ਰਜਤ ਸ਼ਰਮਾ
ਮੁੱਖ ਸੰਪਾਦਕ (ਇੰਡੀਆ ਟੀ. ਵੀ.)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਰਦਾਰ ਢੰਗ ਨਾਲ ਚੀਨ ਨੂੰ ਇਕ ਸਖਤ ਸੰਦੇਸ਼ ਭੇਜਿਆ ਹੈ। ਫਿਰ ਭਾਵੇਂ ਉਹ ਨਕਸ਼ੇ ਦੀ ਗੱਲ ਹੋਵੇ ਜਾਂ ਫਿਰ ਐਪਸ ਦੀ। ਉਨ੍ਹਾਂ ਨੇ ਚੀਨ ਨੂੰ ਦੱਸ ਦਿੱਤਾ ਹੈ ਕਿ ਜੇ ਉਹ ਰੇਖਾ ਨੂੰ ਪਾਰ ਕਰੇਗਾ ਤਾਂ ਉਸ ਨੂੰ ਸਖਤ ਪ੍ਰਤੀਕਿਰਿਆ ਮਿਲੇਗੀ ਕਿਉਂਕਿ ਇਹ ਨਵਾਂ ਭਾਰਤ ਹੈ ਅਤੇ ਭਾਰਤ ਸਰਕਾਰ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਮੁਸ਼ਕਿਲ ਪੈਣ ’ਤੇ ਉਸ ਨੇ ਦੁਸ਼ਮਣ ਨੂੰ ਕਿਸ ਤਰ੍ਹਾਂ ਸੱਟ ਮਾਰਨੀ ਹੈ। ਲੱਦਾਖ ਦੀ ਮੋਦੀ ਦੀ ਅਚਾਨਕ ਯਾਤਰਾ ਤੋਂ ਬਾਅਦ ਚੀਨੀ ਧਿਰ ਨੇ ਇਹ ਧਿਆਨ ਨਾਲ ਦੇਖਿਆ ਕਿ ਭਾਰਤ ਕਿਵੇਂ ਬਦਲ ਚੁੱਕਾ ਹੈ ਭਾਵੇਂ ਡੋਕਲਾਮ ਹੋਵੇ ਜਾਂ ਫਿਰ ਗਲਵਾਨ ਘਾਟੀ।
ਇਕ ਪ੍ਰਮੁੱਖ ਘਟਨਾਚੱਕਰ ਦੇ ਤਹਿਤ 2 ਮਹੀਨੇ ਦੇ ਗਲਵਾਨ ਘਾਟੀ, ਪੇਂਗੋਂਗ ਲੇਕ ਅਤੇ ਗੋਗਰਾ ਹਾਟ ਸਪ੍ਰਿੰਗਸ ’ਚ ਅੜਿੱਕੇ ਤੋਂ ਬਾਅਦ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ’ਤੇ ਤਣਾਅ ਵਾਲੇ ਬਿੰਦੂਅਾਂ ਤੋਂ ਭਾਰਤ ਅਤੇ ਚੀਨੀ ਫੌਜਾਂ ਪਿੱਛੇ ਹਟਣ ਲੱਗੀਅਾਂ ਹਨ।
ਚੀਨੀ ਫੌਜਾਂ ਨੇ ਆਪਣੇ ਟੈਂਟ ਪੁੱਟ ਲਏ ਅਤੇ ਪੇਂਗੋਂਗ ਲੇਕ ’ਚ ਫਿੰਗਰ 5 ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ, ਜਦਕਿ ਗਲਵਾਨ ਘਾਟੀ ’ਚ ਪੈਟ੍ਰੋਲਿੰਗ ਪੁਆਇੰਟ 14 ’ਤੇ ਇਕ ਬਫਰ ਜ਼ੋਨ ਬਣਾਇਆ ਗਿਆ। ਇਥੇ 15 ਜੂਨ ਨੂੰ 20 ਭਾਰਤੀ ਫੌਜੀ ਸ਼ਹੀਦ ਹੋਏ ਸਨ ਅਤੇ ਵੱਡੀ ਗਿਣਤੀ ’ਚ ਚੀਨੀ ਫੌਜੀ ਵੀ ਮਾਰੇ ਗਏ ਸਨ। ਚੀਨੀ ਫੌਜੀ ਲੱਗਭਗ 2 ਕਿਲੋਮੀਟਰ ਪਿੱਛੇ ਹਟ ਗਏ ਹਨ। ਇਸੇ ਤਰ੍ਹਾਂ ਗੋਗਰਾ ਹਾਟ ਸਪ੍ਰਿੰਗਸ ਖੇਤਰ ’ਚ ਪੈਟ੍ਰੋਲਿੰਗ ਪੁਆਇੰਟ 15 ਅਤੇ 17-ਏ ਦੇ ਤਣਾਅ ਵਾਲੇ ਬਿੰਦੂਅਾਂ ਤੋਂ ਪਿੱਛੇ ਹਟਣਾ ਸ਼ੁਰੂ ਹੋ ਚੁੱਕੇ ਹਨ।
