ਭਾਰਤ ਨੇ ਪਿਛਲੇ ਇਕ ਦਹਾਕੇ ’ਚ ਸਿਹਤ ਸਹੂਲਤਾਂ ਦੇ ਖੇਤਰ ’ਚ ਬੇਮਿਸਾਲ ਵਿਸਥਾਰ ਕੀਤਾ ਹੈ। ਸਰਕਾਰੀ ਅਤੇ ਨਿੱਜੀ ਖੇਤਰ ’ਚ ਹਸਪਤਾਲਾਂ, ਮੁੱਢਲੇ ਸਿਹਤ ਕੇਂਦਰਾਂ, ਜਾਂਚ ਕੇਂਦਰਾਂ ਅਤੇ ਮੈਡੀਕਲ ਕਾਲਜਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ’ਚ ਵੀ ਸਿਹਤ ਸਹੂਲਤਾਂ ਦਾ ਵਿਸਥਾਰ ਹੋਇਆ ਹੈ। ਇਹ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦਾ ਕੇਂਦਰ ਆਮ ਨਾਗਰਿਕ ਦੀ ਸਿਹਤ ਸੁਰੱਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਮਿਆਰੀ ਸਿਹਤ ਸੇਵਾਵਾਂ ਨੂੰ ਹਰ ਨਾਗਰਿਕ ਤੱਕ ਪਹੁੰਚਾਉਣ ਲਈ ਕੰਮ ਕੀਤਾ ਹੈ।
ਇਨ੍ਹਾਂ ਲਗਾਤਾਰ ਕੀਤੇ ਗਏ ਯਤਨਾਂ ਦਾ ਨਤੀਜਾ ਹੈ ਕਿ ਦੇਸ਼ ’ਚ ਲੋਕਾਂ ਵੱਲੋਂ ਆਪਣੀ ਜੇਬ ’ਚੋਂ ਸਿਹਤ ਸੇਵਾਵਾਂ ’ਤੇ ਕੀਤੇ ਜਾਣ ਵਾਲੇ ਖਰਚੇ ’ਚ ਪਿਛਲੇ ਕੁਝ ਸਾਲਾਂ ’ਚ ਵੱਡੀ ਕਮੀ ਆਈ ਹੈ। ਇਹ ਖਰਚਾ ਪਹਿਲਾਂ 65 ਫ਼ੀਸਦੀ ਤੱਕ ਸੀ, ਜੋ ਹੁਣ ਘੱਟ ਕੇ 43 ਫ਼ੀਸਦੀ ਰਹਿ ਗਿਆ ਹੈ।
ਜ਼ਿਲਾ ਹਸਪਤਾਲ ’ਚ ਜਨਮ ਲੈਣ ਵਾਲੇ ਬੱਚੇ ਤੋਂ ਲੈ ਕੇ ਵੱਡੇ ਹਸਪਤਾਲ ’ਚ ਇਲਾਜ ਕਰਵਾ ਰਹੇ ਕੈਂਸਰ ਮਰੀਜ਼ ਤੱਕ, ਆਧੁਨਿਕ ਸਿਹਤ ਪ੍ਰਣਾਲੀ ’ਚ ਭਰੋਸੇਮੰਦ, ਚੰਗੀ ਗੁਣਵੱਤਾ ਵਾਲੇ ਅਤੇ ਕਿਫ਼ਾਇਤੀ ਮੈਡੀਕਲ ਉਪਕਰਣ ਬਹੁਤ ਜ਼ਰੂਰੀ ਹੋ ਗਏ ਹਨ। ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਮਿਸ਼ਨ ਤਹਿਤ ਸਰਕਾਰ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੀ ਜਨਤਕ ਸਿਹਤ ਵਿਵਸਥਾ ਨੂੰ ਮਜ਼ਬੂਤ ਕਰ ਰਹੀ ਹੈ।
ਇਸ ਲਈ ਪ੍ਰਯੋਗਸ਼ਾਲਾਵਾਂ ਨੂੰ ਬਿਹਤਰ ਬਣਾਉਣ, ਗੰਭੀਰ ਮਰੀਜ਼ਾਂ ਦੇ ਇਲਾਜ ਦੀਆਂ ਸਹੂਲਤਾਂ ਵਧਾਉਣ, ਬਿਮਾਰੀਆਂ ਦੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਸਮਰੱਥਾ ਵਧਾਉਣ ’ਤੇ ਨਿਵੇਸ਼ ਕੀਤਾ ਜਾ ਰਿਹਾ ਹੈ। ਜਿਵੇਂ-ਜਿਵੇਂ ਭਾਰਤ 2047 ਤੱਕ ਵਿਕਸਤ ਭਾਰਤ ਬਣਨ ਵੱਲ ਅੱਗੇ ਵਧ ਰਿਹਾ ਹੈ, ਹੁਣ ਜ਼ੋਰ ਇਕ ਆਤਮਨਿਰਭਰ ਮੈਡੀਕਲ ਤਕਨੀਕ ਖੇਤਰ ਤਿਆਰ ਕਰਨ ਉੱਤੇ ਹੈ। ਇਸ ਦਾ ਉਦੇਸ਼ ਸਿਹਤ ਸੇਵਾਵਾਂ ਨੂੰ ਹੋਰ ਸਸਤਾ, ਆਸਾਨੀ ਨਾਲ ਉਪਲਬਧ ਅਤੇ ਕਿਸੇ ਵੀ ਸੰਕਟ ਦੇ ਸਮੇਂ ਮਜ਼ਬੂਤ ਬਣਾਉਣਾ ਹੈ।
ਪਹਿਲਾਂ, ਭਾਰਤ ਕਈ ਆਧੁਨਿਕ ਅਤੇ ਗੁੰਝਲਦਾਰ ਮੈਡੀਕਲ ਉਪਕਰਣਾਂ ਲਈ ਕਾਫ਼ੀ ਹੱਦ ਤੱਕ ਦੂਜੇ ਦੇਸ਼ਾਂ ਤੋਂ ਹੋਣ ਵਾਲੀ ਦਰਾਮਦ ’ਤੇ ਨਿਰਭਰ ਸੀ। ਇਨ੍ਹਾਂ ਤਕਨੀਕਾਂ ਨਾਲ ਸਿਹਤ ਸੇਵਾਵਾਂ ’ਚ ਸੁਧਾਰ ਤਾਂ ਹੋਇਆ, ਪਰ ਇਸ ਨਾਲ ਇਲਾਜ ਦੀ ਲਾਗਤ ਵਧੀ, ਸਪਲਾਈ ਪ੍ਰਣਾਲੀ ’ਤੇ ਬਾਹਰੀ ਨਿਰਭਰਤਾ ਬਣੀ ਰਹੀ ਅਤੇ ਇਨ੍ਹਾਂ ਉਪਕਰਣਾਂ ਦੀ ਪਹੁੰਚ ਸੀਮਤ ਰਹੀ। ਇਸ ਲੋੜ ਨੂੰ ਦੇਖਦਿਆਂ ਰਾਸ਼ਟਰੀ ਮੈਡੀਕਲ ਉਪਕਰਣ ਨੀਤੀ, 2023 ’ਚ ਦੇਸ਼ ਦੇ ਅੰਦਰ ਆਧੁਨਿਕ ਮੈਡੀਕਲ ਉਪਕਰਣ ਬਣਾਉਣ ਦੀ ਸਮਰੱਥਾ ਵਧਾਉਣ ’ਤੇ ਜ਼ੋਰ ਦਿੱਤਾ ਗਿਆ।
ਇਸ ਦਾ ਉਦੇਸ਼ ਮੈਡੀਕਲ ਉਪਕਰਣਾਂ ਨੂੰ ਸਸਤਾ ਬਣਾਉਣਾ ਅਤੇ ਜਾਂਚ ਦੀ ਲਾਗਤ ਘਟਾਉਣਾ ਹੈ। ਸਰਕਾਰ ਨੇ ਮੈਡੀਕਲ ਉਪਕਰਣਾਂ ਦੇ ਪੂਰੇ ਖੇਤਰ ਨੂੰ ਮਜ਼ਬੂਤ ਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ’ਚ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ, ਮੈਡੀਕਲ ਉਪਕਰਣ ਪਾਰਕ ਅਤੇ ਦਵਾਈ ਤੇ ਮੈਡੀਕਲ ਤਕਨੀਕ ਦੇ ਖੇਤਰ ’ਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਯੋਜਨਾਵਾਂ ਸ਼ਾਮਲ ਹਨ।
