ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰ ’ਚ ਭਾਰਤੀ ਮੁਸਲਮਾਨ ਸਤਾਏ ਜਾ ਰਹੇ ਹਨ? ਕੀ ਉਹ ਖੁਦ ਨੂੰ ‘ਅਸੁਰੱਖਿਅਤ’ ਮਹਿਸੂਸ ਕਰਦੇ ਹਨ? ਇਤਿਹਾਸ ਦਾ ਉਹ ਕਿਹੜਾ ਦੌਰ ਸੀ, ਜਦੋਂ ਇਸ ਧਰਤੀ ਦੇ ਮੁਸਲਮਾਨਾਂ ਨੇ ਖੁਦ ਨੂੰ ਪੂਰੀ ਤਰ੍ਹਾਂ ‘ਸੁਰੱਖਿਅਤ’ ਮੰਨਿਆ ਸੀ? ਕੀ ਗਾਂਧੀ ਜੀ ਅਤੇ ਪੰ. ਨਹਿਰੂ ਦੇ ਸਮੇਂ ਹਾਲਾਤ ਵੱਖਰੇ ਸਨ? ਆਖਿਰ ਇਸ ‘ਅਸੁਰੱਖਿਆ’ ਦੀਆਂ ਜੜ੍ਹਾਂ ਕਿਥੇ ਹਨ? ਪਿਛਲੇ ਦਿਨੀਂ ਦੋ ਘਟਨਾਵਾਂ ਨੇ ਇਸ ਚਰਚਾ ਨੂੰ ਮੁੜ ਤੋਂ ਤੇਜ਼ ਕਰ ਦਿੱਤਾ ਕਿ ‘ਮੁਸਲਿਮ ਅਸੁਰੱਖਿਆ’ ਦਾ ਨੈਰੇਟਿਵ ਕਿੰਨਾ ਭਰਮਾਊ, ਫੁੱਟਪਾਊ ਅਤੇ ਦੋਹਰੇ ਮਾਪਦੰਡਾਂ ’ਤੇ ਟਿਕਿਆ ਹੈ।
ਬੀਤੀ 5 ਦਸੰਬਰ ਨੂੰ ਮੁਸਲਿਮ ਗਰਭਵਤੀ ਸੁਨਾਲੀ ਖਾਤੂਨ ਆਪਣੇ ਇਕ ਪੁੱਤਰ ਦੇ ਨਾਲ ਮਨੁੱਖੀ ਆਧਾਰ ’ਤੇ ਭਾਰਤ ਪਰਤ ਆਈ। 18 ਜੂਨ ਨੂੰ ਉਸ ਨੂੰ ਦਿੱਲੀ ’ਚ ਗੈਰ-ਕਾਨੂੰਨੀ ਪ੍ਰਵਾਸੀ ਵਜੋਂ ਪਰਿਵਾਰ ਸਮੇਤ ਬੰਗਲਾਦੇਸ਼ ਭੇਜ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸੁਨਾਲੀ ਦੀ ਭਾਰਤ ਵਾਪਸੀ ਸੰਭਵ ਹੋਈ। ਅਖੌਤੀ ਸੈਕੂਲਰਵਾਦੀ ਅਤੇ ਖੱਬੇਪੱਖੀ-ਨਰਮਖਿਆਲੀ ਇਸ ਘਟਨਾਕ੍ਰਮ ਤੋਂ ਉਤਸ਼ਾਹਿਤ ਹਨ ਅਤੇ ਇਸ ਨੂੰ ‘ਇਤਿਹਾਸਕ’ ਦੱਸ ਰਹੇ ਹਨ। ਇਸ ਦੌਰਾਨ ਚੋਟੀ ਦੀ ਅਦਾਲਤ ’ਚ ਇਹ ਵੀ ਮੁਕੱਦਮਾ ਚੱਲ ਰਿਹਾ ਹੈ ਕਿ ਰੋਹਿੰਗਿਆ ਸ਼ਰਨਾਰਥੀ ਹਨ ਜਾਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੇ ਨਾਜਾਇਜ਼ ਘੁਸਪੈਠੀਏ।
ਗਰਭਵਤੀ ਖਾਤੂਨ ਭਾਰਤ ’ਚ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਅਤੇ ਅਖੌਤੀ ਸੈਕੂਲਰ ਟੱਬਰ ਇਸ ਨੂੰ ਮੁਸਲਮਾਨਾਂ ਦੇ ‘ਭਾਰਤ-ਪ੍ਰੇਮ’ ਨਾਲ ਜੋੜ ਰਿਹਾ ਹੈ। ਇਸੇ ਜਮਾਤ ਦੀ ਇਹੀ ਹਮਦਰਦੀ ਨਾਜਾਇਜ਼ ਤੌਰ ’ਤੇ ਦੇਸ਼ ’ਚ ਵਸੇ ਰੋਹਿੰਗਿਆਂ ਅਤੇ ਬੰਗਲਾਦੇਸ਼ੀਆਂ ਲਈ ਵੀ ਝਲਕਦੀ ਹੈ। ਤ੍ਰਾਸਦੀ ਦੇਖੋ ਕਿ ਇਹੀ ਤਬਕਾ ਪਿਛਲੇ ਇਕ ਦਹਾਕੇ ਤੋਂ ਦੁਨੀਆ ਭਰ ’ਚ ਭਾਰਤ ਨੂੰ ‘ਮੁਸਲਿਮ ਵਿਰੋਧੀ’, ‘ਅਸੁਰੱਖਿਅਤ’ ਅਤੇ ‘ਅਸਹਿਣਸ਼ੀਲ’ ਦੱਸ ਕੇ ਬਦਨਾਮ ਕਰ ਰਿਹਾ ਹੈ। ਜੇਕਰ ਭਾਰਤ ਮੁਸਲਮਾਨਾਂ ਲਈ ਇੰਨਾ ‘ਖਤਰਨਾਕ’ ਹੈ ਤਾਂ ਗਰਭਵਤੀ ਸੁਨਾਲੀ ਖਾਤੂਨ ਦੀ ਭਾਰਤ ’ਚ ਬੱਚਾ ਪੈਦਾ ਕਰਨ ਦੀ ਇੱਛਾ ਨੂੰ ਕਿਉਂ ਸਲਾਹਿਆ ਜਾ ਰਿਹਾ ਹੈ? ਕਿਉਂ ਨਾਜਾਇਜ਼ ਤੌਰ ’ਤੇ ਦਾਖਲ ਹੋਏ ਰੋਹਿੰਗਿਆ-ਬੰਗਲਾਦੇਸ਼ੀ ਮੁਸਲਮਾਨਾਂ ਨੂੰ ਭਾਰਤ ’ਚ ਵਸਾਉਣ ਦੀ ਮੰਗ ਕੀਤੀ ਜਾ ਰਹੀ ਹੈ?
ਦਰਅਸਲ ਇਹ ਬਸਤੀਵਾਦੀ ਮਾਨਸਿਕਤਾ ਨਾਲ ਗ੍ਰਸਤ ਵਰਗ ਦੀ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਡੂੰਘੀ ਨਫਰਤ ਹੈ ਜਿਸ ’ਚ ਇਹ ਸੱਚ ਢਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਧਰਤੀ ਦੇ ਮੁਸਲਮਾਨਾਂ ’ਚ ‘ਅਸੁਰੱਖਿਆ’ ਦੀ ਭਾਵਨਾ ਲਗਭਗ 300 ਸਾਲਾਂ ਤੋਂ ਪੈਦਾ ਹੋਈ ਹੈ। ਸੰਨ 1707 ’ਚ ਔਰੰਗਜ਼ੇਬ ਦੀ ਮੌਤ ਉਪਰੰਤ ਇਸਲਾਮੀ ਤਾਕਤਾਂ ਦੀ ਹਿੰਦੂਆਂ-ਬੋਧੀਆਂ, ਜੈਨੀਆਂ, ਸਿੱਖਾਂ ਆਦਿ ਗੈਰ-ਮੁਸਲਿਮਾਂ ’ਤੇ ਜ਼ੁਲਮ ਢਾਹੁਣ ਦੀ ਸਿਆਸੀ ਸਮਰੱਥਾ ਘੱਟ ਗਈ। ਇਸ ਤੋਂ ਬੇਚੈਨ ਮੌਲਵੀ ਸ਼ਾਹ ਵਲੀਉੱਲ੍ਹਾ, ਜਿਸ ਦੀ ਪ੍ਰੇਰਣਾ ਨਾਲ ਤਾਲਿਬਾਨ ਦਾ ਜਨਮ ਹੋਇਆ, ਉਸ ਨੇ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ’ਤੇ ਹਮਲਾ ਕਰਨ ਲਈ ਸੱਦਾ ਭੇਜਿਆ ਤਾਂ ਕਿ ‘ਕਾਫਿਰ’ ਮਰਾਠਿਆਂ ’ਤੇ ‘ਇਸਲਾਮੀ ਰਾਜ’ ਮੁੜ ਤੋਂ ਕਾਇਮ ਹੋ ਸਕੇ।
