ਇਹ ਗੁੱਸਾ, ਦੁੱਖ ਅਤੇ ਨਾਰਾਜ਼ਗੀ ਦਾ ਇਕ ਥੋੜ੍ਹੇ ਸਮੇਂ ਦਾ ‘ਅਸੀਂ ਨਾਲ-ਨਾਲ ਹਾਂ’ ਪ੍ਰਦਰਸ਼ਨ ਸੀ। 22 ਅਪ੍ਰੈਲ ਨੂੰ ਪਹਿਲਗਾਮ ’ਚ ਹੋਏ ਜ਼ਾਲਮਾਨਾ ਹਮਲੇ ’ਚ 26 ਵਿਅਕਤੀਆਂ ਦੀ ਮੌਤ ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਹੈ ਕਿ ਇਹ ਫਿਰ ਤੋਂ ਸ਼ੁਰੂ ਵਾਲੀ ਸਥਿਤੀ ’ਚ ਆ ਗਈ ਹੈ।
ਸੱਤਾਧਾਰੀ ਭਾਜਪਾ ਅਤੇ ਉਸ ਦੀ ਕੱਟੜ ਵਿਰੋਧੀ ਕਾਂਗਰਸ ਦਰਮਿਆਨ ਤੁਛ ਰਾਜਨੀਤੀ ਦੀ ਤੂੰ-ਤੂੰ, ਮੈਂ-ਮੈਂ ਚੱਲ ਰਹੀ ਹੈ। ਇਹ ਤੂੰ-ਤੂੰ, ਮੈਂ-ਮੈਂ ਪਹਿਲਗਾਮ ਦੇ ਬਾਅਦ ਨਵੀਂ ਦਿੱਲੀ ਦੀ ਕੂਟਨੀਤਿਕ ਪਹੁੰਚ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਦੀਆਂ 30 ਰਾਜਧਾਨੀਆਂ ’ਚ ਸੰਸਦ ਮੈਂਬਰਾਂ ਦੇ ਵਫਦਾਂ ਨੂੰ ਭੇਜਣ ਨੂੰ ਲੈ ਕੇ ਹੈ।
ਇਹ ਸੱਚ ਹੈ ਕਿ 7 ਵਫਦਾਂ ’ਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸ਼ਾਮਲ ਕਰਨ ਦਾ ਮੋਦੀ ਸਰਕਾਰ ਦਾ ਫੈਸਲਾ, ਮੌਜੂਦਾ ਸਮੇਂ ਦੀ ਭਾਵਨਾ ਅਤੇ ਰੁਖ ਦਾ ਇਕ ਚਲਾਕੀ ਭਰਿਆ ਅਤੇ ਲਗਾਤਾਰ ਜਾਰੀ ਰਹਿਣਾ ਹੈ। ਇਸ ਦੇ ਇਲਾਵਾ, ਸਹਿਯੋਗੀ ਪਾਰਟੀਆਂ ਜਦ (ਯੂ) ਅਤੇ ਸ਼ਿਵ ਸੈਨਾ ਦੇ ਇਲਾਵਾ ਕਾਂਗਰਸ, ਐੱਨ. ਸੀ. ਅਤੇ ਡੀ. ਐੱਮ. ਕੇ. ਦੇ ਤਿੰਨ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇਨ੍ਹਾਂ ਸਮੂਹਾਂ ਦੀ ਅਗਵਾਈ ਕਰਨ ਲਈ ਨਾਮਜ਼ਦ ਕਰਨ ਦਾ ਫੈਸਲਾ ਵੀ ਲਿਆ ਗਿਆ। ਫਿਰ ਵੀ, ਕਾਂਗਰਸ ਅਤੇ ਟੀ. ਐੱਮ. ਸੀ. ਦੋਵਾਂ ਨੇ ਹੀ ਆਪਣੇ-ਆਪਣੇ ਕਾਰਨਾਂ ਨਾਲ ਖੇਡ ਵਿਗਾੜਨ ਦਾ ਫੈਸਲਾ ਕੀਤਾ।
