ਧਰਤੀ ਦਾ ‘ਸਵਰਗ ਕਸ਼ਮੀਰ’ ਲੰਬੇ ਸਮੇਂ ਤੋਂ ਪਾਕਿ ਪ੍ਰਾਯੋਜਿਤ ਅੱਤਵਾਦ ਨਾਲ ਜੂਝ ਰਿਹਾ ਹੈ। ਕੇਂਦਰ ਸਰਕਾਰ ਵਲੋਂ ਸੂਬੇ ’ਚ ਅੱਤਵਾਦ ਦੇ ਖਾਤਮੇ ਲਈ ਜਾਰੀ ‘ਆਪ੍ਰੇਸ਼ਨ ਆਲ ਆਊਟ’ ਦੇ ਬਾਵਜੂਦ ਅੱਤਵਾਦੀਆਂ ’ਤੇ ਲਗਾਮ ਨਹੀਂ ਲੱਗ ਰਹੀ।
ਸੂਬੇ ’ਚ ਅੱਤਵਾਦੀ ਹਮਲਿਆਂ ਦੀ ਤਾਜ਼ਾ ਲੜੀ ’ਚ 22 ਅਪ੍ਰੈਲ ਨੂੰ ਦੱਖਣੀ ਕਸ਼ਮੀਰ ਦੇ ਪ੍ਰਮੁੱਖ ਸੈਲਾਨੀ ਸਥਾਨ ਪਹਿਲਗਾਮ ’ਚ ਬਾਅਦ ਦੁਪਹਿਰ ਲਗਭਗ 3 ਵਜੇ ਭਾਰੀ ਹਥਿਆਰਾਂ ਨਾਲ ਲੈਸ ਪੁਲਸ ਦੀ ਵਰਦੀ ’ਚ ਆਏ 2-3 ਅੱਤਵਾਦੀਆਂ ਦੇ ਹਮਲੇ ’ਚ 30 ਤੋਂ ਵੱਧ ਸੈਲਾਨੀਆਂ ਦੀ ਮੌਤ ਅਤੇ ਕਈ ਸੈਲਾਨੀ ਜ਼ਖਮੀ ਹੋ ਗਏ।
ਮ੍ਰਿਤਕਾਂ ’ਚ 2 ਵਿਦੇਸ਼ੀ ਵੀ ਹਨ। ਇਹ ਫਰਵਰੀ 2019 ਪਿੱਛੋਂ ਕਸ਼ਮੀਰ ’ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ ਜਦੋਂ ਪੁਲਵਾਮਾ ’ਚ ਇਕ ਅੱਤਵਾਦੀ ਹਮਲੇ ’ਚ ਸੀ. ਆਰ. ਪੀ. ਐੱਫ. ਦੇ 47 ਜਵਾਨ ਸ਼ਹੀਦ ਹੋਏ ਸਨ।
ਅੱਤਵਾਦੀ ‘ਬੈਸਰਨ’ (ਪਹਿਲਗਾਮ) ਦੇ ਆਸ-ਪਾਸ ਦੇ ਸੰਘਣੇ ਜੰਗਲ ’ਚੋਂ ਨਿਕਲੇ ਅਤੇ ਪਹਾੜ ਤੋਂ ਹੇਠਾਂ ਉਤਰ ਕੇ ਉੱਥੇ ਮੌਜੂਦ ਲਗਭਗ 40 ਸੈਲਾਨੀਆਂ ਨੂੰ ਘੇਰ ਕੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ 50 ਰਾਊਂਡ ਤੋਂ ਵੱਧ ਗੋਲੀਆਂ ਚਲਾਈਆਂ।
ਅੱਤਵਾਦੀਆਂ ਨੇ ਸਾਰੇ ਸੈਲਾਨੀਆਂ ਦੇ ਆਈ. ਕਾਰਡ ਦੇਖੇ ਅਤੇ ਉਨ੍ਹਾਂ ਦਾ ਧਰਮ ਅਤੇ ਨਾਂ ਪੁੱਛੇ। ਉਨ੍ਹਾਂ ਦੇ ਹਿੰਦੂ ਹੋਣ ਦੀ ਪੁਸ਼ਟੀ ਕੀਤੀ ਅਤੇ ਫਿਰ ਉਨ੍ਹਾਂ ’ਤੇ ਗੋਲੀਆਂ ਵਰ੍ਹਾਈਆਂ। ਇਕ ਔਰਤ ਨੇ ਕਿਹਾ, ‘‘ਮੇਰੇ ਪਤੀ ਨੂੰ ਸਿਰ ’ਚ ਮੁਸਲਮਾਨ ਨਾ ਹੋਣ ਕਾਰਨ ਗੋਲੀ ਮਾਰੀ ਗਈ...।’’
ਇਕ ਮ੍ਰਿਤਕ ਦੀ ਪਤਨੀ ਅਨੁਸਾਰ, ‘‘ਹਮਲਾਵਰ ਨੇ ਮੇਰੇ ਪਤੀ ਦੀ ਹੱਤਿਆ ਕਰਨ ਤੋਂ ਬਾਅਦ ਕਿਹਾ-ਜਾਓ, ਮੋਦੀ ਨੂੰ ਦੱਸ ਦੇਣਾ।’’
ਇਹ ਹਮਲਾ ਅਜਿਹੇ ਸਮੇਂ ’ਚ ਹੋਇਆ ਹੈ ਜਦੋਂ ਕਸ਼ਮੀਰ ’ਚ ਸੈਲਾਨੀ ਸੀਜ਼ਨ ਸ਼ੁਰੂ ਹੈ, ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੇਂਸ ਪਰਿਵਾਰ ਸਮੇਤ ਚਾਰ ਦਿਨਾ ਦੌਰੇ ’ਤੇ ਭਾਰਤ ਆਏ ਹੋਏ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਦੇ ਦੌਰੇ ’ਤੇ ਹਨ ਅਤੇ ਦੇਸ਼ ’ਚ ਵਕਫ ਬੋਰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹਮਲੇ ਦੇ ਸਬੰਧ ’ਚ ਗੱਲ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਸੂਬੇ ਦਾ ਤੁਰੰਤ ਦੌਰਾ ਕਰਨ ਨੂੰ ਕਿਹਾ, ਜਿਸ ਤੋਂ ਤੁਰੰਤ ਬਾਅਦ ਅਮਿਤ ਸ਼ਾਹ ਨੇ ਸ੍ਰੀਨਗਰ ਪਹੁੰਚ ਕੇ ਫੌਜ ਅਤੇ ਸੁਰੱਖਿਆ ਏਜੰਸੀਆਂ ਦੇ ਉੱਚ ਅਧਿਕਾਰੀਆਂ ਨਾਲ ਬੈਠ ਕੇ ਸਾਰੇ ਮਾਮਲੇ ’ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਸਬੰਧ ’ਚ ‘ਫੌਜ ਮੁਖੀ’ ਉਪੇਂਦਰ ਦਿਵੇਦੀ ਨਾਲ ਗੱਲ ਕਰ ਕੇ ਜਾਣਕਾਰੀ ਲਈ ਹੈ।
ਸੂਬੇ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਅਨੁਸਾਰ, ‘‘ਇਹ ਹਮਲਾ ਹਾਲ ਹੀ ਦੇ ਸਾਲਾਂ ’ਚ ਆਮ ਲੋਕਾਂ ’ਤੇ ਹੋਏ ਕਿਸੇ ਵੀ ਹਮਲੇ ਤੋਂ ਕਿਤੇ ਵੱਡਾ ਹੈ। ਸਾਡੇ ਮਹਿਮਾਨਾਂ ’ਤੇ ਇਹ ਹਮਲਾ ਘ੍ਰਿਣਾਯੋਗ ਹੈ। ਇਸ ਦੀ ਨਿੰਦਾ ਲਈ ਕੋਈ ਵੀ ਸ਼ਬਦ ਢੁੱਕਵਾਂ ਨਹੀਂ ਹੈ।’’
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਸਰਕਾਰ ਨੂੰ ਸੂਬੇ ’ਚ ਹਾਲਾਤ ਆਮ ਹੋਣ ਦੇ ਖੋਖਲੇ ਦਾਅਵੇ ਕਰਨ ਦੀ ਥਾਂ ਠੋਸ ਕਦਮ ਚੁੱਕਣ ਨੂੰ ਕਿਹਾ ਹੈ।
ਹਮੇਸ਼ਾ ਵਾਂਗ ਸੈਲਾਨੀਆਂ ’ਤੇ ਹਮਲੇ ਦੀ ਸੂਚਨਾ ਪਿੱਛੋਂ ਸੁਰੱਖਿਆ ਬਲਾਂ ਨੇ ਘਟਨਾ ਸਥਾਨ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿ ਆਧਾਰਿਤ ਅੱਤਵਾਦੀ ਸੰਗਠਨ ‘ਦਿ ਰੈਜਿਸਟੈਂਸ ਫਰੰਟ’ (ਟੀ. ਆਰ. ਐੱਫ.) ਨੇ ਲਈ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨੇ ਸੈਲਾਨੀਅਾਂ ਨੂੰ ਨਿਸ਼ਾਨਾ ਬਣਾਇਆ ਹੈ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ 1995 ਪਿੱਛੋਂ ਕਈ ਵਿਦੇਸ਼ੀਆਂ ਸਮੇਤ 132 ਸੈਲਾਨੀਆਂ ਦੀ ਹੱਤਿਆ ਅੱਤਵਾਦੀ ਕਰ ਚੁੱਕੇ ਹਨ। 9 ਜੂਨ, 2024 ਨੂੰ ਰਿਆਸੀ ਜ਼ਿਲੇ ’ਚ ਤੀਰਥ ਯਾਤਰੀਆਂ ਨਾਲ ਭਰੀ ਬੱਸ ’ਤੇ ਫੌਜ ਦੀ ਵਰਦੀ ’ਚ ਆਏ ਅੱਤਵਾਦੀਆਂ ਦੇ ਹਮਲੇ ’ਚ 10 ਲੋਕਾਂ ਦੀ ਮੌਤ ਅਤੇ 41 ਲੋਕ ਜ਼ਖਮੀ ਹੋ ਗਏ ਸਨ।
ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਸੈਰ-ਸਪਾਟੇ ’ਤੇ ਹੀ ਨਿਰਭਰ ਹੈ। ਨਾ ਸਿਰਫ ਇੱਥੇ ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ’ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਆਉਂਦੇ ਹਨ, ਉੱਥੇ ਹੀ ਸੈਰ-ਸਪਾਟੇ ਦੇ ਮੌਸਮ ’ਚ ਵੱਡੀ ਗਿਣਤੀ ’ਚ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ, ਜਿਸ ਦੇ ਸਿੱਟੇ ਵਜੋਂ ਇੱਥੋਂ ਦੇ ਘੋੜੇ, ਪਿੱਠੂ ਅਤੇ ਪਾਲਕੀ ਵਾਲਿਆਂ, ਸ਼ਿਕਾਰਾ ਚਲਾਉਣ ਵਾਲਿਆਂ ਅਤੇ ਹੋਟਲ ਮਾਲਕਾਂ ਨੂੰ ਭਾਰੀ ਕਮਾਈ ਹੁੰਦੀ ਹੈ।
ਇਸ ਘਟਨਾ ਦੇ ਸਿੱਟੇ ਵਜੋਂ ਸੂਬੇ ’ਚ ਸੈਰ-ਸਪਾਟੇ ਨੂੰ ਭਾਰੀ ਸੱਟ ਵੱਜੇਗੀ ਅਤੇ ਸੂਬੇ ’ਚ ਜਾਰੀ ਵਿਕਾਸ ਸਰਗਰਮੀਆਂ ਨੂੰ ਠੇਸ ਪੁੱਜੇਗੀ। ਇਸ ਹਮਲੇ ਨਾਲ ਡੱਲ ਝੀਲ ’ਚ ਸ਼ਿਕਾਰਾ ਆਦਿ ’ਚ ਕੀਤੀ ਗਈ ਤਮਾਮ ਬੁਕਿੰਗ ਵੀ ਪ੍ਰਭਾਵਿਤ ਹੋਵੇਗੀ ਜਿਸ ਨਾਲ ਸਥਾਨਕ ਲੋਕਾਂ ਦੀ ਹੀ ਆਮਦਨ ਅਤੇ ਰੋਜ਼ਗਾਰ ’ਤੇ ਉਲਟ ਪ੍ਰਭਾਵ ਪਵੇਗਾ। ਇਸ ਨਾਲ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ’ਤੇ ਵੀ ਅੱਤਵਾਦੀ ਹਮਲੇ ਦਾ ਪਰਛਾਵਾ ਮੰਡਰਾਉਣ ਦਾ ਖਦਸ਼ਾ ਪੈਦਾ ਹੋ ਗਿਆ ਹੈ।
–ਵਿਜੇ ਕੁਮਾਰ
ਵਧਦੀ ਗਰਮੀ ’ਚ ਪਸ਼ੂ-ਪੰਛੀਆਂ ਦੀ ਪਿਆਸ ਬੁਝਾਓ
NEXT STORY