ਮਣੀਪੁਰ ਵਿਚ ਥੋੜ੍ਹੇ-ਥੋੜ੍ਹੇ ਵਕਫੇ ਪਿੱਛੋਂ ਹੋ ਰਹੀ ਵਹਿਸ਼ੀ ਹਿੰਸਾ ਸ਼ਰਮਸਾਰ ਕਰ ਦਿੰਦੀ ਹੈ। ਪਿਛਲੇ ਸਾਲ 3 ਮਈ ਨੂੰ ਸ਼ੁਰੂ ਹੋਈ ਇਸ ਹਿੰਸਾ ਨੂੰ ਰੋਕਣ ਵਿਚ ਨਾਕਾਮਯਾਬੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਭਾਵੇਂ ਕੋਈ ਵੀ ਹੋਵੇ ਪਰ ਮਣੀਪੁਰ ਵਿਚ ਅੱਤਿਆਚਾਰ ਦੇ ਨੰਗੇ ਨਾਚ ਨਾਲ ਜੋ ਸੰਦੇਸ਼ ਦੁਨੀਆ ਭਰ ਵਿਚ ਜਾ ਰਿਹਾ ਹੈ, ਉਹ ਸਹੀ ਨਹੀਂ ਹੈ। ਮੈਤੇਈ ਅਤੇ ਕੁਕੀ ਭਾਈਚਾਰਿਆਂ ਦਰਮਿਆਨ ਚੱਲ ਰਹੀ ਸਥਾਨਕ ਨਸਲੀ ਹਿੰਸਾ ਵਿਚ ਹੁਣ ਤੱਕ 258 ਲੋਕ ਜਾਨ ਗੁਆ ਚੁੱਕੇ ਹਨ। ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਕਈ ਘਟਨਾਵਾਂ ਨੇ ਦੇਸ਼ ਅਤੇ ਦੁਨੀਆ ਨੂੰ ਸ਼ਰਮਸਾਰ ਕੀਤਾ ਹੈ। ਜਿਰੀਬਾਮ ਜ਼ਿਲ੍ਹੇ ਦੇ ਬੋਰੋਬੇਕਰਾ ਇਲਾਕੇ ਤੋਂ 11 ਨਵੰਬਰ ਨੂੰ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ।
15 ਤੋਂ 18 ਨਵੰਬਰ ਦੇ ਵਿਚਕਾਰ, ਉਨ੍ਹਾਂ ਦੀਆਂ ਲਾਸ਼ਾਂ ਜਿਰੀ ਨਦੀ ਅਤੇ ਆਸਾਮ ਦੇ ਕਛਾਰ ਵਿਚ ਬਰਾਕ ਨਦੀ ’ਚੋਂ ਮਿਲੀਆਂ। ਇਸ ਦੌਰਾਨ ਅਗਵਾ ਹੋਏ ਲੋਕਾਂ ਨਾਲ ਬੇਰਹਿਮੀ ਦੀਆਂ ਅਜਿਹੀਆਂ ਹੱਦਾਂ ਟੱਪੀਆਂ ਗਈਆਂ ਕਿ ਪੋਸਟਮਾਰਟਮ ਕਰਨ ਵਾਲੇ ਡਾਕਟਰ ਵੀ ਕੰਬ ਗਏ। ਬੱਚੇ ਦੇ ਚਿਹਰੇ ’ਤੇ ਗੋਲੀਆਂ ਮਾਰੀਆਂ, ਪਰ ਫਿਰ ਵੀ ਮਨ ਨਹੀਂ ਭਰਿਆ ਤਾਂ ਫਿਰ ਉਸ ਦੇ ਪੂਰੇ ਸਰੀਰ ’ਤੇ ਹਮਲਾ ਕਰ ਕੀਤਾ। ਇੱਥੋਂ ਤੱਕ ਕਿ ਬੱਚੇ ਦੀਆਂ ਅੱਖਾਂ ਵੀ ਕੱਢ ਲਈਆਂ ਗਈਆਂ। ਛਾਤੀ ’ਤੇ ਕੱਟਣ ਦੇ ਨਿਸ਼ਾਨ ਪਾਏ ਗਏ। ਪੱਸਲੀਆਂ ਟੁੱਟੀਆਂ ਹੋਈਆਂ ਸਨ।
