ਹਰਿਆਣਾ ਦੀ ਰਾਜਨੀਤੀ ’ਚ ਕਾਂਗਰਸ ਪਾਰਟੀ ਲੰਬੇ ਸਮੇਂ ਤੋਂ ਆਪੋਜ਼ੀਸ਼ਨ ਦੀ ਭੂਮਿਕਾ ਨਿਭਾਅ ਰਹੀ ਹੈ ਪਰ ਉਸ ਦੀਆਂ ਰਣਨੀਤੀਆਂ ਅਕਸਰ ਉਸ ਨੂੰ ਹੀ ਕਮਜ਼ੋਰ ਸਾਬਿਤ ਕਰਦੀਆਂ ਦਿਖਾਈ ਦਿੰਦੀਆਂ ਹਨ। ਵਿਸ਼ੇਸ਼ ਤੌਰ ’ਤੇ ਬੇਭਰੋਸਗੀ ਮਤਾ ਲਿਆਉਣਾ, ਜੋ ਸਿਧਾਂਤਕ ਤੌਰ ’ਤੇ ਸਰਕਾਰ ਨੂੰ ਡੇਗਣ ਦਾ ਹਥਿਆਰ ਹੈ। ਇਹ ਬੇਭਰੋਸਗੀ ਮਤਾ ਕਾਂਗਰਸ ਲਈ ਹਰ ਵਾਰ ਅਸਫਲਤਾ ਅਤੇ ਗਿਣਤੀ ਬਲ ਦੀ ਕਮੀ ਦਾ ਪ੍ਰਦਰਸ਼ਨ ਬਣ ਜਾਂਦਾ ਹੈ।
ਦਸੰਬਰ 2025 ’ਚ ਇਕ ਵਾਰ ਫਿਰ ਕਾਂਗਰਸ ਨੇ ਭਾਜਪਾ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕੀਤਾ ਹੈ ਜਦਕਿ ਵਿਧਾਨ ਸਭਾ ’ਚ ਉਸ ਦਾ ਗਿਣਤੀ ਬਲ ਬਹੁਮਤ ਤੋਂ ਬਹੁਤ ਦੂਰ ਹੈ। ਇਹ ਕਦਮ ਨਾ ਸਿਰਫ ਕਾਂਗਰਸ ਦੀ ਅਗਾਊਂ ਅਨੁਮਾਨਤ ਹਾਰ ਵੱਲ ਇਸ਼ਾਰਾ ਕਰਦਾ ਹੈ, ਸਗੋਂ ਇਹ ਵੀ ਦਰਸਾਉਂਦਾ ਹੈ ਕਿ ਕਾਂਗਰਸ ਜਨਤਾ ਦੇ ਵਿਚਾਲੇ ਆਪਣਾ ਗੁਆਚਿਆ ਹੋਇਆ ਵਿਸ਼ਵਾਸ ਵਾਪਸ ਹਾਸਲ ਕਰਨ ਦੇ ਅਸਮਰੱਥ ਰਹੀ ਹੈ।
ਹਰਿਆਣਾ ਵਿਧਾਨ ਸਭਾ ’ਚ ਕੁੱਲ 90 ਸੀਟਾਂ ਹਨ। 2024 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ 48 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਅਤੇ ਨਾਇਬ ਸਿੰਘ ਸੈਣੀ ਦੀ ਅਗਵਾਈ ’ਚ ਤੀਜੀ ਵਾਰ ਸਰਕਾਰ ਬਣਾਈ। ਕਾਂਗਰਸ ਨੂੰ ਸਿਰਫ 37 ਸੀਟਾਂ ਮਿਲੀਆ, ਜਦਕਿ ਹੋਰਨਾਂ ਦਲਾਂ ਅਤੇ ਆਜ਼ਾਦਾਂ ਨੇ ਬਾਕੀ ਸੀਟਾਂ ਜਿੱਤੀਆਂ। ਚੋਣ ਕਮਿਸ਼ਨ ਦੇ ਅਧਿਕਾਰਤ ਨਤੀਜਿਆਂ ਅਨੁਸਾਰ ਭਾਜਪਾ ਨੂੰ ਆਜ਼ਾਦ ਵਿਧਾਇਕਾਂ ਦਾ ਸਮਰਥਨ ਵੀ ਹਾਸਲ ਹੈ, ਜਿਸ ਨਾਲ ਵਿਧਾਨ ਸਭਾ ’ਚ ਨਾਇਬ ਸੈਣੀ ਸਰਕਾਰ ਬਹੁਤ ਮਜ਼ਬੂਤ ਹੈ। ਉਥੇ ਹੀ ਕਾਂਗਰਸ ਜੋ ਚੋਣਾਂ ਤੋਂ ਪਹਿਲਾਂ ਸਿਰਫ ਸਰਵੇਖਣਾਂ ’ਚ ਅੱਗੇ ਦਿਸ ਰਹੀ ਸੀ ਪਰ ਜਨਤਾ ਦਾ ਭਰੋਸਾ ਨਹੀਂ ਜਿੱਤ ਸਕੀ ਅਤੇ ਅੰਤਿਮ ਨਤੀਜਿਆਂ ’ਚ ਪਿੱਛੇ ਰਹਿ ਗਈ। ਇਹ ਗੱਲ ਹੋਰ ਹੈ ਕਿ ਰਾਹੁਲ ਗਾਂਧੀ ਸਮੇਤ ਕਾਂਗਰਸ ਨੇਤਾਵਾਂ ਨੇ ਚੋਣਾਂ ’ਚ ਧਾਂਦਲੀ ਦੇ ਝੂਠੇ ਦੋਸ਼ ਤਾਂ ਲਗਾਏ ਪਰ ਕੋਈ ਠੋਸ ਸਬੂਤ ਨਹੀਂ ਰੱਖ ਸਕੇ। ਇਸ ਲਈ ਭਾਜਪਾ ਦੀ ਜਿੱਤ ਨੂੰ ਜਨਤਾ ਦੀ ਮੋਹਰ ਮੰਨਿਆ ਗਿਆ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਐਲਾਨ ਕੀਤਾ ਕਿ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ (18 ਦਸੰਬਰ ਤੋਂ ਸ਼ੁਰੂ ਹੋਣ ਵਾਲੇ 3 ਦਿਨਾ ਸੈਸ਼ਨ) ’ਚ ਭਾਜਪਾ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਜਾਵੇਗਾ। ਕਾਂਗਰਸ ਵਿਧਾਨ ਸਭਾ ’ਚ ਵੀ 2024 ਦੀਆਂ ਚੋਣਾਂ ’ਚ ਕਥਿਤ ਧਾਂਦਲੀ, ਫਰਜ਼ੀ ਵੋਟਰ ਲਿਸਟਾਂ ਵਰਗੇ ਝੂਠੇ ਮੁੱਦਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕਰੇਗੀ ਪਰ ਕਾਂਗਰਸ ਹਰ ਵਾਰ ਬੇਭਰੋਸਗੀ ਮਤਾ ਲਿਆ ਕੇ ਖੁਦ ਹੀ ਐਕਸਪੋਜ਼ ਹੋਈ ਹੈ।
90 ਮੈਂਬਰੀ ਸਦਨ ’ਚ ਕਾਂਗਰਸ ਦੇ ਸਿਰਫ 37 ਵਿਧਾਇਕ ਹਨ, ਜਦਕਿ ਭਾਜਪਾ ਦੇ 48 ਅਤੇ ਸਮਰਥਕ ਆਜ਼ਾਦਾਂ ਦੇ ਨਾਲ ਸਰਕਾਰ ਆਸਾਨੀ ਨਾਲ ਬਹੁਮਤ ਸਾਬਤ ਕਰ ਦੇਵੇਗੀ। ਮਤੇ ਦੀ ਹਾਰ ਲੱਗਭਗ ਤੈਅ ਹੈ ਜਿਵੇਂ ਕਿ ਅਤੀਤ ’ਚ ਵਾਰ-ਵਾਰ ਹੋਇਆ ਹੈ। ਕਾਂਗਰਸ ਦੇ ਬੇਭਰੋਸਗੀ ਮਤਿਆਂ ਦਾ ਇਤਿਹਾਸ ਅਸਫਲਤਾਵਾਂ ਨਾਲ ਭਰਿਆ ਪਿਆ ਹੈ। ਮਾਰਚ 2021 ’ਚ ਮਨੋਹਰ ਲਾਲ ਸਰਕਾਰ (ਤਤਕਾਲੀ ਭਾਜਪਾ-ਜੇ. ਜੇ. ਪੀ. ਗੱਠਜੋੜ) ਵਿਰੁੱਧ ਲਿਆਂਦਾ ਗਿਆ ਬੇਭਰੋਸਗੀ ਮਤਾ 55-32 ਦੇ ਫਰਕ ਨਾਲ ਹਾਰ ਗਿਆ। ਉਸ ਸਮੇਂ ਕਿਸਾਨ ਅੰਦੋਲਨ ਸਿਖਰ ’ਤੇ ਸੀ ਅਤੇ ਕਾਂਗਰਸ ਨੇ ਇਸ ਨੂੰ ਮੁੱਦਾ ਬਣਾਇਆ, ਪਰ ਜਨਤਾ ’ਚ ਹਾਰੀ ਕਾਂਗਰਸ ਸੰਸਦ ’ਚ ਵੀ ਗਿਣਤੀ ਬਲ ਨਾ ਹੋਣ ਕਾਰਨ ਹਾਰ ਗਈ ਭਾਵ ਮਤਾ ਡਿੱਗ ਗਿਆ।
ਇਸੇ ਤਰ੍ਹਾਂ ਫਰਵਰੀ 2024 ’ਚ ਵੀ ਕਾਂਗਰਸ ਦਾ ਬੇਭਰੋਸਗੀ ਮਤਾ ਵਾਇਸ ਵੋਟ ਨਾਲ ਅਸਫਲ ਹੋ ਗਿਆ। ਇਨ੍ਹਾਂ ਦੋਵਾਂ ਮਾਮਲਿਆਂ ’ਚ ਸਰਕਾਰ ’ਤੇ ਕੋਈ ਅਸਰ ਨਹੀਂ ਪੈ ਸਕਿਆ। ਵਿਰੋਧੀ ਧਿਰ ਦੇ ਰੂਪ ’ਚ ਮੁੱਦੇ ਉਠਾਉਣਾ ਜਮਹੂਰੀ ਪ੍ਰਕਿਰਿਆ ਦਾ ਹਿੱਸਾ ਹੈ ਪਰ ਵਾਰ-ਵਾਰ ਜਾਣਬੁੱਝ ਕੇ ਹਾਰਨ ਵਾਲੇ ਕਦਮ ਉਠਾਉਣਾ ਪਾਰਟੀ ਦੀ ਰਣਨੀਤਿਕ ਕਮਜ਼ੋਰੀ ਨੂੰ ਉਜਾਗਰ ਕਰਦਾ ਹੈ। ਕਾਂਗਰਸ ਸੂਬੇ ’ਚ ਲੰਬੇ ਸਮੇਂ ਤੋਂ ਸੱਤਾ ਤੋਂ ਬਾਹਰ ਹੈ। 2014 ਤੋਂ ਪਹਿਲੇ 10 ਸਾਲ ਤੱਕ ਸੱਤਾ ’ਚ ਰਹਿਣ ਵਾਲੀ ਕਾਂਗਰਸ 2014, 2019 ਅਤੇ 2024 ’ਚ ਲਗਾਤਾਰ ਹਾਰਦੀ ਆਈ ਹੈ।
ਜਨਤਾ ਨੇ ਭਾਜਪਾ ਨੂੰ ਹਸਮੁੱਖ ਅਤੇ ਮਿਲਣਸਾਰ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਵਿਕਾਸ, ਕਾਨੂੰਨ ਵਿਵਸਥਾ ਅਤੇ ਕੇਂਦਰ ਦੀਆਂ ਯੋਜਨਾਵਾਂ ਦੇ ਆਧਾਰ ’ਤੇ ਫਿਰ ਤੋਂ ਚੁਣਿਆ।
ਕਾਂਗਰਸ ਦੇ ਦੋਸ਼ ਜਿਵੇਂ ਈ. ਵੀ. ਐੱਮ. ’ਚ ਗੜਬੜ ਜਾਂ ਵੋਟਰ ਲਿਸਟ ’ਚ ਫਰਜ਼ੀਵਾੜਾ, ਅਦਾਲਤਾਂ ਜਾਂ ਚੋਣ ਕਮਿਸ਼ਨ ’ਚ ਸਾਬਿਤ ਨਹੀਂ ਹੋ ਸਕੇ। ਇਸ ਨਾਲ ਕਾਂਗਰਸ ਪਾਰਟੀ ਦੀ ਭਰੋਸੇਯੋਗਤਾ ’ਤੇ ਸਵਾਲ ਉੱਠਦੇ ਹਨ। ਬੇਭਰੋਸਗੀ ਮਤਾ ਲਿਆਉਣਾ ਆਪੋਜ਼ੀਸ਼ਨ ਦਾ ਅਧਿਕਾਰ ਹੈ ਅਤੇ ਇਸ ਨਾਲ ਸਦਨ ’ਚ ਚਰਚਾ ਹੁੰਦੀ ਹੈ, ਜੋ ਲੋਕਤੰਤਰ ਲਈ ਜ਼ਰੂਰੀ ਹੈ ਪਰ ਜਦੋਂ ਇਹ ਮਤਾ ਪਹਿਲਾਂ ਤੋਂ ਹਾਰਨ ਲਈ ਲਿਆਂਦਾ ਜਾਂਦਾ ਹੈ, ਤਾਂ ਇਹ ਜਨਤਾ ਸਾਹਮਣੇ ਪਾਰਟੀ ਦੀ ਨਿਰਾਸ਼ਾ ਪ੍ਰਦਰਸ਼ਿਤ ਕਰਦਾ ਹੈ।
ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਕਾਂਗਰਸ ਇਸ ਤਰ੍ਹਾਂ ਦੇ ਕਦਮਾਂ ਨਾਲ ਮੀਡੀਆ ਦਾ ਧਿਆਨ ਤਾਂ ਖਿੱਚ ਲੈਂਦੀ ਹੈ ਪਰ ਜਨਤਾ ਦੇ ਵਿਚਾਲੇ ਆਪਣਾ ਅਕਸ ਮਜ਼ਬੂਤ ਨਹੀਂ ਕਰ ਪਾਉਂਦੀ। ਉਲਟਾ ਭਾਜਪਾ ਹਰ ਵਾਰ ਕਾਂਗਰਸ ਦੇ ਝੂਠ ਅਤੇ ਕਮਜ਼ੋਰੀ ਨੂੰ ਉਜਾਗਰ ਕਰ ਕੇ ਜਨਤਾ ਦਾ ਵਿਸ਼ਵਾਸ ਜਿੱਤਣ ’ਚ ਕਾਮਯਾਬ ਹੋ ਜਾਂਦੀ ਹੈ। ਹਰਿਆਣਾ ’ਚ ਭਾਜਪਾ ਦੀ ਲਗਾਤਾਰ ਜਿੱਤ ਦਰਸਾਉਂਦੀ ਹੈ ਕਿ ਜਨਤਾ ਦਾ ਵਿਸ਼ਵਾਸ ਉਸ ਦੇ ਪੱਖ ’ਚ ਹੈ, ਜਦਕਿ ਕਾਂਗਰਸ ਅਜੇ ਵੀ 2019 ਅਤੇ 2024 ਦੀ ਹਾਰ ਤੋਂ ਉੱਭਰ ਨਹੀਂ ਸਕੀ ਹੈ।
ਸਿੱਟੇ ਵਜੋਂ ਕਹੀਏ ਤਾਂ ਕਾਂਗਰਸ ਦਾ ਇਹ ਵਾਰ-ਵਾਰ ਬੇਭਰੋਸਗੀ ਮਤਾ ਲਿਆਉਣਾ ਆਪਣੀ ਸਿਆਸੀ ਅਸਫਲਤਾ ਦਾ ਪ੍ਰਦਰਸ਼ਨ ਹੀ ਬਣ ਕੇ ਰਹਿ ਜਾਂਦਾ ਹੈ। ਜੇਕਰ ਪਾਰਟੀ ਅਸਲ ’ਚ ਜਨਤਾ ਦਾ ਵਿਸ਼ਵਾਸ ਵਾਪਸ ਪਾਉਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਨੇਤਾਵਾਂ ’ਚ ਗੁੱਟਬਾਜ਼ੀ ਨੂੰ ਖਤਮ ਕਰ ਕੇ ਆਪਣੇ ਹੀ ਵਰਕਰਾਂ ਦਾ ਵਿਸ਼ਵਾਸ ਜਿੱਤਣਾ ਚਾਹੀਦਾ ਹੈ। ਜਨਤਾ ਦਾ ਦਿਲ ਜਿੱਤਣਾ ਤਾਂ ਕਾਂਗਰਸ ਲਈ ਦੂਰ ਦੀ ਕੌਡੀ ਦਿਖਾਈ ਦਿੰਦੀ ਹੈ। ਵਿਧਾਨ ਸਭਾ ’ਚ ਗਿਣਤੀ ਬਲ ਨਾ ਹੋਣ ’ਤੇ ਵੀ ਮਤਾ ਲਿਆਉਣਾ ਹਾਰ ਦੀ ਸਵੀਕਾਰਤਾ ਵਰਗਾ ਹੈ। 18 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ’ਚ ਇਕ ਵਾਰ ਫਿਰ ਇਹੀ ਦ੍ਰਿਸ਼ ਦੁਹਰਾਇਆ ਜਾਵੇਗਾ। ਕਾਂਗਰਸ ਬੇਭਰੋਸਗੀ ਮਤਾ ਲਿਆਏਗੀ, ਚਰਚਾ ਹੋਵੇਗੀ ਪਰ ਮਤਾ ਡਿੱਗ ਜਾਵੇਗਾ ਅਤੇ ਭਾਜਪਾ ਸਰਕਾਰ ਆਪਣੀ ਸਥਿਰਤਾ ਦਾ ਪ੍ਰਦਰਸ਼ਨ ਕਰਕੇ ਹੋਰ ਮਜ਼ਬੂਤੀ ਨਾਲ ਅੱਗੇ ਵਧ ਜਾਵੇਗੀ।
–ਅਰਵਿੰਦ ਸੈਣੀ
(ਪ੍ਰਦੇਸ਼ ਮੀਡੀਆ ਇੰਚਾਰਜ ਭਾਜਪਾ, ਹਰਿਆਣਾ)
ਸੰਸਦ ਦਾ ਸਭ ਤੋਂ ਛੋਟਾ ਸਰਦ ਰੁੱਤ ਸੈਸ਼ਨ
NEXT STORY