ਵਿਗਿਆਨ, ਸਿੱਖਿਆ ਅਤੇ ਚੌਗਿਰਦੇ ਦੇ ਖੇਤਰ ’ਚ ਨਵਾਚਾਰ ਲਈ ਦੁਨੀਆ ’ਚ ਸਨਮਾਨਿਤ ਸੋਨਮ ਵਾਂਗਚੁਕ ਦੀ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ’ਚ ਗ੍ਰਿਫਤਾਰੀ ’ਤੇ ਤਾਂ ਸੁਪਰੀਮ ਕੋਰਟ ਨੇ 14 ਅਕਤੂਬਰ ਨੂੰ ਸੁਣਵਾਈ ਕੀਤੀ ਪਰ ਕੁਦਰਤੀ ਸੁੰਦਰਤਾ ਲਈ ਚਰਚਿਤ ਅਤੇ ਰਣਨੀਤਿਕ ਪੱਖੋਂ ਨਾਜ਼ੁਕ ਲੱਦਾਖ ਦੀ ਅਸ਼ਾਂਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਵਾਂਗਚੁਕ ਆਪਣੇ ਹੀ ਦੇਸ਼ ’ਚ ਨਾਇਕ ਤੋਂ ਖਲਨਾਇਕ ਬਣ ਗਏ ਹਨ। 2009 ਦੀ ਲੋਕਪ੍ਰਿਯ ਫਿਲਮ ‘ਥ੍ਰੀ ਇਡੀਅਟਸ’ ਉਨ੍ਹਾਂ ਤੋਂ ਪ੍ਰੇਰਿਤ ਸੀ। ਲੱਦਾਖ ਨੂੰ ਸੂਬੇ ਦਾ ਦਰਜਾ ਅਤੇ ਸੰਵਿਧਾਨ ਦੀ ਛੇਵੀਂ ਸੂਚੀ ’ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਪੰਜ ਸਾਲ ਤੋਂ ਜਾਰੀ ਅੰਦੋਲਨ ’ਚ 24 ਸਤੰਬਰ ਨੂੰ ਭੜਕੀ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋ ਦਿਨ ਬਾਅਦ ਗ੍ਰਿਫਤਾਰ ਕਰ ਕੇ ਵਾਂਗਚੁਕ ਨੂੰ ਜੋਧਪੁਰ ਦੀ ਜੇਲ ’ਚ ਭੇਜ ਦਿੱਤਾ ਿਗਆ।
ਇਕ ਤੋਂ ਬਾਅਦ ਇਕ ਸਾਡੇ ਸਰਹੱਦੀ ਖੇਤਰ ਅਸ਼ਾਂਤੀ ਦਾ ਸ਼ਿਕਾਰ ਹੋ ਰਹੇ ਹਨ। ਇਹ ਕੌਮੀ ਸੁਰੱਖਿਆ ਲਈ ਖਤਰਨਾਕ ਹੈ। ਅਸੰਤੋਸ਼ ਦੇਰ ਸਵੇਰ ਵੱਖਵਾਦ ਦੀ ਭਾਵਨਾ ਦਾ ਕਾਰਨ ਬਣਦਾ ਹੈ ਜਾਂ ਨਿੱਜੀ ਹਿੱਤਾਂ ਵਾਲੇ ਅਨਸਰਾਂ ਵਲੋਂ ਬਣਾ ਦਿੱਤਾ ਜਾਂਦਾ ਹੈ। 1947 ’ਚ ਵੰਡ ਦੇ ਨਾਲ ਮਿਲੀ ਆਜ਼ਾਦੀ ਪਿੱਛੋਂ ਪਾਕਿਸਤਾਨੀ ਕਬਾਇਲੀਆਂ ਨੇ ਘੁਸਪੈਠ ਦੀ ਸਾਜ਼ਿਸ਼ ਲੱਦਾਖ ਵਲੋਂ ਹੀ ਰਚੀ ਸੀ।
ਭਾਰਤੀ ਫੌਜ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਖਦੇੜ ਕੇ ਦਰਾਸ, ਕਾਰਗਿਲ ਅਤੇ ਲੱਦਾਖ ਨੂੰ ਮੁਕਤ ਕਰਵਾਇਆ ਸੀ। ਚੀਨ ਨੇ ਵੀ 1949 ’ਚ ਨੁਬਰਾ ਘਾਟੀ ਅਤੇ ਸ਼ਿੰਜਿਯਾਂਗ ਦੇ ਪੁਰਾਣੇ ਵਪਾਰਕ ਰਾਹ ਨੂੰ ਬੰਦ ਕਰ ਕੇ 1955 ’ਚ ਸ਼ਿੰਜਿਯਾਂਗ ਅਤੇ ਤਿੱਬਤ ਨੂੰ ਜੋੜਨ ਲਈ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ। ਬਾਅਦ ’ਚ ਚੀਨ ਨੇ ਪਾਕਿਸਤਾਨ ਲਈ ਕਰਾਕੋਰਮ ਹਾਈਵੇ ਵੀ ਬਣਾਇਆ।
ਅਸਲ ’ਚ ਜੰਮੂ-ਕਸ਼ਮੀਰ (ਲੱਦਾਖ ਵੀ ਜਿਸ ਦਾ 2019 ਤੱਕ ਅੰਗ ਸੀ) ਲੰਬੇ ਸਮੇਂ ਤੋਂ ਪਾਕਿਸਤਾਨ ਅਤੇ ਚੀਨ ਨਾਲ ਭਾਰਤ ਦੇ ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ।
1947, 1965, 1971 ਅਤੇ 1999 ’ਚ ਹੋਈਆਂ ਜੰਗਾਂ ਦਾ ਕੇਂਦਰ ਵੀ ਉਹੀ ਰਿਹਾ। ਪੌਣ-ਪਾਣੀ ਸੁਰੱਖਿਆ ਲਈ ਲੇਹ-ਲੱਦਾਖ ਭਾਰਤ ਲਈ ਵੀ ਨਾਜ਼ੁਕ ਅਤੇ ਮਹੱਤਵਪੂਰਨ ਹੈ। ਟੈਰਿਫ ਵਾਰ ਅਤੇ ਅਮਰੀਕਾ ਨਾਲ ਖਿੱਚੋਤਾਣ ਦਰਮਿਆਨ ਚੀਨ ਨਾਲ ਮੁੜ ਤੋਂ ਪੀਂਘਾਂ ਵਧਾਉਣ ਦੀ ਡਿਪਲੋਮੇਸੀ ’ਚ ਉਸ ਦੇ ਧੋਖੇ ਵਾਲੇ ਚਰਿੱਤਰ ਨੂੰ ਭੁਲਾ ਦੇਣਾ ਆਤਮਘਾਤੀ ਹੋ ਸਕਦਾ ਹੈ।
‘ਆਪ੍ਰੇਸ਼ਨ ਸਿੰਧੂਰ’ ਦੌਰਾਨ ਵੀ ਚੀਨ ਪੂਰੀ ਤਰ੍ਹਾਂ ਪਾਕਿਸਤਾਨ ਨਾਲ ਭਾਵ ਭਾਰਤ ਦੇ ਵਿਰੁੱਧ ਖੜ੍ਹਾ ਸੀ। ਇਸ ਭੂ-ਸਿਆਸੀ ਅਸਲੀਅਤ ਦੇ ਬਾਵਜੂਦ ਕੁਝ ਸੁਭਾਵਿਕ ਮੰਗਾਂ ਨੂੰ ਲੈ ਕੇ ਉਥੋਂ ਦੇ ਸਥਾਨਕ ਲੋਕਾਂ ਵਲੋਂ 5 ਸਾਲ ਤੋਂ ਚਲਾਏ ਜਾ ਰਹੇ ਸ਼ਾਂਤਮਈ ਅੰਦੋਲਨ ’ਚ ਅਚਾਨਕ ਹਿੰਸਾ ਕਾਰਨ ਉੱਠੇ ਸਵਾਲ ਜਵਾਬ ਮੰਗਦੇ ਹਨ। ਸੈਰ-ਸਪਾਟੇ ’ਤੇ ਨਿਰਭਰ ਰੋਜ਼ੀ-ਰੋਟੀ ਕਮਾਉਣ ਵਾਲੇ ਲੱਦਾਖ ਦੇ ਲੋਕ ਮਹਿਮਾਨਨਿਵਾਜ਼ੀ ਤੋਂ ਲੈ ਕੇ ਦੇਸ਼ ਭਗਤੀ ਤੱਕ ਸਭ ਉਸਾਰੂ ਚੀਜ਼ਾਂ ਲਈ ਜਾਣੇ ਜਾਂਦੇ ਹਨ। ਉਹ ਚੌਗਿਰਦੇ ਦੀ ਸੁਰੱਖਿਆ ਲਈ ਸਮਰਪਿਤ ਅਤੇ ਲਗਾਤਾਰ ਯਤਨਸ਼ੀਲ ਵੀ ਹਨ।
ਪਿਛਲੇ ਕੁਝ ਦਹਾਕਿਆਂ ਦੌਰਾਨ ਲੱਦਾਖ ’ਚ ਵਿਗਿਆਨ, ਸਿੱਖਿਆ ਅਤੇ ਚੌਗਿਰਦੇ ਦੇ ਖੇਤਰ ’ਚ ਸਭ ਤੋਂ ਨਵਾਚਾਰ ਦੇ ਨਾਇਕ ਸੋਨਮ ਵਾਂਗਚੁਕ ਰਹੇ ਹਨ। ਉਨ੍ਹਾਂ ਫੌਜ ਲਈ ਮਨਫੀ ਡਿਗਰੀ ਤਾਪਮਾਨ ’ਚ ਆਰਾਮ ਨਾਲ ਰਹਿਣ ਅਤੇ ਸੌਣ ਲਈ ਵਿਸ਼ੇਸ਼ ਟੈਂਟ ਬਣਾਏ ਅਤੇ ਪਾਣੀ ਦੀ ਸੁਰੱਖਿਆ ਲਈ ਨਕਲੀ ਗਲੇਸ਼ੀਅਰਾਂ ਦੀ ਵਰਤੋਂ ਕੀਤੀ।
ਉਧਰ ਵਿਦੇਸ਼ੀ ਪੁਰਸਕਾਰਾਂ, ਸਨਮਾਨਾਂ ਨੂੰ ਭਾਰਤ ਵਿਰੋਧੀ ਸਾਜ਼ਿਸ਼ਾਂ ਨਾਲ ਜੋੜ ਕੇ ਵੇਖਣ ਅਤੇ ਵਿਖਾਉਣ ਦਾ ਰੁਝਾਨ ਵਧਿਆ ਹੈ, ਪਰ ਜੇ ਖੁਲਾਸੇ ਕਿਸੇ ਅੰਦੋਲਨ, ਭੁੱਖ ਹੜਤਾਲ ਤੋਂ ਬਾਅਦ ਕੀਤੇ ਜਾਣ ਤਾਂ ਉਨ੍ਹਾਂ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ ਲੱਗ ਜਾਂਦੇ ਹਨ। ਵਾਂਗਚੁਕ ਦਾ ਅਕਸ ਸਿਆਸਤ ਤੋਂ ਹਟ ਕੇ ਵਿਗਿਆਨੀ, ਸਿੱਖਿਆ ਮਾਹਿਰ ਅਤੇ ਚੌਗਿਰਦਾ ਪੱਖੀ ਦਾ ਰਿਹਾ ਹੈ।
2019 ’ਚ ਜਦੋਂ ਨਰਿੰਦਰ ਮੋਦੀ ਸਰਕਾਰ ਨੇ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਉਂਦਿਆਂ ਜੰਮੂ-ਕਸ਼ਮੀਰ ਨੂੰ 2 ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਅਤੇ ਲੱਦਾਖ ’ਚ ਵੰਡਿਆ, ਤਦ ਉਥੋਂ ਹੱਕ ’ਚ ਉੱਠਣ ਵਾਲੀ (ਭਾਜਪਾ ਤੋਂ ਇਲਾਵਾ) ਸਭ ਤੋਂ ਤੇਜ਼ ਆਵਾਜ਼ ਸੋਨਮ ਵਾਂਗਚੁਕ ਦੀ ਹੀ ਸੀ।