ਮਮਤਾ ਦੀ ਤ੍ਰਿਣਮੂਲ ਕਾਂਗਰਸ ਨੇ ਇਕ ਵਫਦ ’ਚੋਂ ਆਪਣੇ ਸੰਸਦ ਮੈਂਬਰ ਨੂੰ ਇਹ ਹਾਸੋਹੀਣਾ ਤਰਕ ਦੇ ਕੇ ਵਾਪਸ ਸੱਦ ਲਿਆ ਹੈ ਕਿ ਉਸ ਦੀ ਚੋਣ ਬਾਰੇ ਉਨ੍ਹਾਂ ਨਾਲ ਸਲਾਹ ਨਹੀਂ ਕੀਤੀ ਗਈ, ਉੱਧਰ ਕਾਂਗਰਸ ਨੇ ਵੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ‘ਸ਼ਰਾਰਤੀ ਮਾਨਸਿਕਤਾ’ ਨਾਲ ‘ਖੇਡ’ ਖੇਡ ਰਹੀ ਹੈ, ਕਿਉਂਕਿ ਉਸ ਨੇ ਆਪਣੇ ਵਲੋਂ ਸੁਝਾਏ ਗਏ 4 ਸੰਸਦ ਮੈਂਬਰਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਸਾਬਕਾ ਡਿਪਲੋਮੈਟ ਤੋਂ ਸੰਸਦ ਮੈਂਬਰ ਬਣੇ ਥਰੂਰ ਨੂੰ ਇਕ ਸਰਬ ਪਾਰਟੀ ਵਫਦ ਦਾ ਮੁਖੀ ਬਣਾਇਆ ਹੈ।
ਜਿਵੇਂ ਕਿ ਅੰਦਾਜ਼ਾ ਸੀ, ਭਾਜਪਾ ਨੇ ਕਾਂਗਰਸ ’ਤੇ ਅੰਦਰੂਨੀ ਪਾਖੰਡ ਦਾ ਦੋਸ਼ ਲਾਉਂਦੇ ਹੋਏ ਕਿਹਾ, ‘‘ਪਾਰਟੀ ਉਸ ਸੰਸਦ ਮੈਂਬਰ ਦਾ ਵਿਰੋਧ ਕਰਦੀ ਹੈ ਜੋ ਭਾਰਤ ਲਈ ਬੋਲਦਾ ਹੈ...ਕਾਂਗਰਸ ਲੀਡਰਸ਼ਿਪ ਅਜਿਹੇ ਕਿਸੇ ਵੀ ਵਿਅਕਤੀ ਤੋਂ ਅਸਹਿਜ ਮਹਿਸੂਸ ਕਰਦੀ ਹੈ ਜੋ ‘ਹਾਈਕਮਾਨ’ ਨੂੰ ਪ੍ਰਭਾਵਿਤ ਕਰਦਾ ਹੈ।’’ ਕਾਂਗਰਸ ਦੀ ਬੇਚੈਨੀ ਨੂੰ ਵਧਾਉਂਦੇ ਹੋਏ ਥਰੂਰ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਦਾ ਪਾਰਟੀ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’
ਇਸ ਲਈ ਯਕੀਨੀ ਤੌਰ ’ਤੇ ਸਾਬਕਾ ਸੰਯੁਕਤ ਰਾਸ਼ਟਰ ਡਿਪਲੋਮੈਟ ਨੂੰ ਸ਼ਾਮਲ ਕੀਤੇ ਜਾਣ ਨਾਲ ਬਹੁਤਿਆਂ ਨੂੰ ਹੈਰਾਨੀ ਨਹੀਂ ਹੋਵੇਗੀ, ਕਿਉਂਕਿ ਉਹ ਭਾਰਤ-ਪਾਕਿਸਤਾਨ ਅੜਿੱਕੇ ’ਤੇ ਸਰਕਾਰ ਦੇ ਬੜਬੋਲੇ ਸਮਰਥਕਾਂ ’ਚੋਂ ਇਕ ਰਹੇ ਹਨ, ਜਿਨ੍ਹਾਂ ਨੇ ਕਹਾਣੀ ਨੂੰ ਸਪੱਸ਼ਟ ਅਤੇ ਸਹੀ ਢੰਗ ਨਾਲ ਦੱਸਿਆ ਹੈ। ਇਹ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਸਮੂਹਿਕ ਸਿਆਸੀ ਇਕਜੁੱਟਤਾ ਨੂੰ ਦਰਸਾਉਂਦਾ ਹੈ ਪਰ ਇਹ ਉਨ੍ਹਾਂ ਦੀ ਪਾਰਟੀ ਦੇ ਰੁਖ ਤੋਂ ਵੀ ਵੱਖਰਾ ਹੈ। ਇੰਨਾ ਹੀ ਨਹੀਂ, ਕਾਂਗਰਸ ਨੂੰ ਇਹ ਐਲਾਨ ਕਰਨ ਲਈ ਪਾਬੰਦ ਹੋਣਾ ਪਿਆ ਕਿ ਉਨ੍ਹਾਂ ਦੇ ਬਿਆਨ ਉਨ੍ਹਾਂ ਦੇ ਆਪਣੇ ਵਿਚਾਰ ਸਨ, ਨਾ ਕਿ ਪਾਰਟੀ ਦਾ ਰੁਖ।
ਨਿਰਪੱਖ ਤੌਰ ’ਤੇ ਕਿਹਾ ਜਾਵੇ ਤਾਂ, ਕਾਂਗਰਸ ਵੀ ਕਿਸੇ ਹੋਰ ਵਿਰੋਧੀ ਪਾਰਟੀ ਵਾਂਗ ਚਾਹੇਗੀ ਕਿ ਜਿੱਥੋਂ ਤੱਕ ਅੱਤਵਾਦ ਦੇ ਵਿਰੁੱਧ ਲੜਾਈ ਦਾ ਸਵਾਲ ਹੈ, ਉਸ ਦੇ ਪ੍ਰਤੀਨਿਧੀ ਸਰਕਾਰ ਦਾ ਸਮਰਥਨ ਕਰਨ, ਪਰ ਕਲੀਨ ਚਿੱਟ ਨਾ ਦੇਣ ਜਾਂ ਲਗਭਗ ਸਾਰੀਆਂ ਸਰਕਾਰੀ ਨੀਤੀਆਂ ਨੂੰ ਉਚਿਤ ਨਾ ਠਹਿਰਾਉਣ ਜਿਵੇਂ ਕਿ ਥਰੂਰ ਕਰ ਰਹੇ ਹਨ। ਇਕ ਸੀਨੀਅਰ ਨੇਤਾ ਨੇ ਕਿਹਾ ਕਿ, ‘‘ਉਨ੍ਹਾਂ ਨੇ ਲਕਸ਼ਮਣ ਰੇਖਾ ਪਾਰ ਕਰ ਲਈ ਹੈ। ਕਾਂਗਰਸ ’ਚ ਹੋਣਾ ਅਤੇ ਕਾਂਗਰਸ ਦਾ ਹੋਣਾ ਜ਼ਮੀਨ-ਆਸਮਾਨ ਦਾ ਫਰਕ ਹੈ।’’
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਥਰੂਰ ਆਪਣੀ ਪਾਰਟੀ ਨਾਲ ਮਤਭੇਦ ’ਚ ਫਸੇ ਹਨ। ਇਸ ਤੋਂ ਪਹਿਲਾਂ, ਕਾਂਗਰਸ ਸੰਸਦ ਮੈਂਬਰ ਨੇ ਮੰਨਿਆ ਸੀ ਕਿ ਰੂਸ-ਯੂਕ੍ਰੇਨ ਜੰਗ ’ਤੇ ਭਾਰਤ ਦਾ ਵਿਰੋਧ ਕਰਨ ਦੇ ਕਾਰਨ ਉਨ੍ਹਾਂ ਦੀ ‘ਬਦਨਾਮੀ ਹੋਈ’। ਸਾਬਕਾ ਸੰਯੁਕਤ ਰਾਸ਼ਟਰ ਡਿਪਲੋਮੈਟ ਤੋਂ ਸਿਆਸੀ ਆਗੂ ਬਣੇ ਉਨ੍ਹਾਂ ਨੇ ਵ੍ਹਾਈਟ ਹਾਊਸ ’ਚ ਪੀ. ਐੱਮ. ਮੋਦੀ ਦੀ ਟਰੰਪ ਨਾਲ ਬੈਠਕ ਦੇ ਨਤੀਜੇ ਦੀ ਵੀ ਸ਼ਲਾਘਾ ਕੀਤੀ।
ਮੁੱਦਾ ਥਰੂਰ ਨੂੰ ਸ਼ਾਮਲ ਕਰਨ ਜਾਂ ਭਾਜਪਾ-ਕਾਂਗਰਸ ਦੇ ਦਰਮਿਆਨ ਝਗੜੇ ਦਾ ਨਹੀਂ ਹੈ ਪਰ ਇਸ ਨਾਲ ਮਹੱਤਵਪੂਰਨ ਸਵਾਲ ਉੱਠਦਾ ਹੈ : ਰਾਸ਼ਟਰ ਪਹਿਲਾਂ ਆਉਂਦਾ ਹੈ ਜਾਂ ਪਾਰਟੀ? ਇਸ ਦੇ ਇਲਾਵਾ, ਬਾਲਗ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਸਮੂਹ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਆਪਣੇ ਟੀਚੇ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।
ਜ਼ਾਹਿਰ ਹੈ ਰਾਸ਼ਟਰ ਅਤੇ ਰਾਸ਼ਟਰੀ ਹਿੱਤ ਹੀ ਸਭ ਤੋਂ ਪਹਿਲਾਂ ਆਉਂਦੇ ਹਨ। ਇਸ ’ਚ ਕਿਹਾ ਗਿਆ ਹੈ ਕਿ ਹਰੇਕ ਭਾਰਤੀ ਭਾਵੇਂ ਉਹ ਕਿਸੇ ਵੀ ਜਾਤੀ, ਪੰਥ ਦਾ ਹੋਵੇ, ਪਹਿਲਾਂ ਭਾਰਤੀ ਹੈ।
ਸਿਆਸੀ ਖਾਹਿਸ਼ਾਂ ਅਤੇ ਵਿਚਾਰਧਾਰਾਵਾਂ ਆਪਣੀ ਥਾਂ ਹਨ ਪਰ ਦੇਸ਼ ਹਮੇਸ਼ਾ ਪਹਿਲਾਂ ਆਉਂਦਾ ਹੈ। ਨੇਤਾਵਾਂ ਅਤੇ ਪਾਰਟੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵਿਰੋਧੀ ਜਾਂ ਵਿਅਕਤੀ ਦਾ ਵਿਰੋਧ ਕਰਨਾ ਰਾਸ਼ਟਰ ਦੇ ਸਰਵੋਤਮ ਹਿੱਤਾਂ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ।
ਵਧਦੀ ਅਰਥਵਿਵਸਥਾ ਦੇ ਨਾਲ ਭਾਰਤ ਦਾ ਵਿਸ਼ਵ ਪੱਧਰੀ ਅਕਸ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਮਹਾਸ਼ਕਤੀ ਬਣਨ ਦੇ ਰਾਹ ’ਤੇ ਹੈ, ਇਸ ਲਈ ਇਹ ਸਿਆਸੀ ਰੁਝਾਨ ਅਨੁਸਾਰ ਹੈ। ਇਸ ਦੇ ਇਲਾਵਾ ਜੰਗ, ਮਹਾਮਾਰੀ ਜਾਂ ਝਗੜੇ ਦੇ ਸਮੇਂ ਸਰਕਾਰ ਨੂੰ ਬਿਨਾਂ ਸ਼ਰਤ ਸਮਰਥਨ ਦੇਣਾ ਹੋਵੇਗਾ। ਇਕ ਨੇਤਾ ਦੂਜੇ ਦਾ ਵਿਰੋਧ ਕਰ ਸਕਦਾ ਹੈ ਜਾਂ ਕਿਸੇ ਪਾਰਟੀ ਦੇ ਿਵਰੁੱਧ ਆਵਾਜ਼ ਉਠਾ ਸਕਦਾ ਹੈ ਪਰ ਦੇਸ਼ ਵਿਰੁੱਧ ਆਵਾਜ਼ ਨਹੀਂ ਬਣ ਸਕਦਾ ਹੈ।