ਹੁਣ ਸਥਿਤੀ ਸਪੱਸ਼ਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਫੌਜੀ ਨਿਰਮਾਣ ਨੂੰ ਉਸ ਦਾ ਉਸੇ ਤਰ੍ਹਾਂ ਜਵਾਬ ਦਿੱਤਾ ਹੈ। ਭਾਰਤੀ ਫੌਜੀ ਦਸਤਿਅਾਂ ਦੀ ਸ਼ਹਾਦਤ ਕੰਮ ਕਰ ਗਈ ਹੈ। ਪਿਛਲੇ 2 ਮਹੀਨਿਅਾਂ ਦੌਰਾਨ ਚੀਨ ਨੇ ਜੰਗੀ ਰਵੱਈਆ ਅਪਣਾਇਆ ਹੋਇਆ ਸੀ। ਹੁਣ ਉਹ ਸ਼ਾਂਤ ਹੋ ਕੇ ਬੈਠ ਗਏ ਹਨ ਅਤੇ ਇਸ ਦੇ ਫੌਜੀ ਪਿੱਛੇ ਮੁੜਨਾ ਸ਼ੁਰੂ ਹੋ ਚੁੱਕੇ ਹਨ। ਚੀਨ ਨੇ ਆਪਣੇ ਟੈਂਟ ਅਤੇ ਬਖਤਰਬੰਦ ਵਾਹਨਾਂ ਨੂੰ ਵੀ ਹਟਾ ਲਿਆ ਹੈ।
ਪਿਛਲੇ 6 ਦਹਾਕਿਅਾਂ ਦੌਰਾਨ ਚੀਨੀ ਫੌਜ ਨੇ ਭਾਰਤ ਵਲੋਂ ਅਜਿਹੀ ਸਖਤ ਪ੍ਰਤੀਕਿਰਿਆ ਨਹੀਂ ਦੇਖੀ । ਪ੍ਰਧਾਨ ਮੰਤਰੀ ਮੋਦੀ ਦੇ ਸਖਤ ਸੰਦੇਸ਼ ਨੇ ਅਸਰਦਾਰ ਢੰਗ ਨਾਲ ਆਪਣਾ ਕੰਮ ਕਰ ਕੇ ਦਿਖਾਇਆ ਅਤੇ ਹੁਣ ਇਸ ਮਾਮਲੇ ’ਚ ਕੋਈ ਵੀ ਸਮਝੌਤਾ ਨਹੀਂ ਹੋਵੇਗਾ।
ਮੋਦੀ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਭਾਰਤ ਕਿਵੇਂ ਆਪਣੀ ਰਣਨੀਤੀ, ਕੂਟਨੀਤੀ ਅਤੇ ਆਰਥਿਕ ਤਾਕਤ ਦੇ ਦਮ ’ਤੇ ਦੁਸ਼ਮਣ ਨੂੰ ਸ਼ਾਂਤੀ ਲਈ ਮਜਬੂਰ ਕਰ ਸਕਦਾ ਹੈ। ਦੁਨੀਆ ਨੇ ਇਹ ਵੀ ਦੇਖ ਲਿਆ ਹੈ ਕਿ ਕਿਵੇਂ 130 ਕਰੋੜ ਭਾਰਤੀਅਾਂ ਦੇ ਨੇਤਾ ਨੇ ਸਰਹੱਦ ’ਤੇ ਪਹੁੰਚ ਕੇ ਜਵਾਨਾਂ ਦੀ ਹਿੰਮਤ ਵਧਾਈ। ਮੋਦੀ ਨੇ ਚੀਨ ਨੂੰ ਉਸ ਦੀਅਾਂ ਵਿਸਤਾਰਵਾਦੀ ਯੋਜਨਾਵਾਂ ਵਿਰੁੱਧ ਇਕ ਸਖਤ ਚਿਤਾਵਨੀ ਦਿੱਤੀ। ਇਸ ਸਬੰਧ ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਗੱਲ ਕੀਤੀ। ਦੋਵੇਂ ਇਸ ਗੱਲ ’ਤੇ ਸਹਿਮਤ ਹੋਏ ਕਿ ਦੋਵਾਂ ਧਿਰਾਂ ਨੂੰ ਐੱਲ. ਏ. ਸੀ. ਤੋਂ ਫੌਜੀਅਾਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨਾ ਚਾਹੀਦਾ ਹੈ। ਡੋਭਾਲ ਅਤੇ ਵਾਂਗ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਗੱਲਬਾਤ ਨਾਲ ਸਬੰਧਤ ਵਿਸ਼ੇਸ਼ ਨੁਮਾਇੰਦੇ ਹਨ। ਦੋਵੇਂ ਇਸ ਗੱਲ ’ਤੇ ਸਹਿਮਤ ਹੋਏ ਕਿ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਐੱਲ. ਏ. ਸੀ. ਤੋਂ ਫੌਜੀਅਾਂ ਦਾ ਪੂਰੀ ਤਰ੍ਹਾਂ ਨਾਲ ਪਿੱਛੇ ਹਟਣਾ ਅਤੇ ਸਰਹੱਦੀ ਖੇਤਰਾਂ ’ਚ ਤਣਾਅ ’ਚ ਕਮੀ ਹੋਣੀ ਜ਼ਰੂਰੀ ਹੈ। ਡੋਭਾਲ ਅਤੇ ਵਾਂਗ ਨੇ ਦੁਹਰਾਇਆ ਕਿ ਦੋਵਾਂ ਧਿਰਾਂ ਨੂੰ ਐੱਲ. ਏ. ਸੀ. ਦਾ ਸਨਮਾਨ ਅਤੇ ਸਖਤੀ ਨਾਲ ਪਾਲਣਾ ਤੈਅ ਕਰਨੀ ਚਾਹੀਦੀ ਹੈ ਅਤੇ ਪਹਿਲਾਂ ਵਾਲੇ ਹਾਲਾਤ ਬਦਲਣ ਲਈ ਕੋਈ ਇਕਪਾਸੜ ਕਾਰਵਾਈ ਨਹੀਂ ਕਰਨੀ ਚਾਹੀਦੀ।
ਉਧਰ, ਭਾਰਤ ਚੀਨੀ ਫੌਜੀਅਾਂ ਦੀ ਵਾਪਸੀ ’ਤੇ ਬਾਜ਼ ਨਜ਼ਰ ਰੱਖ ਰਹੇ ਹਨ। ਉਹ ਡਰੋਨ ਅਤੇ ਸੈਟੇਲਾਈਟ ਤਸਵੀਰਾਂ ਰਾਹੀਂ ਚੀਨੀ ਗਤੀਵਿਧੀਅਾਂ ’ਤੇ ਨਜ਼ਰ ਰੱਖ ਰਹੇ ਹਨ। ਇਸ ਯੋਜਨਾ ਦੇ ਤਹਿਤ ਬਫਰ ਜ਼ੋਨ ਦੀ ਸਥਾਪਨਾ ਦਾ ਮਕਸਦ ਸਾਰੇ ਤਣਾਅ ਵਾਲੇ ਬਿੰਦੂਅਾਂ ’ਤੇ ਕੋਈ ਵੀ ਫੌਜੀ ਮੌਜੂਦਗੀ ਨਹੀਂ ਹੋਵੇਗੀ। ਇਹ ਪਹਿਲੇ ਪੜਾਅ ਦੇ ਤਹਿਤ ਹੋਵੇਗਾ। ਇਸ ਤੋਂ ਬਾਅਦ 3-4 ਹਫਤਿਅਾਂ ਦੀ ਇਸੇ ਸਥਿਤੀ ਦੀ ਮਿਆਦ ਦੌਰਾਨ ਦੋਵੇਂ ਧਿਰਾਂ ਇਸ ਪ੍ਰਕਿਰਿਆ ’ਤੇ ਨਿਗਰਾਨੀ ਰੱਖਣਗੀਆਂ ਅਤੇ ਜੇ ਕੋਈ ਝਗੜੇ ਦਾ ਤਾਜ਼ਾ ਸੰਕੇਤ ਮਿਲਦਾ ਹੈ ਤਾਂ ਉਸ ਨੂੰ ਹੱਲ ਕੀਤਾ ਜਾਵੇਗਾ।