ਪਾਨੀਪਤ ਦੀ ਤੀਜੀ ਲੜਾਈ (1761) ’ਚ ਅਬਦਾਲੀ ਨੂੰ ਸਥਾਨਕ ਮੁਸਲਮਾਨਾਂ ਦਾ ਸਮਰਥਨ ਮਿਲਿਆ ਅਤੇ ਮਰਾਠਾ ਹਾਰ ਗਏ। ਇਸ ਤੋਂ ਬਾਅਦ ਪਹਿਲਾਂ ਤੋਂ ਕਮਜ਼ੋਰ ਮਰਾਠਾ ਦਿੱਲੀ (1803) ’ਚ ਅੰਗਰੇਜ਼ਾਂ ਹੱਥੋਂ ਹਾਰ ਗਏ। ਜੇਕਰ ਵਲੀਉੱਲ੍ਹਾ ਦੇ ਸੱਦੇ ’ਤੇ ਅਬਦਾਲੀ ਭਾਰਤ ’ਤੇ ਹਮਲਾ ਨਹੀਂ ਕਰਦਾ ਤਾਂ ਇਤਿਹਾਸ ਵੱਖਰਾ ਹੁੰਦਾ।
ਅੰਗਰੇਜ਼ਾਂ ਨੇ 1857 ਵਰਗੀ ਕ੍ਰਾਂਤੀ ਤੋਂ ਬਚਣ ਅਤੇ ਆਪਣੇ ਸ਼ਾਸਨ ਨੂੰ ਚਲਾਉਣ ਲਈ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਅਪਣਾਈ। ਮੁਸਲਿਮ ਲੀਡਰਸ਼ਿਪ ਜੋ ਆਪਣਾ ਪੁਰਾਣਾ ਗਲਬਾ ਹਾਸਲ ਕਰਨਾ ਚਾਹੁੰਦੀ ਸੀ, ਉਹ ਮਜ਼੍ਹਬੀ ਕਾਰਨਾਂ ਕਰ ਕੇ ਅੰਗਰੇਜ਼ਾਂ ਦੀ ਰਣਨੀਤਿਕ ਸਹਿਯੋਗੀ ਬਣ ਗਈ। ਜਦੋਂ ਦੋਵਾਂ ਵਿਸ਼ਵ ਜੰਗਾਂ ਦੇ ਬਾਅਦ ਬਰਤਾਨੀਆਂ ਦਾ ਜ਼ੋਰ ਘਟਿਆ ਅਤੇ ਉਸ ਦਾ ਭਾਰਤ ਤੋਂ ਜਾਣਾ ਲਾਜ਼ਮੀ ਹੋਇਆ ਤਾਂ ਮੁਸਲਿਮ ਧਿਰ ’ਚ ਫਿਰ ਤੋਂ ‘ਇਸਲਾਮੀ ਰਾਜ’ ਸਥਾਪਿਤ ਕਰਨ ਦੀ ਇੱਛਾ ਤੇਜ਼ ਹੋਈ।
ਇਸ ਦੇ ਲਈ ਅੰਗਰੇਜ਼ਾਂ-ਖੱਬੇਪੱਖੀਆਂ ਦੇ ਸਹਿਯੋਗ ਨਾਲ ਤਰਕੀਬ ਘੜੀ ਗਈ ਕਿ ‘ਹਿੰਦੂ’ ਕਾਂਗਰਸ ਦੇ ਰਾਜ ’ਚ ‘ਇਸਲਾਮ ਖਤਰੇ ਵਿਚ’ ਪੈ ਜਾਵੇਗਾ। 