ਜੈਪੁਰ-ਅਜਮੇਰ ਹਾਈਵੇਅ ’ਤੇ 20 ਦਸੰਬਰ ਦੀ ਸਵੇਰ ਐੱਲ. ਪੀ. ਜੀ. ਟੈਂਕਰ ਬਲਾਸਟ ਦੀ ਲਪੇਟ ’ਚ 34 ਯਾਤਰੀਆਂ ਨਾਲ ਭਰੀ ਸਲੀਪਰ ਬੱਸ ਆ ਜਾਣ ਦੇ ਨਤੀਜੇ ਵਜੋਂ ਉਸ ’ਚ ਸਵਾਰ 12 ਯਾਤਰੀ ਜ਼ਿੰਦਾ ਸੜ ਕੇ ਮਾਰੇ ਗਏ ਜਦ ਕਿ 35 ਯਾਤਰੀ ਗੰਭੀਰ ਤੌਰ ’ਤੇ ਝੁਲਸ ਗਏ। ‘ਗੇਲ ਇੰਡੀਆ ਲਿਮਟਿਡ’ ਦੇ ਡੀ. ਜੀ. ਐੱਮ. (ਫਾਇਰ ਐਂਡ ਸੇਫਟੀ) ਸੁਸ਼ਾਂਤ ਕੁਮਾਰ ਸਿੰਘ ਅਨੁਸਾਰ ਯੂ-ਟਰਨ ਲੈਣ ਦੇ ਦੌਰਾਨ ਹੋਈ ਟੱਕਰ ਦੇ ਨਤੀਜੇ ਵਜੋਂ ਟੈਂਕਰ ਦੇ 5 ਨੋਜ਼ਲ ਟੁੱਟ ਗਏ ਅਤੇ 18 ਟਨ ਗੈਸ ਲੀਕ ਹੋ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ 40 ਤੋਂ ਵੱਧ ਵਾਹਨ ਇਸ ਦੀ ਲਪੇਟ ’ਚ ਆ ਗਏ।
ਲੀਕ ਹੋਈ ਗੈਸ ’ਚ ਅੱਗ ਲੱਗ ਜਾਣ ਨਾਲ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ 200 ਮੀਟਰ ਦਾ ਇਲਾਕਾ ਅੱਗ ਦੇ ਗੋਲੇ ’ਚ ਤਬਦੀਲ ਹੋ ਗਿਆ ਅਤੇ ਧਮਾਕੇ ਦੀ ਆਵਾਜ਼ ਡੇਢ ਕਿਲੋਮੀਟਰ ਦੂਰ ਤਕ ਸੁਣਾਈ ਦਿੱਤੀ।
ਜਿਥੇ ਉਕਤ ਹਾਦਸੇ ਕਾਰਨ ਜਾਨ-ਮਾਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਅਜਿਹੇ ਹਾਦਸਿਆਂ ਦੇ ਮੱਦੇਨਜ਼ਰ ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਵਾਹਨਾਂ ਦਾ ਡਰਾਈਵਿੰਗ ਲਾਇਸੈਂਸ ਦਿੰਦੇ ਸਮੇਂ ਅਮਰੀਕਾ ਅਤੇ ਹੋਰ ਵਿਕਸਤ ਦੇਸ਼ਾਂ ਵਾਂਗ ਸਾਡੇ ਦੇਸ਼ ’ਚ ਵੀ ਵਾਹਨ ਚਾਲਕਾਂ ਦਾ ਲਿਖਤੀ ਅਤੇ ਪ੍ਰੈਕਟੀਕਲ ਟੈਸਟ ਲਿਆ ਜਾਵੇ।
ਅਜੇ ਸਾਡੇ ਇਥੇ ਡਰਾਈਵਰਾਂ ਨੂੰ ਲਾਇਸੈਂਸ ਦਿੰਦੇ ਸਮੇਂ ਸੜਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਬਾਰੇ ਸਖਤੀ ਨਾਲ ਜਾਂਚ ਨਹੀਂ ਕੀਤੀ ਜਾਂਦੀ ਅਤੇ ਇਸ ਗੱਲ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਕਿ ਟਰੱਕ ਕਿਸ ਲੇਨ ’ਚ ਕਿੰਨੀ ਰਫਤਾਰ ਨਾਲ ਜਾਵੇਗਾ। ਇਹ ਨਿਯਮ ਨਾ ਸਿਰਫ ਆਮ ਸੜਕਾਂ ’ਤੇ ਸਗੋਂ ਹਾਈਵੇਅਜ਼ ’ਤੇ ਵੀ ਲਾਗੂ ਹੋਣਾ ਚਾਹੀਦਾ ਹੈ।
ਆਮ ਤੌਰ ’ਤੇ ਵਾਹਨ ਚਾਲਕ ਸੜਕ ਸੁਰੱਖਿਆ ਅਤੇ ਵਾਹਨ ਚਲਾਉਣ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ। ਇਸ ਲਈ ਇਕ ਤਾਂ ਲਾਇਸੈਂਸ ਜਾਰੀ ਕਰਨ ਦੇ ਸਮੇਂ ਹੀ ਜ਼ਿਆਦਾ ਸਖਤੀ ਵਰਤਣ ਦੀ ਲੋੜ ਹੈ।
ਇੰਨੇ ਵੱਡੇ ਟੈਂਕਰ ਦੇ ਯੂ-ਟਰਨ ਲੈਣ ਦਾ ਫੈਸਲਾ ਡਰਾਈਵਰ ਕਿਵੇਂ ਲੈ ਸਕਦਾ ਹੈ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਤੱਥਾਂ ਦੀ ਰੌਸ਼ਨੀ ’ਚ ਵਾਹਨ ਚਾਲਕਾਂ ਦੀ ਸਿਹਤ ਅਤੇ ਅੱਖਾਂ ਦੀ ਰੈਗੂਲਰ ਜਾਂਚ ਹੋਣੀ ਚਾਹੀਦੀ ਹੈ। ਕੁਝ ਸਮਾਂ ਪਹਿਲਾਂ ਇਹ ਖਬਰ ਵੀ ਆਈ ਸੀ ਕਿ ਵਧੇਰੇ ਟਰੱਕ ਚਾਲਕਾਂ ਦੀ ਨਜ਼ਰ ਖਰਾਬ ਹੋ ਚੁੱਕੀ ਹੈ। ਇਸ ਲਈ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਣ ਲਈ ਪ੍ਰਸ਼ਾਸਨ ਨੂੰ ਸਖਤੀ ਨਾਲ ਸੜਕ ਸੁਰੱਖਿਆ ਨਿਯਮਾਂ ਦਾ ਪਾਲਣ ਯਕੀਨੀ ਬਣਾਉਣਾ ਪਵੇਗਾ।
ਬੱਚਿਆਂ ਦੀ ਖੁਰਾਕ ’ਚ ਖੰਡ ਅਤੇ ਨਮਕ ਦੀ ਸਹੀ ਮਾਤਰਾ ਕਿੰਨੀ ਹੋਵੇ
NEXT STORY