ਜਲ ਜੀਵਨ ਦਾ ਆਧਾਰ ਹੈ, ਇਸ ਦੇ ਬਿਨਾਂ ਜਿਊਣ ਦੀ ਕਲਪਨਾ ਥੋੜ੍ਹੀ ਵੀ ਅਸੰਭਵ ਹੈ। ਵਧਦੀ ਆਬਾਦੀ ਦੇ ਮੱਦੇਨਜ਼ਰ ਦੇਸ਼ ਦੀ ਮੌਜੂਦਾ ਸਥਿਤੀ ਖੰਗਾਲੀਏ ਤਾਂ ਨਾ ਸਿਰਫ ਲਗਾਤਾਰ ਘਟਦਾ ਜ਼ਮੀਨ ਹੇਠਲਾ ਪਾਣੀ ਇਕ ਡੂੰਘੀ ਚਿੰਤਾ ਬਣ ਕੇ ਉੱਭਰ ਰਿਹਾ ਹੈ ਸਗੋਂ ਰਸਾਇਣਕ ਤੱਤਾਂ ਦੀ ਵਧਦੀ ਮਾਤਰਾ ਇਸ ਨੂੰ ਸਿਹਤ ਦੇ ਮੱਦੇਨਜ਼ਰ ਵੀ ਗੈਰ-ਹਿੱਤਕਾਰੀ ਬਣਾ ਰਹੀ ਹੈ। ਕੇਂਦਰੀ ਭੂਮੀਗਤ ਪਾਣੀ ਬੋਰਡ ਦੀ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ਦੇ ਕੁੱਲ 6762 ਬਲਾਕਾਂ ’ਚੋਂ 730 ਗੰਭੀਰ ਸ਼੍ਰੇਣੀ ’ਚ ਆਉਂਦੇ ਹਨ। ਜ਼ਮੀਨ ਹੇਠਲੇ ਪਾਣੀ ਦੀ ਖਪਤ ’ਚ ਪੰਜਾਬ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ। ਪੰਜਾਬ ’ਚ ਜ਼ਮੀਨ ਹੇਠਲੇ ਪਾਣੀ ਦੀ ਨਿਕਾਸੀ 156.36 ਫੀਸਦੀ ਤੱਕ ਪਹੁੰਚਣ ਦਾ ਖੁਲਾਸਾ ਕਰਦੇ ਹੋਏ ਰਿਪੋਰਟ ਦੱਸਦੀ ਹੈ ਕਿ ਸੂਬੇ ਦੀ ਜ਼ਮੀਨ ’ਤੇ ਹੋਣ ਵਾਲੇ ਜਲ ਰਿਸਾਅ ਤੋਂ ਡੇਢ ਗੁਣਾ ਵੱਧ ਪਾਣੀ ਹਰ ਸਾਲ ਪੰਪਾਂ ਜ਼ਰੀਏ ਬਾਹਰ ਖਿੱਚਿਆ ਜਾ ਰਿਹਾ ਹੈ। ਪੰਜਾਬ ਦੇ ਕੁੱਲ 153 ਬਲਾਕਾਂ ’ਚ 111 (72.55 ਫੀਸਦੀ) ਗੰਭੀਰ ਸ਼੍ਰੇਣੀ ਅਧੀਨ ਆਉਂਦੇ ਹਨ। ਕੇਂਦਰੀ ਅਤੇ ਦੱਖਣੀ-ਪੱਛਮੀ ਪੰਜਾਬ ਦਾ ਵੱਡਾ ਹਿੱਸਾ ‘ਕ੍ਰਿਟੀਕਲ ਜ਼ੋਨ’ ਐਲਾਨਿਆ ਗਿਆ ਹੈ।
ਦਰਅਸਲ, ਪੰਜਾਬ ’ਚ ਸਿੰਚਾਈ ਦਾ ਵੱਡਾ ਹਿੱਸਾ ਟਿਊਬਵੈੱਲਾਂ ’ਤੇ ਨਿਰਭਰ ਹੈ। ਝੋਨੇ ਵਰਗੀਆਂ ਫਸਲਾਂ ’ਚ ਵਰਤੇ ਜਾਣ ਵਾਲੇ ਪਾਣੀ ਦੀ ਜ਼ਿਆਦਾ ਮਾਤਰਾ ਨੇ ਜ਼ਮੀਨ ਹੇਠਲੇ ਪਾਣੀ ਦੀ ਨਿਕਾਸੀ ਕਈ ਗੁਣਾ ਵਧਾ ਦਿੱਤੀ ਹੈ। ਨਤੀਜੇ ਵਜੋਂ ਕਈ ਪਿੰਡਾਂ ’ਚ ਪੀਣ ਵਾਲੇ ਪਾਣੀ ਦਾ ਸੰਕਟ ਡੂੰਘਾ ਹੋਣ ਲੱਗਾ ਹੈ। ਜ਼ਮੀਨ ਦੀ ਉਤਪਾਦਕਤਾ ਘੱਟ ਰਹੀ ਹੈ। ਮਹਿੰਗੇ ਟਿਊਬਵੈੱਲ ਲਗਾਉਣ ਨਾਲ ਕਿਸਾਨਾਂ ’ਤੇ ਕਰਜ਼ੇ ਦਾ ਭਾਰ ਵਧਿਆ ਹੈ। ਇਹੀ ਸਥਿਤੀ ਘੱਟ-ਵੱਧ ਗੁਆਂਢੀ ਸੂਬਿਆਂ ਦੀ ਵੀ ਹੈ। ਰਾਜਸਥਾਨ 147.11 ਫੀਸਦੀ ਅਤੇ ਹਰਿਆਣਾ 136.75 ਫੀਸਦੀ ਦੇ ਨਾਲ, ਦੇਸ਼ ਦੇ ਸਭ ਤੋਂ ‘ਓਵਰ ਐਕਸਪਲਾਇਟਿਡ’ ਰਾਜਾਂ ਦੀ ਸੂਚੀ ਵਿਚ ਆਉਂਦੇ ਹਨ, ਜਦੋਂ ਕਿ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਲਈ ਰਾਸ਼ਟਰੀ ਔਸਤ ਸਿਰਫ 60.63 ਫੀਸਦੀ ਹੈ। ਹਰਿਆਣਾ ਦੇ 143 ਬਲਾਕਾਂ ਵਿਚੋਂ 91 (63.64 ਫੀਸਦੀ) ਅਤੇ ਰਾਜਸਥਾਨ ਦੇ 213 (70.15 ਫੀਸਦੀ) ਨੂੰ ਇਸ ਦੇ 330 ਬਲਾਕਾਂ ਵਿਚੋਂ ਨਾਜ਼ੁਕ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸ ਸੰਦਰਭ ’ਚ ਦਿੱਲੀ ਦਾ ਜਾਇਜ਼ਾ ਲਈਏ ਤਾਂ ਇਹ ਵਧਦੀ ਆਬਾਦੀ ਦੇ ਮੱਦੇਨਜ਼ਰ ਨਾਕਾਫੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਵੀ ਵੱਖ-ਵੱਖ ਰਸਾਇਣਾਂ ਅਤੇ ਪ੍ਰਦੂਸ਼ਕਾਂ ਨਾਲ ਜੂਝ ਰਿਹਾ ਹੈ। ਕੇਂਦਰੀ ਭੂ-ਜਲ ਬੋਰਡ ਦੀ ਤਾਜ਼ਾ ਰਿਪੋਰਟ ਅਨੁਸਾਰ 13 ਤੋਂ 15 ਤੱਕ ਨਮੂਨਿਆਂ ’ਚ ਯੂਰੇਨੀਅਮ ਦੀ ਮਾਤਰਾ ਕਿਤੇ ਵੱਧ ਪਾਈ ਗਈ। ਮਾਹਿਰਾਂ ਅਨੁਸਾਰ ਦਿੱਲੀ ਦੇ ਪੀਣ ਵਾਲੇ ਪਾਣੀ ’ਚ ਯੂਰੇਨੀਅਮ ਦੀ ਇੰਨੀ ਵੱਡੀ ਮਾਤਰਾ ਸਿਹਤ ਨੂੰ ਲੈ ਕੇ ਗੰਭੀਰ ਸੰਕਟ ਖੜ੍ਹਾ ਕਰ ਸਕਦੀ ਹੈ। ਇਸ ਦਾ ਸਭ ਤੋਂ ਵੱਧ ਪ੍ਰਭਾਵ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ’ਤੇ ਪੈ ਸਕਦਾ ਹੈ।
2025 ਤੋਂ ਪਹਿਲਾਂ ਅਤੇ ਮਾਨਸੂਨ ਦੇ ਬਾਅਦ ਇਕੱਠੇ ਕੀਤੇ ਗਏ ਨਮੂਨਿਆਂ ਦੀ ਜਾਂਚ ’ਚ ਇਸ ਸਾਲ ਪ੍ਰਦੂਸ਼ਣ ਦਾ ਪੱਧਰ ਅਤੇ ਦਾਇਰਾ ਦੋਵੇਂ ਵਧਦੇ ਨਜ਼ਰ ਆਏ। ਦਿੱਲੀ ’ਚ ਲਏ ਗਏ 83-86 ਨਮੂਨਿਆਂ ’ਚ ਲਗਭਗ 24 ਸੈਂਪਲ ਯੂਰੇਨੀਅਮ ਦੀ ਸੁਰੱਖਿਅਤ ਹੱਦ (30 ਪੀ.ਪੀ.ਬੀ.) ਤੋਂ ਉਪਰ ਪਾਏ ਗਏ। ਕਈ ਖੇਤਰਾਂ ’ਚ ਨਾਈਟ੍ਰੇਟ, ਫਲੋਰਾਈਡ, ਸੀਸਾ, ਆਇਰਨ ਅਤੇ ਟੀ. ਡੀ. ਐੱਸ. ਵੀ ਤੈਅ ਮਾਪਦੰਡ ਤੋਂ ਜ਼ਿਆਦਾ ਮਿਲੇ।
ਮਾਹਿਰਾਂ ਅਨੁਸਾਰ ਰਾਜਧਾਨੀ ’ਚ ਤੇਜ਼ੀ ਨਾਲ ਡਿੱਗ ਰਹੇ ਵਾਟਰ ਲੈਵਲ ਕਾਰਨ ਲੋਕਾਂ ਵਲੋਂ ਡੂੰਘੇ ਟਿਊਬਵੈੱਲ ਅਤੇ ਬੋਰਵੈੱਲ ਦੀ ਵਰਤੋਂ ਕਰਨਾ ਇਸ ’ਚ ਵੱਡਾ ਕਾਰਨ ਹੈ। ਡੂੰਘਾ ਜ਼ਮੀਨ ਹੇਠਲਾ ਪਾਣੀ ਜਿਹੜੀਆਂ ਚੱਟਾਨਾਂ ’ਚੋਂ ਹੋ ਕੇ ਆਉਂਦਾ ਹੈ, ਉਨ੍ਹਾਂ ’ਚ ਕੁਦਰਤੀ ਤੌਰ ’ਤੇ ਯੂਰੇਨੀਅਮ ਅਤੇ ਹੋਰ ਖਣਿਜ ਤੱਤ ਪਾਏ ਜਾਂਦੇ ਹਨ। ਡੂੰਘਾਈ ਵਧਦੇ ਹੀ ਪਾਣੀ ’ਚ ਇਨ੍ਹਾਂ ਤੱਤਾਂ ਦੀ ਮਾਤਰਾ ਵੀ ਵਧ ਜਾਂਦੀ ਹੈ। ਦਿੱਲੀ ਦੇ ਅਨੇਕ ਖੇਤਰਾਂ ’ਚ ਖਣਿਜ ਭਰਪੂਰ ਚੱਟਾਨਾਂ ਮੌਜੂਦ ਹਨ, ਜਿਨ੍ਹਾਂ ਦੇ ਸੰਪਰਕ ’ਚ ਆਉਣ ਨਾਲ ਪਾਣੀ ’ਚ ਰੇਡੀਓਧਰਮੀ ਤੱਤ ਘੁਲ ਰਹੇ ਹਨ। ਇਸ ਦੇ ਇਲਾਵਾ ਕਈ ਇਲਾਕਿਆਂ ’ਚ ਰਸਾਇਣਕ ਰਹਿੰਦ-ਖੂੰਹਦ, ਸੀਵਰੇਜ ਰਿਸਾਅ, ਖੇਤੀ ’ਚ ਵਰਤੀ ਜਾਣ ਵਾਲੀ ਖਾਦ ਵੀ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਕਰ ਰਹੀ ਹੈ।
ਆਰਸੈਨਿਕ ਨੂੰ ਵਿਸ਼ਵ ਦਾ ਸਭ ਤੋਂ ਖਤਰਨਾਕ ‘ਸਾਈਲੈਂਟ ਕਿੱਲਰ’ ਮੰਨਿਆ ਿਗਆ ਹੈ। ਇਸ ਦੀ ਵਰਤੋਂ ਨਾਲ ਚਮੜੀ ਸੰਬੰਧੀ ਰੋਗ ਵਿਸ਼ੇਸ਼ ਤੌਰ ’ਤੇ ਸਕਿੱਨ ਕੈਂਸਰ, ਲੰਗ ਕੈਂਸਰ, ਬਲੈਡਰ ਕੈਂਸਰ, ਦਿਲ ਦੇ ਰੋਗ, ਬੱਚਿਆਂ ’ਚ ਮਾਨਸਿਕ ਵਿਕਾਸ ਰੁਕਣ ਵਰਗੇ ਬੁਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਇਸੇ ਤਰ੍ਹਾਂ ਪਾਣੀ ’ਚ ਨਾਈਟ੍ਰੇਟ ਦੀ ਮੌਜੂਦਗੀ ਬਲਿਊ ਬੇਬੀ ਸਿੰਡਰੋਮ ਵਰਗੇ ਸ਼ਿਸ਼ੂ ਰੋਗ ਦੀ ਉਤਪਤੀ ਦਾ ਕਾਰਨ ਬਣ ਸਕਦੀ ਹੈ, ਜੋ ਕਿ ਖੂਨ ’ਚ ਆਕਸੀਜਨ ਦੀ ਮਾਤਰਾ ਘੱਟ ਹੋਣ ’ਤੇ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਸਾਹ ਦੀ ਸਮੱਸਿਆ ਅਤੇ ਕਮਜ਼ੋਰੀ, ਥਕਾਵਟ, ਪਾਚਨ ਤੰਤਰ ’ਚ ਗੜਬੜ, ਥਾਇਰਾਈਡ, ਕੈਂਸਰ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਯੂਰੇਨੀਅਮ ਜਾਂ ਭਾਰੀ ਧਾਤੂਆਂ ਵਾਲਾ ਪਾਣੀ ਲੰਬੇ ਸਮੇਂ ਤੱਕ ਪੀਣ ਨਾਲ ਇਸ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਗੁਰਦਿਆਂ ’ਤੇ ਪੈਂਦਾ ਹੈ। ਇਹ ਕਿਡਨੀ ਦੀ ਫਿਲਟ੍ਰੇਸ਼ਨ ਸਮਰੱਥਾ ਘੱਟ ਕਰਕੇ ਨੇਕਰੋਟਾਕਸਿਸਿਟੀ ਤੱਕ ਲਿਜਾ ਸਕਦਾ ਹੈ। ਯੂਰੇਨੀਅਮ ਅਤੇ ਫਲੋਰਾਈਡ ਦੇ ਸਾਂਝੇ ਪ੍ਰਭਾਵ ਨਾਲ ਹੱਡੀਆਂ ਕਮਜ਼ੋਰ ਪੈ ਜਾਂਦੀਆਂ ਹਨ, ਇਸ ਨਾਲ ਬੱਚਿਆਂ ’ਚ ਹੱਡੀਆਂ ਦਾ ਵਿਕਾਸ ਰੁਕ ਸਕਦਾ ਹੈ। ਰੇਡੀਓਧਰਮੀ ਤੱਤ ਹੋਣ ਦੇ ਕਾਰਨ ਲੰਬੇ ਸਮੇਂ ਤੱਕ ਯੂਰੇਨੀਅਮ ਦੇ ਸੰਪਰਕ ’ਚ ਰਹਿਣ ’ਤੇ ਕੈਂਸਰ ਗ੍ਰਸਤ ਹੋਣ ਦਾ ਜੋਖਮ ਵਧਦਾ ਹੈ।
ਪਾਣੀ ਦਾ ਅਤਿ ਮਹੱਤਵ ਦੇਖਦੇ ਹੋਏ ਇਸ ਨੂੰ ਜੀਵਨ ਵੀ ਕਿਹਾ ਜਾਂਦਾ ਹੈ। ਡਿੱਗਦੇ ਜ਼ਮੀਨ ਹੇਠਲੇ ਪਾਣੀ ਅਤੇ ਦੂਸ਼ਿਤ ਪਾਣੀ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ ਅਤੇ ਸਿਹਤ ’ਤੇ ਬਰਾਬਰ ਪੈਂਦਾ ਦਿਖਾਈ ਦੇ ਰਿਹਾ ਹੈ। ਮਾਹਿਰਾਂ ਦੀ ਰਾਏ ਮੁਤਾਬਕ ਮਾਈਕ੍ਰੋ-ਇਰੀਗੇਸ਼ਨ ਉਤਸ਼ਾਹਿਤ ਕਰਨ, ਉਦਯੋਗਿਕ-ਘਰੇਲੂ ਪੱਧਰ ’ਤੇ ਪਾਣੀ ਦੀ ਸਦਵਰਤੋਂ ਅਤੇ ਮੁੜ ਵਰਤੋਂ ਯਕੀਨੀ ਬਣਾਉਣ, ਰਸਾਇਣਕ ਕੀਟਨਾਸ਼ਕ-ਖਾਦ ਨਾ ਵਰਤਣ, ਜੈਵਿਕ ਖੇਤੀ ’ਤੇ ਜ਼ੋਰ ਦੇਣ, ਪਾਣੀ ਦੀ ਚਾਰਜ ਅਤੇ ਦੂਸ਼ਿਤ ਜਲ ਉਪਚਾਰ ਸੰਬੰਧੀ ਪ੍ਰਾਜੈਕਟ ਪ੍ਰਤੀ ਗੰਭੀਰਤਾ ਦਿਖਾਉਣ ਆਦਿ ਨਾਲ ਹੀ ਸਥਿਤੀ ਸੰਭਲ ਸਕਦੀ ਹੈ। ਕੁਦਰਤ ਦੀ ਇਸ ਅਮੁੱਲੀ ਜਾਇਦਾਦ ਨੂੰ ਘਟਣ ਅਤੇ ਪ੍ਰਦੂਸ਼ਿਤ ਹੋਣ ਤੋਂ ਰੋਕਣਾ ਹੁਣ ਵੀ ਸਾਡੀ ਤਰਜੀਹ ਨਾ ਬਣੀ ਤਾਂ ਕਲਾਂਤਰ ’ਚ ਮੰਦੇ ਨਤੀਜੇ ਕਈ ਪੀੜ੍ਹੀਆਂ ਭੋਗਣਗੀਆਂ।
–ਦੀਪਿਕਾ ਅਰੋੜਾ
ਗੋਆ ਗਲਤ ਕਾਰਨਾਂ ਕਰਕੇ ਖ਼ਬਰਾਂ ਵਿਚ
NEXT STORY