ਇਨ੍ਹਾਂ ਪਹਿਲਕਦਮੀਆਂ ਨਾਲ ਦੇਸ਼ ’ਚ ਮੈਡੀਕਲ ਉਪਕਰਣਾਂ ਦੇ ਨਿਰਮਾਣ, ਨਵੀਂ ਖੋਜ, ਨਿਵੇਸ਼ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇ ਲਈ ਬਿਹਤਰ ਮਾਹੌਲ ਤਿਆਰ ਹੋ ਰਿਹਾ ਹੈ। ਨਤੀਜੇ ਉਤਸ਼ਾਹ ਵਧਾਉਣ ਵਾਲੇ ਹਨ। ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਤਹਿਤ 50 ਤੋਂ ਵੱਧ ਆਧੁਨਿਕ ਮੈਡੀਕਲ ਉਪਕਰਣਾਂ ਦਾ ਦੇਸ਼ ’ਚ ਉਤਪਾਦਨ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਇਸ ਖੇਤਰ ’ਚ ਵਿਦੇਸ਼ੀ ਨਿਵੇਸ਼ ਲਗਾਤਾਰ ਵਧ ਰਿਹਾ ਹੈ, ਜੋ ਵਿਸ਼ਵ ਪੱਧਰੀ ਨਿਵੇਸ਼ਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ।
ਸਿਰਫ਼ ਮੈਡੀਕਲ ਉਪਕਰਣਾਂ ਦਾ ਨਿਰਮਾਣ ਕੇਂਦਰ ਬਣਨ ਤੋਂ ਇਲਾਵਾ, ਭਾਰਤ ਤੇਜ਼ੀ ਨਾਲ ਆਧੁਨਿਕ ਮੈਡੀਕਲ ਤਕਨੀਕਾਂ ਨੂੰ ਅਪਣਾ ਵੀ ਰਿਹਾ ਹੈ, ਤਾਂ ਜੋ ਲੋਕਾਂ ਦਾ ਜੀਵਨ ਬਿਹਤਰ ਬਣਾਇਆ ਜਾ ਸਕੇ। ਆਧੁਨਿਕ ਜਾਂਚ ਸਹੂਲਤਾਂ, ਸਰੀਰ ਦੀ ਅੰਦਰੂਨੀ ਤਸਵੀਰ ਲੈਣ ਵਾਲੀਆਂ ਮਸ਼ੀਨਾਂ, ਸਰੀਰ ’ਚ ਲਗਾਏ ਜਾਣ ਵਾਲੇ ਮੈਡੀਕਲ ਉਪਕਰਣ, ਗੰਭੀਰ ਦੇਖਭਾਲ (ਆਈ. ਸੀ. ਯੂ.) ਦੀਆਂ ਮਸ਼ੀਨਾਂ ਅਤੇ ਡਿਜੀਟਲ ਸਿਹਤ ਸੇਵਾਵਾਂ ਨੂੰ ਕਿਫ਼ਾਇਤੀ ਦਰ ’ਤੇ ਉਪਲਬਧ ਕਰਵਾਉਣ ਨਾਲ ਮਰੀਜ਼ਾਂ ’ਤੇ ਇਲਾਜ ਦਾ ਆਰਥਿਕ ਬੋਝ ਘੱਟ ਹੁੰਦਾ ਹੈ। ਨਾਲ ਹੀ ਇਲਾਜ ਦੀ ਗੁਣਵੱਤਾ ਅਤੇ ਸਮੇਂ ਸਿਰ ਇਲਾਜ ਮਿਲਣ ’ਚ ਵੀ ਸੁਧਾਰ ਹੁੰਦਾ ਹੈ। ਦੇਸ਼ ’ਚ ਹੀ ਮੈਡੀਕਲ ਉਪਕਰਣ ਬਣਨ ਨਾਲ ਵਿਦੇਸ਼ਾਂ ਤੋਂ ਦਰਾਮਦ ’ਤੇ ਨਿਰਭਰਤਾ ਘਟਦੀ ਹੈ, ਸਪਲਾਈ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਅਤੇ ਲਾਗਤ ਘਟਾਉਣ ਦੇ ਮੌਕੇ ਵਧਦੇ ਹਨ।
ਭਾਰਤ ਦਾ ਵਿਸ਼ਵ ਪੱਧਰ ’ਤੇ ਪਛਾਣ ਬਣਾ ਚੁੱਕਾ ਦਵਾਈ ਉਦਯੋਗ, ਮਜ਼ਬੂਤ ਇੰਜੀਨੀਅਰਿੰਗ ਸਮਰੱਥਾ, ਤੇਜ਼ੀ ਨਾਲ ਫੈਲਦਾ ਡਿਜੀਟਲ ਢਾਂਚਾ, ਤੇਜ਼ੀ ਨਾਲ ਵਧਦੇ ਨਵੇਂ ਉੱਦਮਾਂ ਦਾ ਖੇਤਰ ਅਤੇ ਕੁਸ਼ਲ ਮਨੁੱਖੀ ਸੋਮੇ ਅਗਲੀ ਪੀੜ੍ਹੀ ਦੀ ਮੈਡੀਕਲ ਤਕਨੀਕ ਵਿਕਸਤ ਕਰਨ ਲਈ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ, ਮੈਡੀਕਲ ਉਪਕਰਣ ਵਜੋਂ ਵਰਤੇ ਜਾਣ ਵਾਲੇ ਸਾਫ਼ਟਵੇਅਰ, ਇੰਟਰਨੈੱਟ ਨਾਲ ਜੁੜੇ ਮੈਡੀਕਲ ਉਪਕਰਣ, ਰੋਬੋਟ ਅਾਧਾਰਿਤ ਤਕਨੀਕ ਅਤੇ ਦੂਰੋਂ ਜਾਂਚ ਵਰਗੀਆਂ ਨਵੀਆਂ ਤਕਨੀਕਾਂ ’ਚ ਭਾਰਤ ਕੋਲ ਦੇਸ਼ ਅਤੇ ਦੁਨੀਆ ਦੀਆਂ ਸਿਹਤ ਲੋੜਾਂ ਲਈ ਨਵੇਂ ਹੱਲ ਵਿਕਸਤ ਕਰਨ ਦੇ ਵੱਡੇ ਮੌਕੇ ਹਨ।
ਦੁਨੀਆ ਦੇ ਪੱਧਰ ’ਤੇ ਮੁਕਾਬਲੇਬਾਜ਼ ਮੈਡੀਕਲ ਤਕਨੀਕ ਖੇਤਰ ਤਿਆਰ ਕਰਨ ਲਈ ਸਰਕਾਰ, ਉਦਯੋਗ, ਸਿੱਖਿਆ ਸੰਸਥਾਵਾਂ, ਸਿਹਤ ਸੇਵਾ ਦੇਣ ਵਾਲਿਆਂ, ਨਵੇਂ ਉੱਦਮਾਂ ਅਤੇ ਨਿਵੇਸ਼ਕਾਂ ਵਿਚਾਲੇ ਆਪਸੀ ਸਹਿਯੋਗ ਜ਼ਰੂਰੀ ਹੈ। ਜਦੋਂ ਪ੍ਰਯੋਗਸ਼ਾਲਾਵਾਂ ’ਚ ਤਿਆਰ ਵਿਚਾਰ ਆਸਾਨੀ ਨਾਲ ਕਾਰਖਾਨਿਆਂ ਤੱਕ ਅਤੇ ਉੱਥੋਂ ਮਰੀਜ਼ਾਂ ਤੱਕ ਪਹੁੰਚਦੇ ਹਨ, ਤਾਂ ਹੀ ਨਵੀਆਂ ਕਾਢਾਂ ਨੂੰ ਅਸਲ ਲਾਭ ’ਚ ਬਦਲਿਆ ਜਾ ਸਕਦਾ ਹੈ। ਸਰਕਾਰ ਅਜਿਹੀਆਂ ਸਥਿਰ ਅਤੇ ਪਾਰਦਰਸ਼ੀ ਨੀਤੀਆਂ ਬਣਾਉਣ ਲਈ ਵਚਨਬੱਧ ਹੈ, ਜਿਨ੍ਹਾਂ ਨਾਲ ਖੋਜ, ਨਿਵੇਸ਼, ਤਕਨੀਕੀ ਭਾਈਵਾਲੀ ਅਤੇ ਕਾਰੋਬਾਰ ਕਰਨਾ ਆਸਾਨ ਹੋਵੇ।
