ਸਾਲ 1947 ’ਚ ਲੋਹ ਪੁਰਸ਼ ਸਰਦਾਰ ਪਟੇਲ ਦੇ ਦੂਰਦਰਸ਼ੀ ਅਤੇ ਅਣਥੱਕ ਯਤਨਾਂ ਸਦਕਾ 562 ਛੋਟੀਆਂ ਅਤੇ ਵੱਡੀਆਂ ਰਿਆਸਤਾਂ ਨੂੰ ਭਾਰਤ ਵਿਚ ਮਿਲਾ ਕੇ ਦੇਸ਼ ਦਾ ਰਾਜਨੀਤਿਕ ਏਕੀਕਰਨ ਸੰਭਵ ਹੋਇਆ ਪਰ ਆਜ਼ਾਦੀ ਦੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵੀ, ਅਕਸਰ ਅਜਿਹਾ ਲੱਗਦਾ ਹੈ ਕਿ ਦੇਸ਼ ਦਾ ਭਾਵਨਾਤਮਕ ਏਕੀਕਰਨ ਅਜੇ ਵੀ ਬਾਕੀ ਹੈ। ਭਾਸ਼ਾਈ ਅਤੇ ਖੇਤਰੀ ਪਛਾਣ ਦਾ ਜਿੰਨ ਅਜੇ ਵੀ ਸਿਆਸਤਦਾਨਾਂ ਦੀ ਬੋਤਲ ਵਿਚ ਬੰਦ ਹੈ, ਜਿਸ ਨੂੰ ਉਹ ਆਪਣੀ ਸਹੂਲਤ ਅਨੁਸਾਰ ਅੰਦਰ ਅਤੇ ਬਾਹਰ ਕਰ ਸਕਦੇ ਹਨ। ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਸਕਦਾ ਹੈ, ਜਨਤਕ ਭਾਵਨਾਵਾਂ ਨੂੰ ਭੜਕਾਇਆ ਜਾ ਸਕਦਾ ਹੈ ਅਤੇ ਰਾਸ਼ਟਰੀ ਏਕਤਾ ਨੂੰ ਖ਼ਤਰੇ ’ਚ ਪਾਇਆ ਜਾ ਸਕਦਾ ਹੈ। ਤਾਮਿਲਨਾਡੂ ਵਿਚ ਤ੍ਰੈ-ਭਾਸ਼ੀ ਪਾਠਕ੍ਰਮ ਨੂੰ ਲੈ ਕੇ ਜੋ ਖ਼ਤਰਨਾਕ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ, ਉਹ ਇਸ ਗੱਲ ਨੂੰ ਸਾਬਤ ਕਰਦਾ ਹੈ, ਜਦ ਕਿ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ਼ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਚੁਣਨਾ ਕੋਈ ਲਾਜ਼ਮੀ ਨਹੀਂ ਹੈ, ਇਹ ਕੋਈ ਵੀ ਹੋਰ ਭਾਰਤੀ ਭਾਸ਼ਾ ਹੋ ਸਕਦੀ ਹੈ। ਫਿਰ ਵੀ ਇਸ ਨੂੰ ਤਾਮਿਲ ਪਛਾਣ, ਦ੍ਰਾਵਿੜ ਸੱਭਿਆਚਾਰ ਅਤੇ ਮਨਘੜਤ ਉੱਤਰ-ਦੱਖਣ ਟਕਰਾਅ ਨਾਲ ਜੋੜਨ ਦੀਆਂ ਰਾਜਨੀਤਿਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੋਰ ਖੇਤਰੀ ਭਾਸ਼ਾਵਾਂ ਵਾਂਗ ਤਾਮਿਲ ਇਕ ਅਮੀਰ ਭਾਰਤੀ ਭਾਸ਼ਾ ਹੈ ਅਤੇ ਨਿਸ਼ਚਿਤ ਤੌਰ ’ਤੇ ਮੌਜੂਦਾ ਹਿੰਦੀ ਨਾਲੋਂ ਬਹੁਤ ਪੁਰਾਣੀ ਹੈ ਜੋ ਸੰਸਕ੍ਰਿਤ ’ਚੋਂ ਨਿਕਲੀ ਹੈ। ਪੂਰਾ ਦੇਸ਼ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਅਤੇ ਤਾਮਿਲ ਦੀ ਅਮੀਰ ਸੱਭਿਆਚਾਰਕ ਅਤੇ ਸਾਹਿਤਕ ਵਿਰਾਸਤ ’ਤੇ ਵੀ ਮਾਣ ਕਰਦਾ ਹੈ।