ਸ਼ਾਇਦ ਇਸ ਲਈ ਵੀ ਕਿ ਜੰਮੂ-ਕਸ਼ਮੀਰ ਦੀ ਸੱਤਾ ਸਿਆਸਤ ’ਚ ਲੱਦਾਖ ਦੀ ਆਵਾਜ਼ ਅਕਸਰ ਅਣਸੁਣੀ ਰਹਿ ਗਈ। ਲੱਦਾਖ ਨੂੰ ਪੂਰਨ ਸੂਬੇ ਦਾ ਦਰਜਾ ਤਾਂ ਦੂਰ, ਵਿਧਾਨ ਸਭਾ ਵੀ ਨਹੀਂ ਮਿਲੀ।
। ਸੰਵਿਧਾਨ ਦੇ ਆਰਟੀਕਲ 244 ਅਧੀਨ ਛੇਵੀਂ ਸੂਚੀ ਜਨਜਾਤੀ ਖੇਤਰਾਂ ਲਈ ਖੁਦਮੁਖਤਾਰ ਜ਼ਿਲਿਆਂ ਅਤੇ ਖੁਦਮੁਖਤਾਰ ਖੇਤਰਾਂ ਵਜੋਂ ਵਿਸ਼ੇਸ਼ ਪ੍ਰਸ਼ਾਸਨਿਕ ਢਾਂਚੇ ਦੀ ਵਿਵਸਥਾ ਹੈ। ਇਸ ਢਾਂਚੇ ਨੂੰ ਸਮਾਜਿਕ ਰੀਤੀ-ਰਿਵਾਜ, ਜਾਨਸ਼ੀਨ ਤੋਂ ਇਲਾਵਾ ਜ਼ਮੀਨ ਅਤੇ ਜੰਗਲ ਲਈ ਸੁਰੱਖਿਆ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਕੁਝ ਉੱਤਰੀ-ਪੂਰਬੀ ਸੂਬਿਆਂ ’ਚ ਇਹ ਵਿਵਸਥਾ ਲਾਗੂ ਹੈ।
ਪੰਜ ਸਾਲ ਤੋਂ ਲੇਹ ਅਪੈਕਸ ਬਾਡੀ ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਦੇ ਬੈਨਰ ਹੇਠ ਸ਼ਾਂਤਮਈ ਅੰਦੋਲਨ ਦੀ ਮੁੱਖ ਮੰਗ ਵਿਧਾਨ ਸਭਾ ਦੇ ਨਾਲ ਪੂਰਨ ਸੂਬੇ ਦਾ ਦਰਜਾ ਅਤੇ ਸੰਵਿਧਾਨ ਦੀ ਛੇਵੀਂ ਸੂਚੀ ’ਚ ਸ਼ਾਮਲ ਕਰਨ ਦੀ ਹੀ ਹੈ। ਪਹਿਲੀ ਨਜ਼ਰ ’ਚ ਇਨ੍ਹਾਂ ਮੰਗਾਂ ’ਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ ਜਿਸ ਨੂੰ 5 ਸਾਲ ਦੇ ਲੰਬੇ ਸ਼ਾਂਤਮਈ ਅੰਦੋਲਨ ਦੇ ਬਾਵਜੂਦ ਪ੍ਰਵਾਨ ਕਰ ਸਕਣਾ ਸੰਭਵ ਨਾ ਹੋਵੇ।