ਭਾਰਤ ਜਿਵੇਂ-ਜਿਵੇਂ ਵਿਕਸਤ ਰਾਸ਼ਟਰ ਬਣਨ ਵੱਲ ਅੱਗੇ ਵਧ ਰਿਹਾ ਹੈ, ਸਿਹਤ ਅਤੇ ਆਰਥਿਕ ਵਿਕਾਸ ਇਕ-ਦੂਜੇ ਨੂੰ ਹੋਰ ਮਜ਼ਬੂਤ ਕਰਨਗੇ। ਇਕ ਮਜ਼ਬੂਤ ਮੈਡੀਕਲ ਉਪਕਰਣ ਉਦਯੋਗ ਉੱਚ ਮੁੱਲ ਵਾਲੇ ਉਤਪਾਦਨ, ਕੁਸ਼ਲ ਰੁਜ਼ਗਾਰ, ਬਰਾਮਦ ਅਤੇ ਤਕਨੀਕੀ ਸਮਰੱਥਾ ਨੂੰ ਉਤਸ਼ਾਹਿਤ ਕਰੇਗਾ। ਨਾਲ ਹੀ ਇਸ ਨਾਲ ਸਿਹਤ ਸੇਵਾਵਾਂ ਵਧੇਰੇ ਸਸਤੀਆਂ, ਆਸਾਨੀ ਨਾਲ ਉਪਲਬਧ ਅਤੇ ਕਿਸੇ ਵੀ ਸੰਕਟ ਦੇ ਸਮੇਂ ਵਧੇਰੇ ਮਜ਼ਬੂਤ ਬਣਨਗੀਆਂ।
ਭਾਰਤ ਦਾ ਮੈਡੀਕਲ ਤਕਨੀਕ ਖੇਤਰ ਏਸ਼ੀਆ ਦਾ ਚੌਥਾ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਦੁਨੀਆ ਦੇ ਚੋਟੀ ਦੇ 20 ਬਾਜ਼ਾਰਾਂ ’ਚ ਸ਼ਾਮਲ ਹੈ। ਫ਼ਿਲਹਾਲ ਇਸ ਦਾ ਆਕਾਰ 15 ਤੋਂ 16 ਅਰਬ ਡਾਲਰ ਹੈ ਅਤੇ ਇਹ ਲਗਭਗ 12 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧ ਰਿਹਾ ਹੈ। ਇਸ ਵਜ੍ਹਾ ਕਰਕੇ ਇਹ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਨਿਰਮਾਣ ਖੇਤਰਾਂ ’ਚੋਂ ਇਕ ਬਣ ਗਿਆ ਹੈ।
ਵਿਕਸਤ ਭਾਰਤ ਦਾ ਟੀਚਾ ਗੁਣਵੱਤਾ, ਨਵੀਆਂ ਕਾਢਾਂ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਆਧਾਰ ’ਤੇ ਦੁਨੀਆ ’ਚ ਅਗਵਾਈ ਕਰਨ ’ਤੇ ਜ਼ੋਰ ਦਿੰਦਾ ਹੈ। ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਨਵੀਆਂ ਮੈਡੀਕਲ ਤਕਨੀਕਾਂ ਭਾਰਤ ਦੀਆਂ ਪ੍ਰਮੁੱਖ ਸਿਹਤ ਲੋੜਾਂ ਨੂੰ ਪੂਰਾ ਕਰਨ। ਇਨ੍ਹਾਂ ’ਚ ਮਾਵਾਂ ਅਤੇ ਬੱਚਿਆਂ ਦੀ ਸਿਹਤ, ਗ਼ੈਰ-ਸੰਚਾਰੀ ਰੋਗ, ਐਮਰਜੈਂਸੀ ਮੈਡੀਸਨ, ਕੈਂਸਰ, ਦਿਲ ਦੇ ਰੋਗ ਅਤੇ ਪੇਂਡੂ ਖੇਤਰਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਸ਼ਾਮਲ ਹੈ।
—ਜਗਤ ਪ੍ਰਕਾਸ਼ ਨੱਡਾ
‘ਨੌਕਰੀ ਦਿਵਾਉਣ ਦੇ ਨਾਂ ’ਤੇ’ ਠੱਗੀ ਦੇ ਵਧ ਰਹੇ ਮਾਮਲੇ!
NEXT STORY