ਸਾਲ 2024 ਇਤਿਹਾਸ ’ਚ ਦੇਸ਼ ਲਈ ਸਿਆਸੀ ਤੌਰ ’ਤੇ ਸਭ ਤੋਂ ਅਹਿਮ ਸਾਲਾਂ ’ਚੋਂ ਇਕ ਵਜੋਂ ਦਰਜ ਹੋਵੇਗਾ ਅਤੇ ਸਾਰੇ ਸਿਆਸੀ ਆਗੂਆਂ ਨੂੰ ਸਾਲ 2025 ’ਚ ਆਉਣ ਵਾਲੇ ਚੋਣ ਇਮਤਿਹਾਨਾਂ ਦੀ ਤਿਆਰੀ ਲਈ ਸਬਕ ਸਿੱਖਣ ਦੀ ਲੋੜ ਹੈ। ਲਗਾਤਾਰ ਤੀਜੀ ਵਾਰ ਮੋਦੀ ਸਰਕਾਰ ਦੀ ਵਾਪਸੀ ਬਿਨਾਂ ਸ਼ੱਕ ਸਾਲ ਦੀ ਸਭ ਤੋਂ ਅਹਿਮ ਸਿਆਸੀ ਘਟਨਾ ਸੀ। ਭਾਰਤੀ ਜਨਤਾ ਪਾਰਟੀ ਜੋ ‘ਅਬ ਕੀ ਵਾਰ 400 ਪਾਰ’ ਦੇ ਨਾਅਰੇ ਨਾਲ ਚੋਣ ਪ੍ਰਚਾਰ ’ਚ ਉਤਰੀ ਸੀ, ਨੂੰ 240 ਸੀਟਾਂ ’ਤੇ ਸਬਰ ਕਰਨਾ ਪਿਆ, ਜਿਸ ਨਾਲ ਉਸ ਨੂੰ ਸਰਕਾਰ ਬਣਾਉਣ ਲਈ ਆਪਣੇ ਸਹਿਯੋਗੀਆਂ ’ਤੇ ਨਿਰਭਰ ਹੋਣਾ ਪਿਆ।
99 ਸੀਟਾਂ ਨਾਲ ਭਾਰਤੀ ਰਾਸ਼ਟਰੀ ਕਾਂਗਰਸ ਨੇ ਆਪਣੀ ਗਿਣਤੀ ’ਚ ਸੁਧਾਰ ਕੀਤਾ ਪਰ ‘ਇੰਡੀਆ’ ਗੱਠਜੋੜ ਬਹੁਮਤ ਹਾਸਲ ਕਰਨ ਦੇ ਆਪਣੇ ਟੀਚੇ ਤੋਂ ਬਹੁਤ ਪਿੱਛੇ ਰਹਿ ਗਿਆ। ਤ੍ਰਾਸਦੀ ਇਹ ਹੈ ਕਿ ਜੇਤੂ ਨਤੀਜਿਆਂ ਤੋਂ ਬਹੁਤ ਖੁਸ਼ ਨਹੀਂ ਸੀ, ਜਦਕਿ ਮੁਕਾਬਲੇ ਵਾਲੇ ਇਸ ਗੱਲ ਤੋਂ ਖੁਸ਼ ਸਨ ਕਿ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਭਾਰੀ ਬਹੁਮਤ ਤੋਂ ਵਾਂਝੇ ਕੀਤਾ ਗਿਆ ਸੀ, ਜੋ ‘ਸੰਵਿਧਾਨ ’ਚ ਸੋਧ’ ਕਰ ਸਕਦਾ ਸੀ।
ਭਾਜਪਾ ਨੇ ਹੰਕਾਰ ਅਤੇ ਵੰਡ ਪਾਊ ਸਿਆਸਤ ’ਚ ਸ਼ਾਮਲ ਹੋਣ ਦੀ ਕੀਮਤ ਚੁਕਾਈ। ਇਸ ਦੇ ਆਗੂਆਂ ਨੇ ਇਥੋਂ ਤਕ ਕਿਹਾ ਕਿ ਪਾਰਟੀ ਨੂੰ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਦੀ ਹਮਾਇਤ ਦੀ ਲੋੜ ਨਹੀਂ ਹੈ ਅਤੇ ਇਹ ਆਪਣੇ ਦਮ ’ਤੇ ਚੋਣਾਂ ਲੜਨ ਅਤੇ ਜਿੱਤਣ ਦੇ ਸਮਰੱਥ ਹੈ। ‘ਇੰਡੀਆ’ ਗੱਠਜੋੜ ਨੇ ਇਲਾਕਾਈ ਪਾਰਟੀਆਂ ਦੇ ਕਾਂਗਰਸ ਨਾਲ ਗੱਠਜੋੜ ਕਰਨ ’ਤੇ ਵੀ ਪ੍ਰਭਾਵ ਪਾਇਆ, ਜਿਸ ਨਾਲ ਦੋ ਤਿਹਾਈ ਬਹੁਮਤ ਨਾਲ ਵਾਪਸ ਆਏ ਐੱਨ. ਡੀ. ਏ. ਗੱਠਜੋੜ ਦੇ ਸੰਵਿਧਾਨ ’ਚ ਵੱਡੀਆਂ ਸੋਧਾਂ ਦਾ ਖਦਸ਼ਾ ਪੈਦਾ ਹੋ ਗਿਆ। ਭਾਜਪਾ ਨੇ ਆਤਮ-ਨਿਰੀਖਣ ਕਰਨ ਅਤੇ ਲੋਕ ਸਭਾ ਦੀਆਂ ਚੋਣਾਂ ’ਚ ਆਪਣੀ ਮੁਹਿੰਮ ਅਤੇ ਪ੍ਰਦਰਸ਼ਨ ਤੋਂ ਸਬਕ ਲੈਣ ’ਚ ਦੇਰ ਨਹੀਂ ਲਾਈ। ਇਸ ਦਾ ਅਸਰ ਹਰਿਆਣਾ ’ਚ ਕਾਂਗਰਸ ਦੀ ਹੈਰਾਨ ਕਰ ਦੇਣ ਵਾਲੀ ਹਾਰ ’ਚ ਦਿਖਾਈ ਦਿੱਤਾ, ਜਿਥੇ ਲਗਭਗ ਹਰ ਕਿਸੇ ਨੇ ਮੌਜੂਦਾ ਭਾਜਪਾ ਸਰਕਾਰ ਦੀ ਹਾਰ ਦਾ ਅੰਦਾਜ਼ਾ ਲਾਇਆ ਸੀ।
ਪਾਰਟੀ ਨੇ ਇਕ ਅਜਿਹੀ ਰਣਨੀਤੀ ਬਣਾਈ ਜਿਸ ਨੇ ਕਾਂਗਰਸ ਨੂੰ ਮਾਤ ਦਿੱਤੀ ਅਤੇ ਹਾਰ ਦੇ ਮੂੰਹੋਂ ਜਿੱਤ ਖੋਹਣ ’ਚ ਸਮਰੱਥ ਰਹੀ। ਲੋਕ ਸਭਾ ਚੋਣਾਂ ’ਚ ਤੁਲਨਾਤਮਕ ਤੌਰ ’ਤੇ ਖਰਾਬ ਪ੍ਰਦਰਸ਼ਨ ਪਿਛੋਂ ਇਸ ਜਿੱਤ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਮਨੋਬਲ ਵਧਾਇਆ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਜ਼ੋਰਦਾਰ ਜਿੱਤ ਨਾਲ ਪਾਰਟੀ ਨੂੰ ਹੋਰ ਹੁਲਾਰਾ ਮਿਲਿਆ, ਜਿਥੇ ‘ਇੰਡੀਆ’ ਗੱਠਜੋੜ ਦੇ ਸਹਿਯੋਗੀਆਂ ਲਈ ਦਾਅ ਉੱਚੇ ਸਨ।
ਲੋਕ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਉਹ ਉੱਭਰ ਗਈ ਅਤੇ ਅਜਿਹਾ ਲੱਗਿਆ ਕਿ ਉਸ ਨੇ ਸਬਕ ਸਿੱਖ ਲਿਆ ਹੈ। ਅਜਿਹਾ ਲੱਗਦਾ ਹੈ ਕਿ ਕਾਂਗਰਸ ਨਾਲ ਅਜਿਹਾ ਨਹੀਂ ਹੈ, ਜਿਸ ਨੇ ਲੋਕ ਸਭਾ ’ਚ ਆਪਣੀਆਂ ਸੀਟਾਂ ਵਧਾਈਆਂ ਸਨ ਪਰ ਫਿਰ ਉਹ ਆਤਮ-ਸੰਤੁਸ਼ਟ ਹੋ ਗਈ। ਹਰਿਆਣਾ ਦੇ ਉਸ ਦੇ ਆਗੂ ਜਿੱਤ ਪ੍ਰਤੀ ਇੰਨੇ ਆਸਵੰਦ ਸਨ ਕਿ ਉਨ੍ਹਾਂ ਨੇ ਚੋਣਾਂ ਲਈ ਕੋਈ ਰਣਨੀਤੀ ਨਹੀਂ ਬਣਾਈ। ਆਗੂਆਂ ਦਰਮਿਆਨ ਖੁੱਲ੍ਹੀ ਲੜਾਈ ਤੋਂ ਇਲਾਵਾ ਕਿਸੇ ਨੇ ਬਾਗੀ ਉਮੀਦਵਾਰਾਂ ਨਾਲ ਸੰਪਰਕ ਕਰਨ ਬਾਰੇ ਨਹੀਂ ਸੋਚਿਆ। ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰਨ ਪਿੱਛੋਂ ‘ਇੰਡੀਆ’ ਗੱਠਜੋੜ ਟੁੱਟ ਗਿਆ। ਮਹਾਰਾਸ਼ਟਰ ’ਚ ਵੀ ਅਜਿਹੀਆਂ ਹੀ ਗਲਤੀਆਂ ਕੀਤੀਆਂ ਗਈਆਂ। ਨਵੇਂ ਸਾਲ ’ਚ 2 ਅਹਿਮ ਚੋਣਾਂ ਹੋਣੀਆਂ ਹਨ। ਇਕ ਦਿੱਲੀ ਵਿਧਾਨ ਸਭਾ ਲਈ ਅਤੇ ਦੂਜਾ ਬਿਹਾਰ ਲਈ।
ਜੇਕਰ ‘ਇੰਡੀਆ’ ਗੱਠਜੋੜ ਦੇ ਸਹਿਯੋਗੀ ਪਿਛਲੇ ਸਾਲ ਤੋਂ ਸਬਕ ਨਹੀਂ ਸਿੱਖਦੇ ਤਾਂ ਉਹ ਇਤਿਹਾਸ ਨੂੰ ਦੁਹਰਾਉਣ ਲਈ ਸਰਾਪੇ ਹਨ। ਇਹ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਲਈ ਵੀ ਪ੍ਰੀਖਿਆ ਦੀ ਘੜੀ ਹੋਵੇਗੀ, ਜਿਨ੍ਹਾਂ ਨੇ ਲੋਕ ਸਭਾ ਲਈ ਪ੍ਰਚਾਰ ’ਚ ਕੁਝ ਜੋਸ਼ ਦਿਖਾਇਆ ਸੀ ਪਰ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ’ਚ ਪਿੱਛੇ ਹਟ ਗਏ। ਦੂਜੇ ਪਾਸੇ, ਨਰਮ ਪੈ ਚੁੱਕੀ ਮੋਦੀ ਸਰਕਾਰ ਨੂੰ ਆਪਣੇ ਸਹਿਯੋਗੀਆਂ ਨੂੰ ਨਾਲ ਲੈ ਕੇ ਚੱਲਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ।
-ਵਿਪਿਨ ਪੱਬੀ
ਇਕ ਅੰਗ ਦਾਨੀ ਦੇ ਸਕਦਾ ਹੈ ਕਈਆਂ ਨੂੰ ਨਵੀਂ ਜ਼ਿੰਦਗੀ, ਲੋੜ ਹੈ ਜਾਗਰੂਕਤਾ ਪੈਦਾ ਕਰਨ ਦੀ
NEXT STORY