1938 ਦੀ ਪੀਰਪੁਰ ਕਮੇਟੀ ਦੀ ਰਿਪੋਰਟ ’ਚ ਕਾਂਗਰਸ ਨੂੰ ‘ਮੁਸਲਮਾਨ ਵਿਰੋਧੀ’ ਐਲਾਨਿਆ ਗਿਆ। ਅੱਜ ਇਹੀ ਜੁਮਲਾ ਕਾਂਗਰਸ ਵਰਗੀਆਂ ਪਾਰਟੀਆਂ ਖੱਬੇਪੱਖੀਆਂ ਅਤੇ ਮੁਸਲਿਮ ਰਹਿਨੁਮਾਵਾਂ ਦੇ ਨਾਲ ਮਿਲ ਕੇ ਭਾਜਪਾ-ਸੰਘ ਅਤੇ ਉਸ ਦੇ ਸਹਿਯੋਗੀ ਸੰਗਠਨਾਂ ਲਈ ਵਰਤ ਰਹੀਆਂ ਹਨ। ਗਾਂਧੀ ਜੀ, ਪੰ. ਨਹਿਰੂ, ਸਰਦਾਰ ਪਟੇਲ ਅਤੇ ਆਚਾਰੀਆ ਕ੍ਰਿਪਲਾਨੀ, ਕੋਈ ਵੀ ਮੁਸਲਮਾਨਾਂ ਦੀ ਇਸ ‘ਅਸੁਰੱਖਿਆ’ ਨੂੰ ਦੂਰ ਨਹੀਂ ਕਰ ਸਕਿਆ ਅਤੇ ਪਾਕਿਸਤਾਨ ਦੇ ਰੂਪ ’ਚ ਭਾਰਤ ਦਾ ਖੂਨੀ ਬਟਵਾਰਾ ਹੋ ਗਿਆ।
ਕੀ ਪਾਕਿਸਤਾਨ, ਜਿਸ ਨੂੰ ਉਸ ਦੇ ਫੌਜ ਮੁਖੀ ਅਸੀਮ ਮੁਨੀਰ ‘ਮਦੀਨਾ ਦੇ ਬਾਅਦ ਕਲਮਾ ਦੀ ਨੀਂਹ ’ਤੇ ਬਣੀ ਦੂਜੀ ਰਿਆਸਤ’ ਕਹਿੰਦੇ ਹਨ, ਉਥੇ ਮੁਸਲਮਾਨ ‘ਅਸੁਰੱਖਿਅਤ’ ਹੈ? ਦੇਵਬੰਦੀ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ ਅਤੇ ਬਰੇਵਲੀ ‘ਤਹਿਰੀਕ-ਏ-ਲਬਲੈਕ’ ਵਰਗੇ ਇਸਲਾਮੀ ਸੰਗਠਨ ਦੀਨ ਦੇ ਨਾਂ ’ਤੇ ਅਜਿਹੀ ਹਿੰਸਾ ’ਤੇ ਉਤਰ ਆਉਂਦੇ ਹਨ, ਜਿਸ ’ਚ ਮੁਸਲਮਾਨ ਹੀ ਮੁਸਲਮਾਨਾਂ ਦੇ ਹੱਥੋਂ ਮਾਰੇ ਜਾਂਦੇ ਹਨ। ਸ਼ੀਆ ਮਸਜਿਦਾਂ ’ਤੇ ਬੰਬ ਧਮਾਕੇ ਆਮ ਹਨ। ਅਹਿਮਦੀਆ ਮੁਸਲਮਾਨਾਂ ਨੂੰ ਮੁਸਲਿਮ ਨਹੀਂ ਮੰਨਿਆ ਜਾਂਦਾ। ਇਸੇ ਤਰ੍ਹਾਂ ਅਫਗਾਨਿਸਤਾਨ ’ਚ ਹਜ਼ਾਰਾ ਸ਼ੀਆਂ ਦਾ ਘਾਣ ਅਤੇ ਚੀਨ ’ਚ ਉਈਗਰ ਮੁਸਲਮਾਨਾਂ ’ਤੇ ਸਰਕਾਰੀ ਤਸ਼ੱਦਦ ਜਗ-ਜ਼ਾਹਿਰ ਹੈ।
ਇਸ ਪਿਛੋਕੜ ’ਚ ਭਾਰਤ ’ਚ ਸਭ ਕਿਸਮ ਦੇ ਮੁਸਲਮਾਨਾਂ ਨੂੰ ਬਰਾਬਰ ਅਤੇ ਕੁਝ ਮਾਮਲਿਆਂ ’ਚ ਵੱਧ ਸੰਵਿਧਾਨਿਕ ਅਧਿਕਾਰ ਪ੍ਰਾਪਤ ਹਨ। ਦੇਸ਼ ’ਚ ਲਗਭਗ 22 ਕਰੋੜ ਮੁਸਲਮਾਨ ਹਨ। ਪਿਛਲੇ 7 ਦਹਾਕਿਆਂ ’ਚ ਉਨ੍ਹਾਂ ਦੀ ਆਬਾਦੀ ਸਭ ਤੋਂ ਵੱਧ, 7 ਗੁਣਾ ਤੋਂ ਵਧ ਚੁੱਕੀ ਹੈ। ਜੇਕਰ ਭਾਰਤ ਸੱਚ ’ਚ ਮੁਸਲਮਾਨਾਂ ਲਈ ‘ਅਸੁਰੱਖਿਅਤ’ ਹੈ ਤਾਂ ਉਨ੍ਹਾਂ ਦੀ ਆਬਾਦੀ ਕਿਵੇਂ ਵਧੀ? ਮਿਆਂਮਾਰ ’ਚ ਅਖੌਤੀ ਤਸ਼ੱਦਦ ਝੱਲਣ ਵਾਲੇ ਰੋਹਿੰਗਿਆ ਮੁਸਲਿਮ ਕਿਉਂ ਭਾਰਤ ਆ ਰਹੇ ਹਨ, ਜਿਨ੍ਹਾਂ ਨੂੰ ਵਸਾਉਣ ਦੀ ਵਕਾਲਤ ਅਖੌਤੀ ਸੈਕੂਲਰਵਾਦੀ ਕਰ ਰਹੇ ਹਨ।
ਮੌਜੂਦਾ ਭਾਰਤ ਦੀ ਭਾਈਚਾਰਕ ਸਾਂਝ ਉਦੋਂ ਵਿਗੜਦੀ ਹੈ ਜਦੋਂ ਮੁਸਲਿਮ ਸਮਾਜ ਦਾ ਵੱਡਾ ਵਰਗ ਗਜ਼ਨਵੀ, ਗੌਰੀ, ਬਾਬਰ, ਔਰੰਗਜ਼ੇਬ, ਟੀਪੂ ਸੁਲਤਾਨ ਵਰਗੇ ਜ਼ਾਲਮ ਹਮਲਾਵਰਾਂ ਨੂੰ ਆਪਣਾ ਨਾਇਕ ਦੱਸਦਾ ਹੈ। ਹੁਣੇ ਜਿਹੇ ਪੱਛਮੀ ਬੰਗਾਲ ’ਚ ਕੀ ਹੋਇਆ? 6 ਦਸੰਬਰ ਨੂੰ ਤ੍ਰਿਣਮੂਲ ਦੇ ਮੁਅਤੱਲ ਵਿਧਾਇਕ ਹਮਾਯੂੰ ਕਬੀਰ ਨੇ ਵਿਦੇਸ਼ੀ ਮੌਲਵੀਆਂ ਅਤੇ ਹਜ਼ਾਰਾਂ ਮੁਸਲਮਾਨਾਂ ਦੀ ਮੌਜੂਦਗੀ ’ਚ ਭੜਕਾਊ ਨਾਅਰਿਆਂ ਦੇ ਦਰਮਿਆਨ ਮੁਰਸ਼ਿਦਾਬਾਦ ’ਚ ‘ਬਾਬਰੀ ਮਸਜਿਦ’ ਦਾ ਨੀਂਹ ਪੱਥਰ ਰੱਖਿਆ। ਭਾਰਤ ’ਚ ਕਾਨੂੰਨ ਅਨੁਸਾਰ ਕਿਸੇ ਨੂੰ ਵੀ ਪੂਜਾ ਵਾਲੇ ਸਥਾਨ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਮਸਜਿਦ ਦੀ ਪ੍ਰੇਰਣਾ ਬਾਬਰ ਤੋਂ ਕਿਉਂ, ਜਿਸ ਨੇ ਰਾਮ ਮੰਦਿਰ ਢਹਿ-ਢੇਰੀ ਕਰਵਾਇਆ, ਹਿੰਦੂ ਰਾਣਾ ਸਾਂਗਾ ਨੂੰ ‘ਕਾਫਿਰ’ ਕਹਿ ਕੇ ਜਿਹਾਦ ਛੇੜਿਆ ਅਤੇ ਖੁਦ ਨੂੰ ‘ਗਾਜੀ’ ਐਲਾਨਿਆ। ਜਦ ਤਕ ਮੁਸਲਿਮ ਸਮਾਜ ਦਾ ਪ੍ਰਭਾਵੀ ਵਰਗ ਇਸਲਾਮੀ ਹਮਲਾਵਰਾਂ ਨੂੰ ਆਪਣਾ ਆਦਰਸ਼ ਮੰਨਦਾ ਰਹੇਗਾ ਉਦੋਂ ਤਕ ਮੁਸਲਿਮਾਂ ’ਚ ਸਦੀਆਂ ਪੁਰਾਣੀ ‘ਅਸੁਰੱਖਿਆ’ ਦੀ ਭਾਵਨਾ ਬਣੀ ਰਹੇਗੀ।
ਬਲਬੀਰ ਪੁੰਜ
ਇੰਡੀਗੋ ਦੀ ਗੜਬੜ : ਪੀ. ਐੱਮ. ਓ. ਦੇ ਤੁਰੰਤ ਐਕਸ਼ਨ ਨੇ ਕਿਵੇਂ ਆਮ ਮੁਸਾਫਰ ਨੂੰ ਬਚਾਇਆ
NEXT STORY