ਹੁਣ ਸਮਾਂ ਆ ਗਿਆ ਹੈ ਕਿ ਸਾਡੇ ਸਿਆਸੀ ਆਗੂ ਸਭ ਤੋਂ ਪਹਿਲਾਂ ਭਾਰਤ ਮਾਤਾ ਦੀ ਤਰੱਕੀ ਬਾਰੇ ਸੋਚਣ ਅਤੇ ਸਾਰੀਆਂ ਨਿੱਜੀ ਪਹਿਲਕਦਮੀਆਂ ਨੂੰ ਪਾਸੇ ਰੱਖਣ। ਅਸਲੀ ਵਿਕਾਸ ਅਤੇ ਤਰੱਕੀ ਤਾਂ ਹੀ ਹੋਵੇਗੀ ਜਦੋਂ ਪੂਰਾ ਦੇਸ਼ ਵੱਡੀ ਤਸਵੀਰ ਨੂੰ ਦੇਖਣਾ ਸ਼ੁਰੂ ਕਰੇਗਾ।
ਤਰਕਪੂਰਵਕ ਕਿਹਾ ਜਾ ਸਕਦਾ ਹੈ ਕਿ ਲੋਕਤੰਤਰ ਦਾ ਸਾਰ ਇਹੀ ਹੈ। ਹਾਲਾਂਕਿ ਦੁੱਖ ਦੀ ਗੱਲ ਹੈ ਕਿ ਲੋਕਤੰਤਰ ਦੇ ਮੁੱਢਲੇ ਸਿਧਾਂਤ ਪਿਛਲੇ ਕੁਝ ਸਾਲਾਂ ’ਚ ਢਹਿ-ਢੇਰੀ ਹੋ ਗਏ ਹਨ। ਅੱਜ ਬੜੇ ਘੱਟ ਲੋਕ ਇਹ ਯਾਦ ਰੱਖਣਾ ਚਾਹੁੰਦੇ ਹਨ ਕਿ ਲੋਕਤੰਤਰ ਆਪਣੇ ਆਪ ’ਚ ਕੋਈ ਟੀਚਾ ਨਹੀਂ ਹੈ। ਇਹ ਸਿਰਫ ਇਕ ਸਾਧਨ ਮਾਤਰ ਹੈ, ਜਿਸ ਦਾ ਟੀਚਾ ਲੋਕਾਂ ਦੀ ਬਿਹਤਰ ਭਲਾਈ ਅਤੇ ਖੁਸ਼ੀ ਹੈ।
ਹੁਣ ਸਮਾਂ ਰੁਕ ਕੇ ਭਵਿੱਖ ਦੇ ਲੰਬੇ ਸਮੇਂ ਦੇ ਨਤੀਜਿਆਂ ’ਤੇ ਵਿਚਾਰ ਕਰਨ ਦਾ ਹੈ। ਕੀ ਨਿੱਜੀ ਹੰਕਾਰ ਸਮੂਹਿਕ ਸਿਆਣਪ ’ਤੇ ਹਾਵੀ ਹੋ ਜਾਵੇਗਾ? ਸਮਾਂ ਆ ਗਿਆ ਹੈ ਕਿ ਸਾਡੀ ਸਿਆਸਤ ਅਜਿਹੇ ਨੇਤਾਵਾਂ ਦੇ ਰੂਪ ’ਚ ਵਿਕਸਤ ਹੋਵੇ ਜੋ ਪਾਰਟੀ ਤੋਂ ਪਹਿਲਾਂ ਰਾਸ਼ਟਰ ਨੂੰ ਪਹਿਲ ਦੇਵੇ।
ਕਿਸੇ ਰਾਸ਼ਟਰ ’ਚ ਨੇਤਾਵਾਂ ਦਾ ਅਨੁਪਾਤ ਜਿੰਨਾ ਵੱਧ ਹੋਵੇਗਾ, ਰਾਸ਼ਟਰ ਦੇ ਖੁਸ਼ਹਾਲ, ਆਤਮਨਿਰਭਰ ਅਤੇ ਸਫਲ ਬਣਨ ਦੀ ਸੰਭਾਵਨਾ ਓਨੀ ਹੀ ਵੱਧ ਹੋਵੇਗੀ। ਸਾਨੂੰ ਭਾਰਤ ਦੇ ਨਿਰਮਾਣ ਲਈ ਅਜਿਹੇ ਹੋਰ ਵੱਧ ਨੇਤਾਵਾਂ ਦੀ ਲੋੜ ਹੈ ਜੋ ਸਿਆਣੇ, ਲਗਨ ਵਾਲੇ ਅਤੇ ਭਰੋਸੇਯੋਗ ਹੋਣ।
ਪੂਨਮ ਆਈ. ਕੌਸ਼ਿਸ਼
ਇਹ ਯੁੱਗ ਜੰਗ ਦਾ ਨਹੀਂ ਤਾਂ ਅੱਤਵਾਦ ਦਾ ਵੀ ਨਹੀਂ
NEXT STORY