ਬਾਕੀਆਂ ਦੀ ਹਾਲਤ ਵੀ ਘੱਟ-ਵੱਧ ਉਹੀ ਸੀ। ਦਿਲ, ਫੇਫੜੇ ਅਤੇ ਪੱਸਲੀਆਂ ਗੋਲੀਆਂ ਨਾਲ ਕੱਟੀਆਂ ਗਈਆਂ। ਪੇਟ ਫਟ ਗਏ। ਬਾਹਾਂ ਚੀਥੜਿਆਂ ਵਿਚ ਬਦਲ ਗਈਆਂ। ਖੋਪੜੀਆਂ ਨੂੰ ਭਾਰ ਨਾਲ ਕੁਚਲ ਦਿੱਤਾ ਗਿਆ ਅਤੇ ਹੱਡੀਆਂ ਚੂਰ-ਚੂਰ ਕੀਤੀਆਂ ਗਈਆਂ ਸਨ ਅਤੇ ਸਿਰ ਨੂੰ ਵਿਗਾੜ ਦਿੱਤਾ ਗਿਆ ਸੀ। ਇਸ ਨੂੰ ਪੁਲਸ ਸਟੇਸ਼ਨ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ’ਤੇ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।
ਪੀੜਤਾਂ ਦੀਆਂ ਹੱਡ-ਬੀਤੀਆਂ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਲੋਕ ਖੇਤਾਂ ਜਾਂ ਸੁੰਨਸਾਨ ਇਲਾਕਿਆਂ ਵਿਚ ਲੁਕ ਕੇ ਆਪਣੀਆਂ ਜਾਨਾਂ ਬਚਾਉਂਦੇ ਰਹੇ, ਜਦੋਂ ਕਿ ਹਮਲਾਵਰ ਗੱਡੀਆਂ ਵਿਚ ਭਰ-ਭਰ ਕੇ ਆ ਜਾਂਦੇ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਂਦੇ, ਜੋ ਵੀ ਮਿਲਦਾ, ਮਾਰ ਦਿੰਦੇ, ਬੇਰਹਿਮੀ ਕਰਦੇ ਅਤੇ ਅਗਵਾ ਕਰ ਕੇ ਨਾਲ ਲੈ ਜਾਂਦੇ। ਇਹ ਉਸ ਮਣੀਪੁਰ ਦੀ ਮੌਜੂਦਾ ਹਕੀਕਤ ਹੈ ਜਿੱਥੇ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ 3 ਮਈ ਤੋਂ ਚੱਲ ਰਹੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
ਮਣੀਪੁਰ ਵਿਚ ਲੜਾਈ ਜਾਤੀ ਆਧਾਰਿਤ ਹੈ ਅਤੇ ਆਬਾਦੀ ਆਧਾਰਿਤ ਦਬਦਬੇ ਦੀ ਵੀ ਹੈ। ਮੌਜੂਦਾ ਵਿਧਾਨ ਸਭਾ ’ਚ 60 ’ਚੋਂ 40 ਵਿਧਾਇਕ ਮੈਤੇਈ ਭਾਈਚਾਰੇ ਦੇ ਹਨ ਅਤੇ 20 ਵਿਧਾਇਕ ਨਾਗਾ-ਕੁਕੀ ਕਬੀਲੇ ਦੇ ਹਨ। ਸਿਆਸੀ ਨਫ਼ਾ-ਨੁਕਸਾਨ ਅਤੇ ਦਬਦਬੇ ਦੀ ਲੜਾਈ ਵਿਚ ਕੌਣ ਸਭ ਤੋਂ ਵੱਧ ਭਾਰੂ ਹੋਵੇਗਾ, ਇਹੀ ਅਸਲ ਲੜਾਈ ਹੈ। ਦੋਵੇਂ ਨਾਗਾ-ਕੁਕੀ ਕਬੀਲੇ ਮੈਤੇਈ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਦੇ ਵਿਰੁੱਧ ਹਨ। ਉਨ੍ਹਾਂ ਦੀ ਦਲੀਲ ਹੈ ਕਿ ਪਹਿਲਾਂ ਹੀ 60 ਵਿਧਾਨ ਸਭਾ ਸੀਟਾਂ ਵਿਚੋਂ 40 ਸੀਟਾਂ ਮੈਤੇਈ ਬਹੁਲਤਾ ਵਾਲੀ ਇੰਫਾਲ ਵਾਦੀ ਵਿਚ ਹਨ। ਅਜਿਹੇ ’ਚ ਜੇਕਰ ਮੈਤੇਈ ਨੂੰ ਅਨੁਸੂਚਿਤ ਜਨਜਾਤੀ ਸ਼੍ਰੇਣੀ ’ਚ ਰਾਖਵਾਂਕਰਨ ਮਿਲਦਾ ਹੈ ਤਾਂ ਉਨ੍ਹਾਂ ਦੇ ਅਧਿਕਾਰ ਵੀ ਵੰਡੇ ਜਾਣਗੇ।
ਮੈਤੇਈ ਭਾਈਚਾਰੇ ਦਾ ਮੰਨਣਾ ਹੈ ਕਿ ਜਦੋਂ ਉਹ ਬਹੁ ਗਣਤੀ ਵਿਚ ਹਨ, ਤਾਂ ਉਹ ਇਲਾਕਾਈ ਅਖੰਡਤਾ ਨਾਲ ਸਮਝੌਤਾ ਕਿਵੇਂ ਕਰ ਸਕਦੇ ਹਨ? ਉਹ ਸੋਚਦੇ ਹਨ ਕਿ ਜੇ ਉਹ ਆਪਣੇ ਲਈ ਵੱਖਰਾ ਪ੍ਰਸ਼ਾਸਨ ਅਤੇ ਸਿਸਟਮ ਬਣਾਉਣ ਦਾ ਇਰਾਦਾ ਰੱਖਦੇ ਹਨ ਤਾਂ ਕੀ ਬੁਰਾ ਹੈ? ਇਸ ਦੇ ਨਾਲ ਹੀ ਕੁਕੀ ਭਾਈਚਾਰਾ ਵੀ ਰਾਜਸੀ ਦਬਦਬੇ ਅਧੀਨ ਹੋ ਕੇ ਆਪਣੀ ਮਰਜ਼ੀ ਅਨੁਸਾਰ ਪ੍ਰਸ਼ਾਸਨ ਚਾਹੁੰਦਾ ਹੈ। ਮਣੀਪੁਰ ਦੀ ਆਬਾਦੀ ਲਗਭਗ 38 ਲੱਖ ਹੈ। ਇੱਥੇ ਮੁੱਖ ਤੌਰ ’ਤੇ ਤਿੰਨ ਭਾਈਚਾਰੇ ਹਨ। ਮੈਤੇਈ, ਨਾਗਾ ਅਤੇ ਕੁਕੀ। ਮਣੀਪੁਰ ਵਿਚ ਜ਼ਿਆਦਾਤਰ ਮੈਤੇਈ ਹਿੰਦੂ ਹਨ ਜਿਨ੍ਹਾਂ ਦੀ ਆਬਾਦੀ 52 ਤੋਂ 64.6 ਫੀਸਦੀ ਦੇ ਦਰਮਿਆਨ ਹੈ। ਨਾਗਾ-ਕੁਕੀ ਜ਼ਿਆਦਾਤਰ ਈਸਾਈ ਧਰਮ ਦਾ ਪਾਲਣ ਕਰਦੇ ਹਨ ਅਤੇ ਅਨੁਸੂਚਿਤ ਜਨਜਾਤੀ ਸ਼੍ਰੇਣੀ ਅਧੀਨ ਆਉਂਦੇ ਹਨ। ਇਨ੍ਹਾਂ ਦੀ ਆਬਾਦੀ ਲਗਭਗ 34 ਫੀਸਦੀ ਹੈ।