ਇਸੇ ਲਈ, ਤਾਮਿਲ ਸੱਭਿਆਚਾਰ ਦੇ ਗੌਰਵਸ਼ਾਲੀ ਇਤਿਹਾਸ ਨੂੰ ਰਾਸ਼ਟਰੀ ਸੱਭਿਆਚਾਰਕ ਚੇਤਨਾ ਨਾਲ ਜੋੜਨ ਲਈ, ਭਾਰਤ ਦੀ ਨਵੀਂ ਸੰਸਦ ਇਮਾਰਤ ਵਿਚ ਸੇਂਗੋਲ ਨੂੰ ਰਾਜ ਧਰਮ ਦੇ ਪ੍ਰਤੀਕ ਵਜੋਂ ਸਥਾਪਿਤ ਕੀਤਾ ਗਿਆ। ਪ੍ਰਾਚੀਨ ਤਾਮਿਲ ਭਾਸ਼ਾ ਦਾ ਇਤਿਹਾਸ ਲਗਭਗ 450 ਈਸਾ ਪੂਰਵ ਦਾ ਹੈ। ਤਾਮਿਲ ਵਿਆਕਰਣ ਤੋਲਕਾਪੀਅਮ ਅਤੇ ਇਸ ਦੇ ਦੋ ਮਸ਼ਹੂਰ ਮਹਾਕਾਵਿ ਸਿਲਪਾਦੀਕਰਮ ਅਤੇ ਮਣੀਮੇਕਲਾਈ ਭਾਰਤੀ ਭਾਸ਼ਾ ਅਤੇ ਸਾਹਿਤ ਦੇ ਅਨਮੋਲ ਰਤਨ ਹਨ। ਹਿੰਦੀ ਯਕੀਨੀ ਤੌਰ ’ਤੇ ਇਕ ਨਵੀਂ ਭਾਸ਼ਾ ਹੈ ਜੋ 7ਵੀਂ ਸਦੀ ਵਿਚ ਅਪਭ੍ਰੰਸ਼ ਦੇ ਰੂਪ ਵਿਚ ਉੱਭਰੀ ਅਤੇ 10ਵੀਂ ਸਦੀ ਤੱਕ ਸਥਿਰ ਹੋ ਗਈ ਪਰ ਭਾਰਤ ਦੀ ਲਗਭਗ 53 ਕਰੋੜ ਆਬਾਦੀ ਹਿੰਦੀ ਬੋਲਦੀ ਹੈ ਅਤੇ ਇਹ ਦੇਸ਼ ਦੇ ਕੁੱਲ ਖੇਤਰਫਲ ਦੇ 40 ਫੀਸਦੀ ਵਿਚ ਫੈਲੀ ਹੋਈ ਹੈ। ਇਸ ਤੋਂ ਇਲਾਵਾ, ਦੇਸ਼ ਦੇ ਲਗਭਗ 75 ਫੀਸਦੀ ਖੇਤਰ ਦੇ ਲੋਕ ਸਿਰਫ ਹਿੰਦੀ ਰਾਹੀਂ ਹੀ ਇਕ-ਦੂਜੇ ਨਾਲ ਜੁੜੇ ਹੋਏ ਹਨ। ਇਹ ਸਭ ਜਾਣਦੇ ਹੋਏ ਵੀ ਕੀ ਤਾਮਿਲਨਾਡੂ ਦੇ ਸਿਆਸਤਦਾਨ ਤਾਮਿਲ ਨੂੰ ਉੱਤਰੀ ਭਾਰਤ ਅਤੇ ਹਿੰਦੀ ਦਾ ਵਿਰੋਧੀ ਬਣਾ ਕੇ ਅਮੀਰ ਤਾਮਿਲ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ? ਕੀ ਹਿੰਦੀ ਸਿੱਖ ਕੇ ਪੂਰੇ ਦੇਸ਼ ਨੂੰ ਅਮੀਰ ਤਾਮਿਲ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਵਧੇਰੇ ਵਿਹਾਰਕ ਨਹੀਂ ਹੋਵੇਗਾ, ਜਦੋਂ ਕਿ ਹਿੰਦੀ ਇਕੋ-ਇਕ ਸਵਦੇਸ਼ੀ ਭਾਸ਼ਾ ਹੈ ਜੋ ਦੇਸ਼ ਵਿਚ ਇਕ ਸੰਪਰਕ ਭਾਸ਼ਾ ਵਜੋਂ ਸਭ ਤੋਂ ਜ਼ਿਆਦਾ ਬੋਲੀ ਅਤੇ ਸਮਝੀ ਜਾਂਦੀ ਹੈ।
