ਚ ਸਰਗਰਮ ਹਨ, ਉਹ 1990 ਜਾਂ ਉਸ ਤੋਂ ਬਾਅਦ ਹੋਂਦ ’ਚ ਆਈਆਂ। ਹਿੰਦੀ ਪੱਟੀ ਦੀਆਂ 4-5 ਵੱਡੀਆਂ ਖੇਤਰੀ ਪਾਰਟੀਆਂ ਸਥਾਨਕ ਸਮਾਜਿਕ ਉਭਾਰ ਦੀ ਪ੍ਰਤੀਕਿਰਿਆ ਵਜੋਂ ਸਾਹਮਣੇ ਆਈਆਂ। ਇਨ੍ਹਾਂ ’ਚ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਆਉਂਦੀ ਹੈ। 80 ਦੇ ਦਹਾਕੇ ’ਚ ਦਲਿਤ ਉਭਾਰ ਦੇ ਦੌਰ ’ਚ ਕਾਂਸ਼ੀ ਰਾਮ ਨੇ ਇਸਦੀ ਸਥਾਪਨਾ ਕੀਤੀ ਅਤੇ ਮਾਇਆਵਤੀ ਨੇ ਇਸ ਨੂੰ ਸਿਖਰ ਤੱਕ ਪਹੁੰਚਾਇਆ। ਇਸ ਤੋਂ ਬਾਅਦ ਆਈ ਸਮਾਜਵਾਦੀ ਪਾਰਟੀ (ਸਪਾ), ਜਿਸ ਨੇ ਮੁਕਾਬਲਤਨ ਖੁਸ਼ਹਾਲ ਪਿਛੜੇ ਵਰਗ ਨੂੰ ਆਵਾਜ਼ ਦਿੱਤੀ। ਬਿਹਾਰ ’ਚ 90 ਦੇ ਦਹਾਕੇ ’ਚ ਪਹਿਲਾਂ ਲਾਲੂ ਯਾਦਵ ਦੀ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਅਤੇ ਫਿਰ ਨਿਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਅਤੇ ਰਾਮ ਵਿਲਾਸ ਪਾਸਵਾਨ ਦੀ ਲੋਕਤੰਤਰਿਕ ਜਨਤਾ ਪਾਰਟੀ (ਲੋਜਪਾ) ਦਾ ਉਭਾਰ ਹੋਇਆ।
ਇਨ੍ਹਾਂ ਪਾਰਟੀਆਂ ਦੇ ਉਭਾਰ ’ਚ ਉਨ੍ਹਾਂ ਦੇ ਨੇਤਾਵਾਂ, ਜਿਵੇਂ ਕਾਂਸ਼ੀ ਰਾਮ, ਮਾਇਆਵਤੀ, ਮੁਲਾਇਮ ਸਿੰਘ ਯਾਦਵ, ਲਾਲੂ ਯਾਦਵ, ਨਿਤੀਸ਼ ਕੁਮਾਰ ਅਤੇ ਰਾਮ ਵਿਲਾਸ ਪਾਸਵਾਨ ਵਰਗੇ ਨੇਤਾਵਾਂ ਦੀਆਂ ਨਿੱਜੀ ਇੱਛਾਵਾਂ ਦੇ ਨਾਲ-ਨਾਲ ਜਾਤੀ ਗੌਰਵ ਅਤੇ ਜਾਤੀ ਪਛਾਣ ਸਥਾਪਤ ਕਰਨ ਦੀ ਇੱਛਾ ਵੀ ਸ਼ਾਮਲ ਸੀ। 60 ਦੇ ਦਹਾਕੇ ’ਚ ਡਾ. ਰਾਮ ਮਨੋਹਰ ਲੋਹੀਆ ਦੀ ਅਗਵਾਈ ’ਚ ਪਿਛੜਿਆਂ ਨੂੰ ‘100 ’ਚੋਂ 60’, ਭਾਵ ਪਿਛੜੀਆਂ ਜਾਤੀਆਂ ਲਈ 60 ਫੀਸਦੀ ਰਾਖਵੇਂਕਰਨ ਦੇ ਸਮਾਜਵਾਦੀਆਂ ਦੇ ਅੰਦੋਲਨ ਨੇ 1990 ’ਚ ਪਿਛੜਿਆਂ ਲਈ ਰਾਖਵੇਂਕਰਨ ਦੇ ਕਾਨੂੰਨ ਰਾਹੀਂ ਸਿਰਫ਼ ਰਾਖਵਾਂਕਰਨ ਹੀ ਨਹੀਂ, ਸਗੋਂ ਜਾਤੀ-ਕੇਂਦ੍ਰਿਤ ਪਾਰਟੀਆਂ ਦਾ ਰਸਤਾ ਵੀ ਖੋਲ੍ਹ ਦਿੱਤਾ। ਦਲਿਤ ਅਤੇ ਪਿਛੜੀਆਂ ਜਾਤੀਆਂ ਇਕ ਕਦਮ ਅੱਗੇ ਵਧੀਆਂ, ਪਰ ਇਨ੍ਹਾਂ ਪਾਰਟੀਆਂ ’ਤੇ ਵੀ ਪਰਿਵਾਰਵਾਦ ਹਾਵੀ ਹੋ ਗਿਆ ਅਤੇ ਉਹ ਦਲਿਤ-ਪਿਛੜਾ ਸਸ਼ਕਤੀਕਰਨ ਦੇ ਰਸਤੇ ਤੋਂ ਭਟਕਦੀਆਂ ਗਈਆਂ। ਬਾਅਦ ’ਚ ਭਾਜਪਾ ਦੀ ਅਗਵਾਈ ’ਚ ਸਵਰਨ ਇਕ ਵਾਰ ਫਿਰ ਸੱਤਾ ’ਤੇ ਹਾਵੀ ਹੋਣ ਲੱਗੇ।
ਕਾਂਗਰਸ ਦੀ ਵੰਡ : ਕਾਂਗਰਸ ਵਿਚ ਟੁੱਟ ਦੀ ਸ਼ੁਰੂਆਤ ਆਜ਼ਾਦੀ ਦੇ ਤੁਰੰਤ ਬਾਅਦ ਤੋਂ ਹੀ ਹੋ ਗਈ ਸੀ। ਸਭ ਤੋਂ ਪਹਿਲਾਂ ਸਮਾਜਵਾਦੀ ਵਿਚਾਰਧਾਰਾ ਦੇ ਜੈ ਪ੍ਰਕਾਸ਼ ਨਾਰਾਇਣ, ਰਾਮ ਮਨੋਹਰ ਲੋਹੀਆ, ਸੰਪੂਰਨਾਨੰਦ ਅਤੇ ਰਾਜ ਨਾਰਾਇਣ ਵਰਗੇ ਨੇਤਾਵਾਂ ਨੇ ਕਾਂਗਰਸ ਨਾਲੋਂ ਨਾਤਾ ਤੋੜ ਕੇ ‘ਸੋਸ਼ਲਿਸਟ ਪਾਰਟੀ’ ਦਾ ਗਠਨ ਕਰਕੇ 1952 ਦੀਆਂ ਚੋਣਾਂ ’ਚ ਕਾਂਗਰਸ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਅਤੇ ਅਸਫਲ ਰਹੇ। 1966 ਵਿਚ ਇੰਦਰਾ ਗਾਂਧੀ ਦੇ ਸੱਤਾ ’ਚ ਆਉਣ ਤੋਂ ਬਾਅਦ ਕਾਂਗਰਸ ਫਿਰ ਟੁੱਟੀ। ਬਾਅਦ ਵਿਚ ਕਾਂਗਰਸ ’ਚੋਂ ਨਿਕਲ ਕੇ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਅਤੇ ਸ਼ਰਦ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਗਠਨ ਕੀਤਾ। ਆਂਧਰਾ ਪ੍ਰਦੇਸ਼ ’ਚ ਵਾਈ. ਐੱਸ. ਆਰ. ਕਾਂਗਰਸ ਵੀ ਕਾਂਗਰਸ ਦੀ ਕੁੱਖੋਂ ਜਨਮੀ ਪਾਰਟੀ ਹੈ।
ਦੱਖਣ ’ਚ ਨਵ-ਜਾਗਰਣ : ਤਾਮਿਲਨਾਡੂ ’ਚ ਜੋਸਫ਼ ਵਿਜੇ ਦੇ ਉਭਾਰ ਨੇ ਪੁਰਾਣੇ ਦ੍ਰਵਿੜ ਸਮੀਕਰਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਪਰ ਇਸ ਨੂੰ ਦ੍ਰਵਿੜ ਰਾਜਨੀਤੀ ਦਾ ਅੰਤ ਮੰਨਣਾ ਇਕ ਭੁੱਲ ਹੋਵੇਗੀ। ਲੰਮੇ ਸਮੇਂ ਤੋਂ ਬਾਅਦ ਕਾਂਗਰਸ ਨੂੰ ਵੀ ਸਰਕਾਰ ’ਚ ਜਗ੍ਹਾ ਮਿਲੀ ਹੈ। ਵਿਜੇ ਦੀ ਹਮਦਰਦੀ ਕਾਂਗਰਸ ਨਾਲ ਹੈ, ਪਰ ਉਹ ਕਾਂਗਰਸ ਵਿਚ ਨਹੀਂ ਜਾ ਸਕਦੇ। ਇਸ ਨਾਲ ਤਾਮਿਲ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ।
ਤਾਮਿਲਨਾਡੂ ’ਚ ਭਾਜਪਾ ਦੀ ਪੈਠ ਨਾ ਹੋਣ ਦਾ ਇਕ ਕਾਰਨ ਇਹ ਵੀ ਹੈ। ਮਹਾਰਾਸ਼ਟਰ ’ਚ ਸ਼ਿਵਸੈਨਾ ਦਾ ਜਨਮ ਬਾਲ ਠਾਕਰੇ ਦੀ ਅਗਵਾਈ ’ਚ ਮਰਾਠਾ ਅੰਦੋਲਨ ਨਾਲ ਹੋਇਆ ਸੀ। ਬਾਲ ਠਾਕਰੇ ਤੋਂ ਬਾਅਦ ਇਸ ਦੀ ਅਗਵਾਈ ਉਨ੍ਹਾਂ ਦੇ ਬੇਟੇ ਊਧਵ ਠਾਕਰੇ ਨੇ ਸੰਭਾਲੀ। ਊਧਵ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ, ਪਰ ਉਸ ਤੋਂ ਬਾਅਦ 2 ਵਾਰ ਪਾਰਟੀ ਟੁੱਟ ਚੁੱਕੀ ਹੈ। ਹਾਲ ਹੀ ’ਚ ਇਸ ਤੋਂ ਟੁੱਟੇ 6 ਸੰਸਦ ਮੈਂਬਰਾਂ ਨੇ ਪਾਰਟੀ ਦੇ ਕਾਂਗਰਸ ’ਚ ਰਲੇਵੇਂ ਦੀ ਅਸ਼ੰਕਾ ਜਤਾਈ ਸੀ, ਪਰ ਕਾਂਗਰਸ ਵਿਰੋਧ ਤੋਂ ਪੈਦਾ ਹੋਈ ਇਸ ਪਾਰਟੀ ਦਾ ਕਾਂਗਰਸ ’ਚ ਰਲੇਵੇਂ ਦਾ ਰਸਤਾ ਆਸਾਨ ਨਹੀਂ ਲੱਗਦਾ।
ਐੱਨ. ਡੀ. ਏ. ਬਨਾਮ ਇੰਡੀਆ : ‘ਇੰਡੀਆ’ ਗੱਠਜੋੜ ’ਚ ਸ਼ਾਮਲ 23 ਪਾਰਟੀਆਂ ਦੇ ਮੁਕਾਬਲੇ ਐੱਨ. ਡੀ. ਏ. ਵਿਚ 33 ਪਾਰਟੀਆਂ ਹਨ। ਐੱਨ. ਡੀ. ਏ. ਗੱਠਜੋੜ ’ਚ ਤਾਲਮੇਲ ਜ਼ਿਆਦਾ ਦਿਖਾਈ ਦੇਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਇਸ ’ਚ ਸ਼ਾਮਲ ਜਨਤਾ ਦਲ (ਯੂ) ਅਤੇ ਤੇਲਗੂ ਦੇਸ਼ਮ ਤੋਂ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਬਹੁਤ ਛੋਟੀਆਂ ਹਨ। ਚੋਣਾਂ ’ਚ ਗਿਣੀਆਂ-ਚੁਣੀਆਂ ਸੀਟਾਂ ਨਾਲ ਉਨ੍ਹਾਂ ਦਾ ਕੰਮ ਚੱਲ ਜਾਂਦਾ ਹੈ। ਤਾਮਿਲਨਾਡੂ ਅਤੇ ਪੂਰਬੀ-ਉੱਤਰ ਦੇ ਕੁਝ ਰਾਜਾਂ ’ਚ ਭਾਜਪਾ ਨੇ ਜੂਨੀਅਰ ਪਾਰਟਨਰ ਬਣੇ ਰਹਿਣਾ ਸਵੀਕਾਰ ਕਰ ਲਿਆ ਹੈ। ਦੂਜੇ ਪਾਸੇ, ‘ਇੰਡੀਆ’ ਗੱਠਜੋੜ ’ਚ ਸ਼ਾਮਲ ਕਈ ਪਾਰਟੀਆਂ ਆਪਣੇ ਰਾਜ ਦੀ ਸੱਤਾ ਦੇ ਨਾਲ-ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਵੀ ਦੇਖਦੀਆਂ ਹਨ।