ਇੰਫਾਲ ਵਾਦੀ ਲਗਭਗ 10 ਫੀਸਦੀ ਇਲਾਕੇ ਵਿਚ ਫੈਲੀ ਹੋਈ ਹੈ, ਮੈਤੇਈ ਬਹੁਲਤਾ ਹੈ ਜਦੋਂ ਕਿ ਨਾਗਾ-ਕੁਕੀ ਆਬਾਦੀ ਸੂਬੇ ਦੇ ਲਗਭਗ 90 ਪ੍ਰਤੀਸ਼ਤ ਇਲਾਕੇ ਵਿਚ ਹੈ। ਅਸਲੀਅਤ ਵਿਚ, ਅੰਕੜਿਆਂ ਵਿਚ ਦਿਖਾਈ ਦੇਣ ਵਾਲੀ ਦਬਦਬੇ ਦੀ ਇਹੀ ਲੜਾਈ ਉੱਥੇ ਆਪਸੀ ਹਿੰਸਾ ਵਿਚ ਬਦਲ ਗਈ ਹੈ। ਅਜਿਹੀਆਂ ਉਦਾਹਰਣਾਂ ਹਨ ਕਿ ਕੇਂਦਰ ਨੇ ਸੂਬਾ ਸਰਕਾਰਾਂ ਨਾਲ ਮਿਲ ਕੇ ਹਰ ਪਾਸੇ ਵਿਦਰੋਹ, ਵਿਦਰੋਹੀਆਂ, ਨਕਸਲਵਾਦ ਅਤੇ ਅੱਤਵਾਦ ਦੀ ਕਮਰ ਤੋੜ ਦਿੱਤੀ ਹੈ। ਪੰਜਾਬ, ਜੰਮੂ-ਕਸ਼ਮੀਰ ਦਾ ਅੱਤਵਾਦ ਹੋਵੇ ਜਾਂ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਦੱਖਣੀ ਭਾਰਤ ਅਤੇ ਕੁਝ ਉੱਤਰ-ਪੂਰਬੀ ਸੂਬਿਆਂ ਦਾ ਨਕਸਲਵਾਦ, ਜਿਸ ਨੇ ਅਜਿਹੀਆਂ ਜੜ੍ਹਾਂ ਪੱਕੀਆਂ ਕਰ ਲਈਆਂ ਸਨ ਕਿ ਸਾਰੀਆਂ ਸੂਬਾ ਸਰਕਾਰਾਂ ਦੇ ਨੱਕ ’ਚ ਦਮ ਕੀਤਾ ਹੋਇਆ ਸੀ।
ਹਾਂ, ਮਣੀਪੁਰ ਹਿੰਸਾ ਦੀ ਤੁਲਨਾ ਨਕਸਲਵਾਦ, ਸ਼ਹਿਰੀ ਨਕਸਲਵਾਦ ਜਾਂ ਕੱਟੜਵਾਦ ਨਾਲ ਕਰਨਾ ਅਰਥਹੀਣ ਹੋਵੇਗਾ। ਸਾਨੂੰ ਇਹ ਸੱਚ ਮੰਨਣਾ ਪਵੇਗਾ ਕਿ ਜਾਂ ਤਾਂ ਇਸ ਨੂੰ ਸਮਝਣ ਵਿਚ ਦੇਰੀ ਹੋਈ ਜਾਂ ਸਮਝ ਕੇ ਵੀ ਅਸੀਂ ਅਣਜਾਣ ਹੀ ਰਹੇ? ਭਾਵੇਂ ਹੀ ਕਹੀਏ ਕਿ ਮਣੀਪੁਰ ਦੀਆਂ ਸਮੱਸਿਆਵਾਂ ਵਿਰਸੇ ਵਿਚ ਮਿਲੀਆਂ ਹਨ ਪਰ ਉਹ ਹਨ ਤਾਂ ਨਾਸੂਰ। ਘੱਟੋ-ਘੱਟ ਪੂਰੇ ਦੇਸ਼ ’ਚ ਆਪਣਾ ਝੰਡਾ ਲਹਿਰਾਉਣ ਦੀ ਇੱਛਾ ਰੱਖਣ ਵਾਲੀ ਅਤੇ ਲਗਭਗ ਕਾਮਯਾਬੀ ਹਾਸਲ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਡਬਲ ਇੰਜਣ ਦੀ ਤਾਕਤ ਅਤੇ 60 ਵਿਚੋਂ 37 ਵਿਧਾਇਕ ਹੋਣ ਦੇ ਬਾਵਜੂਦ ਮਣੀਪੁਰ ਕਿਉਂ ਸੁਲਗ ਰਿਹਾ ਹੈ?
–ਰਿਤੂਪਰਣ ਦਵੇ
ਆਰ.ਐੱਸ.ਐੱਸ ਦੀ 100 ਸਾਲਾਂ ਦੀ ਮਾਣਮੱਤੀ ਯਾਤਰਾ
NEXT STORY