ਤਾਮਿਲ ਭਾਰਤ ਵਿਚ ਛੇਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਜਿਸ ਨੂੰ ਬੋਲਣ ਵਾਲੇ ਲਗਭਗ 7 ਕਰੋੜ ਲੋਕ ਹਨ ਪਰ ਜੇ ਅਸੀਂ ਦ੍ਰਾਵਿੜ ਪਰਿਵਾਰ ਦੀਆਂ ਹੋਰ ਭਾਸ਼ਾਵਾਂ ’ਤੇ ਨਜ਼ਰ ਮਾਰੀਏ, ਤਾਂ ਤੇਲਗੂ ਬੋਲਣ ਵਾਲਿਆਂ ਦੀ ਗਿਣਤੀ ਤਾਮਿਲ ਨਾਲੋਂ ਕਿਤੇ ਜ਼ਿਆਦਾ ਹੈ, ਲਗਭਗ 8 ਕਰੋੜ। ਪਰ ਕੀ ਕਾਰਨ ਹੈ ਕਿ ਭਾਸ਼ਾ ਅਤੇ ਖੇਤਰੀ ਪਛਾਣ ਸੰਬੰਧੀ ਅਜਿਹੀਆਂ ਹਮਲਾਵਰ ਆਵਾਜ਼ਾਂ ਆਮ ਤੌਰ ’ਤੇ ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ ਵਿਚ ਨਹੀਂ ਵੇਖੀਆਂ ਜਾਂਦੀਆਂ? ਦੱਖਣੀ ਹਿੰਦੀ ਨੇ ਨਾ ਸਿਰਫ਼ ਤੇਲਗੂ ਸੱਭਿਆਚਾਰ ਨੂੰ ਅਮੀਰ ਬਣਾਇਆ ਹੈ, ਸਗੋਂ ਆਂਧਰਾ ਪ੍ਰਦੇਸ਼ ਦੀ ਅਮੀਰ ਵਿਰਾਸਤ ਦੀ ਉੱਤਰੀ ਭਾਰਤ ਨਾਲ ਵੀ ਜਾਣ-ਪਛਾਣ ਕਰਵਾਈ ਹੈ। ਜਦੋਂ ਮਸ਼ਹੂਰ ਤੇਲਗੂ ਫ਼ਿਲਮ ਅਦਾਕਾਰ ਅੱਲੂ ਅਰਜੁਨ ਆਪਣੀ ਫ਼ਿਲਮ ‘ਪੁਸ਼ਪਾ 2’ ਦੇ ਪ੍ਰਚਾਰ ਲਈ ਪਟਨਾ ਦੇ ਗਾਂਧੀ ਮੈਦਾਨ ਜਾਂਦੇ ਹਨ, ਤਾਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦਾ ਇਕ ਰੌਕ-ਸਟਾਰ ਵਾਂਗ ਸਵਾਗਤ ਕਰਦੇ ਹਨ। ‘ਹਿੰਦੀ ਹਾਰਟਲੈਂਡ’ ਵਿਚ ਇਕ ਦੱਖਣੀ ਭਾਰਤੀ ਅਦਾਕਾਰ ਲਈ ਇਹ ਦੀਵਾਨਗੀ ਇਹ ਦਰਸਾਉਣ ਲਈ ਕਾਫ਼ੀ ਹੈ ਕਿ ਸੋਸ਼ਲ ਮੀਡੀਆ ਕ੍ਰਾਂਤੀ ਦੇ ਯੁੱਗ ਵਿਚ ਜਿੱਥੇ ਲੋਕ ਇਕ-ਦੂਜੇ ਨਾਲ ਇੰਨੇ ਜੁੜੇ ਹੋਏ ਹਨ, ਭਾਸ਼ਾ ’ਤੇ ਵਿਵਾਦ ਪੈਦਾ ਕਰਨਾ ਕਿੰਨਾ ਵਿਅਰਥ ਹੈ।
ਅਨੁਵਾਦ ਐਪਸ ਅਤੇ ਡੱਬਿੰਗ ਨੇ ਇਹ ਸੰਭਵ ਬਣਾਇਆ ਹੈ ਕਿ ਭਾਵੇਂ ਅਸੀਂ ਹਰ ਭਾਸ਼ਾ ਨਹੀਂ ਬੋਲ ਸਕਦੇ, ਅਸੀਂ ਇਸ ਨੂੰ ਸਮਝ ਜ਼ਰੂਰ ਸਕਦੇ ਹਾਂ। ਅੱਲੂ ਦੀ ਫਿਲਮ ਨੇ ਦੁਨੀਆ ਭਰ ਵਿੱਚ 990 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਜਿਸ ਵਿਚ 621 ਕਰੋੜ ਰੁਪਏ ਸਿਰਫ਼ ਇਸ ਦੇ ਹਿੰਦੀ ਸੰਸਕਰਣ ਤੋਂ ਕਮਾਏ ਗਏ। ਤਾਂ ਕੀ ਇਸ ਨਾਲ ਤੇਲਗੂ ਭਾਸ਼ਾ ਅਤੇ ਸੱਭਿਆਚਾਰਕ ਪਛਾਣ ਨੂੰ ਕੋਈ ਨੁਕਸਾਨ ਹੋਇਆ? ਇਕ ਹੋਰ ਵਿਹਾਰਕ ਸਵਾਲ ਜੋ ਤਾਮਿਲਨਾਡੂ ਦੇ ਲੋਕਾਂ ਨੂੰ ਆਪਣੇ ਸਿਆਸਤਦਾਨਾਂ ਤੋਂ ਪੁੱਛਣਾ ਚਾਹੀਦਾ ਹੈ, ਉਹ ਇਹ ਹੈ ਕਿ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਹਿੰਦੀ ਰਾਹੀਂ ਉਨ੍ਹਾਂ ’ਤੇ ਉੱਤਰੀ ਭਾਰਤੀ ਸੱਭਿਆਚਾਰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਉਨ੍ਹਾਂ ਨੂੰ ਉੱਤਰੀ ਭਾਰਤ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿਚ ਤਾਮਿਲ ਸੱਭਿਆਚਾਰ ਦਾ ਪ੍ਰਚਾਰ ਕਰਨ ਤੋਂ ਕਿਸ ਨੇ ਰੋਕਿਆ ਹੈ? ਕੀ ਉਨ੍ਹਾਂ ਦੀਆਂ ਸਰਕਾਰਾਂ ਨੇ ਕਦੇ ਦੇਸ਼ ਦੇ ਹਰ ਪ੍ਰਾਂਤ ਵਿਚ ਇਕ ਤਾਮਿਲ ਸੱਭਿਆਚਾਰਕ ਕੇਂਦਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਰਾਹੀਂ ਉਹ ਲੋਕਾਂ ਨੂੰ ਤਾਮਿਲ ਭਾਸ਼ਾ, ਇਸ ਦੇ ਸ਼ਾਨਦਾਰ ਇਤਿਹਾਸ, ਅਮੀਰ ਸਾਹਿਤ, ਸਿਨੇਮਾ ਅਤੇ ਭਾਰਤੀ ਸੱਭਿਆਚਾਰ ਵਿਚ ਇਸ ਦੇ ਯੋਗਦਾਨ ਨਾਲ ਜਾਣੂ ਕਰਵਾ ਸਕਣ? ਵਿਸ਼ਵੀਕਰਨ ਦੇ ਇਸ ਯੁੱਗ ਵਿਚ, ਜਦੋਂ ਦੁਨੀਆ ਦੇ ਬਹੁਤ ਹੀ ਵੱਖੋ-ਵੱਖਰੇ ਸੱਭਿਆਚਾਰ ਇਕ-ਦੂਜੇ ਨਾਲ ਜੁੜਨ ਅਤੇ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਉਤਸੁਕ ਹਨ, ਸੱਭਿਆਚਾਰਕ ਵੱਖਵਾਦ ਦੇ ਹਥਿਆਰ ਵਜੋਂ ਭਾਸ਼ਾ ਦੀ ਵਰਤੋਂ ਕਰਨਾ ਇਕ ਆਦਮ ਵੇਲੇ ਦੀ ਸੋਚ ਤੋਂ ਵੱਧ ਕੁਝ ਨਹੀਂ ਹੈ। ਸਮਾਂ ਆ ਗਿਆ ਹੈ ਕਿ ਦੇਸ਼ ਦੇ ਭਾਵਨਾਤਮਕ ਏਕੀਕਰਨ ਲਈ ਕੇਂਦਰ ਸਰਕਾਰ ਦੀ ਪਹਿਲਕਦਮੀ ’ਤੇ ਦੇਸ਼ ਦੇ ਹਰ ਰਾਜ ਵਿਚ ਦੂਜੇ ਰਾਜਾਂ ਦੇ ‘ਸੱਭਿਆਚਾਰਕ ਦੂਤਾਵਾਸ’ ਵਰਗੇ ਕੇਂਦਰ ਸਥਾਪਤ ਕੀਤੇ ਜਾਣ ਤਾਂ ਜੋ ਉਨ੍ਹਾਂ ਰਾਹੀਂ ਹੋਰ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਨੇੜੇ ਲਿਆਂਦਾ ਜਾ ਸਕੇ। ਸਿਰਫ ਤਦ ਹੀ ਦਿਲਾਂ ਦੀਆਂ ਦੂਰੀਆਂ ਵੀ ਘਟ ਸਕਣਗੀਆਂ।
ਮਿਹਿਰ ਭੋਲੇ
ਅਖਿਲੇਸ਼ ਯਾਦਵ ਦੀ ‘ਪਾਨ ’ਤੇ ਚਰਚਾ’
NEXT STORY