‘ਆਤਮ-ਨਿਰਭਰ’ ਦਾ ਸੰਦੇਸ਼ ਦੇਣ ਦੇ ਨਾਲ ਮੋਦੀ ਨੇ ਚੀਨ ’ਤੇ ਬਹੁਤ ਜ਼ਿਆਦਾ ਆਰਥਿਕ ਦਬਾਅ ਬਣਾਇਅਾ, ਜਿਸ ਦੀਅਾਂ ਕੰਪਨੀਅਾਂ 59 ਸੋਸ਼ਲ ਮੀਡੀਆ ਐਪ ਤੋਂ ਲਾਭ ਕਮਾ ਰਹੀਅਾਂ ਸਨ। ਇਸ ਦੇ ਨਾਲ-ਨਾਲ ਚੀਨ ਸਟਾਰਟਅੱਪਸ ’ਚ ਵੀ ਨਿਵੇਸ਼ ਕਰ ਰਿਹਾ ਸੀ। ਚੀਨੀ ਵਸਤਾਂ ਦਾ ਬਾਈਕਾਟ ਕਰਨ ਦਾ ਦੇਸ਼ ਪੱਧਰੀ ਸੱਦਾ ਦਿੱਤਾ ਗਿਆ। ਇਸ ਨਾਲ ਚੀਨੀ ਕੰਪਨੀਅਾਂ ਨੇ ਆਪਣੀ ਸਰਕਾਰ ਨੂੰ ਤਣਾਅ ਘੱਟ ਕਰਨ ਅਤੇ ਸ਼ਾਂਤੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਕਿਹਾ। ਇਕ ਹੀ ‘ਡਿਜੀਟਲ ਸਟ੍ਰਾਈਕ’ ਨਾਲ ਚੀਨ ਦੀ ਵਿਸਤਾਰਵਾਦੀ ਅਤੇ ਨਿਵੇਸ਼ ਦੀ ਯੋਜਨਾ ਮੂਧੇ-ਮੂੰਹ ਡਿਗ ਗਈ।
ਪ੍ਰਧਾਨ ਮੰਤਰੀ ਮੋਦੀ ਵਲੋਂ ਸੰਸਾਰਕ ਨੇਤਾਵਾਂ ਨਾਲ ਨਿੱਜੀ ਤੌਰ ’ਤੇ ਕੀਤੀ ਗਈ ਗੱਲਬਾਤ ਨਾਲ ਵੀ ਉਹ ਵਧਾਈ ਦੇ ਪਾਤਰ ਹਨ। ਮੋਦੀ ਨੇ ਅਮਰੀਕਾ, ਰੂਸ, ਫਰਾਂਸ, ਜਰਮਨੀ, ਬ੍ਰਿਟੇਨ, ਜਾਪਾਨ ਅਤੇ ਇਜ਼ਰਾਈਲ ਨਾਲ ਗੱਲਬਾਤ ਕੀਤੀ। ਇਨ੍ਹਾਂ ਸਾਰੇ ਦੇਸ਼ਾਂ ਨੇ ਚੀਨ ਦੇ ਨਾਲ ਅੜਿੱਕੇ ਦੇ ਸਬੰਧ ’ਚ ਭਾਰਤ ਦਾ ਪੂਰਾ ਸਮਰਥਨ ਕੀਤਾ। ਇਸ ਤਰ੍ਹਾਂ ਦੇ ਕੂਟਨੀਤਕ ਜਾਲ ’ਚ ਚੀਨ ਫਸ ਕੇ ਰਹਿ ਗਿਆ। ਚੀਨ ਨੇ ਇਹ ਵੀ ਮਹਿਸੂਸ ਕੀਤਾ ਕਿ ਭਾਰਤ ਦੇ ਨਾਲ ਅੜਿੱਕੇ ਦੌਰਾਨ ਉਸ ਦੇ ਹੱਕ ’ਚ ਸਿਰਫ ਪਾਕਿਸਤਾਨ ਅਤੇ ਉੱਤਰੀ ਕੋਰੀਆ ਹੀ ਸਾਥ ਦੇ ਰਹੇ ਸਨ। ਦੁਨੀਅਾ ਦੀਅਾਂ ਪ੍ਰਮੁੱਖ ਸ਼ਕਤੀਅਾਂ ਖੁੱਲ੍ਹੇ ਤੌਰ ’ਤੇ ਭਾਰਤ ਦੇ ਨਾਲ ਖੜ੍ਹੀਅਾਂ ਰਹੀਅਾਂ ਅਤੇ ਚੀਨ ਦੇ ਵਿਰੋਧ ’ਚ ਬੋਲਦੀਅਾਂ ਰਹੀਅਾਂ।
ਚੀਨ ਇਸ ਸਮੇਂ ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ’ਚ 23 ਗੁਆਂਢੀ ਦੇਸ਼ਾਂ ਦੇ ਨਾਲ ਝਗੜੇ ’ਚ ਫਸਿਆ ਹੋਇਆ ਹੈ। ਚੀਨ ਸਿਰਫ ਭਾਰਤ ਲਈ ਵਿਸ਼ਵ ਪੱਧਰੀ ਸਮਰਥਨ ਕਾਰਣ ਹੀ ਨਹੀਂ ਝੁਕਿਆ ਸਗੋਂ ਭਾਰਤ ਦੀ ਉੱਭਰਦੀ ਹੋਈ ਆਰਥਿਕ ਅਤੇ ਫੌਜੀ ਸ਼ਕਤੀ ਦੇ ਅੱਗੇ ਵੀ ਨਤਮਸਤਕ ਹੋਇਆ। ਚੀਨੀ ਸਰਹੱਦ ’ਤੇ ਭਾਰਤ ਆਪਣੇ ਬੁਨਿਆਦੀ ਢਾਂਚਿਅਾਂ ਨੂੰ ਤੇਜ਼ੀ ਨਾਲ ਵਿਕਸਿਤ ਕਰ ਰਿਹਾ ਹੈ।