ਲੇਹ ਤੋਂ ਦਿੱਲੀ ਤੱਕ 1000 ਕਿਲੋਮੀਟਰ ਦਾ ਪੈਦਲ ਮਾਰਚ ਅਤੇ ਪੰਜ ਵਾਰ ਦੀ ਭੁੱਖ ਹੜਤਾਲ ਦੱਸਦੀ ਹੈ ਕਿ ਅੰਦੋਲਨ ਮੂਲ ਰੂਪ ’ਚ ਗਾਂਧੀਵਾਦੀ ਅਤੇ ਸ਼ਾਂਤਮਈ ਚਰਿੱਤਰ ਦਾ ਹੀ ਰਿਹਾ ਹੈ। ਫਿਰ ਅਚਾਨਕ ਹਿੰਸਾ ਕਿਸ ਨੇ ਭੜਕਾਈ? ਇਸ ਸਵਾਲ ਦੇ ਜਵਾਬ ਲਈ ਸਿਆਸਤ ਤੋਂ ਲੈ ਕੇ ਕੌਮੀ ਸੁਰੱਖਿਆ ਤੱਕ ਹਰ ਪੱਖੋਂ ਭਰੋਸੇਯੋਗ ਜਾਂਚ ਦੀ ਲੋੜ ਹੈ। ਹਿੰਸਾ ਦੀ ਅਦਾਲਤੀ ਜਾਂਚ ਉਸ ਦਿਸ਼ਾ ’ਚ ਪਹਿਲਾ ਕਦਮ ਹੋ ਸਕਦੀ ਹੈ। ਬੇਸ਼ੱਕ ਵਿਰੋਧੀ ਧਿਰ ਨੂੰ ਲੱਦਾਖ ’ਚ ਵਫਦ ਭੇਜਣ ਦਾ ਅਧਿਕਾਰ ਹੈ ਪਰ ਅਜਿਹੇ ਨਾਜ਼ੁਕ ਮਾਮਲੇ ਸਿਆਸੀ ਨਹੀਂ, ਰਾਸ਼ਟਰ ਨੀਤੀ ਦਾ ਵਿਸ਼ਾ ਹੋਣੇ ਚਾਹੀਦੇ ਹਨ। ਜੰਮੂ-ਕਸ਼ਮੀਰ ਦਾ ਅੰਗ ਰਹਿੰਦਿਆਂ ਧਾਰਾ 370 ਅਧੀਨ ਲੱਦਾਖ ’ਚ ਵੀ ਬਾਹਰੀ ਲੋਕਾਂ ਵਲੋਂ ਜ਼ਮੀਨ ਖਰੀਦਣ ਅਤੇ ਸਰਕਾਰੀ ਨੌਕਰੀ ਕਰਨ ’ਤੇ ਪਾਬੰਦੀ ਸੀ। ਲੱਦਾਖੀਆਂ ਦਾ ਦੋਸ਼ ਹੈ ਕਿ 2019 ਤੋਂ ਬਾਅਦ ਬਾਹਰੀ ਲੋਕਾਂ ਵਲੋਂ ਜ਼ਮੀਨ ਦੀ ਖਰੀਦ-ਵੇਚ ਸ਼ੁਰੂ ਹੋ ਗਈ ਹੈ ਅਤੇ ਚੌਗਿਰਦਾ, ਸੰਵੇਦਨਸ਼ੀਲਤਾ ਨੂੰ ਛਿੱਕੇ ’ਤੇ ਰੱਖ ਕੇ ਵਿਕਾਸ ਦੀਆਂ ਉਹੋ ਜਿਹੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜੋ ਉੱਤਰਾਖੰਡ ਅਤੇ ਬਿਮਾਚਲ ਵਰਗੇ ਪਹਾੜੀ ਸੂਬਿਆਂ ’ਚ ਤਬਾਹਕੁੰਨ ਨਤੀਜੇ ਦੇ ਰਹੀਆਂ ਹਨ।
ਲੱਦਾਖ ਦੀ ਭੂਗੋਲਿਕ, ਰਣਨੀਤਿਕ ਅਤੇ ਚੌਗਿਰਦਾ ਸੰਵੇਦਨਸ਼ੀਲਤਾ ਦੀ ਮੰਗ ਹੈ ਕਿ ਲੋਕਾਂ ਨੂੰ ਭਰੋਸੇ ’ਚ ਲੈ ਕੇ ਉਨ੍ਹਾਂ ਦੀਆਂ ਜਾਇਜ਼ ਚਿੰਤਾਵਾਂ ਦਾ ਪ੍ਰਵਾਨ ਹੋਣ ਯੋਗ ਹੱਲ ਲੱਭਿਆ ਜਾਵੇ।
ਰਾਜ ਕੁਮਾਰ ਸਿੰਘ
‘ਦੇਸ਼ ਦੇ ਕਈ ਹਿੱਸਿਆਂ ’ਚ ਸਰਗਰਮ’ ਲੁਟੇਰਨ ਲਾੜੀਆਂ ਦੇ ਗਿਰੋਹ!
NEXT STORY