ਆਰ. ਜੇ. ਡੀ. ਬਿਹਾਰ ’ਚ, ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ’ਚ ਅਤੇ ਤ੍ਰਿਣਮੂਲ ਕਾਂਗਰਸ ਬੰਗਾਲ ਵਿਚ ਫਿਰ ਸੱਤਾ ਵਿਚ ਪਰਤਣ ਦਾ ਸੁਪਨਾ ਦੇਖ ਰਹੀ ਹੈ। ਇਸ ਲਈ ਇਨ੍ਹਾਂ ਦਾ ਕਾਂਗਰਸ ’ਚ ਰਲੇਵਾਂ ਸੰਭਵ ਨਹੀਂ ਲੱਗਦਾ।
ਜਿਹੜੀਆਂ ਪਾਰਟੀਆਂ ਦੋਵਾਂ ਗੱਠਜੋੜਾਂ ਤੋਂ ਦੂਰੀ ਬਣਾ ਕੇ ਚੱਲਦੀਆਂ ਹਨ, ਉਨ੍ਹਾਂ ’ਚੋਂ ‘ਆਮ ਆਦਮੀ ਪਾਰਟੀ’ (ਆਪ) ਦਾ ਕਾਂਗਰਸ ਨਾਲ ਸਿੱਧਾ ਮੁਕਾਬਲਾ ਪੰਜਾਬ, ਦਿੱਲੀ ਅਤੇ ਕਈ ਹੋਰ ਰਾਜਾਂ ’ਚ ਹੈ। ਓਡਿਸ਼ਾ ’ਚ ਬੀਜਦ ਨੂੰ ਕਿਸੇ ਦੀ ਫ਼ਿਕਰ ਨਹੀਂ ਹੈ। ਮਾਕਪਾ ਅਤੇ ਹੋਰ ਖੱਬੇਪੱਖੀਆਂ ਪਾਰਟੀਆਂ ਮਾੜਾ-ਮੋਟਾ ਅਸਰ ਕੇਰਲ ਅਤੇ ਬੰਗਾਲ ’ਚ ਬਚਿਆ ਹੈ। ਦੋਵਾਂ ਰਾਜਾਂ ’ਚ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਨਾਲ ਹੈ। ਆਰ. ਜੇ. ਡੀ. ਅਤੇ ਸਮਾਜਵਾਦੀ ਪਾਰਟੀ ਵਰਗੀਆਂ ਪਿਛੜਾ-ਵਰਗ ਆਧਾਰਿਤ ਪਾਰਟੀਆਂ ਦੇ ਕਾਂਗਰਸ ਨਾਲ ਮਿਲਣ ’ਤੇ ਵੀ ਉਨ੍ਹਾਂ ਦਾ ਵੋਟ ਬੈਂਕ ਕਾਂਗਰਸ ਵੱਲ ਸ਼ਿਫਟ ਹੋਣਾ ਆਸਾਨ ਨਹੀਂ ਲੱਗਦਾ। ਜਦੋਂ ਤੱਕ ਕਾਂਗਰਸ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਆਪਣੇ ਪੁਰਾਣੇ ਗੜ੍ਹਾਂ ’ਚ ਮਜ਼ਬੂਤ ਨਹੀਂ ਹੁੰਦੀ, ਉਦੋਂ ਤੱਕ ਇਕ ਮਜ਼ਬੂਤ ਵਿਰੋਧੀ ਗੱਠਜੋੜ ਦਾ ਬਣਨਾ ਵੀ ਆਸਾਨ ਨਹੀਂ ਹੈ।
ਸ਼ੈਲੇਸ਼ ਕੁਮਾਰ
ਈਰਾਨ ਨੂੰ ਅਮਰੀਕਾ ’ਤੇ ਇਕ ਰਣਨੀਤਿਕ ਚੜ੍ਹਤ
NEXT STORY