ਚੀਨ ਦੇ ਤਿੱਖੇ ਰਵੱਈਏ ਦਾ ਕਾਰਣ ਗਲਵਾਨ ਘਾਟੀ ਦੇ ਨੇੜੇ ਭਾਰਤ ਵਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਵੀ ਹਨ। ਚੀਨ ਚਾਹੁੰਦਾ ਸੀ ਕਿ ਭਾਰਤ ਆਪਣੀਅਾਂ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਾਰਜ ਰੋਕ ਦੇਵੇ ਪਰ ਭਾਰਤ ਨੇ ਇਸ ਪ੍ਰਸਤਾਵ ਨੂੰ ਨਕਾਰ ਦਿੱਤਾ। ਭਾਰਤ ਨੇ ਨਾ ਸਿਰਫ ਸੜਕ ਅਤੇ ਪੁਲਾਂ ਦਾ ਨਿਰਮਾਣ ਕੀਤਾ ਸਗੋਂ ਅੈੱਲ. ਏ. ਸੀ. ਦੇ ਨੇੜੇ ਹਵਾਈ ਪੱਟੀ ਵੀ ਬਣਾ ਦਿੱਤੀ। ਭਾਰਤ ਨੇ ਦੌਲਤਬੇਗ ਓਲਡੀ ’ਤੇ ਵੀ ਇਕ ਹਵਾਈ ਪੱਟੀ ਦਾ ਨਿਰਮਾਣ ਕੀਤਾ, ਜਿਥੇ ਭਾਰਤ ਦੇ ਮਾਲ ਵਾਹਕ ਜਹਾਜ਼ ਵੀ ਆਸਾਨੀ ਨਾਲ ਉਤਰ ਸਕਦੇ ਹਨ। ਇਸ ਨੇ ਭਾਰਤ ਨੂੰ ਹੋਰ ਸਰਹੱਦੀ ਖੇਤਰਾਂ ਅਤੇ ਲੱਦਾਖ ਦੇ ਨਾਲ ਚੰਗੀ ਤਰ੍ਹਾਂ ਜੋੜਿਆ ਹੈ।
ਚੀਨ ਨੇ ਇਹ ਦੇਖ ਲਿਆ ਕਿ ਭਾਰਤ ਹੁਣ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਭਾਰਤ ਹੁਣ ਆਸਾਨੀ ਨਾਲ ਡਰਨ ਵਾਲਾ ਨਹੀਂ ਹੈ। ਆਖਿਰ ਤੌਰ ’ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨੀ ਦਸਤਿਅਾਂ ਨੂੰ ਵਾਪਸ ਜਾਣ ਲਈ ਮਜਬੂਰ ਕਰਨ ’ਚ ਸਫਲ ਹੋਏ ਕਿਉਂਕਿ ਪੂਰਾ ਦੇਸ਼ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ। ਮੁਸ਼ਕਿਲ ਦੇ ਅਜਿਹੇ ਦੌਰ ’ਚ ਹੀ ਚੰਗੀ ਲੀਡਰਸ਼ਿਪ ਦੀ ਪਰਖ ਕੀਤੀ ਜਾਂਦੀ ਹੈ।
ਨਿੱਜੀ ਆਪ੍ਰੇਟਰਾਂ ਲਈ ਭਾਰਤੀ ਰੇਲ ਨੇ ਖੋਲ੍ਹੇ ਆਪਣੇ ਬੂਹੇ
NEXT STORY